ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਘਰ ਦਾ ਮਾਹੌਲ ਤੇ ਬੱਚੇ

Posted On August - 3 - 2019

ਗੁਰਬਿੰਦਰ ਸਿੰਘ ਮਾਣਕ

ਬੱਚੇ ਬਹੁਤੀਆਂ ਗੱਲਾਂ ਆਪਣੇ ਪਰਿਵਾਰ ਦੇ ਜੀਆਂ ਕੋਲੋਂ ਤੇ ਆਲੇ-ਦੁਆਲੇ ਤੋਂ ਸਿੱਖਦੇ ਹਨ। ਪਰਿਵਾਰ ਬੱਚੇ ਦਾ ਮੁੱਢਲਾ ਸਕੂਲ ਹੈ। ਮਾਂ-ਬਾਪ ਦਾ ਸੁਭਾਅ, ਆਦਤਾਂ ਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਤੇ ਅਨੇਕਾਂ ਹੋਰ ਗੱਲਾਂ ਬੱਚਾ ਮਾਪਿਆਂ ਤੋਂ ਹੀ ਗ੍ਰਹਿਣ ਕਰਦਾ ਹੈ। ਜੇਕਰ ਮਾਂ-ਬਾਪ ਦੀ ਜੀਵਨ-ਜਾਚ ਕਿਸੇ ਅਨੁਸ਼ਾਸਨ ਵਿਚ ਬੱਝੀ ਹੋਈ ਨਾ ਹੋਵੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਅਨੁਸ਼ਾਸਨ ਸਿਖਾ ਸਕਣਾ ਬਹੁਤ ਹੀ ਮੁਸ਼ਕਿਲ ਕਾਰਜ ਹੈ। ਸਚਾਈ, ਇਮਾਨਦਾਰੀ, ਮਿਹਨਤ, ਮਿਲਵਰਤਣ, ਸਹਿਣਸ਼ੀਲਤਾ, ਸੇਵਾ ਭਾਵਨਾ ਤੇ ਅਨੇਕਾਂ ਹੋਰ ਗੁਣ ਪਰਿਵਾਰਕ ਮਾਹੌਲ ਵਿਚੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਅਜਿਹੇ ਗੁਣ ਹੀ ਕਿਸੇ ਬੱਚੇ ਦੇ ਜ਼ਿੰਦਗੀ ਵਿਚ ਪ੍ਰਵਾਨ ਚੜ੍ਹਨ ਤੋਂ ਬਾਅਦ ਉਸ ਦੀ ਸ਼ਖ਼ਸੀਅਤ ਦਾ ਮੂਲ ਆਧਾਰ ਬਣਦੇ ਹਨ। ਜੇਕਰ ਪਰਿਵਾਰ ਦੇ ਜੀਅ ਹਰ ਸਮੇਂ ਝੂਠ, ਬੇਈਮਾਨੀ, ਲਾਲਚ, ਨਫ਼ਰਤ ਤੇ ਸਵਾਰਥੀ ਭਾਵਨਾ ਨਾਲ ਪਰਿਵਾਰਕ ਮਾਹੌਲ ਨੂੰ ਗੰਧਲਾ ਕਰੀ ਰੱਖਦੇ ਹਨ ਤਾਂ ਉੱਥੇ ਬੱਚਿਆਂ ਤੋਂ ਕਿਸੇ ਚੰਗੇ ਦੀ ਆਸ ਕਰਨੀ ਇਕ ਭਰਮ ਹੈ।
ਬੱਚਾ ਸਮਾਜ ਵਿਚ ਵਿਚਰਦਿਆਂ ਆਪਣੇ ਹਾਣੀਆਂ ਤੇ ਹੋਰ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਚੰਗਾ ਮਾੜਾ ਬਹੁਤ ਕੁਝ ਸਿੱਖਦਾ ਹੈ। ਇਸ ਸਮੇਂ ਵੀ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਯੋਗ ਅਗਵਾਈ ਦੇਣ ਤਾਂ ਕਿ ਉਹ ਨਿਰਾਰਥਕ ਗੱਲਾਂ ਤੋਂ ਬਚੇ ਰਹਿ ਸਕਣ। ਹੱਕ, ਸੱਚ, ਇਮਾਨਦਾਰੀ, ਨੈਤਿਕਤਾ ਤੇ ਜ਼ਿੰਦਗੀ ਦੀਆਂ ਸਾਰਥਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ਦੀ ਸਿੱਖਿਆ ਬੱਚੇ ਦੇ ਮਨ-ਮਸਤਕ ਵਿਚ ਪਾਉਣ ਲਈ ਭਾਵੇਂ ਪ੍ਰੇਰਨਾ ਦੀ ਵੀ ਵੱਡੀ ਭੂਮਿਕਾ ਹੈ, ਪਰ ਸਭ ਤੋਂ ਪ੍ਰਭਾਵਸ਼ਾਲੀ ਅਸਰ ਤਾਂ ਹੀ ਪੈਣਾ ਹੈ ਜੇਕਰ ਮਾਪੇ ਜਾਂ ਘਰ ਦੇ ਜੀਅ ਬੱਚੇ ਲਈ ਖ਼ੁਦ ‘ਮਾਡਲ’ ਬਣਨ। ਛੋਟੇ ਬੱਚੇ ਤਾਂ ਬਹੁਤ ਕੁਝ ਨਕਲ ਰਾਹੀਂ ਹੀ ਸਿੱਖਦੇ ਹਨ। ਜੇ ਪਰਿਵਾਰ ਵਿਚ ਹੇਠਲੇ ਪੱਧਰ ਦੀ, ਖਰ੍ਹਵੀ ਤੇ ਗੁਸੈਲ ਭਾਸ਼ਾ ਦੀ ਵਰਤੋਂ ਹੋਵੇਗੀ ਤਾਂ ਸੁਭਾਵਿਕ ਹੈ ਕਿ ਬੱਚਾ ਵੀ ਉਹੀ ਸਿੱਖੇਗਾ। ਅਜਿਹੇ ਪ੍ਰਭਾਵ ਕਈ ਵਾਰ ਉਮਰ ਭਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਬਣੇ ਰਹਿੰਦੇ ਹਨ। ਅਜਿਹੇ ਬੱਚੇ ਆਪ-ਹੁਦਰੇ, ਅਨੁਸ਼ਾਸਨਹੀਣ ਤੇ ਅੜੀਅਲ ਸੁਭਾਅ ਦੇ ਬਣ ਜਾਂਦੇ ਹਨ।

ਗੁਰਬਿੰਦਰ ਸਿੰਘ ਮਾਣਕ

ਜੇਕਰ ਬਾਪ ਜਾਂ ਘਰ ਦਾ ਕੋਈ ਹੋਰ ਜੀਅ ਬੱਚਿਆਂ ਸਾਹਮਣੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਦਾ ਹੈ ਤਾਂ ਬੱਚਿਆਂ ’ਤੇ ਇਸ ਦਾ ਦੁਰ-ਪ੍ਰਭਾਵ ਪੈਣਾ ਲਾਜ਼ਮੀ ਹੈ। ਘਰ ਵਿਚ ਨਿੱਤ ਦਾ ਕਲੇਸ਼, ਮਾਰ-ਕੁਟਾਈ ਤੇ ਗਾਲ੍ਹਾਂ ਬੱਚੇ ਦੀ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਤੇ ਉਹ ਗ਼ਲਤ ਦਿਸ਼ਾ ਅਖ਼ਤਿਆਰ ਕਰ ਲੈਂਦਾ ਹੈ। ਅਜੋਕੇ ਸਮੇਂ ਦਾ ਮਾਹੌਲ ਇਸ ਕਦਰ ਗੰਧਲਾ ਹੋ ਚੁੱਕਾ ਹੈ ਕਿ ਸਕੂਲ ਕਾਲਜ ਜਾਂਦੇ ਬੱਚਿਆਂ ਦੇ ਥਿੜਕਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ। ਇਸ ਸਥਿਤੀ ਵਿਚ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ’ਤੇ ਲਗਾਤਾਰ ਨਜ਼ਰ ਰੱਖਣ। ਹਰ ਰੋਜ਼ ਕੁਝ ਸਮਾਂ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ।
ਹਰ ਸਮੇਂ ਬੱਚਿਆਂ ਨੂੰ ਟੋਕਣ ਨਾਲੋਂ ਉਨ੍ਹਾਂ ਦੀ ਪੜ੍ਹਾਈ, ਕਾਰਗੁਜ਼ਾਰੀ ਤੇ ਸਮੱਸਿਆਵਾਂ ਬਾਰੇ ਸੁਖਾਵੇਂ ਮਾਹੌਲ ਵਿਚ ਚਰਚਾ ਕਰਨੀ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਬੱਚੇ ਦੀਆਂ ਆਦਤਾਂ ਤੇ ਸੁਭਾਅ ਵਿਚ ਆਈ ਕਿਸੇ ਤਬਦੀਲੀ ਨੂੰ ਵੀ ਨੋਟ ਕੀਤਾ ਜਾ ਸਕਦਾ ਹੈ। ਜੇ ਬੱਚਿਆਂ ਨੂੰ ਵਿਸ਼ਵਾਸ ਵਿਚ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਪਰਿਵਾਰਕ ਮਾਹੌਲ ਵਿਚ ਪਿਆਰ, ਸਾਂਝ ਤੇ ਅਪਣੱਤ ਪੈਦਾ ਹੁੰਦੀ ਹੈ। ਕਈ ਵਾਰ ਬੱਚਾ ਦੋਸਤਾਂ ਸੰਗ ਵਿਚਰਦਿਆਂ ਕਿਸੇ ਸੰਕਟ ਵਿਚ ਫਸ ਜਾਂਦਾ ਹੈ। ਜੇਕਰ ਘਰ ਦਾ ਮਾਹੌਲ ਸੰਕੀਰਨ ਹੋਵੇ ਤਾਂ ਬੱਚਾ ਡਰ ਕਾਰਨ ਮਾਪਿਆਂ ਨੂੰ ਕੁਝ ਨਹੀਂ ਦੱਸਦਾ, ਪਰ ਜੇ ਮਾਹੌਲ ਸੁਖਾਵਾਂ ਹੋਵੇ ਤਾਂ ਬੱਚਾ ਸਾਰੀ ਗੱਲ ਮਾਪਿਆਂ ਨੂੰ ਦੱਸ ਦਿੰਦਾ ਹੈ। ਇਸ ਤਰ੍ਹਾਂ ਬੱਚੇ ਨੂੰ ਕਿਸੇ ਉਲਝਣ ਤੋਂ ਬਚਾਇਆਂ ਜਾ ਸਕਦਾ ਹੈ। ਮਾਪਿਆਂ ਨੂੰ ਸੁਚੇਤ ਰੂਪ ਵਿਚ ਘਰ ਦੇ ਵਾਤਾਵਰਨ ਨੂੰ ਸਾਜ਼ਗਾਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ ਨਾਲ ਪੇਸ਼ ਆਉਣ ਸਮੇਂ ਸੂਝ-ਬੂਝ ਤੇ ਠਰ੍ਹੱਮੇ ਦਾ ਪ੍ਰਗਟਾਵਾ ਕਰਨਾ ਬਹੁਤ ਜ਼ਰੂਰੀ ਹੈ।
ਕਿਸੇ ਵੀ ਪਰਿਵਾਰ ਦਾ ਅਨੁਸ਼ਾਸਨਮਈ, ਆਸ਼ਾਵਾਦੀ, ਸਨੇਹਪੂਰਨ ਤੇ ਸੂਝ ਭਰਿਆ ਮਾਹੌਲ ਬੱਚਿਆਂ ਦੇ ਮਨ ਵਿਚ ਸਾਰਥਿਕ ਰੁਚੀਆਂ, ਆਦਤਾਂ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਬੀਜ ਬੀਜਣ ਵਿਚ ਸਹਾਈ ਹੁੰਦਾ ਹੈ। ਜਿਨ੍ਹਾਂ ਪਰਿਵਾਰਾਂ ਵਿਚ ਕਿਸੇ ਵੀ ਮਸਲੇ ਨੂੰ ਸੂਝ-ਬੂਝ ਤੇ ਦਲੀਲ ਪੂਰਨ ਵਿਚਾਰਾਂ ਨਾਲ ਸੁਲਝਾਉਣ ਦੇ ਯਤਨ ਕੀਤੇ ਜਾਂਦੇ ਹਨ, ਉੱਥੇ ਬੱਚਿਆਂ ਵਿਚ ਵੀ ਸਹਿਜਤਾ ਅਤੇ ਸਿਆਣਪ ਜਿਹੇ ਗੁਣ ਪੈਦਾ ਹੁੰਦੇ ਹਨ। ਜ਼ਿੰਦਗੀ ਵਿਚ ਪ੍ਰਵਾਨ ਚੜ੍ਹਨ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਵੀ ਅਜਿਹੇ ਮਾਹੌਲ ਨਾਲ ਪਰਿਪੱਕਤਾ ਪੈਦਾ ਹੁੰਦੀ ਹੈ। ਕਈ ਵਾਰ ਮਾਵਾਂ, ਮੋਹ-ਮਮਤਾ ਕਾਰਨ ਬੱਚਿਆਂ ਦੀਆਂ ਗੰਭੀਰ ਗ਼ਲਤੀਆਂ ਨੂੰ ਬਾਪ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਦੇ ਅੱਗੇ ਜਾ ਕੇ ਗੰਭੀਰ ਸਿੱਟੇ ਨਿਕਲਦੇ ਹਨ। ਇਸ ਤਰ੍ਹਾਂ ਬੱਚੇ ਹੋਰ ਵੱਡੀਆਂ ਗ਼ਲਤੀਆਂ ਕਰਨ ਦੇ ਰਾਹ ਤੁਰ ਪੈਂਦੇ ਹਨ। ਕਈ ਵਾਰ ਸਥਿਤੀ ਇਹ ਬਣ ਜਾਂਦੀ ਹੈ ਕਿ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨੂੰ ਕੋਈ ਖ਼ਬਰ ਹੀ ਨਹੀਂ ਹੁੰਦੀ ਤੇ ਜਦੋਂ ਤਕ ਪਤਾ ਲੱਗਦਾ ਹੈ ਉਦੋਂ ਤਕ ਸਿਰੋਂ ਪਾਣੀ ਲੰਘ ਚੁੱਕਾ ਹੁੰਦਾ ਹੈ। ਬੱਚਿਆਂ ਦੇ ਕਿਸੇ ਝੂਠ ਨੂੰ ਛੁਪਾਉਣ ਦੀ ਥਾਂ ਉਸ ਨੂੰ ਪਿਆਰ ਤੇ ਠਰ੍ਹੱਮੇ ਨਾਲ ਸਮਝਾਉਣਾ ਤੇ ਅੱਗੇ ਤੋਂ ਉਸ ਦੀ ਕਹੀ ਗੱਲ ’ਤੇ ਇਤਬਾਰ ਕਰਨਾ ਜ਼ਰੂਰੀ ਹੈ।
ਜੇ ਘਰ ਵਿਚ ਇਕ ਦੂਜੇ ਪ੍ਰਤੀ ਬੇਵਿਸ਼ਵਾਸੀ ਦਾ ਮਾਹੌਲ ਹੋਵੇ ਤਾਂ ਬੱਚੇ ਵੀ ਇਸ ਤੋਂ ਅਭਿੱਜ ਨਹੀਂ ਰਹਿ ਸਕਦੇ। ਅਕਸਰ ਹੀ ਬੱਚਿਆਂ ਨੂੰ ਨਾਦਾਨ ਸਮਝ ਕੇ ਮਾਪੇ ਉਨ੍ਹਾਂ ਤੋਂ ਬਹੁਤੀਆਂ ਗੱਲਾਂ ਛੁਪਾ ਲੈਂਦੇ ਹਨ। ਹਰ ਗੱਲ ਬੱਚਿਆਂ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਘਰ ਦੀ ਆਮਦਨ ਤੇ ਖ਼ਰਚ ਬਾਰੇ ਵੀ ਬੱਚਿਆਂ ਨਾਲ ਚਰਚਾ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਭੁਲੇਖਾ ਨਾ ਰਹੇ ਤੇ ਉਹ ਗ਼ੈਰ ਜ਼ਰੂਰੀ ਮੰਗਾਂ ਤੋਂ ਸੰਕੋਚ ਕਰਨ। ਪਰਿਵਾਰ ਵਿਚ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਆਮ ਤੌਰ ’ਤੇ ਮੁੰਡਿਆਂ ਦੀ ਗੱਲ ਦਬਾਅ ਅਧੀਨ ਮੰਨਣ ਲਈ ਮਾਪੇ ਕਈ ਵਾਰ ਬੇਬਸ ਹੋ ਜਾਂਦੇ ਹਨ, ਜਦੋਂ ਕਿ ਕੁੜੀਆਂ ਦੀ ਜਾਇਜ਼ ਮੰਗ ਨੂੰ ਵੀ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਗੱਲਾਂ ਪਰਿਵਾਰ ਦੇ ਸੁਖਾਵੇਂ ਮਾਹੌਲ ਨੂੰ ਵਿਗਾੜ ਦਿੰਦੀਆਂ ਹਨ।
ਜੇਕਰ ਪਰਿਵਾਰ ਦੇ ਵੱਡੇ ਮੈਂਬਰ ਘਰ ਦੇ ਬਜ਼ੁਰਗਾਂ ਦਾ ਆਦਰ-ਸਤਿਕਾਰ ਤੇ ਚੰਗੀ ਸਾਂਭ-ਸੰਭਾਲ ਕਰਦੇ ਹਨ ਤਾਂ ਸੁਭਾਵਿਕ ਗੱਲ ਹੈ ਕਿ ਬੱਚੇ ਵੀ ਅਜਿਹਾ ਵਤੀਰਾ ਹੀ ਧਾਰਨ ਕਰਨਗੇ। ਜੇ ਮਾਪੇ ਹੀ ਬੁਢਾਪੇ ਦੀ ਉਮਰ ਹੰਢਾ ਰਹੇ ਆਪਣੇ ਬਜ਼ੁਰਗਾਂ ਨੂੰ ਅਣਗੌਲਿਆ ਕਰਨਗੇ ਤਾਂ ਭਵਿੱਖ ਵਿਚ ਆਪਣੇ ਬੱਚਿਆਂ ਤੋਂ ਕਿਸੇ ਸਾਂਭ-ਸੰਭਾਲ ਦੀ ਉਮੀਦ ਕਰਨੀ ਫਜ਼ੂਲ ਹੈ। ਜਿਸ ਘਰ ਵਿਚ ਵੱਡੇ ਔਰਤਾਂ ਦਾ ਆਦਰ-ਸਨਮਾਨ ਕਰਦੇ ਹਨ, ਉੱਥੇ ਬੱਚਿਆਂ ਵਿਚ ਵੀ ਅਜਿਹੀ ਪ੍ਰਵਿਰਤੀ ਪੈਦਾ ਹੋ ਜਾਂਦੀ ਹੈ। ਘਰ ਤੋਂ ਮਿਲੀ ਅਜਿਹੀ ਸਿੱਖਿਆ ਬਹੁਤ ਕਾਰਗਰ ਸਾਬਤ ਹੁੰਦੀ ਹੈ ਤੇ ਬੱਚੇ ਵੱਡੇ ਹੋ ਕੇ ਸਮਾਜ ਵਿਚ ਵਿਚਰਦਿਆਂ ਔਰਤਾਂ ਪ੍ਰਤੀ ਸਨਮਾਨ ਦੀ ਭਾਵਨਾ ਰੱਖਦੇ ਹਨ। ਅਜੋਕੇ ਸਮੇਂ ਵਿਚ ਜਿਸ ਤਰ੍ਹਾਂ ਦੇ ਨਿਘਾਰ ਦੀ ਸਥਿਤੀ ਬਣੀ ਹੋਈ ਹੈ ਇਸ ਵਿਚ ਮਾਪਿਆਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਬੱਚਿਆਂ ਨੂੰ ਇਸਤੋਂ ਬਚਾਇਆ ਜਾ ਸਕੇ। ਪਰਿਵਾਰਕ ਮਾਹੌਲ ਇਸ ਕਦਰ ਬਣਾਇਆ ਜਾਵੇ ਕਿ ਨਿੱਕੇ ਨਿੱਕੇ ਫੁੱਲ ਨਿਰਵਿਘਨ ਖਿੜ ਸਕਣ ਤੇ ਆਪਣੀ ਮਹਿਕ ਨਾਲ ਆਲੇ-ਦੁਆਲੇ ਨੂੰ ਮਹਿਕਾ ਸਕਣ।

ਸੰਪਰਕ: 98153-56086


Comments Off on ਘਰ ਦਾ ਮਾਹੌਲ ਤੇ ਬੱਚੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.