ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਜੁਝਾਰੂ ਬੰਦੇ ਦੀ ਵੀਰ ਗਾਥਾ

Posted On August - 11 - 2019

ਦੇਸ ਰਾਜ ਕਾਲੀ
ਇਕ ਪੁਸਤਕ-ਇਕ ਨਜ਼ਰ

ਕਿਤਾਬ ‘ਬੰਤ ਸਿੰਘ ਦੀ ਬਾਤ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਦੇ ਟਾਈਟਲ ਦੀ ਤਸਵੀਰ ’ਚ ਨਿਰੁਪਮਾ ਦੱਤ, ਬੰਤ ਸਿੰੰਘ ਝੱਬਰ ਦੀ ਪਿੱਠ ਪਿੱਛੇ ਖੜ੍ਹੀ ਹੈ। ਕਿਸੇ ਦੀ ਪਿੱਠ ਪਿੱਛੇ ਹਾਰੀ-ਸਾਰੀ ਨਹੀਂ ਖੜ੍ਹ ਸਕਦਾ। ਨਿਰੁਪਮਾ ਖੜ੍ਹੀ ਹੈ। ਤਾਉਮਰ ਉਹ ਬੰਤ ਦੀ ਪਿੱਠ ਪਿੱਛੇ ਖੜ੍ਹੀ ਹੈ। ਉਸ ਦਾ ਪੱਤਰਕਾਰੀ ਦਾ ਇਤਿਹਾਸ ਗਵਾਹ ਹੈ। ਉਸ ਦੀਆਂ ਕਵਿਤਾਵਾਂ ਗਵਾਹ ਨੇ। ਇੱਥੋਂ ਤੱਕ ਕਿ ਉਹਦੇ ਸਾਹਿਤ-ਅਨੁਵਾਦ ਵੀ ਵੱਡੀ ਗਵਾਹੀ ਨੇ। ਉਸ ਨੇ ਲਾਲ ਸਿੰਘ ਦਿਲ ਨੂੰ ਆਤਮੀਅਤਾ ਨਾਲ ਅਨੁਵਾਦ ਕੀਤਾ ਹੈ। ਉਹ ਲਾਲ ਸਿੰਘ ਦਿਲ ਦੀ ਦੋਸਤ ਹੈ। ਨਮਿਤਾ ਗੋਖਲੇ ਨਾਲ ‘ਜਦੋਂ ਬਹੁਤ ਸਾਰੇ ਸੂਰਜ ਮਰ ਜਾਣਗੇ’ ਪ੍ਰੋਗਰਾਮ ਉਲੀਕ ਰਹੀ ਹੈ ਤਾਂ ਮੇਰਾ ਨਾਂ ਨਹੀਂ ਭੁੱਲਦੀ। ਅਜੈ ਭਾਰਦਵਾਜ ਨਾਲ ਮਿਲ ਕੇ ਦਸਤਾਵੇਜ਼ੀ ਫਿਲਮ ਬਣਾਈ ਜਾ ਰਹੀ ਹੈ ਤਾਂ ਨਿਰੁਪਮਾ ਨੂੰ ਸਭ ਤੋਂ ਵੱਧ ਚਿੰਤਾ ਲਾਲ ਸਿੰਘ ਦਿਲ ਵਾਲੇ ਐਪੀਸੋਡ ਦੀ ਹੀ ਹੈ। ਦਲਿਤ ਮੁੱਦੇ ਨੂੰ ਲੈ ਕੇ ਉਸ ਨਾਲ ਕੋਈ ਗੱਲ ਕਰੋ ਤਾਂ ਉਸ ਦੀਆਂ ਮੋਰਪੰਖੀ ਅੱਖਾਂ ਇਕਦਮ ਸੋਚ ’ਚ ਉਤਰ ਜਾਂਦੀਆਂ ਨੇ, ਪਰ ਫੇਰ ਇਕਦਮ ਉਹ ਕਿਸੇ ਸਿਗਰਟ ਵਾਂਗ ਮੱਚਣ ਲੱਗੇਗੀ। ਉਹੀ ਅੱਖਾਂ ਸੇਕ ਮਾਰਨ ਲੱਗਣਗੀਆਂ। ਸਵਦੇਸ਼ ਦੀਪਕ ਦੀ ‘ਏ ਲੇਡੀ ਵਿਦ ਗੋਲਡਨ ਪੈੱਨ’ (ਸੁਨਹਿਰੀ ਕਲਮ ਵਾਲੀ ਬੀਬੀ) ਦੀ ਸੰਵੇਦਨਾ ਵਹਿ ਤੁਰੇਗੀ।
ਪੰਜਾਬੀ ਸਾਹਿਤ ਵਿਚ ਦਲਿਤ ਜੀਵਨ ਦੇ ਯਥਾਰਥ ਨੂੰ ਪਹਿਲੀ ਵਾਰ ‘ਮੜ੍ਹੀ ਦਾ ਦੀਵਾ’ ਨਾਵਲ ਰਾਹੀਂ ਗੁਰਦਿਆਲ ਸਿੰਘ ਫੜਦੇ ਹਨ। ਪਰ ਇਸ ਨਾਵਲ ਦਾ ਮੁੱਖ ਪਾਤਰ ਜਗਸੀਰ ਇਸ ਯਥਾਰਥ ਦੀ ਬਹੁਤ ਪੇਤਲੀ ਪਰਤ ਹੀ ਹੈ। ਇਸ ਯਥਾਰਥ ਦੀ ਕਈ ਤੱਗੀਆਂ ਵਾਲੀ ਸਮਝ ‘ਬੰਤ ਸਿੰਘ ਦੀ ਬਾਤ’ ਰਾਹੀਂ ਨਿਰੁਪਮਾ ਨੇ ਫੜੀ ਹੈ। ਨਿੱਗਰ ਤੇ ਸਮਾਜਿਕ ਯਥਾਰਥ ਦੇ ਨਾਲ-ਨਾਲ ਸਾਹਿਤਕ/ ਸੱਭਿਆਚਾਰਕ/ ਇਤਿਹਾਸਕ/ ਮਿਥਿਹਾਸਕ ਹਵਾਲਿਆਂ ਨਾਲ ਸਮਝ ਨੂੰ ਤੇਜ਼ ਕਰਦਿਆਂ। ਇਹ ਇਕ ਬੰਤ ਦੀ ਕਹਾਣੀ ਨਹੀਂ। ਇਹ ਸਿਰਫ਼ ਮਲਵਈ ਬੰਤ ਦੀ ਕਹਾਣੀ ਵੀ ਨਹੀਂ। ਇਹ ਸਿਰਫ਼ ਪੰਜਾਬ ਦੇ ਬੰਤ ਦੀ ਕਹਾਣੀ ਵੀ ਨਹੀਂ। ਨਿਰੁਪਮਾ ਨੇ ਇਸ ਮਸਲੇ ਨੂੰ ਭਾਰਤੀ ਪਰਿਪੇਖ ’ਚ ਵੀ ਓਨੀ ਹੀ ਸ਼ਿੱਦਤ ਨਾਲ ਸਮਝਣ ਦਾ ਯਤਨ ਕੀਤਾ ਹੈ ਜਿੰਨਾ ਪੰਜਾਬ ਦੇ ਪਰਿਪੇਖ ’ਚ। ਫਰਾਂਸੀਸੀ ਵਿਦਵਾਨ ਨਿਕੋਲਸ ਜਾਓਲ ਦੀ ਖੋਜ ਦੇ ਹਵਾਲੇ ਨਾਲ ਉਹ ਮਹਾਰਾਸ਼ਟਰ ਦੇ ਖੇਰਲੰਜੀ ਪਿੰਡ ਦੇ ਬੋਧੀ ਭਈਆ ਲਾਲ ਭੋਟਮੰਗੇ ਨਾਲ ਸਬੰਧਿਤ ਇਕ ਮਸਲੇ ਤੇੇ ਬੰਤ ਸਿੰਘ ਝੱਬਰ ਵਾਲੇ ਮਸਲੇ ਦੇ ਹਵਾਲੇ ਨਾਲ ਗੱਲ ਕਰਦੀ ਹੈ, ‘‘ਇਨ੍ਹਾਂ ਦੋਹਾਂ ਮਸਲਿਆਂ ਦੀ ਤੁਲਨਾ ਸੌਖੀ ਨਹੀਂ, ਪਰ ਸੀ ਤਾਂ ਇਹ ਦੋਵੇਂ ਮਸਲੇ ਜਾਤੀ ਹਿੰਸਾ ਦੇ ਹੀ। ਭਈਆ ਲਾਲ ਨੂੰ ਆਪਣਾ ਪੂਰਾ ਪਰਿਵਾਰ ਤੇ ਬੰਤ ਨੂੰ ਆਪਣੇ ਅੰਗ ਗਵਾਉਣੇ ਪਏ। ਜਦੋਂਕਿ ਬੰਤ ਦੀ ਧੀ ਨਾਲ ਜਬਰ-ਜਨਾਹ ਦੋ ਜਣਿਆਂ ਨੇ ਘਰ ਦੇ ਅੰਦਰ ਕੀਤਾ, ਭਈਆ ਲਾਲ ਦੀ ਪਤਨੀ ਅਤੇ ਧੀ ਨੂੰ ਨਿਰਵਸਤਰ ਕਰਕੇ ਪਹਿਲਾਂ ਬੇਇੱਜ਼ਤ ਕੀਤਾ ਗਿਆ ਤੇ ਫੇਰ ਅੱਸੀ ਬੰਦਿਆਂ ਵੱਲੋਂ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਗਿਆ। ਤੇ ਇਹ ਸਭ ਸਾਰੇ ਪਿੰਡ, ਜਿਸ ’ਚ ਔਰਤਾਂ ਵੀ ਸ਼ਾਮਿਲ ਸਨ, ਦੇ ਸਾਹਮਣੇ ਕੀਤਾ ਗਿਆ। ਜਾਓਲ ਦੱਸਦਾ ਹੈ ਕਿ ਇਹ ਘਟਨਾਵਾਂ ਇਕੋ ਸਾਲ ’ਚ ਵਾਪਰੀਆਂ ਨੇ।’’ ਮੇਰੇ ਇਨ੍ਹਾਂ ਨੁਕਤਿਆਂ ਬਾਰੇ ਕਿੰਤੂ ਹੋ ਸਕਦਾ ਹੈ ਕਿ ਕਿਸੇ ਵਾਰਤਕ ਦੀ ਪੁਸਤਕ ਨੂੰ ਨਾਵਲ ਦੇ ਗਲਪੀ ਪਾਤਰ ਨਾਲ ਟਾਕਰਵੇਂ ਰੁਖ਼ ਰੱਖਣਾ ਕਿੰਨਾ ਕੁ ਸਹੀ ਹੈ? ਪਰ ਇਸ ਪੁਸਤਕ ਦਾ ਪਾਠ ਕਰਦਿਆਂ ਇਹ ਕਿਤੇ ਵੀ ਵਾਰਤਕ ਨਹੀਂ ਲੱਭਦੀ। ਇਹ ਸਮਾਜ ਸ਼ਾਸਤਰੀ ਅਧਿਐਨ ਹੈ, ਗਲਪੀ ਪੁੱਠ ਵਾਲਾ, ਗਲਪ ਦੀ ਸ਼ੈਲੀ ਵਾਲਾ। ਇਸ ਦੀ ਜੋ ਤੋਰ ਹੈ, ਜਿਸ ਤਰ੍ਹਾਂ ਆਪਣੀ ਗੱਲ ਨੂੰ ਲੁਕਵੇਂ ਅੰਦਾਜ਼ ’ਚ ਅਤੇ ਅੱਗੋਂ ਉਤਸੁਕਤਾ ਕਾਇਮ ਰੱਖਦਿਆਂ ਘਟਨਾਵਾਂ ਨੂੰ ਮੋੜ ਦਿੱਤੇ ਗਏ ਨੇ, ਸਾਰੇ ਗਲਪੀ ਜੁਗਤਾਂ ਵਾਲੇ ਹੀ ਨੇ। ਜਿਹੜਾ ਵਿਅਕਤੀ ਬੰਤ ਦੇ ਸੰਘਰਸ਼ ਦੀ ਗਾਥਾ ਨਹੀਂ ਜਾਣਦਾ ਹੋਵੇਗਾ, ਉਹ ਇਸ ’ਚੋਂ ਨਾਵਲ ਦਾ ਹਰ ਪਹਿਲੂ ਮਹਿਸੂਸ ਕਰ ਸਕਦਾ ਹੈ।

ਨਿਰੁਪਮਾ ਦੱਤ

ਨਿਰੁਪਮਾ ਕੋਲ ਇਸ ਕਿਤਾਬ ਦੀ ਰੌਚਿਕਤਾ ਤੇ ਗਹਿਰਾਈ ਲਈ ਕਈ ਜੁਗਤਾਂ ਨੇ ਜਿਨ੍ਹਾਂ ’ਚੋਂ ਨਿੱਕੇ-ਨਿੱਕੇ ਬਿਰਤਾਂਤਕ ਵੇਰਵਿਆਂ ਦੀ ਵਕਫ਼ੇ ਬਾਅਦ ਤਰਤੀਬ ਬਾਕਮਾਲ ਹੈ। ਉਸ ਕੋਲ ਬਹੁਤ ਹੀ ਅਰਥ ਭਰਪੂਰ ਜਾਣਕਾਰੀਆਂ ਨੇ। ਇਹ ਜਾਣਕਾਰੀਆਂ ਨਿਰੁਪਮਾ ਦੇ ਵਿਸ਼ੇ ਨੂੰ ਤਾਕਤ ਦਿੰਦੀਆਂ ਤੇ ਪਾਠਕ ਨੂੰ ਮਾਲਾਮਾਲ ਕਰਦੀਆਂ ਨੇ। ਉਸ ਕੋਲ ਇਨ੍ਹਾਂ ਨੂੰ ਪਿਰੋਣ ਦੀ ਜਾਚ ਵੀ ਹੈ। ਇਨ੍ਹਾਂ ਸੱਭਿਆਚਾਰਕ ਸੰਕੇਤਾਂ ਰਾਹੀਂ ਉਹ ਆਪਣੇ ਵਿਸ਼ੇ ਨੂੰ ਪੁਖ਼ਤਗੀ ਬਖ਼ਸ਼ਦੀ ਹੈ। ਮਿਸਾਲ ਵਜੋਂ ਉਹ ਇਕ ਥਾਂ ਲਿਖਦੀ ਹੈ, ‘‘ਮੈਂ ਨੱਬੇਵਿਆਂ ਦੇ ਸ਼ੁਰੂ ’ਚ ਪਟਿਆਲਾ-ਚੰਡੀਗੜ੍ਹ ਸੜਕ ’ਤੇ ਬਨੂੜ ਵਿਖੇ ਮਾਈ ਬੰਨੋ ਦੀ ਮਜ਼ਾਰ ’ਤੇ ਗਈ। ਇਹ ਨਿੱਕੀ ਜਿਹੀ ਮਜ਼ਾਰ ਇਕ ਧੋਬਣ ਦੀ ਯਾਦ ’ਚ ਬਣੀ ਹੈ ਜਿਹੜੀ ਸ਼ਾਸਤਰੀ ਸੰਗੀਤ ਦੀ ਮਾਹਿਰ ਸੀ ਤੇ ਜਿਸ ਨੇ ਸ਼ਾਸਤਰੀ ਸੰਗੀਤ ਆਪਣੇ ਮਾਲਕ ਦੇ ਘਰ ਦੇ ਬਾਹਰ ਬੈਠ ਕੇ ਸਿੱਖਿਆ ਸੀ। ਕਿਹਾ ਜਾਂਦਾ ਹੈ ਕਿ ਤਾਨਸੇਨ ਜੋ ਰਾਗ ਦੀਪਕ ਗਾ ਕੇ ਅਕਬਰ ਦੇ ਦਰਬਾਰ ’ਚ ਮਸ਼ਾਲਾਂ ਜਗਾ ਦਿੰਦਾ ਸੀ, ਇਕ ਵਾਰ ਬਨੂੜ ਆਇਆ। ਇੱਥੇ ਮਾਈ ਬੰਨੋ ਨੇ ਉਸ ਨੂੰ ਪਾਣੀ ਪਿਆਇਆ ਤੇ ਰਾਗ ਮਲ੍ਹਾਰ ਗਾਇਆ। ਉਸ ਰਾਗ ਨਾਲ ਬੱਦਲ ਹੋ ਗਏ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਨਾਲ ਤਾਨਸੇਨ ਦੇ ਗਰਮੀ ਨਾਲ ਤਪਦੇ ਸਰੀਰ ਨੂੰ ਆਰਾਮ ਮਿਲਿਆ।’’ ਹੁਣ ਗੱਲ ਤਾਂ ਉਸ ਨੇ ਸਿਰਫ਼ ਲਾਲ ਸਲਾਮ ਦੇ ਹਵਾਲੇ ਨਾਲ ਕਰਨੀ ਸੀ ਕਿ ਕਿਵੇਂ ਬੰਤ ਦੀ ਲਾਲ ਸਲਾਮ ਤੋਂ ਉਸ ਨੂੰ ਇਕ ਉਸ ਬੰਦੇ ਦੀ ਯਾਦ ਆਉਂਦੀ ਹੈ ਜੋ ਬਨੂੜ ਵਾਲੀ ਇਸ ਮਜ਼ਾਰ ਦਾ ਸੇਵਾਦਾਰ ਹੈ, ਪਰ ਬੰਨੋ ਵਾਲਾ ਹਵਾਲਾ ਗਜ਼ਬ ਹੈ। ਨਿਰੁਪਮਾ ਦੇ ਮਨ ’ਚ ਔਰਤ ਤੇ ਦਲਿਤ ਦੋਵਾਂ ਲਈ ਤਰਲਤਾ ਹੈ। ਦੋਵਾਂ ਲਈ ਇਕੋ ਜਿੰਨੀ ਸੰਵੇਦਨਾ। ਉਹ ਜਦੋਂ ਵੀ ਇਨ੍ਹਾਂ ਦੋਵਾਂ ਦੀ ਗੱਲ ਕਰੇਗੀ ਤਾਂ ਇਨ੍ਹਾਂ ਦੇ ਸੰਘਰਸ਼ਾਂ ਦੀ ਗਾਥਾ ਗਾਵੇਗੀ, ਇਨ੍ਹਾਂ ਦੀਆਂ ਪ੍ਰਾਪਤੀਆਂ ਲੱਭ-ਲੱਭ ਕੇ ਪਾਠਕਾਂ ਨੂੰ ਦੱਸੇਗੀ। ਬੰਨੋ ਦਾ ਨਿੱਕਾ ਜਿਹਾ, ਪਰ ਸਸ਼ਕਤ ਬਿਰਤਾਂਤ ਇਸ ਦੀ ਮਿਸਾਲ ਹੈ। ਇਉਂ ਹੀ ਉਹ ਕੁਝ ਹੋਰ ਹਵਾਲੇ ਦੇਵੇਗੀ। ਉਹ ਲਿਖਦੀ ਹੈ, ‘‘ਬਾਬਾ ਧੰਨਾ ਸਿੰਘ ਹੀਰ-ਰਾਂਝਾ, ਸੱਸੀ-ਪੁੰਨੂ, ਮਿਰਜ਼ਾ-ਸਾਹਿਬਾਂ ਦੇ ਕਿੱਸੇ ਗਾ ਕੇ ਸੁਣਾਉਂਦਾ। ਇਹ ਪੰਜਾਬ ਦੇ ਉਨ੍ਹਾਂ ਆਸ਼ਕਾਂ ਦੇ ਕਿੱਸੇ ਸਨ ਜੋ ਸਮਾਜਿਕ ਬੰਦਿਸ਼ਾਂ ਨਾਲ ਭਿੜਦੇ ਮਰ ਗਏ। ਸਮਾਜ ਨੇ ਉਨ੍ਹਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਉਸ ਦੀ ਆਵਾਜ਼ ਵਿਚ ਕਸ਼ਿਸ਼ ਸੀ ਜੋ ਆਲੇ-ਦੁਆਲੇ ਗੂੰਜਦੀ ਸੀ।’’ ਹੁਣ ਕਿਵੇਂ ਉਹ ਉਨ੍ਹਾਂ ਆਸ਼ਕਾਂ ਦੇ ਹਵਾਲਿਆਂ ਨਾਲ ਹੀ, ਨਿੱਕੇ ਜਿਹੇ ਫਿਕਰੇ ਨਾਲ ਹੀ ਸਮਾਜ ਦਾ ਪਾਜ ਉਧੇੜ ਦਿੰਦੀ ਹੈ ਤੇ ਨਾਲ ਹੀ ਬੰਤ ਦੀ ਸ਼ਖ਼ਸੀਅਤ ’ਚ ਇਨ੍ਹਾਂ ਕਿੱਸਿਆਂ ਦੇ ਨਾਇਕਾਂ ਦਾ ਵਿਦਰੋਹ ਭਰ ਦਿੰਦੀ ਹੈ। ਉਹ ਇਸ ਵਾਪਰ ਗਈ ਕ੍ਰਾਂਤੀ ਦੀ ਆਵਾਜ਼ ਵੀ ਪੈਦਾ ਨਹੀਂ ਹੋਣ ਦਿੰਦੀ ਜਦੋਂਕਿ ਜੋ ਵਾਪਰਿਆ ਹੈ, ਉਹ ਵਿਸਫੋਟਕ ਹੈ। ਉਹਨੇ ਇਕ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਇਕ ਕ੍ਰਾਂਤੀਕਾਰੀ ਨੂੰ ਰਾਹ ਦਿਖਾਇਆ ਹੈ। ਉਹਦੇ ’ਚ ਸੋਚ ਦਾ ਬਾਰੂਦ ਭਰਿਆ ਹੈ। ਕਿਉਂਕਿ ਬੰਤ ਨੂੰ ਬੰਤ ਬਣਾਉਣ ’ਚ ਸਾਹਿਤ ਵੱਡਾ ਕਾਰਕ ਹੈ। ਇਸ ਲਈ ਕਿੱਸੇ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਹ ਸਿਰਫ਼ ਨਿਰੁਪਮਾ ਹੀ ਫੜ/ਲਿਖ ਸਕਦੀ ਸੀ।

ਬੰਤ ਸਿੰਘ ਝੱਬਰ।

ਨਿਰੁਪਮਾ ਹਮੇਸ਼ਾ ਲਿੱਸੀ ਧਿਰ ਨਾਲ ਖੜ੍ਹਦੀ ਹੈ। ਬੰਤ ਲਿੱਸੀ ਧਿਰ ਦੀ ਜੁਝਾਰੂ ਪ੍ਰਤੀਨਿਧਤਾ ਹੈ। ਦੁਸ਼ਮਣਾਂ ਨੇ ਉਸ ਦੇ ਅੰਗ ਕੱਟ ਦਿੱਤੇ, ਪਰ ਉਹਦਾ ਹੌਸਲਾ ਨਹੀਂ ਕੱਟ ਸਕੇ, ਉਹਦੀ ਆਵਾਜ਼ ਨਹੀਂ ਕੱਟ ਸਕੇ ਜਿਸ ਨਾਲ ਉਹ ਅੱਜ ਵੀ ਇਨਕਲਾਬੀ ਗੀਤ ਗਾਉਂਦਾ ਹੈ। ਇਸ ਧਿਰ ਨੂੰ ਸਮਝਦਿਆਂ ਉਹ ਜਦੋਂ ਇਤਿਹਾਸ ਕੋਲ ਜਾਂਦੀ ਹੈ ਤਾਂ ਉਸ ਕੋਲ ਖ਼ਾਸ ਪਾਰਖੂ ਨਜ਼ਰ ਹੈ। ਉਹਨੂੰ ਪਤਾ ਹੈ ਕਿ ਬੰਤ ਦਾ ਨਾਇਕ ਸ਼ਹੀਦ ਭਗਤ ਸਿੰਘ ਹੈ। ਪਰ ਉਹ ਜਦੋਂ ਭਗਤ ਸਿੰਘ ਕੋਲ ਜਾਵੇਗੀ ਤਾਂ ਉਸ ਦਾ ਹਵਾਲਾ ਭਗਤ ਸਿੰਘ ਦਾ ਲੇਖ ‘ਅਛੂਤ ਦਾ ਸਵਾਲ’ ਹੋਵੇਗਾ ਕਿ ਭਗਤ ਸਿੰਘ ਇਸ ਸਵਾਲ ਨੂੰ ਕਿਵੇਂ ਸੰਬੋਧਿਤ ਹੋ ਰਹੇ ਸਨ। ਫਿਰ ਉਹ ਜੇਕਰ ਇਤਿਹਾਸ ਦੇ ਵਰਕਿਆਂ ’ਚੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਫਰੋਲੇਗੀ ਤਾਂ ਦਲਿਤ ਸਵਾਲ ’ਤੇ ਆ ਕੇ ਉਹ ਇਤਿਹਾਸਕ ਹਵਾਲਿਆਂ ਨਾਲ ਸਵਾਲ ਖੜ੍ਹੇ ਕਰ ਦੇਵੇਗੀ। ਬੰਤ ਦਾ ਸਿੱਖੀ ’ਚ ਵਿਸ਼ਵਾਸ ਹੈ, ਅਕੀਦਤ ਹੈ। ਗੁਰੂ ਗੋਬਿੰਦ ਸਿੰਘ ਉਸ ਦੇ ਨਾਇਕ ਨੇ। ਪਰ ਜਦੋਂ ਨਿਰੁਪਮਾ ਨੇ ਦੇਖਣਾ ਹੈ ਤਾਂ ਉਸ ਨੇ ਸਮਕਾਲ ’ਚ ਸਿੱਖੀ ਪਛਾਣ ਤੇ ਦਲਿਤ ਦਾ ਸਵਾਲ ਉਹਦੇ ਸਾਹਮਣੇ ਨੇ ਤੇ ਉਹ ਖੁਸ਼ਵੰਤ ਸਿੰਘ, ਪ੍ਰੋ. ਹਰੀਸ਼ ਪੁਰੀ ਜਾਂ ਪ੍ਰੋ. ਰਾਜ ਕੁਮਾਰ ਹੰਸ ਦੀਆਂ ਇਤਿਹਾਸਕ ਖੋਜਾਂ ਦੇ ਹਵਾਲਿਆਂ ਨਾਲ ਮੌਜੂਦਾ ਸਿੱਖੀ ਸਾਹਵੇਂ ਵੀ ਸਵਾਲ ਪੈਦਾ ਕਰ ਦਿੰਦੀ ਹੈ। ਉਹ ਚਾਹਲਾਂ ਦੇ ਵਡਿੱਕੇ ਜੋਗੀ ਪੀਰ ਦਾ ਹਵਾਲਾ ਦਿੰਦੀ ਹੈ ਤਾਂ ਤੈਮੂਰ ਲੰਗੜੇ ਨਾਲ ਬਹਾਦਰੀ ਨਾਲ ਲੜਨ ਵਾਲੇ ਜੁਝਾਰੂ ਦਾ ਜਿਹੜਾ ਸਿਰ ਧੜ ਤੋਂ ਅਲੱਗ ਹੋ ਜਾਣ ਦੇ ਬਾਵਜੂਦ ਲੜਦਾ ਰਿਹਾ ਸੀ। ਉਸ ਦੇ ਹਵਾਲੇ ਬੰਤ ਦੀ ਕਹਾਣੀ ਨੂੰ ਸਮਾਜਿਕ, ਇਤਿਹਾਸਕ ਤੇ ਸੱਭਿਆਚਾਰਕ ਤੌਰ ਉੱਤੇ ਤਕੜਿਆਂ ਕਰਦੇ ਨੇ।

ਦੇਸ ਰਾਜ ਕਾਲੀ

ਬੰਤ ਦੀ ਬੱਚੀ ਨਾਲ ਹੋਏ ਜਬਰ-ਜਨਾਹ ਨੂੰ ਰੰਗਾਂ ਦੀ ਨਿਸ਼ਾਨਦੇਹੀ ਨਾਲ ਵਿਉਂਤਦੀ ਹੈ ਤਾਂ ਨਾਲ ਹੀ ਉਸ ਬੱਚੀ ਦੀ ਜਿਊਣ ਦੀ ਚਾਹਨਾ ਨੂੰ ਵੀ ਤੇ ਲੜਾਈ ਨੂੰ ਵੀ ਉਹ ਰੰਗਾਂ ਰਾਹੀਂ ਹੀ ਰੂਪਾਂਤਰਿਤ ਕਰਦੀ ਹੈ। ਉਹ ਕੁੜੀ ਕਹਿੰਦੀ ਹੈ ਕਿ ਜਿਸ ਦਿਨ ਮੇਰਾ ਬਲਾਤਕਾਰ ਹੋਇਆ ਮੈਂ ਜਾਮਣੀ ਰੰਗ ਦਾ ਸੂਟ ਪਾਇਆ ਹੋਇਆ ਸੀ। ਇਹ ਮੇਰਾ ਪਸੰਦੀਦਾ ਰੰਗ ਹੈ। ਮੈਂ ਅੱਜ ਵੀ ਜਾਮਣੀ ਰੰਗ ਨੂੰ ਪਸੰਦ ਕਰਦੀ ਹਾਂ। ਨਿਰੁਪਮਾ ਇਸ ਕਥਾ ’ਚ ਜਦੋਂ ਕਿਤੇ ਸਮਕਾਲ ਦੀ ਗੱਲ ਕਰੇਗੀ ਤਾਂ ਵੀ ਇਸ ਮਿੱਧ ਦਿੱਤੇ ਸਮਾਜ ਦੇ ਅੰਕੜੇ ਦੇਵੇਗੀ। ਉਹ ਲਿਖੇਗੀ ਕਿ ਕਿਵੇਂ ਕੀੜੇਮਾਰ ਦਵਾਈਆਂ ਪੰਜਾਬ ਦੀ ਕਿਸਾਨੀ ਨੂੰ ਨਿਗਲ ਰਹੀਆਂ ਨੇ। ਪਰ ਉਹ ਨਾਲ ਹੀ ਲਿਖੇਗੀ ਕਿ ਖੇਤ ਮਜ਼ਦੂਰ ਨੂੰ ਵੀ ਇਹ ਦਵਾਈਆਂ ਨਿਗਲ ਰਹੀਆਂ ਨੇ, ਪਰ ਉਨ੍ਹਾਂ ਨੂੰ ਰਿਪੋਰਟ ਕਰਨ ਵਾਲਾ ਕੋਈ ਨਹੀਂ ਹੈ। ਉਹ ਦੁੱਲੇ ਭੱਟੀ ਦੀ ਕਹਾਣੀ ਰਾਹੀਂ ਬੰਤ ਦੀ ਬੇਟੀ ਦੇ ਸਾਲੂ ਪਾਟਣ ਨੂੰ ਇੰਝ ਜੋੜਦੀ ਹੈ ਕਿ ਬੰਤ ਉਸੇ ਵੇਲੇ ਦੁੱਲਾ ਭੱਟੀ ਲੱਗਣ ਲੱਗ ਜਾਂਦਾ ਹੈ। ਹਾਲਾਂਕਿ ਉਸ ਦਾ ਦੁੱਖ ਬੇਇੰਤਹਾ ਹੈ, ਪਰ ਉਹ ਲੜ ਰਿਹਾ ਹੈ। ਉਹ ਸਾਲੂ ਸਮੇਟ ਰਿਹਾ ਹੈ। ਨਿਰੁਪਮਾ ਨੇ ਨਿੱਕੇ ਨਿੱਕੇ ਕਾਵਿਕ ਵੇਰਵਿਆਂ ਦੇ ਨਾਲ ਕੁਮਾਰ ਵਿਕਲ, ਲਾਲ ਸਿੰਘ ਦਿਲ ਤੇ ਖ਼ਾਸ ਕਰਕੇ ਸੰਤ ਰਾਮ ਉਦਾਸੀ ਦੀਆਂ ਕਾਵਿ-ਪੰਕਤੀਆਂ ਨੂੰ ਇੰਝ ਬੀੜਿਆ ਹੈ ਕਿ ਉਸ ਦੀ ਲਿਖਤ ਦੀ ਸਮਝ ਦਾ ਦੁਆਰ ਇਹ ਪੰਕਤੀਆਂ ਬਣਦੀਆਂ ਨੇ। ਪਤਾ ਨਹੀਂ ਇਸ ਬਾਤ ਨੂੰ ਲਿਖਦਿਆਂ ਨਿਰੁਪਮਾ ਕਿੰਨੀ ਵਾਰ ਖ਼ੂਨ ਦੇ ਹੰਝੂ ਰੋਈ ਹੋਵੇਗੀ!
ਇਸ ਪੁਸਤਕ ਦਾ ਅਨੁਵਾਦ ਮੰਗਤ ਰਾਮ ਨੇ ਕੀਤਾ ਹੈ। ਬਹੁਤ ਹੀ ਸੁਚੱਜਾ ਕੰਮ। ਉਹ ਗੁਣੀ ਅਧਿਆਪਕ ਹੈ। ਸੰਵੇਦਨਸ਼ੀਲ ਵਿਅਕਤਿਤਵ। ਉਹ ੲਿਸ ਭਲੇ ਕਾਰਜ ਲਈ ਸ਼ਲਾਘਾ ਦਾ ਹੱਕਦਾਰ ਹੈ!


Comments Off on ਜੁਝਾਰੂ ਬੰਦੇ ਦੀ ਵੀਰ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.