ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਡੂੰਘੇ ਅਰਥਾਂ ਵਾਲੀ ਸ਼ਾਇਰੀ

Posted On August - 4 - 2019

ਡਾ. ਸੁਰਿੰਦਰ ਗਿੱਲ
ਮਾਰਚ 1961 ਵਿਚ ਆਕਾਸ਼ਵਾਣੀ ਜਲੰਧਰ ਦੇ ਇਕ ਕਮਰੇ ਵਿਚ ਰਿਕਾਰਡਿੰਗ ਲਈ ਇਕੱਠੇ ਹੋਏ ਕੁਝ ਲੇਖਕ ਦੋਸਤ ਇਕ ਦੂਜੇ ਦਾ ਹਾਲ-ਚਾਲ ਪੁੱਛ ਰਹੇ ਸਨ।
‘‘ਲਓ ਬਈ ਮਿੱਤਰੋ! ਆਪਣੀ ਕਵਿਤਾ ਦੀ ਕਿਤਾਬ ਛਪਣੀ ਸ਼ੁਰੂ ਹੋ ਗਈ। ਮਹੀਨੇ ਕੁ ’ਚ ਤਿਆਰ ਹੋ ਜਾਵੇਗੀ।’’ ਰਵਿੰਦਰ ਰਵੀ ਨੇ ਐਲਾਨ ਕੀਤਾ।
‘‘ਵਾਹ! ਨਾਂ ਕੀ ਰੱਖਿਆ?’’ ਮੈਂ ਪੁੱਛਿਆ।
‘‘ਦਿਲ ਦਰਿਆ ਸਮੁੰਦਰੋਂ ਡੂੰਘੇ।’’ ਰਵੀ ਨੇ ਸਭ ਨੂੰ ਦੱਸਿਆ।
ਇਹ ਸ਼ੁਰੂਆਤ ਸੀ। ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਵਿਚ ਰਵੀ ਰਚਿਤ ਰਵਾਇਤੀ ਰੰਗ ਦੀਆਂ ਪਿਆਰ ਅਤੇ ਚੜ੍ਹਦੀ ਰੁੱਤ ਦੇ ਹਾਵਾਂ-ਭਾਵਾਂ ਰੰਗੀਆਂ ਕਵਿਤਾਵਾਂ ਸੰਕਲਿਤ ਸਨ। ਇਸ ਪਹਿਲੇ ਕਾਵਿ-ਸੰਗ੍ਰਹਿ ਨਾਲ ਰਵੀ ਦੀ ਕਲਮ ਦਾ ਕਾਵਿ ਸੋਮਾ ਫੁੱਟ ਤੁਰਿਆ ਅਤੇ ਨਿਰੰਤਰ ਵਗਦਾ ਰਿਹਾ। ਫਲਸਰੂਪ ਪਿਛਲੇ ਵਰ੍ਹੇ 2018 ਵਿਚ ਰਵੀ ਰਚਿਤ 22ਵਾਂ ਕਾਵਿ-ਸੰਗ੍ਰਹਿ ‘ਫੇਸਬੁੱਕ ਕਵਿਤਾ-2018’ ਛਪ ਚੁੱਕਿਆ ਹੈ। ‘ਫੇਸਬੁੱਕ ਕਵਿਤਾ-2018’ (ਕੀਮਤ: 250 ਰੁਪਏ; ਨੈਸ਼ਨਲ ਬੁੱਕ ਸ਼ਾਪ, ਦਿੱਲੀ) ਤੋਂ ਪਹਿਲਾਂ ਕਵਿਤਾ ਤੋਂ ਇਲਾਵਾ ਰਵੀ ਨੇ ਅਨੇਕਾਂ ਕਾਵਿ-ਨਾਟ, ਕਹਾਣੀ-ਸੰਗ੍ਰਹਿ ਅਤੇ ਸਫ਼ਰਨਾਮੇ ਰਚੇ ਅਤੇ ਪ੍ਰਕਾਸ਼ਿਤ ਕਰਵਾਏ ਹਨ। ਰਵੀ ਨੂੰ ਉਸ ਦੇ ਸਮਕਾਲੀ ਲੇਖਕਾਂ ਵਿਚੋਂ ਸਭ ਤੋਂ ਵੱਧ ਪੁਸਤਕਾਂ ਦਾ ਰਚੇਤਾ ਕਹਿ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਹਥਲੀ ਪੁਸਤਕ ਵਿਚ ਰਵਿੰਦਰ ਰਵੀ ਰਚਿਤ 44 ਫੇਸਬੁੱਕ ਕਵਿਤਾਵਾਂ ਅਤੇ ਬਾਰਾਂ ਹੋਰ ਕਵਿਤਾਵਾਂ ਸੰਕਲਿਤ ਹਨ। ਉਮਰ ਦੇ ਇਸ ਪੜਾਅ ਅਤੇ ਇਸ ਸੰਗ੍ਰਹਿ ਤਕ ਪੁੱਜਦਿਆਂ ਉਸ ਅੰਦਰਲਾ ਕਵੀ ਇਕ ਨਿਪੁੰਨ ਕਵੀ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਪ੍ਰਯੋਗਸ਼ੀਲਤਾ, ਨਵੀਨਤਾ, ਆਧੁਨਿਕਤਾ, ਉੱਤਰ-ਆਧੁਨਿਕਤਾ ਅਤੇ ਅਸਤਿਤਵਵਾਦ ਰੂਪੀ ਕਈ ਧਾਰਾਵਾਂ ਰੂਪ ਰੰਗ ਗ੍ਰਹਿਣ ਕਰਨ ਉਪਰੰਤ ਉਹ ਅਸਲ ਜ਼ਿੰਦਗੀ ਅਤੇ ਜੀਵਨ ਦੀ ਕਵਿਤਾ ਵੱਲ ਪਰਤ ਆਇਆ ਹੈ।
ਪੰਜਾਬ (ਭਾਰਤ) ਤੋਂ ਤੁਰ ਕੇ ਕੀਨੀਆ ਵਿਚ ਵਿਚਰਦਿਆਂ ਕੈਨੇਡਾ ਪਹੁੰਚਿਆ ਰਵੀ ਇਕ ਵਿਸ਼ਵ ਯਾਤਰੀ ਬਣ ਕੇ ਘਾਟ-ਘਾਟ ਦਾ ਪਾਣੀ ਪੀ ਚੁੱਕਾ ਹੈ ਅਤੇ ਆਪਣੀ ਜਾਗਦੀ ਅੱਖ ਨਾਲ ਵਿਸ਼ਵ ਵਰਤਾਰੇ ਨੂੰ ਦੇਖਣ, ਜਾਣਨ ਅਤੇ ਸਮਝਣ ਕਾਰਨ ਉਸ ਦਾ ਅਨੁਭਵ ਅਤਿ ਵਿਸ਼ਾਲ ਅਤੇ ਸੂਖ਼ਮ ਰੂਪ ਵਿਚ ਪ੍ਰਗਟ ਹੁੰਦਾ ਹੈ। ਭਾਵਾਂ ਅਤੇ ਵਿਚਾਰਾਂ ਦੀ ਅਮੀਰੀ ਦੇ ਨਾਲ-ਨਾਲ ਰਵੀ ਦੀ ਕਵਿਤਾ ਦਾ ਰੂਪ ਨਿੱਖਰ ਕੇ ਸੁਲਝਿਆ, ਸੰਵਰਿਆ ਅਤੇ ਰਵਾਨੀ ਗ੍ਰਹਿਣ ਕਰ ਗਿਆ ਹੈ।
ਰਵੀ ਰਚਿਤ ਨਿੱਕੀਆਂ ਕਵਿਤਾਵਾਂ ਵੀ ਆਪਣੇ ਆਪ ਵਿਚ ਵਧੇਰੇ ਡੂੰਘੇ ਤੇ ਵਿਸ਼ਾਲ ਅਰਥ ਛੁਪਾਈ ਬੈਠੀਆਂ ਹਨ। ਪ੍ਰਮਾਣ ਹਿੱਤ ਕਵਿਤਾਵਾਂ ਹਾਜ਼ਰ ਹਨ:
ਸਿਰਜਣਾ
ਸ਼ੋਰ ਦੀ ਭਾਸ਼ਾ ਵਿਚੋਂ ਲੰਘੇ,
ਚੁੱਪ ਦੀ ਭਾਸ਼ਾ ਸਹਿ ਗਏ।
ਆਪਣੇ ਜੇਡੀ ਕਰਦੇ ਕਰਦੇ
ਬ੍ਰਹਿਮੰਡ ਜੇਡੀ ਕਹਿ ਗਏ।
ਪੱਤਰ ਤੇ ਦਰਿਆ
ਪੱਤਾ, ਪੱਤਾ ਬਿਰਖ
ਪਾਣੀਏਂ ਕਿਰੇ ਪਿਆ।
ਹਰ ਪੱਤਰ ਦਾ
ਆਪੋ ਆਪਣਾ ਹੈ ਦਰਿਆ!!!
ਸ਼ੋਰ ਦੀ ਭਾਸ਼ਾ ਅਤੇ ਸਵੈਕਥਨ ਦੀ ਗੱਲ ਕਰਦਾ ਹੋਇਆ ਕਵੀ ਸਗਲ ਬ੍ਰਹਿਮੰਡ ਦੀ ਗੱਲ ਕਹਿ ਜਾਣ ਦਾ ਦਾਅਵਾ ਕਰ ਜਾਂਦਾ ਹੈ, ਪਰ ਚੁੱਪ ਦੀ ਭਾਸ਼ਾ ਕਿਸੇ ਵਿਰਲੇ ਨੂੰ ਹੀ ਸੁਣਦੀ ਅਤੇ ਸਮਝ ਪੈਂਦੀ ਹੈ। ਪਿਆਰ ਅਨੁਭਵ ਸਬੰਧੀ ਕੁਝ ਕਹਿੰਦਾ ਹੋਇਆ ਰਵੀ ਅਤਿ ਸੰਵੇਦਨਸ਼ੀਲ ਰੂਪ ਵਿਚ ਪ੍ਰਗਟ ਹੁੰਦਾ ਹੈ, ਜਦੋਂ ਉਹ ਲਿਖਦਾ ਹੈ:
ਤੇਰਾ ਛੂਹਣਾ ਹੀ, ਮੇਰੇ ਲਈ,
ਤੇਰੇ ਬੋਲ ਹਨ।
ਤੂੰ ਖ਼ਾਮੋਸ਼ ਰਹਿ ਕੇ ਹੀ,
ਮੇਰੀਆਂ ਅੱਖਾਂ ਵਿਚ ਵੇਖਿਆ ਕਰ,
ਛੂਹਿਆ ਕਰ,
ਮੁਹੱਬਤ
ਸ਼ਬਦਾਂ ਦੀ ਮੁਹਤਾਜ ਨਹੀਂ ਹੁੰਦੀ।
ਫੇਸਬੁੱਕ ’ਤੇ ਪੈਂਦੀਆਂ ਸਾਂਝਾਂ, ਦੋਸਤੀਆਂ ਅਤੇ ਪਿਆਰ ਦੀ ਪ੍ਰੀਭਾਸ਼ਾ ਦੱਸਦਾ ਹੋਇਆ ਕਵੀ ਆਧੁਨਿਕ ਜੀਵਨ ਢੰਗ ਦੇ ਕਰੂਰ ਸੱਚ ਦਾ ਪ੍ਰਗਟਾ ਵਿਅੰਗਮਈ ਸ਼ਬਦਾਂ ਵਿਚ ਕਰਦਾ ਹੈ:
ਫੇਸਬੁੱਕ ਦਾ ਇਸ਼ਕ ਅਨੋਖਾ,
ਬੁੱਢੜਾ ਵੀ ਰਾਂਝਾ ਬਣ ਜਾਵੇ।
ਸੁੰਦਰਤਾ ਜਦ ਸਿਰ ਚੜ੍ਹ ਬੋਲੇ,
ਧੀ ਵਰਗੀ, ਮਹਿਬੂਬ ਬਣਾਵੇ।
ਟਿੱਪਣੀ ਵਿਚ ‘ਭੈਣ ਜੀ’ ਆਖੇ
ਕਲਪਨਾ ਦੇ ਵਿਚ ਸੇਜ ਹੰਢਾਵੇ।
ਬਹੁਅਰਥੇ ਸ਼ਬਦਾਂ ਦੀ ਵਰਤੋਂ,
ਫੁੱਲ ਵਿਚ ਗੰਦੀ ਨਜ਼ਰ ਛੁਪਾਵੇ।
ਇਸ ਜੋਗੀ ਦਾ ਕੈਸਾ ਜੋਗ,
ਤਸਵੀਰਾਂ ਸੰਗ ਨੇਤਰ ਭੋਗ।
ਅਜੋਕੇ ਯੁੱਗ ਵਿਚ ਮੁੰਡੇ-ਕੁੜੀਆਂ ਦੀ ਪਰਸਪਰ ਨੇੜਤਾ ਅਤੇ ਖੁੱਲ੍ਹ ਨੂੰ ਦੇਖ ਕੇ ਵੱਡੀ ਉਮਰ ਦੇ ਜਾਂ ਬੁੱਢੇ ਹੋ ਗਏ ਵਿਅਕਤੀਆਂ ਨੂੰ ਆਪਣੀ ਜਵਾਨੀ ਵੇਲੇ ਦੀ ਵਰਜਿਤ ਉਮਰ ਦੀ ਯਾਦ ਆਉਂਦੀ ਹੈ ਤਾਂ ਉਹ ਸੋਚਦੇ ਅਤੇ ਤਾਂਘਦੇ ਹਨ ਕਿ ਉਹ ਵੀ ਇਸ ਆਧੁਨਿਕ ਯੁੱਗ ਵਿਚ ਜੰਮੇ ਹੁੰਦੇ। ਰਵੀ ਰਚਿਤ ਇਕ ਨਿੱਕੀ ਕਵਿਤਾ ‘ਨਵਾਂ ਜਨਮ’ ਪ੍ਰੌੜ ਹੋ ਚੁੱਕੇ ਵਿਅਕਤੀਆਂ ਦੀ ਅੰਤਰ-ਆਤਮਾ ਅਕਾਂਖਿਆ ਨੂੰ ਬੋਲ ਪ੍ਰਦਾਨ ਕਰਦੀ ਹੈ:
ਨਵਾਂ ਜਨਮ
ਫੇਸਬੁੱਕ ਦੀਆਂ ਸੁੰਦਰ ਨਾਰਾਂ,
ਤਸਵੀਰਾਂ ਵਿਚ ਜਿਵੇਂ ਬਹਾਰਾਂ
ਮਹਿਕ ਸੁੰਦਰਤਾ ਚਾਰ ਚੁਫ਼ੇਰੇ
ਖੜਕਦੀਆਂ ਹਰ ਦਿਲ ਵਿਚ ਤਾਰਾਂ।
ਜੀ ਕਰਦਾ ਕਿ ਹੰਢੀ ਦੇਹ ਲਾਹ, ਨਵੇਂ ਜਿਸਮ ਵਿਚ
ਜਨਮ ਨਵਾਂ ਮੈਂ ਅੱਜ ਕੋਈ ਧਾਰਾਂ!!!
‘ਫੇਸਬੁੱਕ ਕਵਿਤਾ’ ਵਿਚ ਸੰਕਲਿਤ ਕੁਝ ਕੁ ਨਿੱਕੀਆਂ ਅਤੇ ਅਤਿ ਨਿੱਕੀਆਂ ਕਵਿਤਾਵਾਂ ਆਧੁਨਿਕ ਜੀਵਨ ਯਥਾਰਥ ਅਤੇ ਅਟੱਲ ਸੱਚ ਦਾ ਪ੍ਰਗਟਾ ਹਨ। ਮਿਸਾਲ ਵਜੋਂ:
ਤਿੜਕੇ ਸ਼ੀਸ਼ੇ
ਨਾ ਪਿੰਡ ਹੀ ਬਣੇ ਨਾ ਬ੍ਰਹਿਮੰਡ!
ਸਵੈ ਤੇ ਪਰ ਵਿਚ ਵੰਡੇ,
ਸ਼ੀਸ਼ੇ ਤਿੜਕ ਗਏ!!!
ਹਥਲੀ ਪੁਸਤਕ ਵਿਚ ਪੰਨਾ 65 ਤਕ ਫੇਸਬੁੱਕ ਕਵਿਤਾਵਾਂ ਹਨ ਅਤੇ ਪੰਨਾ 67 ਤੋਂ ਪੰਨਾ 98 ਤਕ ਕੁਝ ਫੁਟਕਲ ਕਵਿਤਾਵਾਂ ਤੇ ਗੀਤ। ਇਸ ਭਾਗ ਵਿਚ ‘ਅੱਖ ਦਾ ਵਾਲ’, ‘ਬੇਨਾਮ’, ‘ਕਵਣ ਤੁਹਾਡਾ ਦੇਸ਼’, ‘ਦਿਲ ਦਾ ਮਾਮਲਾ’, ‘ਅਲਵਿਦਾ ਦਾ ਮੌਸਮ’, ਕਾਵਿ-ਨਾਟ ਆਪੋ ਆਪਣੇ ਦਰਿਆ ਦਾ ਥੀਮਕ ਗੀਤ, ‘ਹੋਂਦ-ਨਿਰਹੋਂਦ’ ਲਈ ਲਿਖਿਆ ਮਾਹੀਆ, ‘ਦੰਦ ਕਥਾ’ ਲਈ ਲਿਖੀ ਕਵੀਸ਼ਰੀ ਆਦਿ ਸੰਕਲਿਤ ਹਨ।
ਇਸ ਤੋਂ ਅਗਾਂਹ ‘ਸੁਖਨ ਜਿਨ੍ਹਾਂ ਦੇ ਪੱਲੇ’ ਸਿਰਲੇਖ ਅਧੀਨ ਰਵੀ ਕਾਵਿ ਬਾਰੇ ਸੁਭਾਸ਼ ਘਈ ਰਚਿਤ ਪ੍ਰਸੰਸਾਤਮਕ ਲੇਖ ਦਰਜ ਹੈ। ਇਸ ਉਪਰੰਤ ਪੰਨਾ 101 ਤੋਂ 124 ਤਕ ਰਵਿੰਦਰ ਰਵੀ ਰਚਿਤ ਕਾਵਿ-ਸੰਗ੍ਰਹਿਆਂ, ਕਾਵਿ-ਨਾਟਕਾਂ, ਕਹਾਣੀ-ਸੰਗ੍ਰਹਿਆਂ ਅਤੇ ਫੁਟਕਲ ਪੁਸਤਕਾਂ ਦਾ ਵੇਰਵਾ, ਰਵੀ ਦੇ ਸਾਹਿਤ ’ਤੇ ਪ੍ਰਾਪਤ ਆਲੋਚਨਾਤਮਕ ਪੁਸਤਕਾਂ ਦਾ ਵੇਰਵਾ, ਪੀਐੱਚ.ਡੀ. ਪੱਧਰ ਦਾ ਖੋਜ ਕਾਰਜ, ਐੱਮ.ਫਿਲ ਪੱਧਰ ਦਾ ਖੋਜ ਕਾਰਜ, ਰਵੀ ਨੂੰ ਮਿਲੇ ਪੁਰਸਕਾਰਾਂ ਦਾ ਵੇਰਵਾ, ਸਨਮਾਨਾਂ ਦਾ ਵੇਰਵਾ ਆਦਿ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਕਾਸ਼ਿਤ ਹੈ।
ਅੰਤਲੇ ਭਾਗ ‘ਪੁਸਤਕ ਦਰਸ਼ਨ’ ਸਿਰਲੇਖ ਅਧੀਨ ਰਵੀ ਰਚਿਤ ਦੋ ਪੁਸਤਕਾਂ ਦੇ ਅਖ਼ਬਾਰਾਂ ਵਿਚ ਛਪੇ ਰੀਵਿਊ ਪ੍ਰਕਾਸ਼ਿਤ ਹਨ। ਇਹ ਟਿੱਪਣੀਆਂ ਅਤੇ ਰੀਵਿਊ ਨਾ ਵੀ ਛਾਪੇ ਜਾਂਦੇ ਤਾਂ ਕਾਵਿ-ਸੰਗ੍ਰਹਿ ਦਾ ਕੱਦ ਨੀਵਾਂ ਨਹੀਂ ਸੀ ਹੋਣ, ਪਰ ਪ੍ਰਚਾਰ ਦਾ ਯੁੱਗ ਹੈ।
ਇਸ ਕਾਵਿ-ਸੰਗ੍ਰਹਿ ਵਿਚ ਪ੍ਰਕਾਸ਼ਿਤ ਕਵਿਤਾਵਾਂ ਕਵੀ ਦੇ ਕਾਵਿਕ ਕੱਦ-ਕਾਠ ਦੀਆਂ ਸਾਖਸ਼ੀ ਹਨ। ਉਮਰ ਦੇ ਅੱਠ ਦਹਾਕੇ ਪਾਰ ਕਰ ਚੁੱਕੇ ਕਵੀ ਦੀਆਂ ਕਵਿਤਾਵਾਂ ਦੇ ਇਸ ਸੰਗ੍ਰਹਿ ਦਾ ਅਧਿਐਨ ਉਸ ਦੀ ਕਲਮ ਤੋਂ ਪੰਜਾਬੀ ਜਗਤ ਨੂੰ ਹੋਰ ਵੀ ਸ਼੍ਰੇਸ਼ਟ ਅਤੇ ਉੱਚ ਕੋਟੀ ਦੀਆਂ ਰਚਨਾਵਾਂ ਦੀ ਆਸ ਬਣਾਉਂਦਾ ਹੈ।
ਸੰਪਰਕ: 99154-73505


Comments Off on ਡੂੰਘੇ ਅਰਥਾਂ ਵਾਲੀ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.