ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਜਦੋਂ ਪਾਕਿਸਤਾਨੋਂ ਮਕਾਣ ਆਈ!

Posted On August - 24 - 2019

ਵੰਡ ਦੇ ਦੁੱਖੜੇ

ਸਾਂਵਲ ਧਾਮੀ

“ਨੇੜੇ-ਤੇੜੇ ਦੇ ਸੱਤ-ਅੱਠ ਪਿੰਡ ਜਲਾਲ ਵਿਚੋਂ ਨਿਕਲ ਕੇ ਬੱਝੇ ਆ। ਕੋਇਰ ਸਿੰਘ ਹੁਰੀਂ ਵੀ ਜਨਮ ਜਲਾਲ ਪਿੰਡ ’ਚ ਲਿਆ ਸੀ। ਸਾਡੇ ਪਿੰਡ ਦੇ ਨਰਵਾਣ ਖੇੜੀਓਂ ਆਏ ਸਨ। ਚੱਠੇ ਖਿੜਕੀਆਂ ਵਾਲਿਓਂ, ਮਿਸਤਰੀ ਰੌਂਤੇ ਤੋਂ ਤੇ ਪੰਡਤ ਜਲਾਲ ਤੋਂ। ਸ਼ੀਹਾਂ ਤੇ ਪਲਾਣਾ, ਦੋ ਮੁਸਲਮਾਨ ਪੱਕੇ ਪਤਲਾਣੇ ਤੋਂ ਆਏ ਸੀ। ਪਿੰਡ ਬੰਨ੍ਹਣ ਵੇਲੇ ਇਨ੍ਹਾਂ ਸਾਰਿਆਂ ਨੂੰ ਬਾਬਾ ਕੁਇਰ ਸਿੰਘ ਨੇ ਜ਼ਮੀਨ ਵੀ ਦਿੱਤੀ ਸੀ। ਸੰਤਾਲੀ ਵੇਲੇ ਇੱਥੇ ਢਾਈ ਸੌ ਮੁਸਲਮਾਨ ਵੱਸਦੇ ਸਨ।”
ਬਠਿੰਡੇ ਜ਼ਿਲ੍ਹੇ ਦਾ ਕੋਇਰ ਸਿੰਘ ਵਾਲਾ ਪਿੰਡ ਕਿਵੇਂ ਬੱਝਿਆ? ਕਿਹੜੇ-ਕਿਹੜੇ ਲੋਕ, ਕਿੱਥੋਂ-ਕਿੱਥੋਂ ਆਏ? ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਸੌ ਸਾਲਾ ਬਾਬਾ ਦਲੀਪ ਸਿੰਘ ਨਰਵਾਣ ਹੀ ਦੇ ਸਕਦਾ ਸੀ।
ਮੈਂ ਸੰਤਾਲੀ ਬਾਰੇ ਪੁੱਛਿਆ ਤਾਂ ਉਹ ਮਾਣ ’ਚ ਬੋਲਿਆ, “ਸਾਡੀ ਜੂਹ ’ਚ ਕੋਈ ਮੁਸਲਮਾਨ ਨਹੀਂ ਮਾਰਿਆ ਗਿਆ। ਸਾਡਾ ਮੋਹਰੀ ਬੰਤ ਚੱਠਾ ਹੁੰਦਾ ਸੀ। ਉਹਨੇ ਧਰਮਸ਼ਾਲਾ ’ਤੇ ਚੜ੍ਹ ਕੇ ਹੋਕਾ ਦਿੱਤਾ ਸੀ ਕਿ ਮੈਨੂੰ ਮਾਰ ਕੇ ਕੋਈ ਇਨ੍ਹਾਂ ਦੇ ਨੇੜੇ ਆ ਸਕਦਾ। ਮੇਰੀ ਉਮਰ ਉਦੋਂ ਤੇਈ ਕੁ ਸਾਲ ਸੀ ਤੇ ਉਹ ਜੁਆਕ-ਜੱਲੇ ਵਾਲਾ ਸੀ। ਕਿਰਤੀਆਂ ਦੇ ਹੱਕਾਂ ਵਾਲੇ ਹਰ ਘੋਲ ’ਚ ਉਹਨੇ ਮੂਹਰੇ ਹੋ ਕੇ ਲੜਾਈ ਲੜੀ ਸੀ। ਸੰਤਾਲੀ ਵੇਲੇ ਇਲਾਕੇ ਦੇ ਬਹੁਤੇ ਮੁਸਲਮਾਨ ਅਸੀਂ ਹਠੂਰ ਵਾਲੇ ਕਾਫਲੇ ਨਾਲ ਰਲਾਏ ਸੀ। ਸਾਡੀ ਪਾਰਟੀ ਦਾ ਵੀ ਏਹੋ ਫ਼ੈਸਲਾ ਸੀ ਕਿ ਆਪਾਂ ਬਚਾਉਣ ਵਾਲੇ ਪਾਸੇ ਚੱਲਣਾ।”
“ਕਿਵੇਂ ਬਚਾਏ ਤੁਸੀਂ ਪਿੰਡ ਵਾਲੇ ਮੁਸਲਮਾਨ?” ਮੈਂ ਪੁੱਛਿਆ।
“ਪਹਿਲਾਂ ਅਸੀਂ ਫੂਲ ਛੱਡ ਕੇ ਆਏ। ਇਹ ਆਂਹਦੇ ਸੀ ਅਸੀਂ ਰਾਤ ਨੂੰ ਰੇਲ-ਗੱਡੀ ਚੜ੍ਹਾਂਗੇ। ਮੁਸਲਮਾਨਾਂ ਗੱਡੇ-ਗੱਡੀਆਂ ਜੋੜ ਲਏ। ਬੰਤ ਚੱਠਾ, ਸੁਦਾਗਰ ,ਲਾਭ ਸਿਉਂ ਮਿਸਤਰੀ, ਜ਼ੋਰਾ ਤੇ ਮੈਂ; ਅਸੀਂ ਪੰਜ ਜਣੇ ਗਏ ਸੀ। ਭਾਈ ਰੂਪੇ ਵਿਚ ਦੀ ਲੰਘਣ ਲੱਗੇ ਤਾਂ ਲੰਗਰ ਦੇ ’ਗਵਾੜ ਕੋਲੇ ਬੰਦਿਆਂ ਨੂੰ ਫਹਿਤ ਬੁਲਾ ਤੀ। ਉਹ ਆਂਹਦੇ ਫਤਿਹ ਨਾ ਬੁਲਾਓ, ਸਾਹਬ-ਸਲਾਮ ਬੁਲਾਓ ਜੇ ਇਨ੍ਹਾਂ ਮੁਸਲਿਆਂ ਨਾਲ ਜਾਂਦੇ ਆਂ ਤਾਂ। ਬੰਤ ਚੱਠਾ ਸੀ ਜ਼ਿਆਦਾ ਦਲੇਰੀ ’ਚ। ਉਹ ਆਂਹਦਾ ਕਿ ਚੰਗਾ ਫਿਰ ਸਾਹਬ-ਸਲਾਮ ਈ ਸਹੀ। ਸਾਡੇ ਕੋਲ ਵੀ ਬਰਛੇ ਸੀਗੇ। ਅਸੀਂ ਗੱਡੇ ਖੜ੍ਹਾ ਲਏ। ਉੱਥੇ ਇਕ ਭਾਈ ਕਿਆਂ ’ਚੋਂ ਗੁਰਦਿੱਤ ਸਿੰਘ ਹੁੰਦਾ ਸੀ। ਉਹ ਕਹਿਣ ਲੱਗਾ ਕਿ ਤੁਸੀਂ ਜਾਓ, ਕੋਈ ਨਹੀਂ ਆਉਣ ਲੱਗਾ, ਤੁਹਾਡੇ ਮਗਰ। ਅਸੀਂ ਤੁਰ ਪਏ। ’ਗਾਂਹ ਮੀਂਹ ਪੈਣ ਲੱਗ ਪਿਆ। ਮੀਂਹ ’ਚ ਸਾਡੇ ’ਤੇ ਭਾਈ ਬਿਜਲੀ ਨੇ ਵੀ ਵਾਰ ਕੀਤਾ। ਇਕ ਊਠ ਮਰ ਗਿਆ। ਉਹਦੇ ’ਤੇ ਜਵਾਨ ਜਨਾਨੀ ਸਵਾਰ ਸੀ। ਉਹ ਵੀ ਮਰ ਗਈ, ਫੂਲ਼ ’ਚ ਮੁਸਲਮਾਨਾਂ ਨੂੰ ਛੱਡ ਕੇ ਅਸੀਂ ਰਾਤ ਨੂੰ ਵਾਪਸ ਮੁੜ ਆਏ। ਇਹ ਉੱਥੇ ਤਿੰਨ ਦਿਨ ਗੱਡੀ ਉਡੀਕਦੇ ਰਹੇ। ਫਿਰ ਰਾਜੇ ਦੇ ਅਹਿਲਕਾਰ ਮੁਸਲਮਾਨਾਂ ਨੂੰ ਕਹਿਣ ਲੱਗੇ ਕਿ ਹੁਣ ਸਮਝੌਤਾ ਹੋ ਗਿਆ ਹੈ ਤੇ ਗੱਡੀਆਂ ਹੋ ਗਈਆਂ ਨੇ ਬੰਦ। ਤੁਸੀਂ ਆਪੋ-ਆਪਣੇ ਪਿੰਡਾਂ ਨੂੰ ਚਲੇ ਜਾਓ। ਕਾਰਨ ਇਹ ਸੀ ਕਿ ਮੁਸਲਮਾਨ ’ਕੱਠੇ ਹੋਈ ਜਾਂਦੇ ਸੀ ਤੇ ਉਨ੍ਹਾਂ ਸੋਚਿਆ ਕਿ ਕੋਈ ਹੋਰ ਮਸਲਾ ਨਾ ਹੋ ਜਾਏ। ਇਨ੍ਹਾਂ ਨੂੰ ਬਹਾਨੇ ਨਾਲ ਖਿੰਡਾ ਦਿਓ। ਇਹ ਵਿਚਾਰੇ ਮੁੜ ਪਏ। ਗਿੱਲਾਂ ਤੇ ਭਾਈ ਰੂਪੇ ਵਾਲੀ ਕੱਸੀ ਕੋਲੇ ਇਨ੍ਹਾਂ ’ਤੇ ਹਮਲਾ ਹੋ ਗਿਆ। ਬੱਸ ਅੱਧੇ ਕੁ ਮੁੜੇ ਆ ਓਥੋਂ। ਉਨ੍ਹਾਂ ’ਚੋਂ ਵੀ ਬਹੁਤੇ ਜ਼ਖ਼ਮੀ ਹੋਏ ਪਏ ਸੀ। ਫਿਰ ਅਸੀਂ ਸਾਰਿਆਂ ਦੀ ਸਾਂਭ-ਸੰਭਾਲ ਕੀਤੀ। ਅਗਲੇ ਗੇੜੇ ਬੁੱਢੀਆਂ ਨੂੰ ਸਾਡੇ ਬਜ਼ੁਰਗ ਛੱਡ ਕੇ ਆਏ ਤੇ ਬੰਦਿਆਂ ਨਾਲ ਅਸੀਂ ਜਵਾਨ ਗਏ।
ਤੀਜੇ ਗੇੜੇ ਫਿਰ ਅਸੀਂ ਸੇਖ਼ੇ ਵਾਲਿਆਂ ਨੂੰ ਵੀ ਛੱਡਣ ਗਏ। ਉਹ ਸਾਡਾ ਫੁੱਫੜ ਲੱਗਦਾ ਸੀ, ਬੁੱਢਾ ਸੇਖ਼ੇ ਵਾਲਾ। ਉਹ ਇੱਥੇ ਸਾਡੇ ਪਿੰਡ ਵਿਆਹਿਆ ਹੋਇਆ ਸੀ। ਇੱਥੇ ਹਲਚਲਾ ਪੰਜ ਕੁ ਦਿਨ ਮਗਰੋਂ ਆਇਆ। ਇਕ ਗੁਲਜ਼ਾਰਾ ਹੁੰਦਾ ਸੀ ਸੇਖ਼ੇ ਦਾ। ਉਹ ਬੜਾ ਧੜੱਲੇਦਾਰ ਬੰਦਾ ਸੀ। ਅਸੀਂ ਇਸ ਟੱਬਰ ਨੂੰ ਉਸਦੇ ਕੋਲ ਲੁਕੋ ਕੇ ਆਏ ਸੀ। ਜਦੋਂ ਹਨੇਰੀ ਲੰਘ ਗਈ ਤਾਂ ਉਹ ਸਾਰੇ ਅਸੀਂ ਇੱਥੇ ਲਿਆਂਦੇ। ਫਿਰ ਜਦੋਂ ਉਨ੍ਹਾਂ ਨੂੰ ਛੱਡਣ ਗਏ, ਸਾਡੇ ਕੋਲ ਕਿਰਪਾਨਾਂ ਤੇ ਬਰਛੇ ਸਨ। ਮੈਨੂੰ ਇਉਂ ਨਹੀਂ ਪਤਾ ਕਿ ਮੇਰੇ ਲੱਕ ਨਾਲ ਉਨ੍ਹਾਂ ਕੀ ਬੰਨ੍ਹਿਆ। ਇਕ ਪਤਲੀ ਜਿਹੀ ਚੁੰਨੀ ਸੀ। ਉਨ੍ਹਾਂ ਦਾ ਮਤਲਬ ਇਹ ਕਿ ਜੇ ਅਸੀਂ ਮਾਰੇ ਗਏ ਤਾਂ ਇਹ ਸਾਮਾਨ ਇਨ੍ਹਾਂ ਕੋਲ ਹੀ ਰਹਿ ਜਾਊਗਾ। ਪਹਿਲੇ ਦਿਨ ਤਾਂ ਅਸੀਂ ਵਾਟ ਬਾਹਲੀ ਕੀਤੀ। ਅਸੀਂ ਪਹਿਲਾਂ ਛੱਤੇਆਣੇ ਗਏ। ਅਗਲੇ ਦਿਨ ਵਾਟ ਥੋੜ੍ਹੀ ਹੋਈ। ਉਸਤੋਂ ਅਗਲੇ ਦਿਨ ਪੱਕਾ ਪਿੰਡ ਆ ਗਿਆ। ਸਾਨੂੰ ਰੋਟੀ ਨਹੀਂ ਮਿਲੀ, ਸਾਡੇ ਕੋਲ ਛੋਲਿਆਂ ਦੇ ਦਾਣੇ ਭੁੰਨਾਏ ਹੋਏ ਸੀ। ਨੌਂ ਬੰਦੇ ਸੀ, ਜਿਨ੍ਹਾਂ ਨੂੰ ਛੱਡਣ ਤੁਰੇ ਸੀ। ਜਦੋਂ ਕੋਈ ਖ਼ਤਰਾ ਲੱਗਦਾ, ਅਸੀਂ ਇਨ੍ਹਾਂ ਨੂੰ ਕਮਾਦ ’ਚ ਲੁਕੋ ਦਿੰਦੇ। ਰਾਤ ਨੂੰ ਤੁਰਦੇ ਤਾਂ ਆਹ ਧਰੂ ਤਾਰੇ ਨੂੰ ਵੇਖ ਕੇ ਕਹਿ ਦਿੰਦੇ ਸੀ ਕਿ ਆਪਾਂ ਉੱਕ ਗਏ ਆਂ। ਅਬੋਹਰ ਜਾ ਕੇ ਅਸੀਂ ਜਾਣਾ ਤਾਂ ਸੀ ਸੱਜੇ ,ਪਰ ਖੱਬੇ ਹੱਥ ਪੈ ਗਏ। ਚਾਰ-ਪੰਜ ਮੀਲ ਉੱਥੇ ਈ ਘੁੰਮਦੇ ਰਹੇ। ਇਕ ਥਾਂ ਗੱਡੀ ਖੜ੍ਹ ਗਈ। ਅਸੀਂ ਸਮਝਿਆ ਉਨ੍ਹਾਂ ਨੂੰ ਪਤਾ ਲੱਗ ਗਿਆ। ਇਕ ਪੁਲ ਸੀ ਬਾਹਲਾ ਵੱਡਾ। ਉੱਥੇ ਹੱਡੀਆਂ ਈ ਹੱਡੀਆਂ ਪਈਆਂ ਸੀ ਤੇ ਅਸੀਂ ਉਸ ਪੁਲ ਦੇ ਹੇਠਾਂ ਲੁਕ ਗਏ। ਫਿਰ ਅੱਗੇ ਅਸੀਂ ਪਿੰਡ ਕੋਠੇ ਦੇ ਨੇੜੇ ਜਾ ਬੜੇ। ਉੱਥੇ ਸਾਨੂੰ ਡਰ ਸੀ ਕਿ ਪਹਿਰਾ ਲੱਗਦਾ ਹੋਊ। ਸਾਨੂੰ ਬਿਠਾ ਕੇ ਬੰਤ ਆਂਹਦਾ, ਮੈਂ ਲਿਆਉਂਦਾ ਪਤਾ। ਉਹ ਤਿੰਨ ਮੀਲ ਭੱਜ ਕੇ ਗਿਆ। ਆ ਕੇ ਕਹਿੰਦਾ ਕਿ ਰਾਤ ਦਾ ਤਾਂ ਪਤਾ ਨਹੀਂ ਹੁਣ ਐਸ ਵੇਲੇ ਕੋਈ ਪਹਿਰਾ ਨਹੀਂ ਉੱਥੇ। ਅਸੀਂ ਫਿਰ ਤੁਰ ਪਏ। ਉੱਥੇ ਨਹਿਰ ਤੋਂ ਔਰਤਾਂ ਪਾਣੀ ਭਰਨ ਆਈਆਂ। ਕਹਿਣ ਲੱਗੀਆਂ ਭਾਅ ਡਰੋ ਤਾਂ ਨਾ, ਇੱਥੇ ਤੁਹਾਨੂੰ ਕੋਈ ਮਾਰਦਾ ਨਹੀਂ। ਬੰਦੇ ਦੂਰ ਖੜ੍ਹੇ ਦੇਖਦੇ ਸਨ। ਅਸੀਂ ਬੰਦਿਆਂ ਕੋਲ ਹੀ ਜਾ ਵੜੇ। ਉਹ ਕਹਿੰਦੇ ਏਧਰੋਂ ਕੀ ਲੈਣਾ? ਉੱਥੇ ਝੂਠ ਮਾਰਿਆ ਅਸੀਂ ਕਿ ਸਾਨੂੰ ਪਤਾ ਲੱਗਿਆ ਕਿ ਪਾਕਿਸਤਾਨ ਵੰਨਿਓਂ ਸਾਡੇ ਬੰਦੇ ਆਉਂਦੇ ਆ, ਅਸੀਂ ਸਾਮਾਨ ਫੜਨ ਆਏ ਆਂ। ਉਦੋਂ ਉੱਥੇ ਲਾਲ ਸੂੰ ਚੌਧਰੀ ਸੀ। ਜਦੋਂ ਉਹ ਗਹੁ ਨਾਲ ਵੇਖਣ ਲੱਗਾ ਤਾਂ ਮੁਸਲਮਾਨਾਂ ਅੱਖਾਂ ਨੀਵੀਆਂ ਕਰ ਲਈਆਂ। ਉਹ ਕਹਿਣ ਲੱਗਾ ‘ਨਹੀਂ ਜੀ ਆਹ-ਆਹ ਤਾਂ ਮੁਸਲਮਾਨ ਨੇ ਤੇ ਤੁਸੀਂ ਸਿੱਖ ਹੋ।’ ਅਸੀਂ ਆਖਿਆ ਕਿ ਅਸੀਂ ਜੰਮੇ-ਪਲੇ ’ਕੱਠੇ ਆਂ। ਸਾਥੋਂ ਇਹ ਕਤਲ ਹੁੰਦੇ ਨਹੀਂ ਸੀ ਵੇਖੇ ਜਾਣੇ। ਉਹ ਆਂਹਦਾ ਕਿ ਅਗਾਂਹ ਮਿਲਟਰੀ ਮੁਸਲਮਾਨਾਂ ਦੀ ਆ ਤੇ ਏਧਰ ਸਿੱਖਾਂ ਦੀ ਆ। ਤੁਹਾਨੂੰ ਆਹ ਮਾਰ ਦੇਣਗੇ ਜਾਂ ਉਹ ਮਾਰ ਦੇਣਗੇ। ਤੁਸੀਂ ਇਨ੍ਹਾਂ ਨੂੰ ਆਪੇ ਜਾਣ ਦਿਓ।

ਸਾਂਵਲ ਧਾਮੀ

ਅਸੀਂ ਸੋਚਿਆ ਕਿਤੇ ਉਹ ਪਿੰਡ ਆਲੇ ਇਨ੍ਹਾਂ ਦਾ ਸਾਮਾਨ ਨਾ ਖੋਹ ਲੈਣ। ਬੰਤ ਕਹਿੰਦਾ ’ਕੋਠੇ ’ਤੇ ਚਾੜ੍ਹ ਕੇ ਮਿਲਟਰੀ ਤਾਂ ਦਿਖਾਓ ਸਾਨੂੰ। ਸਾਨੂੰ ਦੋ ਬੰਦਿਆਂ ਨੂੰ ਉਨ੍ਹਾਂ ਮਿਲਟਰੀ ਵਿਖਾਈ। ਇਕ ਖਾਲ ਜਿਹਾ ਸੀ। ਉਹ ਆਂਹਦੇ ਕਿ ਜਿਹੜੀ ਉਹ ਵੱਟ ਆ, ਉਹ ਹੱਦ ਆ ਆਪਣੀ। ਮੋਘਾ ਆਪਣੇ ’ਚ ਆ ਤੇ ਪਰਲੇ ਪਾਸੇ ਪਾਕਿਸਤਾਨ ਸ਼ੁਰੂ ਹੋ ਜਾਂਦਾ। ਪਾਉੜੀ ਉਤਰਦਿਆਂ ਬੰਤ ਬੋਲਿਆ- ਦਲੀਪਿਆ, ਅਸੀਂ ਆਪਣੇ ਭਰਾਵਾਂ ਨੂੰ ਰਾਹ ’ਚ ਨਹੀਂ ਛੱਡਣਾ। ਹੱਦ ਲੰਘਾ ਕੇ ਮੁੜਾਂਗੇ। ਮਰ ਵੀ ਗਏ ਤਾਂ ਦੁਨੀਆਂ ਦਾ ਕੋਈ ਪਹੀਆ ਨਹੀਂ ਖੜ੍ਹਨ ਲੱਗਾ ਸਾਡੇ ਬਗੈਰ।
ਖਾਲ ਜਿਹੀ ’ਚ ਪੈ ਕੇ ਅਸੀਂ ਫ਼ਸਲਾਂ ਦੇ ਓਹਲੇ-ਓਹਲੇ ਅੱਗੇ ਚੱਲ ਗਏ। ਅੱਗੇ ਪਾਕਿਸਤਾਨ ਦਾ ਪਿੰਡ ਦਿੱਸਦਾ ਸੀ। ਉੱਥੇ ਆਪਣੇ ਲੱਕ ਨਾਲੋਂ ਲਾਹ ਕੇ ਮੈਂ ਉਨ੍ਹਾਂ ਦਾ ਸਾਮਾਨ ਉਨ੍ਹਾਂ ਨੂੰ ਫੜਾ ਦਿੱਤਾ। ਸਾਰੇ ਜੱਫੀਆਂ ਪਾ ਕੇ ਮਿਲੇ। ਇਕ ਮੁੰਡਾ ਰੋਣੋਂ ਨਾ ਹਟੇ। ਜਦੋਂ ਅਸੀਂ ਨਿਖੜੇ, ਅਸੀਂ ਥੋੜ੍ਹੀ ਦੇਰ ਉੱਥੇ ਖੜ੍ਹੇ ਰਹੇ। ਕੁਝ ਦੇਰ ਸਾਨੂੰ ਉਨ੍ਹਾਂ ਦੀਆਂ ਸਿਸਕੀਆਂ ਸੁਣਦੀਆਂ ਰਹੀਆਂ। ਦੇਖਦੇ-ਦੇਖਦੇ ਉਹ ਦੂਰ ਤੇ ਹੋਰ ਦੂਰ ਹੁੰਦੇ, ਫਿਰ ਅੱਖਾਂ ਤੋਂ ਬੋਝਲ ਹੋ ਗਏ!” ਗੱਲ ਮੁਕਾਉਂਦਿਆਂ, ਬਾਬਾ ਦਲੀਪ ਸਿੰਘ ਦੀਆਂ ਅੱਖਾਂ ਭਰ ਆਈਆਂ।
“ਕੋਈ ਮੁੜ ਪਰਤਿਆ ਵੀ ਜਾਂ ਕਦੇ ਕੋਈ ਚਿੱਠੀ ਆਈ ਉਨ੍ਹਾਂ ਦੀ?” ਮੈਂ ਅਗਲਾ ਸਵਾਲ ਕੀਤਾ।
“ਚਿੱਠੀਆਂ ਤਾਂ ਆਉਂਦੀਆਂ ਹੀ ਰਹੀਆਂ, ਸਾਡੇ ਪਿੰਡ ਵਾਲਾ ਮੌਲਵੀ ਤਾਂ ਉਨ੍ਹਾਂ ਕੋਲ ਈ ਜਾਂਦਾ ਹੁੰਦਾ ਸੀ। ਓਧਰੋਂ ਸਾਡੇ ਲਈ ਬੜੀਆਂ ਪੱਗਾਂ ਆਈਆਂ। ਆਹ ਪੱਗ ਮੱਕੇ ਦੀ ਏ। ਤੂੰ ਸੋਚ ਕਿਹੋ ਜਿਹਾ ਹੋਊ, ਸਾਡਾ ਭਾਈਚਾਰਾ। ਮੌਲਵੀ ਨੂੰ ਤਾਂ ਪਾਲਿਆ ਅਸੀਂ ਆਂ। ਸਾਡੇ ਘਰੇ ਰਿਹਾ, ਜਦੋਂ ਬਚ ਕੇ ਆਇਆ ਸੀ ਫੂਲ ਤੋਂ। ਉਦੋਂ ਅੱਠ ਕੁ ਵਰ੍ਹਿਆਂ ਦਾ ਸੀ। ’ਕੱਠਿਆਂ ਵਾਹੀ ਕੀਤੀ ਆ ਅਸੀਂ। ਫਿਰ ਮਸੀਤ ਦਾ ਕਬਜ਼ਾ ਵੀ ਛੁਡਵਾਇਆ। ਪਰ…।” ਬਜ਼ੁਰਗ ਦੇ ਚਿਹਰੇ ਦੀਆਂ ਝੁਰੜੀਆਂ ਚਾਣਚਕ ਉਦਾਸੀ ਨਾਲ ਭਰ ਗਈਆਂ।
“…ਫਿਰ ਬੰਤ ਚੱਠਾ ਮਾਰਿਆ ਗਿਆ ਤਾਂ ਉਦੋਂ ਮਕਾਣ ਆਈ ਸੀ ਓਥੋਂ।”
“ਕਿੱਥੋਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਪਾਕਿਸਤਾਨੋਂ!”
“ਹੈਂਅ! ਕੌਣ-ਕੌਣ ਆਏ ਸੀ?” ਇਹ ਮੇਰੇ ਲਈ ਅਲੋਕਾਰੀ ਗੱਲ ਸੀ।
“ਸੇਖ਼ੇ ਵਾਲੇ ਆਏ ਸੀ। ਜਿਉਣੀ ਭੂਆ ਤੇ ਸੱਜਣ ਫੁੱਫੜ। ਇਕ ਹੋਰ ਵੱਡੀ ਬੁੱਢੀ ਵੀ ਆਈ ਸੀ। ਇਹ ਤਿੰਨ ਜਣੇ ਆਏ ਸੀ, ਮਕਾਣ ਲੈ ਕੇ। ਉਵੇਂ ਸਰਹੱਦ ਟੱਪ ਕੇ ਆਏ ਸੀ। ਉਸੀ ਰਸਤੇ, ਜਿਸ ਰਸਤੇ ਅਸੀਂ ਛੱਡ ਕੇ ਆਏ ਸਾਂ। ਉਨ੍ਹਾਂ ਦੀਆਂ ਲੇਰਾਂ ਨੇ ਤਾਂ ਕੇਰਾਂ ਸਾਰਾ ਪਿੰਡ ਰੁਆ ਤਾ ਸੀ।” ਇਹ ਗੱਲ ਕਰਦਿਆਂ ਬਜ਼ੁਰਗ ਦਾ ਗੱਚ ਭਰ ਆਇਆ।
“ਉਦੋਂ ਬਹੁਤੇ ਨੌਜਵਾਨ ਤਾਂ ਵਹਿਸ਼ੀ ਹੋਏ ਪਏ ਸੀ। ਤੁਹਾਨੂੰ ਇੰਨੀ ਵਧੀਆ ਸੋਚ ਤੇ ਇੰਨੀ ਹਿੰਮਤ ਕਿੱਥੋਂ ਮਿਲੀ?” ਗੱਲਬਾਤ ਸਮੇਟਦਿਆਂ ਮੈਂ ਆਖ਼ਰੀ ਸਵਾਲ ਕੀਤਾ।
“ਸਾਨੂੰ ਵੱਧ ਤਾਕਤ ਤਾਂ ਉਦੋਂ ਮਿਲੀ, ਜਦੋਂ ਅਸੀਂ ਅੰਮ੍ਰਿਤ ਛਕਿਆ, ਨੌਂ ਵੀਹਾਂ ਬੰਦਿਆਂ ਨੇ। ਜਿਸਨੇ ਅੰਮ੍ਰਿਤ ਛਕਾਇਆ, ਉਹ ਸੀਗਾ ਤਰਨਾ ਦਲ ਦਾ ਨੌਜਵਾਨ ਜਥੇਦਾਰ। ਉਹ ਆਂਹਦਾ ਕਿ ਜੇ ਜ਼ੁਲਮ ਨੂੰ ਰੋਕਿਆ ਨਾ ਜਾਵੇ ਤਾਂ ਜ਼ੁਲਮ ਦੇ ਮਗਰ ਨਾ ਖੜ੍ਹੋ। ਏਹੀ ਸਿੱਖਿਆ ਪੱਲੇ ਬੰਨ੍ਹੀਂ ਮੈਂ ਤੁਰਿਆ ਜਾਂਦਾ ਆਂ, ਹੁਣ ਤਕ!” ਗੱਲ ਮੁਕਾ ਬਜ਼ੁਰਗ ਨਿਰਛਲ ਹਾਸਾ ਹੱਸਿਆ।
ਇਸ ਇਕ ਜਵਾਬ ਨੇ ਮੇਰੇ ਸਾਰੇ ਸਵਾਲ ਬੌਣੇ ਕਰ ਦਿੱਤੇ।

ਸੰਪਰਕ: 97818-43444


Comments Off on ਜਦੋਂ ਪਾਕਿਸਤਾਨੋਂ ਮਕਾਣ ਆਈ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.