ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਡਾਕ ਐਤਵਾਰ ਦੀ

Posted On August - 11 - 2019

ਆਜ਼ਾਦੀ ਦੇ ਹੱਕ ਦੀ ਰਾਖੀ
4 ਅਗਸਤ ਦੇ ਅੰਕ ਵਿਚ ਰਾਮਚੰਦਰ ਗੁਹਾ ਦੇ ਲੇਖ ‘ਪ੍ਰਗਟਾਵੇ ਦੀ ਆਜ਼ਾਦੀ ਦੀ ਕੀਮਤ’ ਵਿਚ ਮੋਦੀ ਸਰਕਾਰ ਦੀ ਸਹੀ ਆਲੋਚਨਾ ਕੀਤੀ ਗਈ ਹੈ। ਦਰਅਸਲ, ਸਰਕਾਰ ਆਪਣੇ ਸਿਆਸੀ ਵਿਰੋਧੀਆਂ ਵੱਲੋਂ ਕੀਤੀ ਜਾਂਦੀ ਆਲੋਚਨਾ ਨੂੰ ਬਰਦਾਸ਼ਤ ਕਰਨ ਦੀ ਬਜਾਏ ਉਲਟਾ ਉਨ੍ਹਾਂ ਦੀ ਜ਼ੁਬਾਨਬੰਦੀ ਕਰਨ ’ਤੇ ਤੁਲੀ ਹੋਈ ਹੈ। ਇਸੇ ਲਈ ਸਰਕਾਰ ਦੀ ਸਰਪ੍ਰਸਤੀ ਹੇਠ ਫ਼ਿਰਕੂ ਸੰਗਠਨਾਂ ਵੱਲੋਂ ਦੇਸ਼ ਵਿਚਲੇ ਘੱਟਗਿਣਤੀਆਂ, ਆਦਿਵਾਸੀਆਂ, ਲੇਖਕਾਂ, ਦਲਿਤਾਂ, ਖੱਬੇ ਪੱਖੀਆਂ, ਤਰਕਸ਼ੀਲਾਂ ਅਤੇ ਪ੍ਰਗਤੀਸ਼ੀਲ ਬੁੱਧੀਜੀਵੀਆਂ ’ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਘੱਟਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ਹਜੂਮੀ ਹਿੰਸਕ ਹਮਲਿਆਂ ਸਬੰਧੀ ਦੇਸ਼ ਦੇ 49 ਨਾਮਵਰ ਪ੍ਰਗਤੀਸ਼ੀਲ ਬੁੱਧੀਜੀਵੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਤੋਂ ਬੁਖਲਾ ਕੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਹੱਥਕੰਡੇ ਅਪਣਾਉਣਾ ਜਮੂਹਰੀਅਤ ਲਈ ਨਿਹਾਇਤ ਸ਼ਰਮਨਾਕ ਹੈ। ਅਫ਼ਸੋਸ ਹੈ ਕਿ ਦੇਸ਼ ਦੀ ਨਿਆਂਪਾਲਿਕਾ ਹਾਕਮ ਜਮਾਤਾਂ ਦੇ ਦਬਾਅ ਹੇਠ ਵਿਰੋਧੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਰਾਖੀ ਕਰਨ ਦੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੀ।
ਸੁਮੀਤ ਸਿੰਘ, ਅੰਮ੍ਰਿਤਸਰ
(2)
4 ਅਗਸਤ ਦੇ ਨਜ਼ਰੀਆ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਪ੍ਰਗਟਾਵੇ ਦੀ ਆਜ਼ਾਦੀ ਦੀ ਕੀਮਤ’ ਭਾਰਤੀ ਦੰਡ ਵਿਧਾਨ ਦੀ ਧਾਰਾ 124 ਏ ਬਾਰੇ ਬਹੁਮੁੱਲੀ ਜਾਣਕਾਰੀ ਦਿੰਦਾ ਹੈ। ਜੇਕਰ ਪ੍ਰਧਾਨ ਮੰਤਰੀ ਆਪਣੇ ਮਨ ਕੀ ਬਾਤ ਤਾਂ ਸੁਣਾ ਸਕਦੇ ਹਨ, ਪਰ ਮੰਨੇ-ਪ੍ਰਮੰਨੇ ਬੁੱਧੀਜੀਵੀ, ਲੇਖਕਾਂ ਅਤੇ ਚਿੰਤਕਾਂ ਵੱਲੋਂ ਲਿਖਿਆ ਇਕ ਖ਼ਤ ਵੀ ਸੁਣ ਨਹੀਂ ਸਕਦੇ ਤਾਂ ਸਾਡੀ ਜਮਹੂਰੀਅਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਅੰਗਰੇਜ਼ਾਂ ਵੇਲੇ ਮਹਾਤਮਾ ਗਾਂਧੀ ਨੂੰ ਅਜਿਹੀਆਂ ਧਾਰਾਵਾਂ ਤਹਿਤ ਨਜ਼ਰਬੰਦ ਕਰਨਾ ਤਾਂ ਸਮਝ ਵਿਚ ਆਉਂਦਾ ਹੈ, ਪਰ ਨਾਗਰਿਕਾਂ ਵੱਲੋਂ ਵਿਚਾਰ ਪ੍ਰਗਟ ਕਰਨ ਕਰਕੇ ਸਾਡੀਆਂ ਹੀ ਚੁਣੀਆਂ ਹੋਈਆਂ ਸਰਕਾਰਾਂ ਵੱਲੋਂ ਧਾਰਾ 124ਏ ਦੀ ਵਰਤੋਂ ਰਾਹੀਂ ਉਨ੍ਹਾਂ ਨੂੰ ਦੇਸ਼ਧਰੋਹੀ ਗਰਦਾਨਣ ਦੀ ਕੋਸ਼ਿਸ਼ ਨਿੰਦਣਯੋਗ ਹੈ। ਇਸ ਤਰ੍ਹਾਂ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਵਾਲਾ ਸਾਡਾ ਮੁਲਕ ਦੁਨੀਆਂ ਨੂੰ ਹੀ ਨਹੀਂ ਸਗੋਂ ਦੇਸ਼ ਵਾਸੀਆਂ ਨੂੰ ਵੀ ਖੋਖਲਾ ਹੀ ਨਜ਼ਰ ਆਵੇਗੀ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)

ਵਧੀਆ ਜਾਣਕਾਰੀ
21 ਜੁਲਾਈ ਦੇ ਅੰਕ ਵਿਚ ਪ੍ਰਸਿੱਧ ਗਲਪਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਗੁਰਬਚਨ ਸਿੰਘ ਭੁੱਲਰ ਨੇ ਮੋਗੇ ਦੇ ਪ੍ਰਸਿੱਧ ਡਾਕਟਰ ਮਥਰਾ ਦਾਸ ਬਾਰੇ ਵਿਸਥਾਰ ਨਾਲ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ। ਅਜਿਹੀਆਂ ਸ਼ਖ਼ਸੀਅਤਾਂ ਸਦਾ ਹੀ ਮਾਨਵਤਾ ਲਈ ਰਾਹ-ਦਸੇਰਾ ਹਨ। ਮੋਗੇ ਦੇ ਵੈਦ ਵੀ ਬਹੁਤ ਪ੍ਰਸਿੱਧ ਹਨ ਤੇ ਹਾਸ ਵਿਅੰਗ ਲੇਖਕਾਂ ਦੀ ਵੀ ਮੋਗੇ ਮੰਡੀ ਹੈ। ਜੰਗ ਬਹਾਦੁਰ ਗੋਇਲ ਨੇ ਭਾਪਾ ਪ੍ਰੀਤਮ ਸਿੰਘ ਦੇ ਪ੍ਰਸਿੱਧ ਰਸਾਲੇ ਆਰਸੀ ਤੇ ਕਹਾਣੀਕਾਰ ਸੁਖਬੀਰ ਦੀ ਪਿਆਰੀ ਸਾਂਝ ਨੂੰ ਸਾਂਝਾ ਕੀਤਾ ਹੈ। ਸੁਖਬੀਰ ਲਗਾਤਾਰ ਇਸ ਮੈਗਜ਼ੀਨ ਲਈ ਲਿਖਦੇ ਰਹੇ। ਉਨ੍ਹਾਂ ਸਮਿਆਂ ਵਿਚ ਲੇਖਕਾਂ ਵਿਚ ਮੋਹ-ਪਿਆਰ ਹੁੰਦਾ ਸੀ, ਹੁਣ ਵਰਗੀ ਈਰਖਾ ਨਹੀਂ ਸੀ ਹੁੰਦੀ। ਮੁਖਤਾਰ ਗਿੱਲ ਦੀ ਕਹਾਣੀ ‘ਤ੍ਰਿਕਾਲਾਂ ਦੇ ਸਿਆਹ ਰੰਗ’ ਵਿਚ ਕਥਾ ਰਸ ਬਹੁਤ ਚੰਗਾ ਲੱਗਿਆ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫਾਜ਼ਿਲਕਾ
(2)
21 ਜੁਲਾਈ ਨੂੰ ਗੁਰਬਚਨ ਸਿੰਘ ਭੁੱਲਰ ਵੱਲੋਂ ਡਾ. ਮਥਰਾ ਦਾਸ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਇਸ ਨਾਲ ਸਾਡਾ ਸਿਰ ਉਸ ਇਨਸਾਨ ਦੁਆਰਾ ਕੀਤੀ ਨਿਸ਼ਕਾਮ ਸੇਵਾ ਅੱਗੇ ਝੁਕਣਾ ਸੁਭਾਵਿਕ ਹੀ ਹੈ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਗਈ ਬਿਨਾਂ ਕਿਸੇ ਭੇਦਭਾਵ ਦੀ ਸੇਵਾ ਦਾ ਮੁੱਲ ਅਸੀਂ ਕਿਸੇ ਵੀ ਤਰੀਕੇ ਨਾਲ ਤਾਰ ਨਹੀਂ ਸਕਦੇ। ਸਾਨੂੰ ਵੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਜਸਦੀਪ ਸਿੰਘ ਢਿੱਲੋਂ, ਫ਼ਰੀਦਕੋਟ

ਮਹਾਨ ਲੇਖਕ
9 ਜੂਨ ਦੇ ‘ਅਦਬੀ ਸੰਗਤ’ ਵਿਚ ਡਾ. ਜੋਗਿੰਦਰ ਸਿੰਘ ਦਾ ਲੇਖ ‘ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ’ ਪੜ੍ਹਿਆ। ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਲਈ ਅਣਥੱਕ ਯਤਨ ਕੀਤੇ ਹਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਸਿੱਖ ਧਰਮ ਵਿਚੋਂ ਪਾਤਰ ਲੈ ਕੇ ਸਿੱਖਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ। ਭਾਈ ਵੀਰ ਸਿੰਘ ਨੇ ਕਵਿਤਾ, ਨਾਵਲ ਅਤੇ ਵਾਰਤਕ ਰਚਨਾ ਕੀਤੀ। ਪੰਜਾਬੀ ਸਾਹਿਤ ਵਿਚ ਕਵਿਤਾ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਲਈ 1995 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1996 ਵਿਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹ ਪੰਜਾਬੀ ਸਾਹਿਤ ਦੇ ਮਹਾਨ ਸ਼ੈਲੀਕਾਰ ਸਨ। ਸਾਹਿਤ ਦੇ ਖੇਤਰ ਵਿਚ ਉਨ੍ਹਾਂ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।
ਕੇਵਲ ਸਿੰਘ ਸਰਾਂ, ਪੱਖੋ ਕਲਾਂ (ਬਰਨਾਲਾ)

ਤਿੱਖੀ ਤਲਵਾਰ ਜਿਹੀ ਕਲਮ
28 ਜੁਲਾਈ ਦੇ ਅੰਕ ਵਿਚ ਨਵਸ਼ਰਨ ਹੋਰਾਂ ਦਾ ਲੇਖ ‘ਮੀਆਂ ਕਵਿਤਾ ਦਾ ਸੱਚ’ ਸੱਚਮੁੱਚ ਦਰਦਨਾਕ ਅਤੇ ਦਿਲ ਦਹਿਲਾਉਣ ਵਾਲਾ ਸੀ। ਮੀਆਂ ਕਵਿਤਾ ਨੇ ਤਾਂ ਸਾਡੇ ਸੌੜੇ ਅਤੇ ਵਧੀਕੀਆਂ ਭਰੇ ਸਿਸਟਮ ਨੂੰ ਸ਼ੀਸ਼ਾ ਵਿਖਾਇਆ ਹੈ। ਸਰਕਾਰਾਂ ਆਪਣਾ ਖ਼ੂਨੀ ਚਿਹਰਾ ਵੇਖ ਕੇ ਏਨਾ ਬੌਖਲਾ ਗਈਆਂ ਕਿ ਬੇਗੁਨਾਹ ਕਵੀਆਂ ਤੇ ਲੇਖਕਾਂ ਨੂੰ ਸਤਾਉਣਾ ਤੇ ਡਰਾਉਣਾ ਸ਼ੁਰੂ ਕਰ ਦਿੱਤਾ। ਪਰ ਅਜਿਹੀਆਂ ਕਲਮਾਂ ਵੀ ਹਨ ਜੋ ਕਦੇ ਨਹੀਂ ਡਰੀਆਂ। ਇਸ ਤੋਂ ਇਹ ਅਹਿਸਾਸ ਪੱਕਾ ਹੁੰਦਾ ਹੈ ਕਿ ਕਲਮ ਦੀ ਨੋਕ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਹੈ।
ਵਰਗਿਸ ਸਲਾਮਤ, ਈ-ਮੇਲ


Comments Off on ਡਾਕ ਐਤਵਾਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.