‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਜਵਾਹਰੇਵਾਲਾ ਕਾਂਡ: ਜਾਤੀਵਾਦ ਦੀਆਂ ਡੂੰਘੀਆਂ ਜੜ੍ਹਾਂ

Posted On August - 27 - 2019

ਲਛਮਣ ਸਿੰਘ ਸੇਵੇਵਾਲਾ

ਪੰਜਾਬ ਦੇ ਗਿੱਧਿਆਂ ਵਿਚ ਆਮ ਤੌਰ ’ਤੇ ਪਾਈ ਜਾਣ ਵਾਲੀ ਇਹ ਬੋਲੀ, ‘ਜੱਟੀ ਪੱਚੀਆਂ ਮੁਰੱਬਿਆਂ ਵਾਲੀ-ਕਚਹਿਰੀ ਵਿਚ ਮਿਲੇ ਕੁਰਸੀ’ ਆਪਣੇ ਅੰਦਰ ਡੂੰਘੇ ਆਰਥਿਕ, ਸਮਾਜਿਕ ਤੇ ਰਾਜਨੀਤਕ ਅਰਥ ਸਮੋਈ ਬੈਠੀ ਹੈ। ਇਹ ਬੋਲੀ ਇਸ ਗੱਲ ਦਾ ਪ੍ਰਤੀਕ ਹੈ ਕਿ ਆਰਥਿਕ ਤੌਰ ’ਤੇ ਕਾਣੀ ਵੰਡ ਵਾਲੇ ਸਾਡੇ ਸਮਾਜ ’ਚ ਵੱਡੀਆਂ ਜ਼ਮੀਨੀ ਢੇਰੀਆਂ ਵਾਲਿਆਂ ਦੀ ਹੀ ਸਰਕਾਰੇ-ਦਰਬਾਰੇ ਪੁੱਗਤ ਹੈ। ਜਿੰਨੀ ਵੱਡੀ ਜ਼ਮੀਨ ਮਾਲਕੀ ਤੇ ਆਰਥਿਕ ਹੈਸੀਅਤ ਓਨੀ ਜ਼ਿਆਦਾ ਹੀ ਉਸਦੀ ਸੱਤਾ ਦੇ ਗਲਿਆਰਿਆਂ ’ਚ ਵੁੱਕਤ ਤੇ ਪੁੱਗਤ। ਯਾਨੀ ਜਾਇਦਾਦਾਂ ਨੂੰ ਹੀ ਕੁਰਸੀਆਂ ਨੇ। ਸੱਥਾਂ ’ਚ ਵੀ ਤੇ ਥਾਣੇ, ਕਚਹਿਰੀ ’ਚ ਵੀ। ਇਸੇ ਗੱਲ ਨੂੰ ਡਾ. ਸਵਾਮੀਨਾਥਨ ਵੀ ਆਪਣੀ ਰਿਪੋਰਟ ’ਚ ਆਖਦਾ ਹੈ ਕਿ ਜ਼ਮੀਨ ਦਾ ਸਵਾਲ ਸਿਰਫ਼ ਆਰਥਿਕ ਹੀ ਨਹੀਂ, ਸਗੋਂ ਇਸਦੀ ਸਮਾਜਿਕ ਤੇ ਰਾਜਨੀਤਕ ਮਹੱਤਤਾ ਵੀ ਹੈ। ਇਸਦੇ ਉਲਟ ਗਿੱਧਿਆਂ ’ਚ ਪੈਂਦੀ ਇਹ ਬੋਲੀ ‘ਹੱਥ ਸੋਚ ਕੇ ਗੰਦਲ ਨੂੰ ਪਾਈਂ ਨੀਂ ਕਿਹੜੀ ਐਂ ਤੂੰ ਸਾਗ ਤੋੜਦੀ’ ਜ਼ਮੀਨ-ਜਾਇਦਾਦ ਤੋਂ ਵਾਂਝੇ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀ ਬੇਵੁੱਕਤੀ ਨੂੰ ਦੁਰਸਾਉਂਦੀ ਹੈ।
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਵਿਖੇ 13 ਜੁਲਾਈ ਨੂੰ ਵਾਪਰੇ ਗੋਲੀ ਕਾਂਡ ਪਿੱਛੋਂ ਦੇ ਵਰਤਾਰੇ ਨੂੰ ਨੇੜਿਓਂ ਤੱਕਦਿਆਂ ਇਨ੍ਹਾਂ ਲੋਕ ਬੋਲੀਆਂ ਵਿਚਲੀ ਸਚਾਈ ਹੋਰ ਵੀ ਪ੍ਰਤੱਖ ਦਿਖਾਈ ਦਿੰਦੀ ਹੈ। ਇਸ ਪਿੰਡ ਦਾ ਨੌਜਵਾਨ ਸਰਪੰਚ ਲਖਵਿੰਦਰ ਸਿੰਘ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਪਿੰਡ ਅੰਦਰ ਪੰਚਾਇਤੀ ਕੰਮ ਕਾਜ ਕਿਵੇਂ ਚੱਲੇ? ਇਸ ਗੱਲ ਨੂੰ ਲੈ ਕੇ ਪਿੰਡ ਅੰਦਰ ਪਿਛਲੇ ਕੁਝ ਸਮੇਂ ਤੋਂ ਰੱਫੜ ਪਿਆ ਹੋਇਆ ਸੀ। ਇਹ ਵੱਡੀਆਂ ਜ਼ਮੀਨਾਂ ਦੇ ਮਾਲਕ ਤੇ ਉਨ੍ਹਾਂ ਦੇ ਕੁਝ ਪਾਛੂ ਚਾਹੁੰਦੇ ਸੀ ਕਿ ਸਰਪੰਚ ਉਨ੍ਹਾਂ ਮੁਤਾਬਕ ਹੀ ਚੱਲੇ, ਪਰ ਸਰਪੰਚ ਤੇ ਉਸਦੇ ਹਮਾਇਤੀ ਕੁਝ ਦਲਿਤ ਪਰਿਵਾਰ ਇਸ ਦਖਲ ਨੂੰ ਪ੍ਰਵਾਨ ਨਹੀਂ ਸੀ ਕਰਦੇ। ਬਸ! ਇਹੀ ਗੱਲ ਮੁਰੱਬਿਆਂ ਵਾਲਿਆਂ ਲਈ ਵੱਡੀ ਤੌਹੀਨ ਬਣ ਗਈ। ਉਹ ਦਲਿਤ ਸਰਪੰਚ ਤੇ ਉਸਦੀ ਧਿਰ ਨੂੰ ਸਬਕ ਸਿਖਾਉਣ ’ਤੇ ਉਤਰ ਆਏ। ਪਿੰਡ ਦੇ ਕਾਂਗਰਸੀ ਲੀਡਰਾਂ, ਜਗੀਰਦਾਰਾਂ ਤੇ ਆੜ੍ਹਤ ਦੇ ਕਰੋਬਾਰੀਆਂ ਵੱਲੋਂ ਆਪਣੇ ਕੁਝ ਹਮਾਇਤੀਆਂ ਨੂੰ ਨਾਲ ਲੈ ਕੇ ਦਲਿਤ ਬਸਤੀ ’ਤੇ ਚੜ੍ਹਾਈ ਕਰ ਦਿੱਤੀ। ਬੰਦੂਕਾਂ, ਪਿਸਤੌਲਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਇਸ ਟੋਲੀ ਨੇ ਦਲਿਤ ਬਸਤੀ ’ਚ ਮਨਰੇਗਾ ਤਹਿਤ ਗਲੀ ਦਾ ਕੰਮ ਕਰਦੇ ਮਜ਼ਦੂਰਾਂ ’ਤੇ ਗੋਲੀਆਂ ਦਾਗ਼ ਦਿੱਤੀਆਂ। ਪਲਾਂ ਛਿਣਾਂ ’ਚ ਹੀ ਦਲਿਤ ਪਰਿਵਾਰ ਦੇ ਨੌਜਵਾਨ ਕਿਰਨਦੀਪ ਸਿੰਘ ਤੇ ਉਸਦੀ ਭਰਜਾਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਦੇ ਕੁਝ ਹੋਰ ਮੈਂਬਰ ਜ਼ਖਮੀ ਵੀ ਹੋ ਗਏ।

ਲਛਮਣ ਸਿੰਘ ਸੇਵੇਵਾਲਾ

ਭਾਵੇਂ ਇਸ ਦੋਹਰੇ ਕਤਲ ਕੇਸ ਦੇ ਮਾਮਲੇ ’ਚ ਪੁਲੀਸ ਨੂੰ ਇਕ ਬਲਾਕ ਪੱਧਰੀ ਕਾਂਗਰਸੀ ਲੀਡਰ ਸਮੇਤ 12 ਜਣਿਆਂ ’ਤੇ ਮੁਕੱਦਮਾ ਦਰਜ ਕਰਨ ਦਾ ਕੌੜਾ ਅੱਕ ਤਾਂ ਚੱਬਣਾ ਪੈ ਗਿਆ, ਪਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਾਕੀਆਂ ਦੀ ਗ੍ਰਿਫ਼ਤਾਰੀ ਤੋਂ ਪੁਲੀਸ ਨੇ ਘੇਸਲ ਵੱਟ ਲਈ ਸੀ। ਜਿਸ ਕਾਰਨ ਪੁਲੀਸ ’ਤੇ ਆਰਥਿਕ ਤੇ ਸਿਆਸੀ ਦਬਾਅ ਸਪੱਸ਼ਟ ਦਿਖਾਈ ਦੇ ਰਿਹਾ ਸੀ। ਇਸ ਲਈ ਕੇਸ ਦੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਦੀ ਅਗਵਾਈ ’ਚ 14 ਜੁਲਾਈ ਤੋਂ 22 ਜੁਲਾਈ ਤਕ ਮੁਕਤਸਰ ਵਿਖੇ ਦਿਨ-ਰਾਤ ਦਾ ਸੰਘਰਸ਼ ਚੱਲਦਾ ਰਿਹਾ। ਇਸ ਸਾਰੇ ਸੰਘਰਸ਼ ਦੌਰਾਨ ਪਿੰਡ ਦਾ ਸਰਪੰਚ ਲਖਵਿੰਦਰ ਸਿੰਘ ਅਕਸਰ ਮੌਜੂਦ ਰਿਹਾ। ਇਸੇ ਦੌਰਾਨ ਐਕਸ਼ਨ ਕਮੇਟੀ ਦੀਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨਾਲ ਕਈ ਬੈਠਕਾਂ ਹੋਈਆਂ ਹਨ। ਇਨ੍ਹਾਂ ਬਹੁਤੀਆਂ ਬੈਠਕਾਂ ’ਚ ਸਰਪੰਚ ਲਖਵਿੰਦਰ ਸਿੰਘ ਵੀ ਹਾਜ਼ਰ ਹੁੰਦਾ ਰਿਹਾ ਹੈ, ਪਰ ਨਾ ਤਾਂ ਕਿਸੇ ਅਧਿਕਾਰੀ ਵੱਲੋਂ ਉਸਨੂੰ ਕਦੇ ਤਵੱਜੋ ਦਿੱਤੀ ਗਈ ਅਤੇ ਨਾ ਹੀ ਸਰਪੰਚ ਦਾ ਇਨ੍ਹਾਂ ਅਫ਼ਸਰਾਂ ਅੱਗੇ ਖ਼ੁਦ ਬੋਲਣ ਦਾ ਹੀਆ ਪਿਆ।
ਇਸ ਮਾਮਲੇ ’ਚ ਮੁਲਜ਼ਮ ਧਿਰ ਦੇ ਮੁਖੀਆਂ ਕੋਲ ਵੱਡੀਆਂ ਜ਼ਮੀਨਾਂ ਜਾਇਦਾਦਾਂ ਤੇ ਇਸ ਆਸਰੇ ਹੁਕਮਰਾਨ ਕਾਂਗਰਸ ਪਾਰਟੀ ’ਚ ਮਿਲੇ ਰੁਤਬੇ ਅਤੇ ਉੱਚ ਜਾਤੀ ਦਾ ਰਸੂਖ਼ ਪ੍ਰਤੱਖ ਦਿਖਾਈ ਦਿੱਤਾ। ਇਹ ਵੱਡੀ ਜ਼ਮੀਨ ਮਾਲਕੀ ਹੀ ਹੈ ਜੋ ਜਗੀਰੂ ਜਮਾਤਾਂ ਨੂੰ ਪਿੰਡ ਦੀ ਸੁਪਰ ਪਾਵਰ ਹੋਣ ਦੀ ਭਾਵਨਾ ਤੇ ਬਲ ਬਖ਼ਸ਼ਦੀ ਹੈ। ਉਂਜ ਤਾਂ ਉਹ ਗ਼ਰੀਬ ਕਿਸਾਨਾਂ ਨੂੰ ਵੀ ਆਪਣੇ ਅਧੀਨ ਹੀ ਰੱਖਦੇ ਹਨ, ਪਰ ਸਦੀਆਂ ਤੋਂ ਲਿਤਾੜੇ ਦਲਿਤ ਵਰਗ ਦਾ ਕਿਸੇ ਵੀ ਢੰਗ ਨਾਲ ਆਪਣੀ ਰਜਾ ਪੁਗਾਉਣ ਦਾ ਨਿੱਕੇ ਤੋਂ ਨਿੱਕਾ ਕਦਮ ਵੀ ਉਨ੍ਹਾਂ ਨੂੰ ਨਾਬਰੀ ਜਾਪਦਾ ਹੈ। ਉਨ੍ਹਾਂ ਨੂੰ ਨਿੱਕੀ ਜਾਤ ਦੇ ਸਿਰ ਚੜ੍ਹ ਜਾਣ ਦਾ ਖ਼ਤਰਾ ਜਾਪਦਾ ਹੈ ਤੇ ਉਨ੍ਹਾਂ ਅੰਦਰ ਦਲਿਤਾਂ ਨੂੰ ਸਬਕ ਸਿਖਾਉਣ ਦੀ ਭਾਵਨਾ ਸਿਖਰਾਂ ਛੋਹ ਲੈਂਦੀ ਹੈ। ਇਹੀ ਕੁਝ ਜਵਾਹਰੇਵਾਲਾ ’ਚ ਵਾਪਰਿਆ ਹੈ।
ਇਹ ਘਟਨਾ ਦਲਿਤ ਵਰਗ ਨੂੰ ਪੰਚਾਇਤਾਂ ’ਚ ਰਾਖਵਾਂਕਰਨ ਦੇ ਕੇ ਬਰਾਬਰੀ ਤੇ ਜਮਹੂਰੀਅਤ ਦੇ ਕੀਤੇ ਜਾਂਦੇ ਦਾਅਵਿਆਂ ਦਾ ਮੂੰਹ ਚਿੜਾਉਂਦੀ ਹੈ। ਇਹ ਸਮੁੱਚਾ ਘਟਨਾਕ੍ਰਮ ਇਹ ਸਾਬਤ ਕਰਦਾ ਹੈ ਕਿ ਜ਼ਮੀਨ ਜਾਇਦਾਦ ਤੋਂ ਹੀਣੇ ਦਲਿਤ ਵਰਗ ਲਈ ਪੰਚ, ਸਰਪੰਚ ਬਣ ਕੇ ਵੀ ਇਸ ਵਰਗ ਦੀ ਹੋਣੀ ਨਹੀਂ ਬਦਲ ਸਕਦੀ, ਸਗੋਂ ਅਜਿਹੇ ਰੁਤਬੇ ਵੀ ਉਨ੍ਹਾਂ ਨੂੰ ਵੱਡੇ ਜ਼ਮੀਨ ਮਾਲਕਾਂ ਤੇ ਜ਼ੋਰਾਵਾਰਾਂ ਅਧੀਨ ਰਹਿ ਕੇ ਹੀ ਪੁੱਗ ਸਕਦੇ ਹਨ। ਇਨ੍ਹਾਂ ਦੀ ਰਜ਼ਾ ਤੋਂ ਉਲਟ ਕੀਤਾ ਕਾਰਜ ਬਹੁਤ ਮਹਿੰਗਾ ਪੈ ਜਾਂਦਾ ਹੈ। ਇਨ੍ਹਾਂ ਦੀ ਰਜ਼ਾ ’ਚ ਚੱਲਣ ਵਾਲੇ ਇਕਾ ਦੁੱਕਾ ਦਲਿਤ ਪਰਿਵਾਰ ਤਾਂ ਆਪਣੇ ਭਾਈਚਾਰੇ ਨਾਲੋਂ ਟੁੱਟ ਕੇ ਚੰਦ ਰਿਆਇਤਾਂ ਦਾ ਸੁੱਖ ਮਾਣ ਸਕਦੇ ਹਨ, ਪਰ ਅਜਿਹੇ ਪੰਚਾਇਤੀ ਰੁਤਬੇ ਇਸ ਦੱਬੇ-ਕੁੱਚਲੇ ਵਰਗ ਦੀ ਸਰਕਾਰੇ-ਦਰਬਾਰੇ ਪੁੱਗਤ ਦਾ ਸਾਧਨ ਨਹੀਂ ਬਣ ਸਕਦੇ। ਕੁੱਲ ਮਿਲਾ ਕੇ ਇਹੀ ਸਿੱਟਾ ਨਿਕਲਦਾ ਹੈ ਕਿ ਜ਼ਮੀਨਾਂ ਵਾਲਿਆਂ ਦੀ ਹੀ ਪੰਚਾਇਤਾਂ ਅੰਦਰ ਸਰਦਾਰੀ ਪੁੱਗਦੀ ਹੈ, ਉਹ ਕੋਈ ਚੋਣ ਜਿੱਤੇ ਹੋਣ ਜਾਂ ਨਾ।
ਇਸ ਪੀੜਤ ਦਲਿਤ ਧਿਰ ਦੇ ਵੀ ਹੁਕਮਰਾਨ ਕਾਂਗਰਸ ਪਾਰਟੀ ਦਾ ਅੰਗ ਹੋਣ ਦੇ ਬਾਵਜੂਦ ਜਿਵੇਂ ਕਿਸੇ ਕਾਂਗਰਸੀ ਲੀਡਰ ਨੇ ਉਨ੍ਹਾਂ ਦੀ ਇਸ ਔਖੀ ਘੜੀ ਵੀ ਬਾਤ ਤਕ ਨਹੀਂ ਪੁੱਛੀ, ਇਹ ਹਕੀਕਤ ਸਾਬਤ ਕਰਦੀ ਹੈ ਕਿ ਜ਼ਮੀਨ ਜਾਇਦਾਦ ਤੇ ਸੰਦ ਸਾਧਨਾਂ ਤੋਂ ਵਾਂਝੇ ਇਸ ਵਰਗ ਦੇ ਲੋਕ ਇਨ੍ਹਾਂ ਪਾਰਟੀਆਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ। ਇਨ੍ਹਾਂ ਸਭ ਪਾਰਟੀਆਂ ਦਾ ਦਲਿਤਾਂ ਪ੍ਰਤੀ ਹੇਜ ਨਕਲੀ ਹੈ। ਅਸਲ ਵਿਚ ਵੱਡੀਆਂ ਜ਼ਮੀਨਾਂ ਦੇ ਮਾਲਕ ਹੀ ਇਨ੍ਹਾਂ ਪਾਰਟੀਆਂ ਦੀ ਕੰਗਰੋੜ ਹੁੰਦੇ ਹਨ, ਇਨ੍ਹਾਂ ਦੇ ਰੋਹਬ-ਦਾਬ ਤੇ ਆਰਥਿਕ ਦਾਬੇ ਆਸਰੇ ਹੀ ਇਹ ਪਾਰਟੀਆਂ ਦਲਿਤਾਂ, ਗ਼ਰੀਬ ਕਿਸਾਨਾਂ ਤੇ ਹੋਰ ਕਮਜ਼ੋਰ ਹਿੱਸਿਆਂ ’ਤੇ ਕਾਠੀ ਪਾ ਕੇ ਰੱਖਦੀਆਂ ਹਨ ਤੇ ਆਪਣੀਆਂ ਵੋਟਾਂ ਪੱਕੀਆਂ ਕਰਦੀਆਂ ਹਨ।
ਪੀੜਤ ਮਜ਼ਦੂਰ ਧਿਰ ਲਈ ਇਨਸਾਫ਼ ਲਈ ਵਿੱਢੇ ਸੰਘਰਸ਼ ’ਚ ਕੁਝ ਕਿਸਾਨ ਜਥੇਬੰਦੀਆਂ ਦਾ ਹਮਾਇਤੀ ਕੰਨ੍ਹਾ ਲਾਉਣਾ ਸ਼ਲਾਘਾਯੋਗ ਹੈ। ਇਸ ਨੇ ਜਿੱਥੇ ਮਜ਼ਦੂਰ ਸੰਘਰਸ਼ ਨੂੰ ਜਥੇਬੰਦ ਸ਼ਕਤੀ ਪ੍ਰਦਾਨ ਕੀਤੀ ਹੈ, ਉੱਥੇ ਮੁਲਜ਼ਮਾਂ ਵੱਲੋਂ ਇਸ ਮਾਮਲੇ ਨੂੰ ਜਾਤ-ਪਾਤ ਰੰਗਤ ਦੇ ਕੇ ਜਾਤੀ ਵੰਡ ਪਾਉਣ ਦੇ ਮਨਸੂਬਿਆਂ ਨੂੰ ਵੀ ਖੋਰਾ ਲਾਇਆ ਹੈ ਤੇ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਨੂੰ ਬਲ ਮਿਲਿਆ ਹੈ।
ਜਾਇਦਾਦ ਤੋਂ ਹੀਣੇ ਜਾਂ ਘੱਟ ਜ਼ਮੀਨ ਮਾਲਕੀ ਵਾਲੇ ਹਿੱਸੇ ਇਨ੍ਹਾਂ ਮੁਰੱਬਿਆਂ ਵਾਲਿਆਂ ਦੇ ਧੱਕੇ, ਦਾਬੇ ਤੇ ਜਬਰ ਦਾ ਮੁਕਾਬਲਾ ਚੇਤਨ ਤੇ ਜਥੇਬੰਦ ਹੋ ਕੇ ਹੀ ਕਰ ਸਕਦੇ ਹਨ। ਔਰਤਾਂ, ਦਲਿਤ, ਬੇਜ਼ਮੀਨੇ ਤੇ ਥੁੜ੍ਹ ਜ਼ਮੀਨੇ ਕਿਸਾਨ ਤੇ ਹੋਰ ਦੱਬੇ ਕੁਚਲੇ ਲੋਕ ਆਪਣੇ ਸਾਂਝੇ ਤੇ ਵਿਸ਼ਾਲ ਘੋਲਾਂ ਦੇ ਜ਼ੋਰ ਨਾਲ ਹੀ ਜ਼ਮੀਨ, ਜਾਇਦਾਦ ਤੇ ਸੰਦ ਸਾਧਨਾਂ ਦੀ ਕਾਣੀ ਵੰਡ ਵਾਲੀ ਪ੍ਰਥਾ ਤੋਂ ਛੁਟਕਾਰਾ ਪਾ ਸਕਦੇ ਹਨ। ਜਵਾਹਰੇਵਾਲਾ ਮਾਮਲੇ ’ਚ ਵੀ ਲੋਕਾਂ ਦੇ ਜਥੇਬੰਦ ਸੰਘਰਸ਼ ਨੇ ਹੀ ਸਭਨਾਂ ਦੁਸ਼ਵਾਰੀਆਂ ਦੇ ਬਾਵਜੂਦ ਕਈ ਅਹਿਮ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸ਼ੀਖਾਂ ਪਿੱਛੇ ਪਹੁੰਚਾ ਕੇ ਮਹੱਤਵਪੂਰਨ ਜਿੱਤ ਦਰਜ ਕਰਵਾਈ ਹੈ।

ਸੰਪਰਕ: 76963-63025


Comments Off on ਜਵਾਹਰੇਵਾਲਾ ਕਾਂਡ: ਜਾਤੀਵਾਦ ਦੀਆਂ ਡੂੰਘੀਆਂ ਜੜ੍ਹਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.