ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਜੰਮੂ ’ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ’ਚ ਜਾਰੀ

Posted On August - 15 - 2019

ਵਧੀਕ ਡੀਜੀ ਤੇ ਪ੍ਰਿੰਸੀਪਲ ਸਕੱਤਰ ਵੱਲੋਂ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ;
ਆਜ਼ਾਦੀ ਦਿਹਾੜੇ ਸਬੰਧੀ ਪ੍ਰਬੰਧ ਮੁਕੰਮਲ

ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ ਲਾਈਆਂ ਪਾਬੰਦੀਆਂ ਕਾਰਨ ਬੁੱਧਵਾਰ ਨੂੰ ਸ੍ਰੀਨਗਰ ਵਿਚ ਬੰਦ ਪਏ ਬਾਜ਼ਾਰ ਅਤੇ ਸੁੰਨਸਾਨ ਸੜਕ ’ਤੇ ਪਹਿਰਾ ਦੇ ਰਿਹਾ ਸੁਰੱਖਿਆ ਜਵਾਨ। -ਫੋਟੋ: ਏਐੱਫਪੀ

ਸ੍ਰੀਨਗਰ, 14 ਅਗਸਤ
ਜੰਮੂ ਇਲਾਕੇ ਵਿਚ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ ਪਰ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਇਹ ਹਾਲੇ ਕੁਝ ਸਮਾਂ ਲੱਗੀਆਂ ਰਹਿਣਗੀਆਂ। ਜੰਮੂ ਕਸ਼ਮੀਰ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਮੁਨੀਰ ਖ਼ਾਨ ਨੇ ਦੱਸਿਆ ਕਿ ਸ੍ਰੀਨਗਰ ਦੇ ਕੁਝ ਹਿੱਸਿਆਂ ਤੇ ਵਾਦੀ ਦੇ ਕੁਝ ਜ਼ਿਲ੍ਹਿਆਂ ਵਿਚ ਸਥਾਨਕ ਪੱਧਰ ’ਤੇ ਘਟਨਾਵਾਂ ਵਾਪਰੀਆਂ ਹਨ ਪਰ ਇਹ ਕਾਬੂ ਹੇਠ ਰਹੀਆਂ ਹਨ ਤੇ ਇਨ੍ਹਾਂ ਨਾਲ ਸਥਾਨਕ ਪੱਧਰ ’ਤੇ ਹੀ ਨਜਿੱਠਿਆ ਗਿਆ ਹੈ। ਇੱਥੇ ਇਕ ਮੀਡੀਆ ਕਾਨਫ਼ਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਮੰਨਿਆ ਕਿ ਪੈਲੇਟ ਨਾਲ ਕੁਝ ਵਿਅਕਤੀ ਜ਼ਖਮੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ੍ਰੀ ਖ਼ਾਨ ਨੇ ਕਿਹਾ ਕਿ ਪੁਲੀਸ ਦੀ ਤਰਜੀਹ ਰਹੀ ਹੈ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪੁੱਜੇ। ਜੰਮੂ ਵਿਚ ਸਕੂਲ ਤੇ ਦਫ਼ਤਰ ਖੁੱਲ੍ਹ ਗਏ ਹਨ। ਹਿਰਾਸਤ ਵਿਚ ਲਏ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪੁਲੀਸ ਅਧਿਕਾਰੀ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਚੌਕਸੀ ਤਹਿਤ ਹਿਰਾਸਤਾਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਹਨ ਤਾਂ ਕਿ ਸ਼ਾਂਤੀ ਕਾਇਮ ਰਹੇ। ਉਨ੍ਹਾਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਦਾ ਸਾਰਾ ਧਿਆਨ ਹੁਣ ਆਜ਼ਾਦੀ ਦਿਹਾੜੇ ਦੇ ਸਮਾਗਮਾਂ ’ਤੇ ਕੇਂਦਰਿਤ ਹੈ। ਖ਼ਾਨ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ। ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸਕੱਤਰ ਰੋਹਿਤ ਕਾਂਸਲ ਨੇ ਵੀ ਕਿਹਾ ਹੈ ਕਿ ਸੂੁਬੇ ਦੀ ਸਥਿਤੀ ਸ਼ਾਂਤ ਹੈ। ਪਾਬੰਦੀਆਂ ਵਿਚ ਵਧੇਰੇ ਰਾਹਤ ਸ੍ਰੀਨਗਰ ਸਣੇ ਕਈ ਇਲਾਕਿਆਂ ਵਿਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖ਼ੁਰਾਕ, ਸੜਕ ਮਾਰਗਾਂ, ਹਵਾਈ ਅੱਡੇ ਤੇ ਸਿਹਤ ਸੇਵਾਵਾਂ ਦੇ ਪੱਖ ਤੋਂ ਕੋਈ ਅੜਿੱਕਾ ਨਹੀਂ ਹੈ। ਮੁਨੀਰ ਖ਼ਾਨ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਐੱਸਪੀ ਸਥਿਤੀ ਦੀ ਨਜ਼ਰਸਾਨੀ ਕਰ ਕੇ ਫ਼ੈਸਲੇ ਲੈ ਰਹੇ ਹਨ ਤੇ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿ ਸੂਬੇ ਦੀ ਕਾਨੂੰਨ-ਵਿਵਸਥਾ ਵਿਗਾੜਨ ਲਈ ਹਮੇਸ਼ਾ ਤੋਂ ਹੀ ਕੋਝੇ ਹੱਥਕੰਡੇ ਅਪਣਾਉਂਦਾ ਰਿਹਾ ਹੈ।
-ਪੀਟੀਆਈ

ਪਾਕਿਸਤਾਨ ਵੱਲੋਂ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ, 14 ਅਗਸਤ
ਪਾਕਿਸਤਾਨ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕਰਕੇ ਭਾਰਤ ਵੱਲੋਂ ਕੰਟਰੋਲ ਰੇਖਾ ’ਤੇ ‘ਬਿਨਾਂ ਭੜਕਾਹਟ’ ਤੋਂ ਕਥਿਤ ਗੋਲੀਬੰਦੀ ਦੀ ਕੀਤੀ ਜਾ ਰਹੀ ਉਲੰਘਣਾ ਦੀ ਨਿਖੇਧੀ ਕੀਤੀ। ਪਾਕਿਸਤਾਨ ਨੇ ਦਾਅਵਾ ਕੀਤਾ ਕਿ 13 ਅਗਸਤ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ’ਚ ਉਹਦਾ ਇਕ ਸਿਵਲੀਅਨ ਮਾਰਿਆ ਗਿਆ ਸੀ।
-ਪੀਟੀਆਈ

‘ਮਲਿਕ ਜੀ, ਮੈਂ ਕਦੋਂ ਜੰਮੂ ਕਸ਼ਮੀਰ ਆ ਸਕਦਾ ਹਾਂ’

ਨਵੀਂ ਦਿੱਲੀ: ਰਾਜਪਾਲ ਸੱਤਿਆ ਮਲਿਕ ਵਲੋਂ ਬਿਨਾਂ ਕਿਸੇ ਸ਼ਰਤ ਤੋਂ ਜੰਮੂ ਕਸ਼ਮੀਰ ਦਾ ਦੌਰਾ ਕਰਨ ਦੇ ਦਿੱਤੇ ਗਏ ਸੱਦੇ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਬੂਲ ਕਰਦਿਆਂ ਪੁੱਛਿਆ ਹੈ ਕਿ ਉਹ ਕਦੋਂ ਕਸ਼ਮੀਰ ਆ ਸਕਦੇ ਹਨ। ਗਾਂਧੀ ਨੇ ਟਵੀਟ ਕੀਤਾ, ‘‘ਪਿਆਰੇ ਮਲਿਕ ਜੀ, ਮੈਂ ਆਪਣੇ ਟਵੀਟ ’ਤੇ ਤੁਹਾਡੇ ਵਲੋਂ ਦਿੱਤਾ ਜਵਾਬ ਪੜ੍ਹਿਆ। ਮੈਂ ਤੁਹਾਡੇ ਵਲੋਂ ਜੰਮੂ ਕਸ਼ਮੀਰ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਮਿਲਣ ਦਾ ਬਿਨਾਂ ਕਿਸੇ ਸ਼ਰਤ ਤੋਂ ਦਿੱਤਾ ਗਿਆ ਸੱਦਾ ਕਬੂਲ ਕਰਦਾ ਹਾਂ। ਮੈਂ ਕਦੋਂ ਆ ਸਕਦਾ ਹਾਂ?’’ ਰਾਹੁਲ ਦੀ ਇਹ ਟਿੱਪਣੀ ਮਲਿਕ ਵਲੋਂ ਇੱਕ ਦਿਨ ਪਹਿਲਾਂ ਗਾਂਧੀ ’ਤੇ ਦੌਰਾ ਕਰਨ ਲਈ ਅਗਾਊਂ ਸ਼ਰਤਾਂ ਲਾ ਕੇ ਕਸ਼ਮੀਰ ਮੁੱਦੇ ਦਾ ਸਿਆਸੀਕਰਨ ਕਰਨ ਦੇ ਲਾਏ ਦੋਸ਼ਾਂ ਮਗਰੋਂ ਆਈ ਹੈ। ਮਲਿਕ ਨੇ ਦੋਸ਼ ਲਾਇਆ ਸੀ ਕਿ ਰਾਹੁਲ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵਫ਼ਦ ਲੈ ਕੇ ਆਉਣ ਦੀ ਕੀਤੀ ਗਈ ਮੰਗ ਨਾਲ ਵਾਦੀ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਲਿਕ ਵਲੋਂ ਗਾਂਧੀ ਦੇ ਉਸ ਬਿਆਨ ਦਾ ਜਵਾਬ ਦਿੱਤਾ ਜਾ ਰਿਹਾ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਹਿੰਸਾ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਗਾਂਧੀ ਨੇ ਸ਼ਾਇਦ ਪਾਕਿਸਤਾਨ ਵਲੋਂ ਫੈਲਾਈ ਝੂਠੀ ਖ਼ਬਰ ’ਤੇ ਬਿਆਨ ਦਿੱਤਾ ਹੋਵੇਗਾ ਕਿਉਂਕਿ ਕਸ਼ਮੀਰ ਵਿੱਚ ਸ਼ਾਂਤੀ ਰਹੀ ਅਤੇ ਇੱਕ-ਦੁੱਕਾ ਘਟਨਾਵਾਂ ਵਾਪਰੀਆਂ। ਰਾਜਪਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਗਾਂਧੀ ਲਈ ਜਹਾਜ਼ ਭੇਜ ਦੇਣਗੇ ਤਾਂ ਜੋ ਉਹ ਵਾਦੀ ਦਾ ਖ਼ੁਦ ਦੌਰਾ ਕਰਕੇ ਹਾਲਾਤ ਦੇਖ਼ ਸਕਣ। ਕਾਂਗਰਸ ਆਗੂ ਨੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਜਹਾਜ਼ ਦੀ ਲੋੜ ਨਹੀਂ ਬਲਕਿ ਲੋਕਾਂ ਨੂੰ ਮਿਲਣ ਅਤੇ ਸਫ਼ਰ ਕਰਨ ਦੀ ਖੁੱਲ੍ਹ ਚਾਹੀਦੀ ਹੈ।
ਇਸ ਤੋਂ ਪਹਿਲਾਂ, ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਟਵੀਟ ਕੀਤਾ, ‘‘ਜੰਮੂ ਕਸ਼ਮੀਰ ਦੇ ਰਾਜਪਾਲ ਵਲੋਂ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਸੱਦਾ ਕਦੇ ਵੀ ਸੁਹਿਰਦ ਸੱਦਾ ਨਹੀਂ ਸੀ। ਇਹ ਕੇਵਲ ਪ੍ਰਾਪੇਗੰਡੇ ਦਾ ਹਥਿਆਰ ਸੀ।’’ ਉਨ੍ਹਾਂ ਕਿਹਾ ਕਿ ਇਹ ਕਹਿਣਾ ਕਿ ਗਾਂਧੀ ਨੇ ਸ਼ਰਤਾਂ ਲਾਈਆਂ ਸਨ, ਗਲਤ ਹੈ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਨੇ ਜਵਾਨਾਂ ਸਣੇ ਸਾਰਿਆਂ ਨੂੰ ਮਿਲਣ ਦੀ ਖੁੱਲ੍ਹ ਮੰਗੀ ਸੀ। ਇਹ ਸ਼ਰਤਾਂ ਕਿਵੇਂ ਹੋ ਗਈਆਂ?
ਇਸੇ ਦੌਰਾਨ ਰਾਜਪਾਲ ਮਲਿਕ ਨੇ ਰਾਹੁਲ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਵੇਲੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਰੁੱਝੇ ਹੋਏ ਹਨ ਅਤੇ ਰਾਹੁਲ ਗਾਂਧੀ ਦੇ ਦੌਰੇ ਬਾਰੇ ਬਾਅਦ ਵਿੱਚ ਫ਼ੈਸਲਾ ਲੈਣਗੇ।
-ਆਈਏਐੱਨਐੱਸ

ਫ਼ੈਸਲ ਨੂੰ ਦਿੱਲੀ ਹਵਾਈ ਅੱਡੇ ’ਤੇ ਰੋਕਿਆ, ਸ੍ਰੀਨਗਰ ਭੇਜ ਕੇ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ/ਸ੍ਰੀਨਗਰ: ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸ਼ਾਹ ਫ਼ੈਸਲ ਨੂੰ ਅੱਜ ਨਵੀਂ ਦਿੱਲੀ ਹਵਾਈ ਅੱਡੇ ’ਤੇ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ। ਫ਼ੈਸਲ ਨੂੰ ਵਾਪਸ ਸ੍ਰੀਨਗਰ ਭੇਜ ਦਿੱਤਾ ਗਿਆ ਤੇ ਜਨਤਕ ਸੁਰੱਖਿਆ ਐਕਟ ਹੇਠ ਹਿਰਾਸਤ ਵਿਚ ਲੈ ਲਿਆ ਗਿਆ। ਜੇਐਂਡਕੇ ਪੀਪਲਜ਼ ਮੂਵਮੈਂਟ ਪਾਰਟੀ ਦੇ ਪ੍ਰਧਾਨ ਫ਼ੈਸਲ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਮੀਗ੍ਰੇਸ਼ਨ ਅਧਿਕਾਰੀ ਮੁਤਾਬਕ ਸਾਬਕਾ ਆਈਏਐੱਸ ਅਧਿਕਾਰੀ ਸ਼ਾਹ ਫ਼ੈਸਲ ਇਸਤੰਬੁਲ ਜਾ ਰਹੇ ਸਨ ਤੇ ਉਨ੍ਹਾਂ ਨੂੰ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਰੋਕਿਆ ਗਿਆ।
-ਆਈਏਐੱਨਐੱਸ


Comments Off on ਜੰਮੂ ’ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ’ਚ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.