ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਜੱਟੂ ਦੀ ਚੁੱਪ ਤੇ ਗ਼ਜ਼ਲ ਦਾ ਮੁੱਖੜਾ!

Posted On August - 24 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਨਰਿੰਦਰ ‘ਤਰਾਰ’ ਕਦੋਂ ਨਰਿੰਦਰ ਜੱਟੂ ਹੋ ਗਿਆ, ਇਸ ਸਵਾਲ ਦਾ ਜਵਾਬ ਤਿਥਾਂ, ਤਾਰੀਖਾਂ, ਵਰ੍ਹਿਆਂ ਦੇ ਅੰਕੜਿਆਂ ’ਚੋਂ ਨਹੀਂ ਮਿਲਣਾ, ਰੰਗਮੰਚ ਦੇ ਖੌਲਦੇ ਦਰਿਆ ’ਚ ਟੁੱਭੀ ਮਾਰ ਕੇ ਮਿਲਣਾ ਹੈ। ਉਹ ਰੰਗਮੰਚ ਦਾ ਹੀਰੋ ਹੋ ਗਿਆ ਤੇ ਖਾਨਦਾਨੀ ‘ਤਰਾਰ’ ’ਤੇ ਐਸਾ ਮਜੀਠੀ ਰੰਗ ਚੜ੍ਹਿਆ ਕਿ ਉਹ ਜੱਟੂ ਹੋ ਗਿਆ, ਸਾਡਾ ਪਿਆਰਾ ਜੱਟੂ, ਮੰਚ ’ਤੇ ਕਰਤਬ ਦਿਖਾਉਂਦਾ ਜੱਟੂ! ਆਪਣੇ ਕਿਰਦਾਰ ਦੀ ਧੁਰ ਹੇਠਲੀ ਸੁਰ ਤੋਂ ਸ਼ੁਰੂ ਹੋ ਕੇ ਪੰਚਮ ਸੁਰ ਤਕ ਦੀ ਆਵਾਜ਼ ਕੱਢਣ ਵੇਲੇ ਗਲਾ, ਛਾਤੀ, ਨਾਭੀ ’ਚੋਂ ਕਿਸੇ ਵੀ ਸਰੋਤ ਨੂੰ ਸਾਹ ਨਾ ਲੈਣ ਦਿੰਦਾ, ਪਰ ਆਵਾਜ਼ ਦੀ ਗੁਣਵੱਤਾ ਨੂੰ ਆਂਚ ਨਾ ਆਉਣ ਦਿੰਦਾ। ਅੱਜ ਉਹ ਜੱਟੂ ਚੁੱਪ ਹੈ, ਉਸ ਜੱਟੂ ਦਾ ਸਰੀਰ ਅੱਜ ਪਿੰਜਰ ਹੋ ਗਿਆ ਹੈ, ਉਸ ਜੱਟੂ ਦਾ ਮੂੰਹ ਅੱਜ ਖੁੱਲ੍ਹਦਾ ਹੈ ਤਾਂ ਅੰਦਰੋਂ ਸੰਵਾਦ ਨਹੀਂ ਨਿਕਲਦਾ! ਜੀਵਨ ਸਾਥਣ ਜਯੋਤੀ ਤੇ ਪਿਆਰੀ ਧੀ ਗ਼ਜ਼ਲ ਨੂੰ ਜ਼ੋਰ ਲਾ ਕੇ ਉਹ ਮੂੰਹ ਬੰਦ ਕਰਨਾ ਪੈਂਦਾ ਹੈ। ਉਹ ਹੱਥ ਜੋ ਮੰਚ ’ਤੇ ਹਰਕਤ ਕਰਦੇ ਸਨ ਤਾਂ ਕਿਰਦਾਰ ਜੀਅ ਉਠਦਾ ਸੀ, ਅੱਜ ਆਪ ਮੁਹਾਰੇ ਕਿੱਧਰ ਘੁੰਮ ਜਾਣ, ਪਤਾ ਨਹੀਂ ਲੱਗਦਾ। ਅੱਜ ਉਹ ਸਰੀਰ ਨਿਵੇਕਲੀ ਭਾਸ਼ਾ ਨ੍ਹੀਂ ਸਿਰਜਦਾ। ਜੱਟੂ ਹੁਣ ਤੇਜ਼ ਤਰਾਰ ਨਹੀਂ ਰਿਹਾ। ਤੱਕਣੀ ਸੱਖਣੀ ਹੋ ਗਈ ਹੈ, ਗਿਆਨ ਇੰਦਰੀਆਂ ਥੱਕ ਗਈਆਂ ਹਨ, ਮਿੱਤਰਾਂ ਸਹਿਕਰਮੀਆਂ ਰਿਸ਼ਤੇਦਾਰਾਂ ਦੀਆਂ ਅੱਖਾਂ ਨਮ ਹਨ, ਪਰ ਗ਼ਜ਼ਲ ਦੀ ਬਹਿਰ ਨਹੀਂ ਟੁੱਟੀ, ਗ਼ਜ਼ਲ ਦਾ ਮੁੱਖੜਾ ਅੱਜ ਵੀ ਮੁਸਕਰਾ ਰਿਹਾ ਹੈ, ਗ਼ਜ਼ਲ ਅੱਜ ਵੀ ਸੁਰ ਤਾਲ ਨੂੰ ਹਿੱਕ ਨਾਲ ਲਾ ਕੇ ਰੱਖਦੀ ਹੈ ਕਿਉਂਕਿ ਉਹ ਜੱਟੂ ਦਾ ਪਿਆਰਾ ‘ਪੁੱਤੂ’ ਹੈ, ਲਾਡੂ ਬੱਚਾ! ਸਮਾਂ ਬਦਲ ਗਿਆ ਹੈ, ਹੁਣ ਨਰਿੰਦਰ ‘ਪੁੱਤੂ’ ਹੋ ਗਿਆ ਹੈ ਗ਼ਜ਼ਲ ਦਾ ਲਾਡੂ ਬੱਚਾ!
ਨਰਿੰਦਰ ਜੱਟੂ ਵੱਲੋਂ ਸੈਂਕੜੇ ਨਾਟਕਾਂ ’ਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਅੱਜ ਵੀ ਚੇਤਿਆਂ ’ਚ ਤਾਜ਼ਾ ਨੇ। ਚੌਕ ਢੋਲੀਆਂ ਦਾ ‘ਦੇਸ ਰਾਜ ਢੋਲੀ’, ਉਥੈਲੋ ਦਾ ‘ਰੌਡਰਿਕ’, ਅਭਿਸਾਰਿਕਾ ਦਾ ‘ਪਰਦੀਪ’, ਟਰੇਨ ਟੂ ਪਾਕਿਸਤਾਨ ਦਾ ‘ਮੱਲ੍ਹੀ ਬਦਮਾਸ਼’, ‘ਸਖਾਰਾਮ ਬਾਈਂਡਰ’ ਕਿਸਨੂ ਭੁੱਲਿਆ। ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਲੜੀਵਾਰ ‘ਪਹਿਰੇਦਾਰ’ ’ਚ ਉਸ ਵੱਲੋਂ ਨਿਭਾਇਆ ਬਾਊ ਜੀ ਦਾ ਕਿਰਦਾਰ, ਸੈਮੂਅਲ ਬੈਕਟ ਦੇ ਐਬਸਰਡ ਨਾਟਕ ‘ਐੰਂਡ ਗੇਮ’ ਦੀਆਂ ਟੁੱਟ ਭੱਜ ਵਾਲੀਆਂ ਅਧੂਰੀਆਂ ਸਤਰਾਂ ਨੂੰ ਸੰਪੂਰਨਤਾ ਬਖਸ਼ਣ ਵਾਲਾ ਜੱਟੂ ਦਾ ਕਿਰਦਾਰ ਯਾਦ ਆਉਂਦਾ ਤਾਂ ਯਕੀਨ ਨਹੀਂ ਆਉਂਦਾ ਕਿ ਸਾਹਮਣੇ ਨਜ਼ਰ ਆਉਂਦਾ ਬੇਜਾਨ ਸਰੀਰ ਸਾਡੇ ਜੱਟੂ ਦਾ ਈ ਆ! ਭਾਅ ਗੁਰਸ਼ਰਨ ਸਿੰਘ, ਸੁਰੇਸ਼ ਪੰਡਤ, ਹਰਭਜਨ ਜਬਲ, ਕੇਵਲ ਧਾਲੀਵਾਲ, ਜੇ. ਐੱਸ. ਲਿਖਾਰੀ, ਨੀਟਾ ਮਹਿੰਦਰਾ, ਐੱਮ. ਕੇ. ਰੈਨਾ, ਸਰਦਾਰਜੀਤ ਬਾਵਾ, ਜਗਦੀਸ਼ ਸਚਦੇਵਾ ਜਿਹੇ ਪ੍ਰਸਿੱਧ ਨਿਰਦੇਸ਼ਕਾਂ ਨਾਲ ਅਦਾਕਾਰੀ ਕੀਤੀ। ਦਸ ਕੁ ਸਾਲ ਪਹਿਲਾਂ ਉਹ ਪੂਰਾ ਸਰਗਰਮ ਸੀ, ਫਿਰ ਅਚਾਨਕ ਯਾਰ ਬੇਲੀਆਂ ਨੂੰ ਉਸ ਅੰਦਰ ਕੁਝ ਤਬਦੀਲੀਆਂ ਨਜ਼ਰ ਪਈਆਂ। ਵਿਰਸਾ ਵਿਹਾਰ ਦੀ ਸਟੇਜ ਤੋਂ ਉਸਦਾ ਸਨਮਾਨ ਹੋਣਾ ਸੀ, ਮੰਚ ’ਤੇ ਬੁਲਾਇਆ ਗਿਆ ਤਾਂ ਮੁੱਖ ਮਹਿਮਾਨ ਤੋਂ ਸਨਮਾਨ ਲੈਣ ਦੀ ਬਜਾਏ ਗੁਲਦਸਤਾ ਫੜੀ ਖੜ੍ਹੇ ਕਰਿੰਦੇ ਕੋਲ ਜਾ ਖਲੋਤਾ। ਫ਼ਿਲਮਸਾਜ਼ ਹਰਜੀਤ ਸਿੰਘ ਨਾਲ ਸ਼ੂਟਿੰਗ ਕਰ ਰਿਹਾ ਸੀ ਤਾਂ ਪੰਜ ਪੰਜ ਸਫਿਆਂ ਦੇ ਸੰਵਾਦ ਬਿਨਾਂ ਰੁਕਿਆਂ ਬੋਲਣ ਵਾਲਾ ਜੱਟੂ ਰੀਟੇਕ ਦਰ ਰੀਟੇਕ ਦੇ ਰਿਹਾ ਸੀ, ਕਰੀਬੀ ਯਾਰ ਪਰੇਸ਼ਾਨ ਸਨ। ਫਿਰ ਇਕ ਦਿਨ ਜਦੋਂ ਉਹ ਆਪਣੇ ਸਭ ਤੋਂ ਨਜ਼ਦੀਕੀ ਮਿੱਤਰ ਵਿਜੇ ਸ਼ਰਮਾ ਨਾਲ ‘ਅਸੀਂ ਨਾਟਕ ਨਹੀਂ ਕਰਦੇ’ ਦੀ ਰਿਹਰਸਲ ਕਰ ਰਿਹਾ ਸੀ, ਕੁਝ ਅਜੀਬ ਵਾਪਰਿਆ। ਵਿਜੇ ਛੇਵੇਂ ਸਫੇ ਦੇ ਸੰਵਾਦ ਬੋਲ ਰਿਹਾ ਸੀ, ਜੱਟੂ ਸੋਲਵਾਂ ਸਫਾ ਖੋਲ੍ਹੀ ਬੈਠਾ ਸੀ। ਡਾਕਟਰਾਂ ਕੋਲ ਗਏ, ਟੈਸਟ ਹੋਏ ਤਾਂ ਪਤਾ ਲੱਗਾ ਕਿ ਜੱਟੂ ਨੂੰ ਭਿਆਨਕ ਬਿਮਾਰੀ ‘ਡਾਇਮੈਂਸ਼ੀਆ’ ਨੇ ਘੇਰ ਲਿਆ ਹੈ ਜਿਸਦੇ ਚੱਲਦੇ ਉਹ ਕੁਝ ਵੀ ਭੁੱਲ ਸਕਦਾ ਹੈ। ਹੌਲੀ ਹੌਲੀ ਰੋਗ ਨਾਲ ਰੋਗ ਜੁੜਦੇ ਗਏ ਤੇ ਮੰਚ ਦਾ ਸਰਗਰਮ ਯੋਧਾ ਘਰ ਦੀ ਚਾਰਦੀਵਾਰੀ ਅੰਦਰ ਮਰੀਜ਼ ਦਾ ਕਿਰਦਾਰ ਨਿਭਾਉਣ ਲਈ ਮਜਬੂਰ ਹੋ ਗਿਆ।

ਡਾ. ਸਾਹਿਬ ਸਿੰਘ

ਨਰਿੰਦਰ ਜੱਟੂ ਤੇ ਜੀਵਨ ਸਾਥਣ ਜਯੋਤੀ ਦੋਵੇਂ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਰਿਟਾਇਰ ਹੋਏ। ਚਾਵਾਂ ਨਾਲ ਧੀ ਨੂੰ ਅਮਰੀਕਾ ਭੇਜਿਆ ਤਾਂ ਕਿ ਉਹ ਆਪਣੀ ਮਾਸਟਰ ਦੀ ਡਿਗਰੀ ਹਾਸਲ ਕਰੇ ਤੇ ਜ਼ਿੰਦਗੀ ਦੇ ਨਵੇਂ ਰਾਹਾਂ ’ਤੇ ਟੁਰਨ ਜੋਗੀ ਹੋ ਜਾਵੇ। 2012 ’ਚ ਗ਼ਜ਼ਲ ਦੀ ਡਿਗਰੀ ਮੁਕੰਮਲ ਹੋ ਗਈ, ਜੱਟੂ ਤੇ ਜਯੋਤੀ ਨੇ ਧੀ ਨੂੰ ਮਾਸਟਰ ਬਣਦਿਆਂ ਦੇਖਣ ਲਈ ਕਨਵੋਕੇਸ਼ਨ ਸਮਾਗਮ ਵਿਚ ਸ਼ਿਰਕਤ ਕਰਨ ਦੀ ਤਿਆਰੀ ਕੀਤੀ ਹੋਈ ਸੀ। ਧੀ ਨੂੰ ਖ਼ਬਰ ਮਿਲੀ ਸਭ ਛੱਡ ਕੇ ਵਾਪਸ ਆ ਗਈ। ਔਲਾਦ ਹੋਣ ਦਾ ਹਰ ਫਰਜ਼ ਨਿਭਾਇਆ। ਫੇਰ ਗ਼ਜ਼ਲ ਨੂੰ ਅਹਿਸਾਸ ਹੋਇਆ ਕਿ ਇਕ ਅਹਿਮ ਫਰਜ਼ ਨਿਭਾਉਣਾ ਤਾਂ ਬਾਕੀ ਐ, ਉਸਨੂੰ ਲੱਗਾ ਕਿ ਇਸ ਘਰ ਵਿਚ ਹਮੇਸ਼ਾਂ ਨਾਟਕਾਂ ਦੇ ਸੰਵਾਦ ਗੂੰਜਦੇ ਰਹੇ ਹਨ ਤੇ ਜੇ ਸੰਵਾਦ ਮੁੱਕ ਗਿਆ ਤਾਂ ਘਰ ਮਕਾਨ ਬਣ ਜਾਏਗਾ। ਉਸ ਨੇ ਪਾਪਾ ਦਾ ਝੋਲਾ ਮੋਢੇ ਟੰਗ ਲਿਆ। ਅਮਰੀਕਾ ਪੜ੍ਹਨ ਗਈ ਸੀ ਤਾਂ ਨਾਮ ਪਿੱਛੇ ਖਾਨਦਾਨ ਦਾ ਗੋਤ ‘ਤਰਾਰ’ ਲੱਗਾ ਹੋਇਆ ਸੀ, ਉਸ ਬੜੇ ਸਲੀਕੇ ਨਾਲ ਤਰਾਰ ਲਾਹ ਕੇ ਸਰਟੀਫਿਕੇਟਾਂ ਦੇ ਸਪੁਰਦ ਕਰ ਦਿੱਤਾ ਤੇ ਪਿਤਾ ਦੀ ਵਿਰਾਸਤ ਸੰਭਾਲਣ ਲਈ ਗ਼ਜ਼ਲ ਜੱਟੂ ਹੋ ਗਈ।
ਅੰਮ੍ਰਿਤਸਰ ਦੇ ਰੰਗਮੰਚ ’ਚ ਇਕ ਤਿਕੜੀ ਮਸ਼ਹੂਰ ਸੀ, ਵਿਜੇ ਸ਼ਰਮਾ, ਅਜੇ ਸ਼ਰਮਾ ਅਤੇ ਜੱਟੂ। ਅਜੇ ਸ਼ਰਮਾ ਅਲਵਿਦਾ ਆਖ ਗਿਆ, ਜੱਟੂ ਚੁੱਪ ਹੋ ਗਿਆ, ਵਿਜੇ ਕੀ ਕਰੇ! ਉਹ ਕਦੇ ਕਦਾਈਂ ਜੱਟੂ ਨੂੰ ਘਰੋਂ ਚੁੱਕ ਆਪਣੀ ਗੱਡੀ ’ਚ ਬਿਠਾ ਲੈਂਦਾ, ਅੰਮ੍ਰਿਤਸਰ ਦੀਆਂ ਸੜਕਾਂ ’ਤੇ ਘੁਮਾਈ ਫਿਰਦਾ, ਯਾਰ ਦਾ ਮਨ ਪਰਚਾਉਣ ਲਈ ਨਾਟਕਾਂ ਦੀਆਂ ਲਾਈਨਾਂ ਬੋਲਦਾ, ਪਰ ਇਹ ਲਾਈਨਾਂ ਮਨੋਲਾਗ ਹੀ ਰਹਿ ਜਾਂਦੀਆਂ, ਡਾਇਲਾਗ ਬਣਾਉਣ ਵਾਲਾ ਚੁੱਪ ਮਾਣ ਰਿਹਾ ਹੁੰਦਾ! ਇਹ ਤਿੰਨੋਂ ਜਦ ਭਲੇ ਵੇਲਿਆਂ ’ਚ ਮਹਿਫਲ ਸਜਾਉਂਦੇ ਸੀ ਤਾਂ ਸਰੂਰੇ ਪਲਾਂ ’ਚ ਇਕ ਦੂਜੇ ਨੂੰ ਮੋਟੀ ਅੰਬਰਸਰੀ ਗਾਲ੍ਹ ਕੱਢਦੇ, ਫਿਰ ਹੱਸ ਪੈਂਦੇ, ਉਦੋਂ ਤਕ ਹੱਸਦੇ ਜਦੋਂ ਤਕ ਅੱਖਾਂ ’ਚੋਂ ਪਾਣੀ ਨਾ ਵਹਿ ਟੁਰਦਾ। ਹੁਣ ਵੀ ਵਿਜੇ ਉਸਦੇ ਘਰ ਜਾਂਦਾ ਹੈ, ਜਯੋਤੀ ਤੇ ਗ਼ਜ਼ਲ ਤੋਂ ਅੱਖ ਬਚਾ ਕੇ ਆਪਣੇ ਯਾਰ ਦੇ ਕੰਨ ’ਚ ਉਹੀ ਮੋਟੀ ਗਾਲ੍ਹ ਕੱਢਦਾ ਹੈ, ਅੱਗੋਂ ਜਵਾਬ ਨਹੀਂ ਆਉਂਦਾ, ਪਰ ਵਿਜੇ ਨੂੰ ਅੱਜ ਵੀ ਲੱਗਦਾ ਹੈ ਕਿ ਗਾਲ੍ਹ ਸੁਣਕੇ ਜੱਟੂ ਦੀਆਂ ਅੱਖਾਂ ਦੇ ਕੋਏ ਨਮ ਹੁੰਦੇ ਹਨ। ਯਾਰੀ ਦਾ ਮਾਣ ਰੱਖਦਿਆਂ ਪਿਛਲੇ ਦਿਨੀਂ ਵਿਜੇ ਸ਼ਰਮਾ ਨੇ ਗੁਰਦੀਪ ਸਿੰਘ ਕੰਧਾਰੀ ਨਾਲ ਮਿਲਕੇ ਨਰਿੰਦਰ ਜੱਟੂ ਦਾ ਸਨਮਾਨ ਕੀਤਾ। ਘਰ ਜਾ ਕੇ ਸਨਮਾਨ ਜੱਟੂ ਦੀ ਝੋਲੀ ਪਾਇਆ। ਪਿੰਜਰ ਬਣਿਆ ਜੱਟੂ ਚੁੱਪ ਸੀ, ਹਾਵ ਭਾਵ ਨਦਾਰਦ ਸਨ, ਲਫਜ਼ਾਂ ਦੀ ਲੋੜ ਵੀ ਕਿੱਥੇ ਸੀ, ਯਾਰੀ ’ਚ ਧੰਨਵਾਦ ਥੋੜ੍ਹਾ ਕਰੀਦਾ!
ਧੀ ਗ਼ਜ਼ਲ ਸ਼ਾਂਤ ਹੈ, ਉਸਨੇ ਮੁਸਕਰਾਉਣਾ ਸਿੱਖ ਲਿਆ ਹੈ, ਬੋਲ ਸਥਿਰ ਕਰ ਲਏ ਹਨ, ਪਰ ਗੱਲ ਕਰਦਿਆਂ ਉਨ੍ਹਾਂ ਸਥਿਰ ਬੋਲਾਂ ਅੰਦਰ ਛੁਪੀ ਅਸਥਿਰ ਕੰਬਣੀ ਮਹਿਸੂਸ ਹੋਣੋਂ ਨਹੀਂ ਰਹਿੰਦੀ। ਕੀ ਪਤਾ ਕਦੋਂ ਉਸਦਾ ਲਾਡੂ ਬੱਚਾ ਬੋਲ ਪਵੇ, ਕੀ ਪਤਾ ਕਦੀਂ ਵਿਜੇ ਦੇ ਕੰਨਾਂ ’ਚ ਉਹੀ ਮੋਟੀ ਗਾਲ੍ਹ ਪਵੇ! ਵਰ੍ਹਿਆਂ ਬੱਧੀ ਤੁਸੀਂ ਹੀਰੋ ਰਹੇ ਹੋਵੋਂ ਤੇ ਅਚਾਨਕ ਤੁਸੀਂ ਜ਼ੀਰੋ ਹੋ ਜਾਵੋ ਤਾਂ ਦਰਦ ਹੁੰਦਾ ਐ, ਜ਼ਖ਼ਮ ਭਰ ਜਾਂਦੇ ਨੇ, ਪਰ ਦਰਦ ਸਦੀਵੀ ਹੁੰਦਾ ਐ!

ਸੰਪਰਕ: 98880-11096


Comments Off on ਜੱਟੂ ਦੀ ਚੁੱਪ ਤੇ ਗ਼ਜ਼ਲ ਦਾ ਮੁੱਖੜਾ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.