ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਟੋਨੀ ਦੀ ਸਮਝਦਾਰੀ

Posted On August - 3 - 2019

ਬਾਲ ਕਹਾਣੀ

ਭੁਪਿੰਦਰ ਸਿੰਘ ਆਸ਼ਟ
ਰੋਜ਼ੀ ਬਿੱਲੀ ਅੱਜ ਬਹੁਤ ਉਦਾਸ ਸੀ ਕਿਉਂਕਿ ਕੱਲ੍ਹ ਤੋਂ ਉਸਦੇ ਹੱਥ ਕੋਈ ਸ਼ਿਕਾਰ ਵਗੈਰਾ ਨਹੀਂ ਸੀ ਲੱਗਿਆ। ਉਹ ਅਚਾਨਕ ਇਕਦਮ ਉੱਛਲ ਕੇ ਖੜ੍ਹੀ ਹੋ ਗਈ ਅਤੇ ਆਪਣੇ ਆਪ ਨਾਲ ਬੋਲੀ ‘‘ਵੈਰੀ ਗੁੱਡ ਆਇਡਿਆ।’’ ‘‘ਅਸਲ ’ਚ ਰੋਜ਼ੀ ਨੂੰ ਹੁਣੇ ਯਾਦ ਆਇਆ ਸੀ ਕਿ ਅੱਜ ਤਾਂ ਟੋਨੀ ਚੂਹੇ ਦਾ ਜਨਮ ਦਿਨ ਹੈ ਕਿਉਂ ਨਾ ਟੋਨੀ ਨੂੰ ਗੱਲਾਂ-ਬਾਤਾਂ ਵਿਚ ਉਲਝਾ ਕੇ ਉਸਦਾ ਕੰਮ ਤਮਾਮ ਕੀਤਾ ਜਾਵੇ। ਉਹ ਆਪਣੇ ਆਪ ਨੂੰ ਖਾਸਾ ਚਾਲਾਕ ਸਮਝਦਾ ਹੈ।’ ਰੋਜ਼ੀ ਨੇ ਮਨ ਹੀ ਮਨ ਸੋਚਿਆ। ਉਹ ਫਟਾਫਟ ਇਕ ਨੇੜਲੀ ਦੁਕਾਨ ’ਤੇ ਪਹੁੰਚੀ ਅਤੇ ਉੱਥੋਂ ਇਕ ਬਿਲਕੁਲ ਸਸਤਾ ਜਿਹਾ ਤੋਹਫ਼ਾ ਲੈ ਆਈ। ਫੇਰ ਉਸ ਨੇ ਟੋਨੀ ਦੀ ਖੁੱਡ ਦਾ ਰਾਹ ਫੜਿਆ। ਖੁੱਡ ਦੇ ਨਜ਼ਦੀਕ ਪਹੁੰਚ ਕੇ ਉਹ ਬੋਲੀ, ‘‘ਟੋਨੀ ਵੀਰ, ਘਰ ਵਿਚ ਹੀ ਹੈਂ?’
‘‘ਹਾਂ, ਪਰ ਤੁਸੀਂ ਕੌਣ ਹੋ?’ ਟੋਨੀ ਨੇ ਅੰਦਰੋਂ ਹੀ ਪੁੱਛਿਆ। ‘‘ਮੈਂ ਹਾਂ ਮਾਸੀ ਰੋਜ਼ੀ।’’ ਰੋਜ਼ੀ ਬਿੱਲੀ ਨੇ ਕਿਹਾ।
‘‘ਹੈਂ ਰੋਜ਼ੀ।’’ ਵਿਚਾਰਾ ਟੋਨੀ ਘਬਰਾ ਗਿਆ, ਪਰ ਥੋੜ੍ਹੀ ਹਿੰਮਤ ਜਿਹੀ ਕਰਕੇ ਬੋਲਿਆ, ‘‘ਹਾਂ, ਹਾਂ, ਦੱਸੋ ਕੀ ਗੱਲ ਹੈ?’’ ‘‘ਟੋਨੀ ਵੀਰ, ਇਹ ਤਾਂ ਮੈਂ ਵੀ ਜਾਣਦੀ ਹਾਂ ਕਿ ਤੁਹਾਡੀ ਬਰਾਦਰੀ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੀ, ਪਰ ਮੈਂ ਪਿਛਲੀਆਂ ਸਾਰੀਆਂ ਗੱਲਾਂ ਭੁਲਾ ਕੇ ਤੈਨੂੰ ਤੇਰੇ ਜਨਮ-ਦਿਨ ਦੀ ਵਧਾਈ ਦੇਣ ਆਈ ਹਾਂ। ਤੂੰ ਮੇਰੇ ’ਤੇ ਭਰੋਸਾ ਕਰਕੇ ਜ਼ਰਾ ਆਪਣੀ ਖੁੱਡ ’ਚੋਂ ਬਾਹਰ ਨਿਕਲ ਕੇ ਤਾਂ ਦੇਖ ਮੈਂ ਤੇਰੇ ਲਈ ਇਕ ਬੇਹੱਦ ਖ਼ੂਬਸੂਰਤ ਤੋਹਫ਼ਾ ਲੈ ਕੇ ਆਈ ਹਾਂ।’’ ਟੋਨੀ ਸਿਆਣਾ ਸੀ ਉਸ ਨੇ ਇਹ ਵੀ ਸਮਝ ਲਿਆ ਸੀ ਕਿ ਰੋਜ਼ੀ ਦੇ ਇਰਾਦੇ ਠੀਕ ਨਹੀਂ ਲੱਗਦੇ ਤੇ ਉਹ ਉਸ ਨੂੰ ਖਾਣ ਦੇ ਮਕਸਦ ਨਾਲ ਹੀ ਇੱਧਰ ਆਈ ਹੈ। ਕੁਝ ਪਲ ਸੋਚਣ ਤੋਂ ਬਾਅਦ ਟੋਨੀ ਦੇ ਦਿਮਾਗ਼ ਵਿਚ ਇਕ ਤਕਰੀਬ ਆਈ। ਉਸ ਨੇ ਕਿਹਾ ਚੱਲ ਠੀਕ ਹੈ ਮਾਸੀ, ਅੱਜ ਮੈਂ ਤੇਰੇ ’ਤੇ ਭਰੋਸਾ ਕਰ ਲੈਂਦਾ ਹਾਂ, ਪਰ ਮੇਰੀ ਵੀ ਇਕ ਸ਼ਰਤ ਹੈ।’’
‘‘ਕਿਹੜੀ ਸ਼ਰਤ ?’’ ਰੋਜ਼ੀ ਕੁਝ ਹੈਰਾਨ ਹੋ ਕੇ ਬੋਲੀ। ‘‘ਪਹਿਲਾਂ ਮੇਰੇ ਜਨਮ ਦਿਨ ਦੀ ਥੋੜ੍ਹੀ ਜਿਹੀ ਮਠਿਆਈ ਤੁਹਾਨੂੰ ਵੀ ਖਾਣੀ ਪਵੇਗੀ।’’ ਟੋਨੀ ਨੇ ਹਨੇਰੇ ’ਚ ਤੀਰ ਛੱਡਿਆ। ‘‘ਲੈ ਇਹ ਵੀ ਕੋਈ ਵੱਡੀ ਗੱਲ ਐ। ਲਿਆ, ਜਲਦੀ ਨਾਲ ਮਠਿਆਈ ਲਿਆ। ਮੈਂ ਖਾ ਕੇ ਹੁਣੇ ਤੇਰੀ ਸ਼ਰਤ ਪੂਰੀ ਕਰ ਦਿੰਦੀ ਹਾਂ।’’ ਸ਼ਿਕਾਰ ਖ਼ੁਦ ਹੀ ਚੱਲ ਕੇ ਨਜ਼ਦੀਕ ਆ ਰਿਹਾ ਹੈ, ਰੋਜ਼ੀ ਇਹ ਸੋਚ ਕੇ ਮਨ ਹੀ ਮਨ ਪ੍ਰਸੰਨ ਹੋ ਰਹੀ ਸੀ। ਇਸੇ ਪ੍ਰਕਾਰ ਟੋਨੀ ਨੇ ਥੋੜ੍ਹੀ ਜਿਹੀ ਮਠਿਆਈ ਖੁੱਡ ਤੋਂ ਬਾਹਰ ਰੱਖ ਦਿੱਤੀ ਅਤੇ ਆਪ ਫੁਰਤੀ ਨਾਲ ਖੁੱਡ ਅੰਦਰ ਚਲਾ ਗਿਆ। ਰੋਜ਼ੀ ਨੇ ਜਿਉਂ ਮਠਿਆਈ ਖਾਧੀ ਉਹ ਬੇਹੋਸ਼ ਹੋ ਗਈ। ਟੋਨੀ ਨੇ ਮੌਕਾ ਸੰਭਾਲਿਆ। ਖੁੱਡ ਤੋਂ ਬਾਹਰ ਆ ਕੇ ਉਸ ਨੇ ਆਪਣੇ ਸਭ ਸਾਥੀਆਂ ਨੂੰ ਇਕੱਠਾ ਕੀਤਾ ਤੇ ਕਿਹਾ, ‘‘ਭੈਣੋਂ ਤੇ ਵੀਰੋ। ਇਸ ਧੋਖੇਬਾਜ਼ ਬਿੱਲੀ ਦੇ ਡਰ ਸਦਕਾ ਆਪਾਂ ਹਰ ਵੇਲੇ ਘਬਰਾਏ ਰਹਿੰਦੇ ਸੀ, ਪਰ ਅੱਜ ਇਹ ਆਪਣੇ ਹੀ ਜਾਲ ਵਿਚ ਫਸ ਗਈ ਹੈ। ਆਪਾਂ ਨੂੰ ਹੋਰ ਸਮਾਂ ਨਹੀਂ ਗੁਆਉਣਾ ਚਾਹੀਦਾ। ਮਤਲਬ ਕਿ ਆਪਾਂ ਸਭ ਇਕਜੁਟ ਹੋ ਕੇ ਰੋਜ਼ੀ ਦੇ ਗਲ ਘੰਟੀ ਬੰਨ੍ਹ ਹੀ ਦੇਈਏ ਤਾਂ ਕਿ ਇਸ ਦੇ ਆਉਣ ਦੀ ਖ਼ਬਰ ਸਾਨੂੰ ਪੇਸ਼ਗੀ ਹੀ ਮਿਲ ਜਾਇਆ ਕਰੇ।’’
ਫੇਰ ਸਾਰੇ ਚੂਹਿਆਂ ਨੇ ਹਿੰਮਤ ਕਰਕੇ ਰੋਜ਼ੀ ਦੇ ਗਲ ਵਿਚ ਘੰਟੀ ਬੰਨ੍ਹ ਹੀ ਦਿੱਤੀ। ਇਸ ਮਗਰੋਂ ਸਭ ਚੂਹੇ ਆਪੋ-ਆਪਣੀਆਂ ਖੁੱਡਾਂ ’ਚ ਜਾ ਵੜੇ। ਦੂਜੇ ਪਾਸੇ ਜਦੋਂ ਰੋਜ਼ੀ ਬਿੱਲੀ ਨੂੰ ਹੋਸ਼ ਆਈ ਤਾਂ ਆਪਣੇ ਗਲ ’ਚ ਪਈ ਘੰਟੀ ਵੇਖ ਕੇ ਹੈਰਾਨ ਹੋ ਗਈ, ਪਰ ਹੁਣ ਕੀ ਹੋ ਸਕਦਾ ਸੀ। ਇਸ ਮਗਰੋਂ ਰੋਜ਼ੀ ਜਦੋਂ ਵੀ ਚੂਹਿਆਂ ਵੱਲ ਆਉਂਦੀ ਤਾਂ ਘੰਟੀ ਦੀ ਟਨ-ਟਨ ਨਾਲ ਚੂਹੇ ਪਹਿਲਾਂ ਹੀ ਚੌਕਸ ਹੋ ਜਾਂਦੇ। ਫਿਰ ਰੋਜ਼ੀ ਨੂੰ ਖਾਲੀ ਹੱਥ ਹੀ ਮੁੜਨਾ ਪੈਂਦਾ। ਸਭ ਚੂਹੇ ਖ਼ੁਸ਼ ਸਨ ਕਿਉਂਕਿ ਟੋਨੀ ਦੀ ਸਿਆਣਪ ਸਦਕਾ ਉਨ੍ਹਾਂ ਨੂੰ ਬੇਖੌਫ਼ ਜ਼ਿੰਦਗੀ ਮਿਲ ਗਈ ਸੀ।


Comments Off on ਟੋਨੀ ਦੀ ਸਮਝਦਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.