‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ

Posted On August - 24 - 2019

ਅਮਰਜੀਤ ਸਿੰਘ, ਮਨਦੀਪ ਸਿੰਘ ਹੂੰਜਨ ਤੇ ਰਾਜਿੰਦਰ ਸਿੰਘ ਬੱਲ*
ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਅਜਿਹੀਆਂ ਦੋ ਪ੍ਰਮੁੱੱਖ ਬਿਮਾਰੀਆਂ ਹਨ ਜੋ ਇਸ ਦੇ ਝਾੜ ਅਤੇ ਮਿਆਰ ਨੂੰ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਕਿਸਾਨਾਂ ਵੱਲੋਂ ਝੋਨੇ ਵਿੱਚ ਨਾਈਟ੍ਰੋਜਨ ਖਾਦ ਦੀ ਵਧੇਰੇ ਵਰਤੋਂ, ਗ਼ੈਰ-ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਅਤੇ ਬੇਮੌਸਮੀ ਬਾਰਿਸ਼ਾਂ ਹੋਣ ਕਾਰਨ ਪਿਛਲੇ ਸਾਲਾਂ ਦੌਰਾਨ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਿੱਚ ਵਾਧਾ ਹੋਇਆ ਹੈ।
ਸ਼ੀਥ ਬਲਾਈਟ: ਸ਼ੀਥ ਬਲਾਈਟ ਇੱਕ ਉਲੀ ਦੀ ਬਿਮਾਰੀ ਹੈ ਜੋ ਝੋਨੇ ਅਤੇ ਬਾਸਮਤੀ ਦੋਵਾਂ ਉੱਪਰ ਆਉਂਦੀ ਹੈ। ਆਮ ਤੌਰ ਤੇ ਇਹ ਬਿਮਾਰੀ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਜਦੋਂ ਫ਼ਸਲ ਗੋਭ ਵਿੱਚ ਹੋਵੇ, ਉਦੋਂ ਨਜ਼ਰ ਆਉਂਦੀ ਹੈ। ਇਹ ਬਿਮਾਰੀ ਦੀ ਉੱਲੀ ਮਿੱੱਟੀ ਵਿੱਚ ਗੂੜੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਰਾਹੀਂ ਪ੍ਰਵੇਸ਼ ਕਰਦੀ ਹੈ ਜੋ ਇੱੱਕ ਮੌਸਮ ਤੋਂ ਦੂਜੇ ਤੱੱਕ ਜਿਉਂਦੀ ਰਹਿੰਦੀ ਹੈ ਅਤੇ ਬਿਮਾਰੀ ਦੀ ਸ਼ੁਰੂਆਤ ਦਾ ਮੁੱੱਢਲਾ ਸੋਮਾ ਬਣਦੀ ਹੈ। ਇਸ ਤੋਂ ਬਿਨ੍ਹਾਂ ਬਹੁਤ ਸਾਰੇ ਨਦੀਨਾਂ ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਇਹ ਬਿਮਾਰੀ ਪਲਦੀ ਰਹਿੰਦੀ ਹੈ। ਜੇ ਇਹ ਬਿਮਾਰੀ ਇੱੱਕ ਵਾਰ ਖੇਤ ਵਿੱਚ ਆ ਜਾਵੇ ਤਾਂ ਉਸ ਖੇਤ ਵਿੱਚ ਸਾਲ ਦਰ ਸਾਲ ਇਸ ਬਿਮਾਰੀ ਦਾ ਹਮਲਾ ਵਧਦਾ ਜਾਂਦਾ ਹੈ।
ਇਸ ਬਿਮਾਰੀ ਦੇ ਸ਼ੁਰੂਆਤੀ ਹਮਲੇ ਨਾਲ ਬੂਟਿਆਂ ਤੇ ਲੰਬੂਤਰੇ ਹਰੇ ਧੱਬੇ ਪਾਣੀ ਦੇ ਪੱੱਧਰ ਤੋਂ ਉੱੱਪਰ ਪੱਤੇ ਦੀ ਸ਼ੀਥ ’ਤੇ ਪੈ ਜਾਂਦੇ ਹਨ ਜਿਹੜੇ ਕਿਨਾਰਿਆਂ ਤੋਂ ਜਾਮਣੀ ਨਜ਼ਰ ਆਉਂਦੇ ਹਨ। ਇਸ ਬਿਮਾਰੀ ਦਾ ਅਸਰ ਫ਼ਸਲ ਦੇ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤੱਕ ਜ਼ਿਆਦਾ ਹੁੰਦਾ ਹੈ ਅਤੇ ਅਨੁਕੂਲ ਹਾਲਤਾਂ ਵਿੱਚ ਇਹ ਸਾਰੇ ਪੱੱਤਿਆਂ ’ਤੇ ਫੈਲ ਜਾਂਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਬੂਟੇ ਕਮਜ਼ੋਰ ਪੈ ਕੇ ਡਿੱਗ ਪੈਂਦੇ ਹਨ। ਇਹ ਬਿਮਾਰੀ ਦੀ ਉੱਲੀ ਪ੍ਰਭਾਵਿਤ ਬੂਟੇ ਤੋਂ ਨਾਲ ਲੱਗਦੇ ਦੂਜੇ ਬੂਟੇ ’ਤੇ ਚਲੀ ਜਾਂਦੀ ਹੈ। ਬਿਮਾਰੀ ਦਾ ਹਮਲਾ ਜ਼ਿਆਦਾਤਰ ਖੇਤ ਦੇ ਬਾਹਰਲੇ ਪਾਸਿਆਂ ਅਤੇ ਖੂੰਜਿਆਂ ਤੋਂ ਸ਼ੁਰੂ ਹੁੰਦਾ ਹੈ, ਜਿੱੱਥੇ ਖੇਤ ਦੀ ਤਿਆਰੀ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਹਵਾ ਰਾਹੀਂ ਇਕੱਠੀ ਹੋ ਜਾਂਦੀ ਹੈ।
ਬਿਮਾਰੀ ਦੀ ਰੋਕਥਾਮ ਲਈ ਸਰਵਪੱਖੀ ਢੰਗ:
* ਖੇਤ ਵਿੱਚ ਅਤੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਓ।
* ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ।
* ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫ਼ਸਲ ਦੀ ਗੋਭ ਸਥਿਤੀ ਵੇਲੇ ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਜੇ ਫ਼ਸਲ ਦੀ ਗੋਭ ਦੀ ਸਥਿਤੀ ਵੇਲੇ ਬਿਮਾਰੀ ਦੀਆਂ ਨਿਸ਼ਾਨੀਆਂ ਦਿੱੱਸਣ ਤਾਂ ਉਸੇ ਵਕਤ 80 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਐਮੀਸਟਾਰ ਟੋਪ 325 ਤਾਕਤ /ਫੋਲੀਕਰ 25 ਤਾਕਤ /ਟਿਲਟ 25 ਤਾਕਤ/ ਮੋਨਸਰਨ 250 ਤਾਕਤ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ਤੇ ਦੁਬਾਰਾ ਫਿਰ 15 ਦਿਨਾਂ ਦੇ ਵਕਫੇ ਤੇ ਹੋਰ ਛਿੜਕਾਅ ਦੁਹਰਾਓ। ਛਿੜਕਾਅ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਕਰੋ।
ਝੂਠੀ ਕਾਂਗਿਆਰੀ: ਝੋਨੇ ਦੀ ਝੂਠੀ ਕਾਂਗਿਆਰੀ ਨੂੰ ਹਲਦੀ ਰੋਗ ਵੀ ਕਿਹਾ ਜਾਂਦਾ ਹੈ ਜਿਸ ਦਾ ਹਮਲਾ ਲਗਾਤਾਰ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਆਦਿ ਵਿੱੱਚ ਦੇਖਣ ਨੂੰ ਮਿਲਦਾ ਹੈ। ਜ਼ਿਆਦਾ ਝਾੜ ਦੇਣ ਵਾਲੀਆਂ ਨਵੀਂਆਂ ਕਿਸਮਾਂ ਦੇ ਵਿਕਸਿਤ ਹੋਣ ਕਰ ਕੇ ਤੇ ਫਸਲ ਦੇ ਗੋਭ ਤੋਂ ਫੁੱਲ ਪੈਣ ਤੱਕ ਦੀ ਸਥਿਤੀ ’ਤੇ ਬੱਦਲਵਾਈ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਇਸ ਰੋਗ ਦੀ ਤੀਬਰਤਾ ਸਾਲ ਦਰ ਸਾਲ ਵਧਦੀ ਜਾਂਦੀ ਹੈ। ਇਸ ਬਿਮਾਰੀ ਦੀ ਉਲੀ ਦੇ ਗੋਲੇ ਮਿੱਟੀ ਤੇ ਬੀਜ ਵਿੱਚ ਰਲ ਜਾਂਦੇ ਹਨ ਜੋ ਅਗਲੇ ਸਾਲ ਬਿਮਾਰੀ ਦੀ ਸ਼ੁਰੂਆਤ ਲਈ ਮੁੱੱਢਲੇ ਸਰੋਤ ਦਾ ਕੰਮ ਕਰਦੇ ਹਨ। ਇਸ ਬਿਮਾਰੀ ਦੀਆਂ ਨਿਸ਼ਾਨੀਆਂ ਸਿਰਫ਼ ਸਿੱਟੇ ਨਿਕਲਣ ਸਮੇਂ ਹੀ ਦਿਖਾਈ ਦਿੰਦੀਆਂ ਹਨ। ਬਿਮਾਰੀ ਦੀ ਉਲੀ ਮਿੱਟੀ ਵਿੱਚੋਂ ਉੱਗ ਕੇ ਹਵਾ ਵਿੱਚ ਰਲ ਜਾਂਦੀ ਹੈ ਜੋ ਫ਼ਸਲ ਦੇ ਨਿਸਰਣ ਸਮੇਂ ਹਮਲਾ ਕਰਦੀ ਹੈ। ਇਸ ਦੇ ਹਮਲੇ ਨਾਲ ਪ੍ਰਭਾਵਿਤ ਦਾਣਿਆਂ ਦੀ ਥਾਂ ’ਤੇ ਉਲੀ ਦੇ ਗੋਲੇ ਬਣ ਜਾਂਦੇ ਹਨ। ਸ਼ੁਰੂ ਵਿੱਚ ਉਲੀ ਦੇ ਇਹ ਗੋਲੇ ਚਿੱੱਟੇ, ਬਾਅਦ ਵਿੱਚ ਸੰਤਰੀ ਅਤੇ ਅਖੀਰ ਵਿੱਚ ਗੂੜੇ ਹਰੇ ਹੋ ਜਾਂਦੇ ਹਨ। ਬਿਮਾਰੀ ਦੀ ਲਾਗ ਲੱਗਣ ਕਾਰਨ ਪ੍ਰਭਾਵਿਤ ਦਾਣੇ ਆਮ ਦਾਣਿਆਂ ਦੇ ਮੁਕਾਬਲੇ ਆਕਾਰ ਵਿੱਚ ਜ਼ਿਆਦਾ ਵੱਡੇ ਹੁੰਦੇ ਹਨ। ਨਾਈਟ੍ਰੋਜਨ ਖਾਦ ਦੀ ਜ਼ਿਆਦਾ ਮਾਤਰਾ ਇਸ ਬਿਮਾਰੀ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਜ਼ਿਆਦਾ ਨਮੀ, ਬੱਦਲਵਾਈ ਵਾਲਾ ਮੌਸਮ ਅਤੇ ਫੁੱਲ ਨਿਕਲਣ ਸਮੇਂ ਰੁਕ-ਰੁਕ ਕੇ ਮੀਂਹ ਪੈਣਾ ਬਿਮਾਰੀ ਦੀ ਲਾਗ ਲਈ ਅਤੇ ਬਿਮਾਰੀ ਦੀ ਸ਼ੁਰੂਆਤ ਲਈ ਬਹੁਤ ਸਹਾਈ ਹੁੰਦੇ ਹਨ।
ਰੋਕਥਾਮ: ਕਿਸਾਨਾਂ ਨੂੰ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਫ਼ਸਲ ਨਿਸਰਣ ਸਮੇਂ ਮੌਸਮ ਜ਼ਿਆਦਾ ਨਮੀ ਅਤੇ ਬੱਦਲਵਾਈ ਵਾਲਾ ਹੋਵੇ ਤਾਂ ਫਸਲ ਦੇ ਗੋਭ ਵਿੱਚ ਆਉਣ ਸਮੇਂ, ਇਸ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਛਿੜਕਾਅ ਕਰ ਦਿਓ। ਜੇ ਬਿਮਾਰੀ ਦੀਆਂ ਨਿਸ਼ਾਨੀਆਂ ਫ਼ਸਲ ਦੇ ਨਿਸਰਣ ਤੋਂ ਬਾਅਦ ਨਜ਼ਰ ਆਉਣ ਤਾਂ ਬਿਮਾਰੀ ਦੀ ਰੋਕਥਾਮ ਲਈ ਉਲੀਨਾਸ਼ਕ ਦਾ ਛਿੜਕਾਅ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਸਮੇਂ-ਸਿਰ ਹੀ ਉਲੀਨਾਸ਼ਕ ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।
*ਪੌਦਾ ਰੋਗ ਵਿਭਾਗ, ਪੀਏਯੂ।
ਸੰਪਰਕ: 94637-47280


Comments Off on ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.