ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਜਥੇਬੰਦ ਹੋਣ ਦੀ ਜ਼ਰੂਰਤ

Posted On August - 14 - 2019

ਪੰਜਾਬ ਵਿਚ ਸੱਤਾ ਦੇ ਵੱਖ ਵੱਖ ਪੱਧਰਾਂ ’ਤੇ ਬੈਠੇ ਸਿਆਸਤਦਾਨ ਲੋਕਾਂ ’ਤੇ ਜਬਰ ਕਰਨ ਲਈ ਜਿਸ ਹੱਦ ਤਕ ਜਾ ਸਕਦੇ ਹਨ, ਉਸ ਦਾ ਅੰਦਾਜ਼ਾ ਸ੍ਰੀ ਮੁਕਤਸਰ ਸਾਹਿਬ ਵਿਚ ਮੁਕਤਸਰ ਨਗਰ ਕੌਂਸਲ ਦੇ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਵੱਲੋਂ ਇਕ ਔਰਤ ਨਾਲ ਕੀਤੀ ਗਈ ਕੁੱਟਮਾਰ ਅਤੇ ਉਸ ਦੇ ਬਾਅਦ ਵਾਲੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ। ਵੱਖ ਵੱਖ ਸਮਿਆਂ ’ਤੇ ਛਪੀਆਂ ਖ਼ਬਰਾਂ ਅਤੇ ਵਾਇਰਲ ਹੋਈਆਂ ਵੀਡਿਓਜ਼ ਅਨੁਸਾਰ ਝਗੜਾ ਮੁੱਖ ਤੌਰ ’ਤੇ ਵਿਆਜੀ ਪੈਸੇ ਦੇਣ ਤੋਂ ਹੋਇਆ। ਰਾਕੇਸ਼ ਚੌਧਰੀ ਦਾ ਪਰਿਵਾਰ ਵਿਆਜ ’ਤੇ ਪੈਸੇ ਦੇਣ ਦਾ ਕਾਰੋਬਾਰ ਕਰਦਾ ਦੱਸਿਆ ਜਾਂਦਾ ਹੈ ਅਤੇ ਇਸ ਔਰਤ ਦੇ ਪਰਿਵਾਰ ਅਨੁਸਾਰ ਉਹ ਉਧਾਰ ਲਏ ਮੂਲ ਤੋਂ ਡੇਢ ਗੁਣਾ ਜ਼ਿਆਦਾ ਰਕਮ ਵਾਪਸ ਕਰ ਚੁੱਕੇ ਹਨ ਪਰ ਇਹ ਵਿਆਜ-ਦਰ-ਵਿਆਜ ਦਾ ਸਿਲਸਿਲਾ ਇਹੋ ਜਿਹਾ ਹੈ ਕਿ ਕੋਈ ਪਰਿਵਾਰ ਇਕ ਵਾਰ ਇਸ ਦਲਦਲ ਵਿਚ ਫਸ ਜਾਏ ਤਾਂ ਉਸ ਦਾ ਨਿਕਲਣਾ ਔਖਾ ਹੋ ਜਾਂਦਾ ਹੈ। ਡੇਢ ਗੁਣਾ ਪੈਸੇ ਦੀ ਅਦਾਇਗੀ ਕਰਨ ਦੇ ਬਾਅਦ ਵੀ ਪਰਿਵਾਰ ’ਤੇ ਕਰਜ਼ਾ ਦੱਸਿਆ ਜਾਂਦਾ ਸੀ। ਇਸ ਤੋਂ ਹੋਏ ਝਗੜੇ ਦੌਰਾਨ ਰਾਕੇਸ਼ ਚੌਧਰੀ ਦੇ ਭਰਾ ਅਤੇ ਹੋਰਨਾਂ ਨੇ ਆ ਕੇ ਔਰਤ ਨੂੰ ਗਲੀ ਵਿਚ ਧੂਹ ਕੇ ਠੁੱਡੇ ਮਾਰੇ ਤੇ ਕੁੱਟਮਾਰ ਕੀਤੀ ਜਿਸ ਕਾਰਨ ਪੀੜਤ ਮਹਿਲਾ 8 ਦਿਨ ਹਸਪਤਾਲ ਦਾਖ਼ਲ ਰਹੀ। ਇਸ ਕੁੱਟਮਾਰ ਦੀ ਵੀਡਿਓ ਵਾਇਰਲ ਹੋ ਜਾਣ ਤੋਂ ਬਾਅਦ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਵੱਖ ਵੱਖ ਜਥੇਬੰਦੀਆਂ ਪਰਿਵਾਰ ਦੀ ਪਿੱਠ ’ਤੇ ਆਈਆਂ ਅਤੇ ਪੁਲੀਸ ਨੇ ਵੀ 12 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਨੌਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਬਿਜਲੀ ਮੁਲਾਜ਼ਮਾਂ ਤੇ ਅਧਿਆਪਕਾਂ ਦੇ ਸੰਗਠਨਾਂ, ਤਰਕਸ਼ੀਲ ਸੁਸਾਇਟੀ ਅਤੇ ਹੋਰ ਜਥੇਬੰਦੀਆਂ ਨੇ ਮੁਕਤਸਰ ਕਾਂਡ ਐਕਸ਼ਨ ਕਮੇਟੀ ਬਣਾਈ ਜਿਸ ਦਾ ਕਨਵੀਨਰ ਤਰਸੇਮ ਖੁੰਡੇ ਹਲਾਲ ਹੈ। ਜਮਹੂਰੀ ਅਧਿਕਾਰ ਸਭਾ ਨੇ ਇਸ ਘਟਨਾ ਬਾਰੇ ਪੜਤਾਲ ਵੀ ਕੀਤੀ ਹੈ।
ਰਾਕੇਸ਼ ਚੌਧਰੀ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਕੌਂਸਲਰ ਬਣਿਆ ਤੇ ਹਾਲ ਵਿਚ ਹੀ ਕਾਂਗਰਸ ਵਿਚ ਸ਼ਾਮਲ ਹੋਇਆ ਸੀ। ਔਰਤ ਦੀ ਕੁੱਟਮਾਰ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਪੀੜਤ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਵਿਚ ਕੋਈ ਕਮੀ ਨਹੀਂ ਆਈ। ਪਰਿਵਾਰ ਦਾ ਕਹਿਣਾ ਹੈ ਕਿ ਕੌਂਸਲਰ ਦੇ ਗੁਰਗੇ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਪੁਲੀਸ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ। ਪਰਿਵਾਰ ਨੇ ਇਕ ਹੋਰ ਵਾਇਰਲ ਹੋਈ ਵੀਡਿਓ ਵਿਚ ਆਪਣਾ ਘਰ ਛੱਡਣ ਤੇ ਕਿਸੇ ਅਣਦੱਸੀ ਥਾਂ ’ਤੇ ਚਲੇ ਜਾਣ ਦੀ ਕਹਾਣੀ ਦੱਸੀ ਹੈ। ਉਸ ਵੀਡਿਓ ਵਿਚ ਪੀੜਤ ਔਰਤ ਮਾਨਸੀ ਨੇ ਕਿਹਾ ਹੈ ਕਿ ਉਸ ਨੂੰ ਜਾਨੋਂ ਮਾਰਨ ਤੇ ਨਸ਼ੇ ਦੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਕ ਵਿਅਕਤੀ ਨੇ ਉਨ੍ਹਾਂ ਦੀ ਜਾਅਲੀ ਵੀਡਿਓ ਬਣਾ ਕੇ ਨਸ਼ਾ ਵੇਚਣ ਦਾ ਦੋਸ਼ ਲਾਇਆ ਸੀ। ਦਹਿਸ਼ਤ ਦਾ ਮਾਹੌਲ ਇਹੋ ਜਿਹਾ ਹੈ ਕਿ ਵੱਖ ਵੱਖ ਜਥੇਬੰਦੀਆਂ ਦੁਆਰਾ ਪਰਿਵਾਰ ਦੀ ਹਮਾਇਤ ’ਤੇ ਆਉਣ ਅਤੇ ਨੌਂ ਗ੍ਰਿਫ਼ਤਾਰੀਆਂ ਹੋਣ ਦੇ ਬਾਵਜੂਦ ਪਰਿਵਾਰ ਆਪਣਾ ਘਰ ਛੱਡਣ ਲਈ ਮਜਬੂਰ ਹੋਇਆ ਹੈ।
ਪਰਿਵਾਰ ਅਨੁਸਾਰ ਉਨ੍ਹਾਂ ’ਤੇ ਰਾਜ਼ੀਨਾਮਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ। ਜਥੇਬੰਦੀਆਂ ਭਾਵੇਂ ਪਰਿਵਾਰ ਦੀ ਹਮਾਇਤ ’ਤੇ ਆਈਆਂ ਪਰ ਮਨਾਂ ਵਿਚ ਸਦੀਆਂ ਤੋਂ ਵਸੇ ਡਰ ਅਤੇ ਸਿਆਸੀ ਸੂਝ ਦੀ ਘਾਟ ਕਾਰਨ ਪਰਿਵਾਰ ਦਹਿਸ਼ਤ ਤੋਂ ਮੁਕਤੀ ਨਹੀਂ ਪਾ ਸਕਿਆ। ਇਹ ਮਾਮਲਾ ਸਿਆਸੀ ਜਮਾਤ ਵਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਦਿਖਾਈ ਜਾਂਦੀ ਉਦਾਸੀਨਤਾ ਦਾ ਅਕਸ ਹੈ। ਮੌਜੂਦਾ ਸਥਿਤੀ ਵਿਚ ਪ੍ਰਸ਼ਾਸਨ ਤੇ ਪੁਲੀਸ ਨੂੰ ਪਹਿਲਕਦਮੀ ਵਿਖਾਉਂਦਿਆਂ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇਣੀ ਚਾਹੀਦੀ ਹੈ। ਇਹ ਘਟਨਾਕ੍ਰਮ ਇਸ ਤੱਥ ਦੀ ਨਿਸ਼ਾਨਦੇਹੀ ਵੀ ਕਰਦਾ ਹੈ ਕਿ ਜਦ ਤਕ ਦਲਿਤ, ਦਮਿਤ ਤੇ ਹੋਰ ਦਬੇ-ਕੁਚਲੇ ਲੋਕ ਜਥੇਬੰਦ ਨਹੀਂ ਹੁੰਦੇ, ਤਦ ਤਕ ਜਬਰ ਦਾ ਸਾਹਮਣਾ ਕਰਨਾ ਮੁਸ਼ਕਲ ਹੈ।


Comments Off on ਜਥੇਬੰਦ ਹੋਣ ਦੀ ਜ਼ਰੂਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.