‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਢਿੰਗ ਐਕਸਪ੍ਰੈੱਸ: ਹਿਮਾ ਦਾਸ

Posted On August - 27 - 2019

ਨਿਤੇਸ਼

ਹਿਮਾ ਦਾਸ ਨੇ ਉਨ੍ਹਾਂ ਬੁਲੰਦੀਆਂ ਨੂੰ ਛੂਹਿਆ ਹੈ ਜਿੱਥੇ ਅੱਜ ਤਕ ਕੋਈ ਨਾਮਵਰ ਭਾਰਤੀ ਖਿਡਾਰੀ ਨਹੀਂ ਪਹੁੰਚ ਸਕਿਆ। ਉਸਨੇ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਪੰਜ ਸੋਨ ਤਗਮੇ ਹਾਸਿਲ ਕੀਤੇ ਹਨ। ਇਨ੍ਹਾਂ ਜਿੱਤਾਂ ਤੋਂ ਬਾਅਦ ਉਸਨੂੰ ਏਸ਼ੀਆ ਦੇ ਦੂਜੇ ਸਭ ਤੋਂ ਤੇਜ਼ ਦੌੜਾਕ ਦਾ ਦਰਜਾ ਮਿਲ ਗਿਆ ਹੈ। ਹਿਮਾ ਨੂੰ ਆਪਣੀ ਕਾਬਲੀਅਤ ਲਈ ਪਿਛਲੇ ਸਾਲ ਰਾਸ਼ਟਰਪਤੀ ਨੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਬਿਨਾਂ 2018 ਵਿਚ ਹੀ ਉਸ ਨੂੰ ਯੂਨੀਸੈਫ ਦੀ ਪਹਿਲੀ ਯੂਥ ਅੰਬੈਸਡਰ ਚੁਣਿਆ ਗਿਆ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਯੂਨੀਸੈਫ ਲਈ ਯੂਥ ਅੰਬੈਸਡਰ ਨਿਯੁਕਤ ਨਹੀਂ ਕੀਤਾ ਗਿਆ ਸੀ।

ਪਿਛਲੇ ਦਿਨੀਂ ਸਿਰਫ਼ 19 ਸਾਲਾ ਇਕ ਭਾਰਤੀ ਕੁੜੀ ਨੇ ਪੂਰੇ ਖੇਡ ਜਗਤ ਵਿਚ ਤਹਿਲਕਾ ਮਚਾ ਦਿੱਤਾ। ਇਸ ਚਮਕਦੇ ਸਿਤਾਰੇ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਅਥਲੈਟਿਕਸ ’ਚ ਉੱਚਾ ਮੁਕਾਮ ਦਿਵਾਇਆ ਹੈ। ਉਸ ਦੀਆਂ ਪ੍ਰਾਪਤੀਆਂ ਦੀ ਚਰਚਾ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਸੰਸਾਰ ਭਰ ਵਿਚ ਹੋ ਰਹੀ ਹੈ। ਇਸ ਭਾਰਤੀ ਅਥਲੀਟ ਦਾ ਨਾਂ ਹਿਮਾ ਦਾਸ ਹੈ। ਹਿਮਾ ਨੇ ਉਨ੍ਹਾਂ ਬੁਲੰਦੀਆਂ ਨੂੰ ਛੂਹਿਆ ਹੈ ਜਿੱਥੇ ਅੱਜ ਤਕ ਕੋਈ ਨਾਮਵਰ ਭਾਰਤੀ ਖਿਡਾਰੀ ਵੀ ਨਹੀਂ ਪਹੁੰਚ ਸਕਿਆ। ਉਸਨੇ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਪੰਜ ਸੋਨ ਤਗਮੇ ਹਾਸਿਲ ਕੀਤੇ ਹਨ। ਇਨ੍ਹਾਂ ਜਿੱਤਾਂ ਤੋਂ ਬਾਅਦ ਉਸਨੂੰ ਏਸ਼ੀਆ ਦੇ ਦੂਜੇ ਸਭ ਤੋਂ ਤੇਜ਼ ਦੌੜਾਕ ਦਾ ਦਰਜਾ ਮਿਲ ਗਿਆ ਹੈ।
ਉਹ ਆਸਾਮ ਦੀ ਰਹਿਣ ਵਾਲੀ ਹੈ। ਉਸ ਦਾ ਜਨਮ 9 ਜਨਵਰੀ, 2000 ਨੂੰ ਆਸਾਮ ਦੇ ਢਿੰਗ ਕਸਬੇ ਤੋਂ ਕਰੀਬ ਪੰਜ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਕੰਧੂਲੀਮਾਰੀ ਪਿੰਡ ਵਿਚ ਹੋਇਆ। ਇਸ ਕਰਕੇ ਉਸ ਨੂੰ ਢਿੰਗ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੇ ਉਸ ਨੂੰ ‘ਸੋਨ ਪਰੀ’ ਦਾ ਨਾਂ ਦਿੱਤਾ। ਹਿਮਾ ਨੇ ਤਿੰਨ ਸਾਲ ਪਹਿਲਾਂ ਹੀ ਦੌੜ ਦੇ ਟਰੈਕ ’ਤੇ ਕਦਮ ਰੱਖਿਆ ਸੀ। ਉਹ ਬਹੁਤ ਹੀ ਸਾਧਾਰਨ ਪਰਿਵਾਰ ਵਿਚ ਜਨਮੀ। ਉਹ ਸਾਂਝੇ ਪਰਿਵਾਰ ਵਿਚ ਜੰਮੀ ਪਲੀ ਜਿਸ ਵਿਚ ਲਗਪਗ 17 ਮੈਂਬਰ ਹਨ। ਉਸ ਦੇ ਪਿਤਾ ਕਿਸਾਨ ਹਨ ਜੋ ਆਪਣੀ ਜ਼ਮੀਨ ’ਤੇ ਵਾਹੀ ਕਰਕੇ ਪਰਿਵਾਰ ਦਾ ਢਿੱਡ ਪਾਲਦੇ ਹਨ। ਉਹ ਬਹੁਤ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਦਾ ਖੇਤੀ ਵਿਚ ਹੱਥ ਵਟਾਉਣ ਲੱਗੀ ਸੀ। ਉਹ ਖੇਤਾਂ ਵਿਚ ਹੀ ਅਕਸਰ ਦੌੜ ਦਾ ਅਭਿਆਸ ਕਰਦੀ ਸੀ। ਉਹ ਗ਼ਰੀਬੀ ਕਾਰਨ ਖਿਡਾਰੀ ਵਾਲੀ ਖ਼ੁਰਾਕ ਤੋਂ ਵਾਂਝੀ ਰਹੀ। ਉਹ ਸਕੂਲ ਵਿਚ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਸੀ। ਬਾਅਦ ਵਿਚ ਇਕ ਟਰੇਨਰ ਨੇ ਉਸ ਨੂੰ ਛੋਟੀਆਂ ਦੌੜਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੰਤਰ-ਜ਼ਿਲ੍ਹਾ ਖੇਡਾਂ ਵਿਚ 100 ਅਤੇ 200 ਮੀਟਰ ਦੇ ਦੌੜ ਮੁਕਾਬਲਿਆਂ ਨਾਲ ਕੀਤੀ। ਇਸ ਦੌੜ ਵਿਚ ਉਸ ਨੇ ਦੋ ਸੋਨ ਤਗਮੇ ਜਿੱਤੇ ਸਨ। ਇਹ ਪਹਿਲੀ ਜਿੱਤ ਉਸ ਲਈ ਬਹੁਤ ਮਹੱਤਵਪੂਰਨ ਸਾਬਤ ਹੋਈ। ਇਹ ਪ੍ਰਾਪਤੀ ਉਸ ਦੀ ਲਗਨ ਕਾਰਨ ਸੀ ਕਿਉਂਕਿ ਇਹ ਦੌੜ ਉਸ ਨੇ ਬਹੁਤ ਹੀ ਆਮ ਜਿਹੇ ਜੁੱਤੇ ਪਾ ਕੇ ਜਿੱਤੀ ਸੀ। ਇਸ ਜਿੱਤ ਤੋਂ ਬਾਅਦ ਹਿਮਾ ਨੂੰ ਅਥਲੈਟਿਕਸ ਕੋਚ ਨਿਪੋਨ ਦਾਸ ਆਪਣੇ ਨਾਲ ਗੁਹਾਟੀ ਲੈ ਗਏ ਜਿੱਥੇ ਉਸ ਨੇ ਸਟੇਟ ਅਕੈਡਮੀ ਵਿਚ ਫੁੱਟਬਾਲ ਅਤੇ ਬਾਕਸਿੰਗ ਵਿਚ ਮਹਾਰਤ ਹਾਸਲ ਕੀਤੀ।
ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਉੱਪਰ ਉਸ ਨੂੰ ਆਪਣੀ ਪਛਾਣ ਕਾਇਮ ਕਰਨ ਦਾ ਮੌਕਾ ਮਿਲਿਆ। ਹਿਮਾ ਨੇ 2018 ਰਾਸ਼ਟਰ ਮੰਡਲ ਖੇਡਾਂ ਵਿਚ 400 ਮੀਟਰ ਅਤੇ 4×400 ਮੀਟਰ ਰੀਲੇਅ ਵਿਚ ਹਿੱਸਾ ਲਿਆ। ਇਹ ਖੇਡਾਂ ਆਸਟਰੇਲੀਆ ਵਿਚ ਹੋਈਆਂ ਸਨ। ਇਸ ਦੌਰਾਨ ਉਸਨੇ 400 ਮੀਟਰ ਦੀ ਦੌੜ 51.32 ਸੈਕਿੰਡ ਵਿਚ ਪੂਰੀ ਕੀਤੀ ਜਿਸ ਵਿਚ ਉਹ ਸਨ ਤਗਮੇ ਤੋਂ 1.17 ਸੈਕਿੰਡ ਦੀ ਦੂਰੀ ’ਤੇ ਪੱਛੜ ਗਈ। ਇਸ ਦੇ ਨਾਲ ਹੀ ਉਸ ਨੇ 4×400 ਰੀਲੇਅ ਵਿਚ ਫਾਈਨਲ ਵਿਚ ਤਿੰਨ ਮਿੰਟ ਅਤੇ 33.61 ਸੈਕਿੰਡ ਨਾਲ 7ਵਾਂ ਸਥਾਨ ਹਾਸਲ ਕੀਤਾ।

ਨਿਤੇਸ਼

2018 ’ਚ ਫਿਨਲੈਂਡ ਦੇ ਤਮਪੇਰੇ ਵਿਚ ਅੰਡਰ-20 ਚੈਂਪੀਅਨਸ਼ਿਪ ਹੋਈ। ਇਨ੍ਹਾਂ ਖੇਡਾਂ ਵਿਚ ਉਸਨੇ 400 ਮੀਟਰ ਦੀ ਦੌੜ ਦੇ ਵਿਸ਼ਵ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਇਸ ਜਿੱਤ ਨਾਲ ਉਸ ਨੇ ਮਿਲਖਾ ਸਿੰਘ ਅਤੇ ਪੀ.ਟੀ. ਊਸ਼ਾ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਵੱਖ-ਵੱਖ ਸਮਿਆਂ ਵਿਚ ਅੰਤਰਰਾਸ਼ਟਰੀ ਦੌੜਾਂ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ। ਹਿਮਾ ਨੇ ਆਈ.ਏ.ਏ.ਐੱਫ. ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹੋਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਨੌਜਵਾਨ ਦੌੜਾਕ ਨੇ 51.46 ਸੈਕੰਡ ਦੇ ਸਮੇਂ ਵਿਚ ਆਪਣੀ ਦੌੜ ਮੁਕੰਮਲ ਕੀਤੀ ਸੀ।
2018 ਦੀਆਂ ਏਸ਼ੀਆਈ ਖੇਡਾਂ ਵਿਚ ਉਸਨੇ 400 ਮੀਟਰ ਦੀ ਦੌੜ ਦੇ ਫਾਈਨਲ ਲਈ ਆਪਣੇ ਆਪ ਨੂੰ 51.00 ਮਿੰਟ ’ਚ ਕੁਆਲੀਫਾਈ ਕੀਤਾ। 26 ਅਗਸਤ 2018 ਨੂੰ ਉਸ ਨੇ 400 ਮੀਟਰ ਦੀ ਫਾਈਨਲ ਦੌੜ ਨੂੰ ਰਾਸ਼ਟਰੀ ਰਿਕਾਰਡ ’ਚ 50.79 ਸੈਕਿੰਡ ਵਿਚ ਪੂਰਾ ਕੀਤਾ। ਇਸ ਦੌੜ ਦੌਰਾਨ ਉਸ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਹਿਮਾ ਨੇ 4×400 ਮੀਟਰ ਦੇ ਮਿਕਸਡ ਰੀਲੇਅ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ।
ਹਾਲ ਹੀ ਵਿਚ ਹੋਈਆਂ ਵੱਖ-ਵੱਖ ਅੰਤਰਰਾਸ਼ਟਰੀ ਖੇਡਾਂ ਵਿਚ ਉਸਨੇ ਕੁੱਲ ਪੰਜ ਸੋਨ ਤਗਮਿਆਂ ’ਤੇ ਮੋਰਚਾ ਮਾਰਿਆ। ਉਸ ਨੇ ਪਹਿਲਾ ਸੋਨ ਤਗਮਾ 2 ਜੁਲਾਈ, 2019 ਨੂੰ ਜਿੱਤਿਆ। ਇਹ 200 ਮੀਟਰ ਦੀ ਦੌੜ ਸੀ ਜਿਸ ਨੂੰ ਉਸ ਨੇ 23.65 ਸੈਕਿੰਡ ਵਿਚ ਪੂਰਾ ਕੀਤਾ। ਉਸਨੇ 23.97 ਸੈਕਿੰਡ ਵਿਚ 200 ਮੀਟਰ ਦੀ ਦੌੜ ਤੈਅ ਕਰਕੇ ਦੂਜਾ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਬਾਅਦ 13 ਜੁਲਾਈ ਨੂੰ ਉਸਨੇ ਇਕ ਹੋਰ ਸੋਨ ਤਗਮਾ ਜਿੱਤਿਆ। ਚੈੱਕ ਗਣਰਾਜ ਵਿਚ ਕਲਾਂਦੋ ਅਥਲੈਟਿਕਸ ਮੀਟ ਵਿਖੇ 200 ਮੀਟਰ ਦੀ ਦੂਰੀ 23.43 ਸੈਕਿੰਡ ਵਿਚ ਤੈਅ ਕੀਤੀ। 17 ਜੁਲਾਈ, 2019 ਨੂੰ ਚੈੱਕ ਗਣਰਾਜ ਵਿਚ ਹੀ ਤਾਬੋਰ ਅਥਲੈਟਿਕਸ ਮੀਟ ਵਿਖੇ 23.25 ਸੈਕਿੰਡ ਵਿਚ 200 ਮੀਟਰ ਦੀ ਦੌੜ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਇਸ ਸਾਲ ਦਾ ਪੰਜਵਾਂ ਅਤੇ ਆਖਰੀ ਸੋਨ ਤਗਮਾ ਵੀ ਹਿਮਾ ਨੇ ਚੈੱਕ ਗਣਰਾਜ ਵਿਖੇ ਹੀ ਹਾਸਲ ਕੀਤਾ ਸੀ। ਇੱਥੇ ਨੋਵੇ ਮੇਸਟੋ ਗ੍ਰਾਂ ਪ੍ਰੀ ਵਿਚ 20 ਜੁਲਾਈ ਨੂੰ ਉਸਨੇ 400 ਮੀਟਰ ਦੀ ਦੌੜ 52.09 ਸੈਕਿੰਡ ਵਿਚ ਤੈਅ ਕੀਤੀ ਅਤੇ ਇਕ ਹੋਰ ਸੋਨ ਤਗਮਾ ਜਿੱਤਿਆ। ਇਸ ਸਾਲ ਉਸ ਵੱਲੋਂ ਹਾਸਲ ਕੀਤੇ ਸੋਨ ਤਗਮੇ ਭਾਰਤ ਲਈ ਮਾਣ ਦੀ ਗੱਲ ਹਨ।
ਹਿਮਾ ਨੂੰ ਆਪਣੀ ਕਾਬਲੀਅਤ ਲਈ ਪਿਛਲੇ ਸਾਲ ਰਾਸ਼ਟਰਪਤੀ ਨੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਬਿਨਾਂ 2018 ਵਿਚ ਹੀ ਉਸ ਨੂੰ ਯੂਨੀਸੈਫ ਦੀ ਪਹਿਲੀ ਯੂਥ ਅੰਬੈਸਡਰ ਚੁਣਿਆ ਗਿਆ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਯੂਨੀਸੈਫ ਲਈ ਯੂਥ ਅੰਬੈਸਡਰ ਨਿਯੁਕਤ ਨਹੀਂ ਕੀਤਾ ਗਿਆ ਸੀ। ਪਿਛਲੇ ਸਾਲ ਹੀ ਆਸਾਮ ਸਰਕਾਰ ਵੱਲੋਂ ਉਸਨੂੰ ਖੇਡਾਂ ਲਈ ਆਸਾਮ ਦੀ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ। ਹਿਮਾ ਦਾਸ ਨੇ ਖਿਡਾਰੀ ਵਜੋਂ ਤਾਂ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੀ ਹੈ, ਪਰ ਆਮ ਪਰਿਵਾਰ ਅਤੇ ਭਾਰਤੀ ਪਿੰਡ ਦੀ ਕੁੜੀ ਹੁੰਦਿਆਂ ਆਪਣੇ ਆਪ ਨੂੰ ਸਾਬਤ ਕਰਕੇ ਇਸ ਮੁਕਾਮ ਤਕ ਪਹੁੰਚਣਾ ਕਾਬਿਲ-ਏ-ਤਾਰੀਫ਼ ਹੈ।

ਸੰਪਰਕ: 79738-07998


Comments Off on ਢਿੰਗ ਐਕਸਪ੍ਰੈੱਸ: ਹਿਮਾ ਦਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.