ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਘਰੋੜਾ ਮੰਜਾ ਅਤੇ ਮਾਂ ਦੀ ਮਮਤਾ

Posted On August - 11 - 2019

ਬਲਦੇਵ ਸਿੰਘ ਬਿੰਦਰਾ
ਮਾਂ ਦਾ ਦਿਲ ਆਪਣੇ ਬੱਚਿਆਂ ਪ੍ਰਤੀ ਬਹੁਤ ਕੋਮਲ ਹੁੰਦਾ ਹੈ। ਉਸ ਦੇ ਦਿਲ ਵਿਚੋਂ ਹਮੇਸ਼ਾ ਹੀ ਆਪਣੇ ਬੱਚਿਆਂ ਲਈ ਦੁਆਵਾਂ ਨਿਕਲਦੀਆਂ ਹਨ। ਮਾਂ ਦੀ ਮਮਤਾ ਦਾ ਕਰਜ਼ ਤਾਂ ਸੂਰਬੀਰ ਯੋਧੇ ਵੀ ਨਹੀਂ ਉਤਾਰ ਸਕੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਵੇਂ ਮਾਂ ਨੇ ਆਪ ਗਿੱਲੇ ’ਤੇ ਪੈ ਕੇ ਸਾਨੂੰ ਸੁੱਕੇ ਪਾਸੇ ਪਾਇਆ ਹੈ। ਸਾਡੀ ਥੋੜ੍ਹੀ ਜਿਹੀ ਵੀ ਤਕਲੀਫ਼ ਮਾਂ ਨਹੀਂ ਸਹਾਰ ਸਕਦੀ। ਹਰ ਕਿਸੇ ਨਾਲ ਮਾਂ ਦੀਆਂ ਮੋਹ-ਭਿੱਜੀਆਂ ਕਹਾਣੀਆਂ ਵਾਪਰਦੀਆਂ ਰਹਿੰਦੀਆਂ ਹਨ। ਅਜਿਹੀਆਂ ਗੱਲਾਂ ਸਦਾ ਅਭੁੱਲ ਬਣ ਜਾਂਦੀਆਂ ਹਨ। ਕਿਸੇ ਨਾ ਕਿਸੇ ਵੇਲੇ ਉਹ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਨ ਨੂੰ ਦਿਲ ਕਰਦਾ ਹੈ। ਅਜਿਹੀ ਹੀ ਮਾਂ ਦੇ ਪਿਆਰ ਦੀ ਮੋਹ-ਭਿੱਜੀ ਕਹਾਣੀ 1995 (ਸਤੰਬਰ) ਵਿਚ ਮੇਰੇ ਨਾਲ ਵਾਪਰੀ। ਉਦੋਂ ਮੇਰੀ ਬਜ਼ੁਰਗ ਮਾਂ 90 ਕੁ ਸਾਲ ਦੀ ਸੀ। ਮੇਰੇ ਪਿਤਾ ਜੀ ਦਸ ਸਾਲ ਪਹਿਲ ਗੁਜ਼ਰ ਚੁੱਕੇ ਸਨ। ਮੇਰੀ ਮਾਂ ਮੇਰੇ ਛੋਟੇ ਭਰਾ ਕੋਲ ਪਿੰਡ ਵਿਚ ਹੀ ਰਹਿੰਦੀ ਸੀ। ਮੈਂ ਚੰਡੀਗੜ੍ਹ ਰਹਿੰਦਾ ਸੀ। ਇਕ ਦਿਨ ਮਾਂ ਦੀ ਸਿਹਤ ਜ਼ਿਆਦਾ ਹੀ ਵਿਗੜ ਗਈ। ਅਸੀਂ ਉਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਲਿਆਂਦਾ। ਇੱਥੇ ਇਕ ਡਾਕਟਰ ਪਹਿਲਾਂ ਤੋਂ ਹੀ ਮੇਰਾ ਵਾਕਫ਼ ਸੀ। ਉਸ ਡਾਕਟਰ ਤੇ ਉਸ ਦੇ ਹੋਰ ਸਾਥੀ ਡਾਕਟਰਾਂ ਨੇ ਮਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਨੇ ਐਂਡੋਸਕੋਪੀ ਅਤੇ ਕੁਝ ਹੋਰ ਟੈਸਟ ਕੀਤੇ। ਸਾਰੇ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਂ ਨੂੰ ਕੈਂਸਰ ਦੀ ਬਿਮਾਰੀ ਦੱਸੀ। ਇਸ ਨਾਮੁਰਾਦ ਬਿਮਾਰੀ ਦਾ ਨਾਂ ਸੁਣ ਕੇ ਅਸੀਂ ਹੱਕੇ-ਬੱਕੇ ਰਹਿ ਗਏ। ਮੈਂ ਮਾਂ ਦੇ ਅਪਰੇਸ਼ਨ ਬਾਰੇ ਗੱਲ ਕੀਤੀ। ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਅਸੀਂ ਅਪਰੇਸ਼ਨ ਨਹੀਂ ਕਰ ਸਕਦੇ। ਦਵਾਈਆਂ ਲਿਖ ਦਿੰਦੇ ਹਾਂ, ਘਰ ਜਾ ਕੇ ਦਵਾਈ ਦਿੰਦੇ ਰਹਿਣਾ ਅਤੇ ਸੇਵਾ ਕਰਨ ਦੀ ਸਲਾਹ ਦਿੱਤੀ। ਮੈਂ ਮਾਂ ਨੂੰ ਆਪਣੇ ਕੋਲ ਚੰਡੀਗੜ੍ਹ ਰਹਿਣ ਲਈ ਕਿਹਾ। ਪਰ ਮਾਂ ਨੇ ਮੇਰੇ ਕੋਲ ਰਹਿਣ ਦੀ ਬਜਾਏ ਪਿੰਡ ਹੀ ਰਹਿਣਾ ਬਿਹਤਰ ਸਮਝਿਆ। ਮੈਂ ਲਿਖੀਆਂ ਦਵਾਈਆਂ ਲੈ ਕੇ ਭਰਾ ਨੂੰ ਦੇ ਦਿੱਤੀਆਂ। ਮੈਂ ਵੀ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਮਿਲਣ ਲਈ ਹਰ ਦੂਜੇ-ਤੀਜੇ ਦਿਨ ਪਿੰਡ ਜਾਂਦਾ ਰਹਿੰਦਾ ਸੀ। ਭਾਵੇਂ ਉਨ੍ਹਾਂ ਦੀ ਸਿਹਤ ਉਮਰ ਕਰਕੇ ਤੇ ਬਿਮਾਰੀ ਕਰਕੇ ਬਹੁਤ ਹੀ ਢਿੱਲੀ ਹੋ ਗਈ ਸੀ, ਪਰ ਫਿਰ ਵੀ ਬਹੁਤ ਹਿੰਮਤ ਤੇ ਜਿਗਰਾ ਰੱਖਦੇ ਸਨ।
ਉਨ੍ਹਾਂ ਦੀ ਮੌਤ ਤੋਂ ਹਫ਼ਤਾ ਕੁ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਣ ਪਿੰਡ ਗਿਆ ਤਾਂ ਉਹ ਮੰਜੇ ਉੱਤੇ ਲੇਟੇ ਹੋਏ ਸਨ। ਮੈਨੂੰ ਦੇਖ ਕੇ ਉਨ੍ਹਾਂ ਦੇ ਚਿਹਰੇ ਉੱਤੇ ਰੌਣਕ ਆ ਗਈ ਅਤੇ ਉਹ ਬਿਮਾਰੀ ਦੇ ਬਾਵਜੂਦ ਉੱਠ ਕੇ ਬੈਠ ਗਏ। ਮੈਂ ਉਨ੍ਹਾਂ ਦੀਆਂ ਲੱਤਾਂ ਘੁੱਟੀਆਂ ਅਤੇ ਪਿੱਠ ਉੱਪਰ ਹੱਥ ਫੇਰਿਆ। ਉਨ੍ਹਾਂ ਨਾਲ ਗੱਲਾਂਬਾਤਾਂ ਕੀਤੀਆਂ। ਇਸ ਨਾਲ ਉਹ ਬਹੁਤ ਖ਼ੁਸ਼ ਹੋਏ। ਥੋੜ੍ਹੀ ਦੇਰ ਬਾਅਦ ਉਹ ਫਿਰ ਮੰਜੇ ਉੱਤੇ ਲੇਟ ਗਏ ਤੇ ਸੌਂ ਗਏ। ਮੈਂ ਵੀ ਦਫ਼ਤਰੋਂ ਰਾਤ ਦੀ ਡਿਊਟੀ ਕਰਕੇ ਗਿਆ ਸੀ। ਮੈਂ ਵੀ ਉੱਥੇ ਹੀ ਨਾਲ ਪਏ ਬਾਣ ਦੇ ਘਰੋੜੇ ਮੰਜੇ ਉੱਤੇ ਪੈ ਗਿਆ ਤੇ ਥੱਕਿਆ ਹੋਣ ਕਾਰਨ ਮੇਰੀ ਉੱਥੇ ਹੀ ਅੱਖ ਲੱਗ ਗਈ।
ਰਾਤ ਨੂੰ ਅਚਾਨਕ ਸੋਟੀ ਦੀ ਠੱਕ-ਠੱਕ ਦੀ ਆਵਾਜ਼ ਸੁਣ ਕੇ ਇਕਦਮ ਮੇਰੀ ਅੱਖ ਖੁੱਲ੍ਹੀ। ਮੈਂ ਦੇਖਿਆ, ਮੇਰੀ ਬਿਮਾਰ ਮਾਂ ਕੱਛ ਵਿਚ ਇਕ ਦਰੀ ਤੇ ਚਾਦਰ ਚੁੱਕੀ ਸੋਟੀ ਦੇ ਸਹਾਰੇ ਲੜਖੜਾਉਂਦੀ ਆ ਰਹੀ ਸੀ ਅਤੇ ਕਹਿਣ ਲੱਗੀ, ‘‘ਮੇਰਾ ਪੁੱਤ ਕਿਉਂ ਏਦਾਂ ਘਰੋੜੇ (ਬਿਨਾਂ ਬਿਸਤਰੋਂ) ਵਾਣ ਦੇ ਮੰਜੇ ਉੱਤੇ ਪਿਆ ਹੈ। ਲੈ, ਇਹ ਦਰੀ ਵਿਛਾ ਕੇ ਪੈ ਜਾ, ਘਰੋੜਾ ਮੰਜਾ ਚੁੱਭਦਾ ਹੋਵੇਗਾ।’’ ਮੈਂ ਐਵੇਂ ਹੀ ਟਾਲਣ ਲੱਗਾ ਤਾਂ ਫਿਰ ਉਹ ਆਪ ਦਰੀ ਵਿਛਾਉਣ ਦੀ ਕੋਸ਼ਿਸ਼ ਕਰਨ ਲੱਗੀ, ਖ਼ੈਰ, ਮੈਂ ਉਨ੍ਹਾਂ ਤੋਂ ਫੜ ਕੇ ਦਰੀ ਵਿਛਾ ਲਈ। ਆਪਣੇ ਪ੍ਰਤੀ ਉਸ ਦਾ ਪਿਆਰ ਦੇਖ ਕੇ ਮੇਰੀਆਂ ਅੱਖਾਂ ਵਿਚੋਂ ਹੰਝੂ ਆਪਮੁਹਾਰੇ ਨਿਕਲਣ ਲੱਗੇ। ਉਨ੍ਹਾਂ ਨੇ ਆਪਣੀ ਦਰਦ ਅਤੇ ਖਸਤਾ ਹਾਲਤ ਦੇ ਬਾਵਜੂਦ ਮੇਰਾ ਘਰੋੜੇ ਮੰਜੇ ਉੱਤੇ ਪੈਣ ਦਾ ਦੁੱਖ ਆਪਣੇ ਦੁੱਖ ਤੋਂ ਵੱਡਾ ਮਹਿਸੂਸ ਕੀਤਾ। ਮੈਂ ਇਸ ਮਮਤਾ ਨੂੰ ਦੇਖ ਕੇ ਉਸ ਨੂੰ ਗਲਵੱਕੜੀ ਵਿਚ ਲੈ ਲਿਆ ਅਤੇ ਮੇਰੀਆਂ ਅੱਖਾਂ ਵਿਚੋਂ ਅੱਥਰੂਆਂ ਦੀ ਝੜੀ ਲੱਗ ਗਈ।
ਅੱਜ ਇਸ ਗੱਲ ਨੂੰ ਲਗਪਗ 21 ਕੁ ਸਾਲ ਗੁਜ਼ਰ ਚੁੱਕੇ ਹਨ ਅਤੇ ਮੇਰੀ ਵੀ ਉਮਰ 73 ਸਾਲ ਹੋ ਗਈ ਹੈ। ਅੱਜ ਵੀ ਜਦੋਂ ਦੋ ਦਹਾਕੇ ਪਹਿਲਾਂ ਦਾ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਆਪਮੁਹਾਰੇ ਛਲਕ ਪੈਂਦੀਆਂ ਹਨ। ਮੈਂ ਅੱਜ ਵੀ ਇਹ ਸੋਚਦਾ ਹਾਂ ਕਿ ਜੇਕਰ ਬੱਚੇ ਆਪਣਾ ਫ਼ਰਜ਼ ਸਮਝ ਕੇ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ ਤਾਂ ਮਾਂ-ਬਾਪ ਉਸ ਤੋਂ ਵਧ ਕੇ ਆਪਣੀ ਔਲਾਦ ਦੀ ਭਲਾਈ ਲਈ ਜੀਅ-ਜਾਨ ਲਗਾ ਦਿੰਦੇ ਹਨ।
ਸੰਪਰਕ: 94174-66804


Comments Off on ਘਰੋੜਾ ਮੰਜਾ ਅਤੇ ਮਾਂ ਦੀ ਮਮਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.