ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਜੀ.ਐੱਸ. ਸੋਹਨ ਸਿੰਘ ਦਾ ਚਿੱਤਰ ‘ਸਰਬ ਸਾਂਝੀਵਾਲਤਾ’

Posted On August - 11 - 2019

ਜਗਤਾਰਜੀਤ ਸਿੰਘ
ਕਲਾ ਜਗਤ

ਸੋਹਨ ਸਿੰਘ ਦੇ ਪਿਤਾ ਦਾ ਨਾਮ ਗਿਆਨ ਸਿੰਘ ਹੈ। ਕਲਾ ਖੇਤਰ ਵਿਚ ਗਿਆਨ ਸਿੰਘ ਨੂੰ ਇਕ ਨਕਾਸ਼ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦਰਬਾਰ ਸਾਹਿਬ ਅੰਦਰ ਭਿੰਨ ਭਿੰਨ ਤਰ੍ਹਾਂ ਦਾ ਸਜਾਵਟੀ ਕੰਮ ਕੀਤਾ। ਅਜਿਹੇ ਕੰਮ ਪਿਤਾ-ਪੁਰਖੀ ਹੁੰਦੇ ਸਨ, ਕਿਸੇ ਸਕੂਲ ਦਾ ਵਿਦਿਆਰਥੀ ਨਹੀਂ ਸੀ ਬਣਿਆ ਜਾਂਦਾ। ਸੋਹਨ ਸਿੰਘ ਨੇ ਆਪਣੇ ਪਿਤਾ ਤੋਂ ਪ੍ਰਾਪਤ ਗਿਆਨ ਨੂੰ ਨਾ ਸਿਰਫ਼ ਅੱਗੇ ਤੋਰਿਆ ਸਗੋਂ ਆਪਣੇ ਪਿਤਾ ਦੇ ਨਾਮ ਦੇ ਪਹਿਲੇ ਅੱਖਰਾਂ ਨੂੰ ਆਪਣੇ ਨਾਂ ਨਾਲ ਜੋੜ ਲਿਆ। ਉਸ ਵੱਲੋਂ ਬਣਾਏ ਕਈ ਲਕੀਰੀ ਚਿੱਤਰ, ਜਲ ਰੰਗ ਚਿੱਤਰ ਅਤੇ ਤੇਲ ਚਿੱਤਰ ਮਿਲਦੇ ਹਨ। ਉਸ ਨੇ ਖ਼ੁਦ ਨੂੰ ਇਕ ਵਿਸ਼ੇ ਨਾਲ ਬੰਨ੍ਹ ਕੇ ਨਹੀਂ ਰੱਖਿਆ। ਪ੍ਰਾਪਤ ਵੰਨ-ਸੁਵੰਨਤਾ ਵਿਚੋਂ ਵੱਡੀ ਗਿਣਤੀ ਧਾਰਮਿਕ ਚਿੱਤਰਾਂ ਦੀ ਹੈ।
ਸਿੱਖ ਧਰਮ ਨਾਲ ਜੁੜੇ ਅਨੇਕਾਂ ਚਿੱਤਰਾਂ ਵਿਚੋਂ ‘ਸਰਬ ਸਾਂਝੀਵਾਲਤਾ’ ਇਕ ਹੈ। ਆਕਾਰ ਪੱਖੋਂ ਇਹ ਤੀਹ ਇੰਚ ਗੁਣਾ ਵੀਹ ਇੰਚ ਹੈ ਅਤੇ ਇਹਦਾ ਰਚਨਾਕਾਲ 1990 ਦਾ ਹੈ। ਆਕਾਰ ਭਾਵੇਂ ਵੱਡਾ ਨਹੀਂ, ਪਰ ਦੇਖਣ ਵਾਲੇ ਨੂੰ ਇਸ ਦੇ ਵਿਪਰੀਤ ਅਹਿਸਾਸ ਹੁੰਦਾ ਹੈ। ਦ੍ਰਿਸ਼ ਵੱਡਾ-ਵੱਡਾ ਪ੍ਰਤੀਤ ਹੁੰਦਾ ਹੈ।
ਚਿੱਤਰਕਾਰ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਹੀ ਨਹੀਂ ਉਤਾਰਿਆ ਸਗੋਂ ਇਸ ਰਾਹੀਂ ਕੁਝ ਅਹਿਮ ਨੁਕਤਿਆਂ ਨੂੰ ਸੁਚੇਤ-ਅਚੇਤ ਛੋਹਿਆ ਹੈ। ਇਸ ਦੀ ਅਹਿਮੀਅਤ ਵੀ ਇਸੇ ਕਾਰਨ ਹੈ।
ਗੁਰੂ ਨਾਨਕ ਦੇਵ ਕਿਸੇ ਸਜੇ ਸਿੰਘਾਸਨ ਜਾਂ ਵਿਛੇ ਕਿਸੇ ਗਲੀਚੇ ਉੱਪਰ ਚੌਂਕੜੀ ਮਾਰੀ ਨਹੀਂ ਬੈਠੇ ਜਿਵੇਂ ਆਮ ਚਿੱਤਰਾਂ ਵਿਚ ਦਿਸ ਆਉਂਦਾ ਹੈ। ਰਚੇਤਾ ਨੇ ਇੱਥੇ ਖ਼ੁਦ ਆਪਣੇ ਪੂਰਬਲੇ ਕੰਮ ਅਤੇ ਦੂਸਰੇ ਪੇਂਟਰਾਂ ਦੇ ਕੰਮ ਤੋਂ ਵੱਖਰਾ ਰਾਹ ਚੁਣਿਆ ਹੈ। ਗੁਰੂ ਜੀ ਨੇ ਗਲੋਬ (ਗੋਲ ਧਰਤੀ) ਉੱਪਰ ਆਪਣਾ ਆਸਨ ਲਾਇਆ ਹੋਇਆ ਹੈ। ਗਲੋਬ ਖ਼ੁਦ ਕਿਸੇ ਵਸਤੂ ਉੱਪਰ ਜਾਂ ਕਿਸੇ ਦਾ ਆਸਰਾ ਲੈ ਨਹੀਂ ਟਿਕਿਆ ਹੋਇਆ। ਖ਼ੁਦ ਧਰਤੀ ਦਾ ਹਿੱਸਾ ਪਾਣੀ ਦੇ ਹਵਾਲੇ ਹੈ। ਉਸ ਦੇ ਆਲੇ-ਦੁਆਲੇ ਸਿਰਫ਼ ਖਾਲੀ ਸਪੇਸ ਹੈ। ਜੀ.ਐੱਸ. ਸੋਹਨ ਸਿੰਘ ਉਸੇ ਸਥਿਤੀ ਦੀ ਮਨੋਕਲਪਨਾ ਕਰ ਕੇ ਅੱਗੇ ਵਧਦਾ ਹੈ, ਉਸ ਵਿਚ ਜਮ੍ਹਾਂ-ਘਟਾਅ ਕਰ ਰਚਨਾ ਨੂੰ ਮੰਨਣਯੋਗ ਬਣਾਉਂਦਾ ਹੈ।
ਚੌਂਕੜੀ ਮਾਰੀ ਬੈਠੇ ਗੁਰੂ ਸਾਹਿਬ ਦਾ ਖੱਬਾ ਹੱਥ ਸੱਜੀ ਲੱਤ ’ਤੇ ਟਿਕਿਆ ਹੋਇਆ ਹੈ ਜਦੋਂਕਿ ਉੱਪਰ ਵੱਲ ਨੂੰ ਉੱਠੇ ਹੋਏ ਸੱਜੇ ਹੱਥ ਦੀ ਸਿੱਧੀ ਉਂਗਲ ਖਲਾਅ ਵੱਲ ਸੇਧਿਤ ਹੈ। ਇਸ ਉਂਗਲ ਦੀ ਸੇਧ ਵਿਚ ਨਜ਼ਰ ਉੱਪਰ ਵੱਲ ਜਾਂਦੀ ਹੈ ਤਾਂ ‘ੴ’ ਲਿਖਿਆ ਦਿਸ ਪੈਂਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮਕਾਲ ਵਿਚ ਪ੍ਰਚੱਲਿਤ ਕਿਸੇ ਮਾਰਗ, ਫ਼ਿਰਕੇ, ਧਰਮ ਦਾ ਅਨੁਸਰਨ ਨਹੀਂ ਕੀਤਾ ਸਗੋਂ ਸਮਾਜ, ਧਰਮ ਤੇ ਰਾਜਨੀਤੀ ਵਿਚ ਪ੍ਰਚੱਲਿਤ ਕੁਰੀਤੀਆਂ ਦੀ ਨਿਸ਼ਾਨਦੇਹੀ ਕਰ ਕੇ ‘ਸੱਚੇ ਮਾਰਗ’ ਉੱਪਰ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਬਹੁਦੇਵ ਪੂਜਾ ਦੀ ਪ੍ਰਥਾ ਦਾ ਖੰਡਨ ਕੀਤਾ ਅਤੇ ਕਿਹਾ ਕਿ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ‘ਇਕ’ ਹੈ।
ਗੁਰੂ ਸਾਹਿਬ ਉਸੇ ਇਕ ਜੋ ਨਿਰਾਕਾਰ ਹੈ, ਦੇ ਉਪਾਸ਼ਕ ਹਨ। ਜੀ.ਐੱਸ. ਸੋਹਨ ਸਿੰਘ ਆਪਣੇ ਅੰਦਾਜ਼ ਵਿਚ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਦੀ ਲੱਭਤ ਨੂੰ ਸਾਕਾਰ ਕਰ ਰਿਹਾ ਹੈ ਸਗੋਂ ਲੋਕਾਈ ਨੂੰ ਵੀ ਦੱਸਿਆ ਜਾ ਰਿਹਾ ਹੈ, ‘ਗੁਰੂ ਨਾਨਕ ਦੇਵ ਜੀ ਇਕ ਪਰਮਾਤਮਾ ਦੇ ਪੂਜਕ ਸਨ, ਸੋ ਤੁਸੀਂ ਜੋ ਗੁਰੂ ਸਾਹਿਬ ਨੂੰ ਮੰਨਣ ਵਾਲੇ ਹੋ ਇਕ ਵਿਚ ਹੀ ਆਪਣੀ ਨਿਸ਼ਠਾ ਰੱਖਿਓ।’
ਚਿੱਤਰਕਾਰ ਦੱਸ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਰੀਰਕ ਤੌਰ ’ਤੇ ਜਨਮ ਭਾਵੇਂ ਭਾਰਤ ਦਾ ਹੈ, ਪਰ ਉਨ੍ਹਾਂ ਅਨੇਕ ਦੇਸ਼ਾਂ ਵੱਲ ਪੈਦਲ ਹੀ ਯਾਤਰਾਵਾਂ ਕਰ ਆਪਣੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪ੍ਰਚਾਰਿਆ। ਗੁਰੂ ਸਾਹਿਬ ਦੁਆਲੇ ਇਕੱਠੀ ਹੋਈ ਖ਼ਲਕਤ ਵਿਚ ਹਰ ਧਰਮ, ਵਰਗ, ਲਿੰਗ, ਜਾਤ ਦੇ ਲੋਕ ਸ਼ਾਮਿਲ ਹਨ। ਸਭ ਗੁਰੂ ਨਾਨਕ ਦੇਵ ਜੀ ਵੱਲ ਦੇਖ ਹੀ ਨਹੀਂ ਰਹੇ ਸਗੋਂ ਸ਼ਰਧਾਵੱਸ ਹੱਥ ਜੋੜੀ ਖੜ੍ਹੇ ਹਨ। ਸਿੱਟਾ ਇਹੋ ਨਿਕਲਦਾ ਹੈ ਕਿ ਜੇ ਗੁਰੂ ਸਾਹਿਬ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਤਾਂ ਜਨ ਸਾਧਾਰਨ ਨੇ ਆਪੋ-ਆਪਣੀ ਤਰ੍ਹਾਂ ਸਮਝਿਆ-ਸਵੀਕਾਰਿਆ ਹੈ। ਜੇ ਗੁਰੂ ਨੇ ਆਪਣੇ ਸਿੱਖਾਂ ਵਿਚਾਲੇ ਕੋਈ ਭੇਦ ਨਹੀਂ ਕੀਤਾ ਤਾਂ ਕਿਸੇ ਹੱਦ ਤੱਕ, ਚਿੱਤਰ ਅਨੁਸਾਰ, ਜਨ ਸਾਧਾਰਨ ਨੇ ਵੀ ਆਪਸੀ ਭੇਦ ਨੂੰ ਭੁਲਾ ਦਿੱਤਾ ਹੈ।
ਜਿਸ ਨੇ ੴ ਦਾ ਸੰਦੇਸ਼ ਦਿੱਤਾ ਉਨ੍ਹਾਂ ਦਾ ਰੂਪ ਅਤੇ ਆਕਾਰ ਸੀ। ਪੈਰੋਕਾਰਾਂ ਦਾ ਵੀ ਆਪੋ-ਆਪਣਾ ਰੂਪ-ਆਕਾਰ ਹੈ। ਚਿੱਤਰਕਾਰ ਇਸ ਬਿੰਦੂ ਉੱਪਰ ਇਕ ਨਿਖੇੜ ਕਰਕੇ ਦਿਖਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਰੂਪ-ਆਕਾਰ ਵੱਖਰਾ ਅਤੇ ਵੱਡਾ ਹੈ। ਜੋ ਸੰਗਤ ਦਰਸ਼ਕ ਦੇ ਕਰੀਬ ਹੈ, ਉਹ ਕੱਦ-ਕਾਠ ਵਿਚ ਨਿੱਕੀ ਹੈ ਜਦੋਂਕਿ ਗੁਰੂ ਨਾਨਕ ਦੇਵ ਜੀ ਦੂਰ ਹੋਣ ਦੇ ਬਾਵਜੂਦ ਆਕਾਰ ਵਜੋਂ ਵੱਡੇ ਹਨ। ਚਿੱਤਰ ਨੇਮ ਅਨੁਸਾਰ ਇਹ ਦੂਰ ਹੋਣ ਕਰਕੇ ਛੋਟੇ ਹੋਣੇ ਚਾਹੀਦੇ ਸਨ। ਚਿੱਤਰਕਾਰ ਜੇ ਉਲੰਘਣਾ ਕਰਦਾ ਹੈ ਤਾਂ ਇਹਦਾ ਕੋਈ ਕਾਰਨ ਹੋਵੇਗਾ। ਗੁਰੂ ਸਾਹਿਬ ਪਰਮ ਸੱਤਾ ਦੀ ਅੰਸ਼ ਹਨ ਜੋ ਸੰਸਾਰੀ ਜੀਵਾਂ ਨੂੰ ਸਿੱਧੇ ਰਾਹ ਤੋਰਨ ਹਿੱਤ ਇਸ ਲੋਕ ਆਏ ਹਨ।
ਗੁਰੂ ਜੀ ਦੇ ਅੰਗ-ਸੰਗ ਰਹਿਣ ਵਾਲੇ ਭਾਈ ਮਰਦਾਨਾ ਅਤੇ ਭਾਈ ਬਾਲਾ ਅਨੁਪਾਤ ਵਿਚ ਬਹੁਤ ਛੋਟੇ ਹਨ। ਦੋਵੇਂ ਜਣੇ ਆਪੋ-ਆਪਣੀ ਸੇਵਾ ਨਿਭਾਈ ਜਾ ਰਹੇ ਦਿਖਾਈ ਦੇ ਰਹੇ ਹਨ। ਇਸ ਥਾਂ ਆ ਕੇ ਲੱਗਦਾ ਹੈ ਕਿ ਚਿੱਤਰਕਾਰ ਕੁਝ ਥਿੜਕ ਗਿਆ ਹੈ। ਜਦੋਂ ਵੀ ਕਿਸੇ ਫ਼ਨਕਾਰ ਨੇ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੀ ਤਸਵੀਰਕਸ਼ੀ ਕੀਤੀ, ਭਾਵੇਂ ਉਹ ਕੋਈ ਮਾਧਿਅਮ ਹੋਵੇ, ਅਜਿਹਾ ਅਸੰਤੁਲਨ ਦੇਖਣ ਨੂੰ ਨਹੀਂ ਮਿਲਦਾ। ਕੋਈ ਕਿਰਦਾਰ ਇਕ-ਦੂਜੇ ਨਾਲੋਂ ਹਲਕਾ ਜਿਹਾ ਅੱਗੇ-ਪਿੱਛੇ ਜਾਂ ਨਿੱਕਾ ਹੋ ਸਕਦਾ ਹੈ, ਪਰ ਏਨਾ ਵੱਡਾ ਅੰਤਰ ਕਿਤੇ ਦਿਖਾਈ ਨਹੀਂ ਦੇਂਦਾ। ਇਹ ਅੰਤਰ ਸਭ ਤੋਂ ਪਹਿਲਾਂ ਸੋਭਾ ਸਿੰਘ ਦੀ ਕਿਰਤ ਵਿਚ ਮਿਲਿਆ ਸੀ।
ਇਸ ਥਾਂ ਉੱਪਰ ਭਾਈ ਮਰਦਾਨਾ ਵੱਲੋਂ ਰਬਾਬ ਵਜਾਉਣਾ ਜਾਂ ਭਾਈ ਬਾਲਾ ਵੱਲੋਂ ਚਵਰ ਕਰਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਜੇ ਰਬਾਬ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚਣ ਵਿਚ ਸਮਰੱਥ ਹੋ ਜਾਂਦੀ ਹੈ, ਪਰ ਚਵਰ ਤਾਂ ਸਤਿਕਾਰ ਵਜੋਂ ਸਤਿਕਾਰਤ ਵਿਅਕਤੀ/ਵਸਤੂੁ ਦੇ ਉੱਪਰ ਕੀਤਾ ਜਾਂਦਾ ਹੈ। ਕੀ ਜੀ.ਐੱਸ. ਸੋਹਨ ਸਿੰਘ ਨੇ ਦੋਹਾਂ ਗੁਰੂ-ਸਿੱਖਾਂ ਨੂੰ ਸੰਕੇਤ ਚਿੰਨ੍ਹਾਂ ਤੱਕ ਸੀਮਿਤ ਕਰ ਦਿੱਤਾ ਹੈ? ਦੋਵੇਂ ਉਸ ਤਰ੍ਹਾਂ ਪੇਸ਼ ਨਹੀਂ ਕੀਤੇ ਗਏ ਜਿਵੇਂ ਉਹ ਹੁੰਦੇ ਆ ਰਹੇ ਸਨ।
ਗੁਰੂ ਨਾਨਕ ਦੇਵ ਜੀ ਕਿਉਂਕਿ ਗਲੋਬ ਉੱਪਰ ਬੈਠੇ ਹਨ, ਇਸ ਕਾਰਨ ਉਨ੍ਹਾਂ ਦੇ ਪਿੱਛੇ ਖਲਾਅ (ਖਾਲੀ ਸਪੇਸ) ਦੀ ਸੰਭਾਵਨਾ ਹੈ। ਇਨ੍ਹਾਂ ਦੇ ਅੱਗੇ ਅਥਾਹ ਜਲ ਹੈ ਅਤੇ ਇਸ ਤੋਂ ਬਾਅਦ ਸ਼ਰਧਾ ਪਰੁੱਚੇ ਭਿੰਨ-ਭਿੰਨ ਲੋਕਾਂ ਦਾ ਸਮੂਹ। ਏਦਾਂ ਗੁਰੂ ਅਤੇ ਸਿੱਖਾਂ ਵਿਚਾਲੇ ਭਵਜਲ ਹੈ।

ਜਗਤਾਰਜੀਤ ਸਿੰਘ

ਪ੍ਰਸ਼ਨ ਹੋ ਸਕਦਾ ਹੈ ਇਹ ਜਨ ਸਮੂਹ ਕਿਸ ਵਸਤੂ ਉੱਪਰ, ਕਿਵੇਂ ਖੜ੍ਹਾ ਹੈ? ਨਿਸ਼ਚਿਤ ਹੈ ਇਨ੍ਹਾਂ ਦੇ ਪੈਰਾਂ ਥੱਲੇ ਜ਼ਮੀਨ ਨਹੀਂ ਹੈ। ਕੀ ਇਹ ਭਵਸਾਗਰ ਵਿਚ ਹਨ, ਉਸ ਦੀਆਂ ਲਹਿਰਾਂ ਨਾਲ ਉੱਪਰ-ਥੱਲੇ ਹੋਣ ਕਾਰਨ ਡਰੇ ਹੋਏ ਹਨ ਅਤੇ ਬਚਾਅ ਲਏ ਜਾਣ ਲਈ ਅਰਜੋਈ ਕਰ ਰਹੇ ਹਨ।
ਗੁਰੂ ਨਾਨਕ ਦੇਵ ਦੇ ਸਿਰ ਘੋਟਵੀਂ ਪੀਲੇ ਰੰਗ ਦੀ ਪੱਗ ਹੈ ਜਿਸ ਉੱਪਰ ਸੇਲੀ ਹੈ। ਮੰਨਿਆ ਜਾਂਦਾ ਹੈ ਕਿ ਧਾਰਮਿਕ ਬਿਰਤੀ ਵਾਲੇ ਇਸ ਨੂੰ ਧਾਰਨ ਕਰਦੇ ਹਨ। ਲਗਪਗ ਪੀਲੇ ਰੰਗ ਨਾਲ ਮਿਲਦੇ-ਜੁਲਦੇ ਰੰਗ ਦਾ ਉਨ੍ਹਾਂ ਲੰਬਾ ਚੋਲਾ ਪਹਿਨਿਆ ਹੋਇਆ ਹੈ। ਗਲ ਭੂਰੇ-ਸਿਆਹ ਰੰਗੀ ਮਣਕਿਆਂ ਦੀ ਮਾਲਾ ਹੈ। ਇਨ੍ਹਾਂ ਦੇ ਮੋਢਿਆਂ ਉੱਪਰ ਨੀਲੇ ਰੰਗ ਦੀ ਚਾਦਰ ਹੈ। ਸੱਜੇ ਹੱਥ ਮਾਲਾ ਦੇ ਕਿੰਨੇ ਕੁ ਮਣਕੇ ਹਨ ਸਪਸ਼ਟ ਨਹੀਂ ਕਿਉਂਕਿ ਇਸ ਦਾ ਕੁਝ ਹਿੱਸਾ ਉਂਗਲਾਂ ਥੱਲੇ ਲੁਕਿਆ ਹੋਇਆ ਹੈ। ਇਨ੍ਹਾਂ ਪਿੱਛੇ ਰੱਖੇ ਹੋਏ ਵੱਡੇ ਗੋਲ ਸਿਰਹਾਣੇ ਦੀ ਭਿਣਕ ਪੈ ਰਹੀ ਹੈ। ਇਹ ਹਲਕੇ ਰੰਗ ਦੀ ਨੀਲੇ ਖਲਾਅ ਦੀ ਚਮਕ ਥੱਲੇ ਦੱਬਿਆ-ਦੱਬਿਆ ਲੱਗਦਾ ਹੈ। ਆਮ ਤੌਰ ’ਤੇ ਦਿਸ ਆਉਣ ਵਾਲੀਆਂ ਰਚਨਾਵਾਂ ਵਿਚ ਗੁਰੂ ਜੀ ਦੇ ਪਿੱਠ ਪਿੱਛੇ ਕੋਈ ਵੱਡਾ ਰੁੱਖ ਜਾਂ ਕੋਈ ਛੋਟੀ ਜਿਹੀ ਕੰਧ ਹੁੰਦੀ ਹੈ ਜਿਸ ਵਿਚਾਲੇ ਸਿਰਹਾਣਾ ਪਿਆ ਹੁੰਦਾ ਹੈ। ਇਸ ਤਸਵੀਰ ਵਿਚ ਨਾ ਰੁੱਖ ਹੈ ਤੇ ਨਾ ਹੀ ਕੰਧ। ਗੁਰੂ ਨਾਨਕ ਦੇਵ ਜੀ ਦੇ ਸੱਜੇ ਵੱਲ, ਚਰਨਾਂ ਦੇ ਕਰੀਬ ਭਾਈ ਮਰਦਾਨਾ ਹੱਥੀਂ ਰਬਾਬ ਲਈ ਬੈਠੇ ਹਨ। ਉਨ੍ਹਾਂ ਦੇ ਸਾਰੇ ਵਸਤਰ ਸਫ਼ੈਦ ਅਤੇ ਗਲ ਦੁਆਲੇ ਦੋ ਮਾਲਾਵਾਂ ਤੋਂ ਇਲਾਵਾ ਮਟਿਆਲੇ ਰੰਗ ਦਾ ਲੰਬਾ ਪਰਨਾ ਹੈ। ਗੁਰੂ ਸਾਹਿਬ ਦੇ ਨਾਲ ਜੇ ਮਰਦਾਨਾ ਹੈ ਤਾਂ ਉਨ੍ਹਾਂ ਹੱਥ ਰਬਾਬ ਜ਼ਰੂਰ ਹੋਵੇਗੀ। ਜੇ ਰਬਾਬ ਹੈ ਤਾਂ ਉਨ੍ਹਾਂ ਦੀਆਂ ਉਂਗਲਾਂ ਉਸ ਵਿਚੋਂ ਆਵਾਜ਼ ਕਸੀਦ ਰਹੀਆਂ ਹੋਣਗੀਆਂ।
ਲਗਪਗ ਅਜਿਹੀ ਸਥਿਤੀ ਭਾਈ ਬਾਲਾ ਦੀ ਹੈ। ਜੇ ਉਹ ਚਿੱਤਰ ਵਿਚ ਹਾਜ਼ਰ ਹਨ ਤਾਂ ਉਨ੍ਹਾਂ ਹੱਥ ਚਵਰ ਹੋਵੇਗਾ। ਉਹ ਖੜ੍ਹੇ ਹੋ ਸਕਦੇ ਹਨ ਜਾਂ ਬੈਠੇ ਹੋਏ, ਉਹ ਚਵਰ ਸੇਵਾ ਤੋਂ ਕਦੇ ਮੁਕਤ ਨਹੀਂ ਹੋਏ। ਅਪਵਾਦ ਰੂਪ ਵਿਚ ਸੋਭਾ ਸਿੰਘ ਦੀ ਤਸਵੀਰ ਮਿਲਦੀ ਹੈ ਜਿਹੜੀ 1979 ਵਿਚ ਬਣਾਈ ਗਈ ਸੀ। ਉੱਥੇ ਭਾਈ ਮਰਦਾਨਾ ਮੌਜੂਦ ਤਾਂ ਹਨ, ਪਰ ਉਨ੍ਹਾਂ ਹੱਥ ਰਬਾਬ ਨਹੀਂ ਹੈ। ਉਹ ਚੌਂਕੜਾ ਲਾ ਕੇ ਬੈਠੇ, ਸਮਾਧੀ ਲੀਨ ਹਨ। ਉੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਅਕਸ ਆਪਣੇ ਦੋਹਾਂ ਸਿੱਖਾਂ ਦੇ ਅਨੁਪਾਤ ਵਿਚ ਕਾਫ਼ੀ ਵੱਡਾ ਹੈ।
ਇਸ ਪੇਂਟਿੰਗ ਵਿਚ ਭਾਈ ਮਰਦਾਨਾ ਥੋੜ੍ਹਾ ਹਟਵਾਂ ਪਿੱਛੇ ਨੂੰ ਬੈਠੇ ਹਨ। ਇਨ੍ਹਾਂ ਦੇ ਸਿਰ ਉੱਪਰ ਲੰਬੀ ਲਾਲ ਟੋਪੀ, ਹਲਕੀ ਰੰਗਤ ਦਾ ਚੋਲਾ, ਪੀਲੇ ਰੰਗ ਦਾ ਪਰਨਾ ਅਤੇ ਗਲੇ ਵਿਚ ਮਣਕਿਆਂ ਦੀ ਮਾਲਾ ਹੈ। ਭਾਈ ਬਾਲਾ ਦੇ ਸੱਜੇ ਹੱਥ ਮੋਰ ਦੇ ਖੰਭਾਂ ਦਾ ਚਵਰ ਹੈ। ਦੋਹਾਂ ਸਿੱਖਾਂ ਦੀ ਮੌਜੂਦਗੀ ਸੰਕੇਤਕ ਪ੍ਰਤੀਤ ਹੁੰਦੀ ਹੈ।
ਕਾਲ ਪ੍ਰਵਾਹ ਵਿਚ ਪਏ ਵਿਅਕਤੀ ਦੇ ਨਿਰਣੇ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਇਹ ਚਿੱਤਰ ਇਸ ਗੁਣ-ਲੱਛਣ ਤੋਂ ਬਚ ਨਹੀਂ ਸਕਦਾ। ਚਿੱਤਰਕਾਰ ਦਾ ਰਚਿਆ ਸਰੂਪ ਜਿਵੇਂ ਦਰਸ਼ਕਾਂ ਨੂੰ ਦੇਖ ਰਿਹਾ ਹੈ, ਉਨ੍ਹਾਂ ਨੂੰ ਨਹੀਂ, ਜੋ ਉਨ੍ਹਾਂ ਦੇ ਦੁਆਲੇ ਖੜ੍ਹੇ ਅਰਜੋਈਆਂ ਕਰ ਰਹੇ ਹਨ।
ਇਕੋ ਸਾਹੇ ਦੇਖਣ ’ਤੇ ਪਤਾ ਲੱਗਦਾ ਹੈ ਕਿ ਨੀਲੇ ਰੰਗ ਅਤੇ ਇਸੇ ਦੀਆਂ ਰੰਗਤਾਂ ਦੀ ਭਰਮਾਰ ਹੈ। ਸਾਗਰ ਅਤੇ ਸਪੇਸ ਤਾਂ ਨੀਲੱਤਣ ਭਰੇ ਹੁੰਦੇ ਹਨ। ਨੀਲਾਪਣ ਆਪਣੇ ਅੰਦਰ ਰਹੱਸਾਂ ਨੂੰ ਸਾਂਭਣ ਵਾਲਾ ਰੰਗ ਹੈ।
ਗੁਰੂ ਜੀ ਦੇ ਸੀਸ ਪਿੱਛੇ ਬਣਾਇਆ ਆਭਾ ਚੱਕਰ ਕਾਫ਼ੀ ਡਿਜ਼ਾਈਨਦਾਰ ਹੈ। ਆਮ ਤੌਰ ’ਤੇ ਇਹ ਪ੍ਰਕਾਸ਼ ਪੁੰਜ ਸਾਦਾ ਸਫ਼ੈਦ ਹੁੰਦਾ ਹੈ।
ਜਦ ਕੋਈ ਕਲਾਕਾਰ ਕਈ ਖੇਤਰਾਂ ਵਿਚ ਵਿਚਰਦਾ ਹੈ ਤਾਂ ਇਕ ਖੇਤਰ ਦੇ ਗੁਣ-ਲੱਛਣ ਦੂਸਰੇ ਖੇਤਰ ਵਿਚ ਨਿਰਉਚੇਚ ਦਾਖਲ ਹੋ ਜਾਂਦੇ ਹਨ।

ਸੰਪਰਕ: 98990-91186


Comments Off on ਜੀ.ਐੱਸ. ਸੋਹਨ ਸਿੰਘ ਦਾ ਚਿੱਤਰ ‘ਸਰਬ ਸਾਂਝੀਵਾਲਤਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.