ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ

Posted On August - 24 - 2019

ਸੁਖਵਿੰਦਰਜੀਤ ਸਿੰਘ ਮਨੌਲੀ

ਜਤਿੰਦਰਪਾਲ ਤੂਰ

ਗੁਰਪ੍ਰੀਤ ਸਿੰਘ ਸੰਧੂ

ਕੌਮੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ: ਜ਼ਿਲ੍ਹਾ ਮੁਹਾਲੀ ਦੇ ਫੇਜ਼-11 ਦੇ ਵਸਨੀਕ ਫੁਟਬਾਲਰ ਗੁਰਪ੍ਰੀਤ ਸਿੰਘ ਸੰਧੂ ਦਾ ਨਾਮ ਇਸ ਸਾਲ ‘ਅਰਜੁਨਾ ਐਵਾਰਡ’ ਦੇਣ ਵਾਲਿਆਂ ਦਾ ਸੂਚੀ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ। ਪੀ.ਕੇ. ਬੈਨਰਜੀ ਦੇਸ਼ ਦਾ ਪਹਿਲਾ ਫੁਟਬਾਲਰ ਹੈ, ਜਿਸ ਨੂੰ 1961 ’ਚ ਅਰੁਜਨਾ ਐਵਾਰਡ ਨਾਲ ਸਨਮਾਨਿਆ ਗਿਆ। ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਕੌਮੀ ਸੌਕਰ ਟੀਮ ਦਾ 26ਵਾਂ ਫੁਟਬਾਲਰ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵਲੋਂ ‘ਅਰਜੁਨਾ ਐਵਾਰਡ’ ਨਾਲ ਸਨਮਾਨਿਆ ਜਾਵੇਗਾ। ਕੌਮੀ ਸੌਕਰ ਟੀਮ ਦਾ ਕਪਤਾਨ ਸੁਨੀਲ ਛੇਤਰੀ 25ਵਾਂ ਫੁਟਬਾਲਰ ਹੈ, ਜਿਸ ਨੂੰ 2011 ’ਚ ਅਰਜੁਨਾ ਐਵਾਰਡ ਦਾ ਖਿਤਾਬ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੁਰਪ੍ਰੀਤ ਸੰਧੂ ਚੌਥੇ ਗੋਲਕੀਪਰ ਹਨ, ਜਿਨ੍ਹਾਂ ਦੀ ਚੋਣ ਇਸ ਸਾਲ ਅਰਜੁਨਾ ਐਵਾਰਡ ਦੇਣ ਲਈ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਸੰਧੂ ਤੋਂ ਪਹਿਲਾਂ 1967 ’ਚ ਮਰਹੂੁਮ ਪੀਟਰ ਥੰਗਰਾਜ, 1997 ’ਚ ਬ੍ਰਹਮਾਨੰਦ ਸੰਖਵਾਲਕਰ ਅਤੇ 2016 ’ਚ ਸੁਬਰਤੋ ਪਾਲ ਵਰਗੇ ਨਾਮੀਂ ਗੋਲਕੀਪਰਾਂ ਨੂੰ ‘ਅਰਜੁਨਾ ਐਵਾਰਡ’ ਦਾ ਵਕਾਰੀ ਸਨਮਾਨ ਦਿੱਤਾ ਜਾ ਚੁੱਕਾ ਹੈ। ਜਰਨੈਲ ਸਿੰਘ ਪਨਾਮ, ਇੰਦਰ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਤੋਂ ਬਾਅਦ ਗੁਰਪ੍ਰੀਤ ਸਿੰਘ ਸੰਧੂ ਪੰਜਾਬ ਦਾ ਚੌਥਾ ਫੁਟਬਾਲ ਖਿਡਾਰੀ ਹੈ, ਜਿਸ ਨੂੰ ਅਰਜੁਨਾ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਆਲ ਇੰਡੀਆ ਫੁਟਬਾਲ ਫੈੱਡਰੇਸ਼ਨ ਦੇ ਗੋਆ ਸਥਿਤ ਸੈਂਟਰ ਆਫ ਐਕਸੀਲੈਂਸ ਤੋਂ ਸਿਖਲਾਈਯਾਫਤਾ ਗੁਰਪ੍ਰੀਤ ਸੰਧੂ ਕੌਮੀ ਟੀਮ ਦਾ ਯੰਗੈਸਟ ਕਪਤਾਨ ਹੈ, ਜਿਸ ਨੂੰ ਸਤੰਬਰ-2016 ’ਚ ਪੋਰਟੋ ਰੀਕੋ ਵਿਰੁੱਧ ਦੋਸਤਾਨਾ ਮੈਚ ’ਚ ਟੀਮ ਦੀ ਅਗਵਾਈ ਕੀਤੀ। 8 ਸਾਲਾ ਉਮਰ ’ਚ ਸੇਂਟ ਸਟੀਫਨ’ਜ਼ ਸਕੂਲ ਦੀ ਫੁਟਬਾਲ ਅਕੈਡਮੀ ਤੋਂ ਯੂਥ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰਪ੍ਰੀਤ ਸੰਧੂ ਦੀ ਚੋਣ ਸਾਲ-2000 ’ਚ ਪੰਜਾਬ ਦੀ ਅੰਡਰ-16 ਫੁਟਬਾਲ ਟੀਮ ਵਲੋਂ ਖੇਡਣ ਲਈ ਕੀਤੀ ਗਈ। ਇਸ ਤੋਂ ਬਾਅਦ ਗੁਰਪ੍ਰੀਤ ਸੰਧੂ ਨੂੰ ਦੇਸ਼ ਦੀ ਅੰਡਰ-19 ਵਲੋਂ 10 ਅਤੇ ਅੰਡਰ-23 ਵਲੋਂ 9 ਮੈਚ ਖੇਡਣ ਦਾ ਰੁਤਬਾ ਹਾਸਲ ਹੋਇਆ। ਘਰੇਲੂ ਫੁਟਬਾਲ ਲੀਗ ’ਚ ਕਰੰਟ ਫੁਟਬਾਲ ਕਲੱਬ ਬੰਗਲੂਰੂ ਦੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਗੁਰਪ੍ਰੀਤ ਸੰਧੂ ਨੇ 2009 ’ਚ ਬੰਗਾਲ ਦੇ ਫੁਟਬਾਲ ਕਲੱਬ ਈਸਟ ਬੰਗਾਲ ਤੋਂ ਪ੍ਰੋਫੈਸ਼ਨਲ ਕਰੀਅਰ ਦਾ ਆਗਾਜ਼ ਕੀਤਾ। ਸੀਨੀਅਰ ਕੌਮੀ ਫੁਟਬਾਲ ਟੀਮ ਦੀ 33 ਕੌਮਾਂਤਰੀ ਮੈਚਾਂ ’ਚ ਪ੍ਰਤੀਨਿੱਧਤਾ ਕਰਨ ਵਾਲੇ ਗੁਰਪ੍ਰੀਤ ਸੰਧੂ ਨੇ ਈਸਟ ਬੰਗਾਲ ਐਫਸੀ ਦੀ ਟੀਮ ਨਾਲ 27 ਮੈਚ ਖੇਡਣ ਤੋਂ ਬਾਅਦ 2014 ’ਚ ਬੰਗਾਲੀ ਕਲੱਬ ਨੂੰ ਛੱਡ ਕੇ ਬੰਗਲੂਰੂ ਐਫਸੀ ਦਾ ਦਾਮਨ ਫੜਿਆ।
ਮੁਹਾਲੀ ਸ਼ਹਿਰ ’ਚ 3 ਫਰਵਰੀ 1992 ਨੂੰ ਪੰਜਾਬ ਪੁਲੀਸ ’ਚ ਐਸਪੀ ਤੇਜਿੰਦਰ ਸਿੰਘ ਸੰਧੂ ਤੇ ਚੰਡੀਗੜ੍ਹ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤਾਇਨਾਤ ਹਰਜੀਤ ਕੌਰ ਸੰਧੂ ਦੇ ਘਰ ਜਨਮਿਆ ਗੁਰਪ੍ਰੀਤ ਸਿੰਘ ਸੰਧੂ, 1936 ’ਚ ਮੁਹੰਮਦ ਸਲੀਮ ਤੋਂ ਬਾਅਦ ਪੰਜਾਬ ਦਾ ਪਹਿਲਾ ਅਤੇ ਦੇਸ਼ ਦਾ ਦੂਜਾ ਖਿਡਾਰੀ ਹੈ, ਜਿਸ ਨੂੰ ਯੂਈਐਫਸੀ ਯੂਰੋਪਾ ਟਾਪ ਡਿਵੀਜ਼ਨ ਲੀਗ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਗੁਰਪ੍ਰੀਤ ਸੰਧੂ ਦੇਸ਼ ਦਾ 5ਵਾਂ ਫੁਟਬਾਲਰ ਹੈ, ਜਿਸ ਨੂੰ ਮੁਹੰਮਦ ਸਲੀਮ, ਸਾਬਕਾ ਕਪਤਾਨ ਬਾਈਚੁੰਗ ਭੂਟੀਆ, ਮੌਜੂਦਾ ਕਪਤਾਨ ਸੁਨੀਲ ਛੇਤਰੀ ਅਤੇ ਗੋਲਕੀਪਰ ਸੁਬਰਤਾ ਪਾਲ ਤੋਂ ਬਾਅਦ ਯੂਰੋਪੀਅਨ ਫੁਟਬਾਲ ਕਲੱਬਾਂ ਵਲੋਂ ਟਾਪ ਡਿਵੀਜ਼ਨ ਲੀਗ ਖੇਡਣ ਦਾ ਮਾਣ ਮਿਲਿਆ ਹੈ। ਗੋਲਕੀਪਰ ਵਜੋਂ ਗੋਲ ਪੋਸਟ ਦੀ ਰਾਖੀ ਕਰਨ ਵਾਲੇ ਫੁਟਬਾਲਰ ਸੰਧੂ ਨੇ ਨਾਰਵੇ ਦੇ ਸੀਨੀਅਰ ਪ੍ਰੋਫੈਸ਼ਨਲ ਫੁਟਬਾਲ ਕਲੱਬ ਸਟੈਬੈਕ ਐਫਸੀ ਵਲੋਂ 18 ਜਨਵਰੀ, 2015 ਨੂੰ ਸੈਕਿੰਡ ਟਾਇਰ ਫੁਟਬਾਲ ਕਲੱਬ ਫੋਲੋ ਐਫਕੇ ਦੀ ਟੀਮ ਨਾਲ ਦੋਸਤਾਨਾ ਮੈਚ ਖੇਡਦਿਆਂ ਆਪਣੇ ਪੇਸ਼ੇਵਾਰਾਨਾ ਫੁਟਬਾਲ ਕਲੱਬ ਖੇਡ ਕਰੀਅਰ ਦਾ ਆਗਾਜ਼ ਕੀਤਾ, ਜਿਸ ਮੈਚ ’ਚ ਸੰਧੂ ਦੀ ਨੁਮਾਇੰਦਗੀ ਵਾਲੇ ਫੁਟਬਾਲ ਕਲੱਬ ਦੀ ਟੀਮ ਨੂੰ 4-1 ਗੋਲ ਅੰਤਰ ਦੀ ਜਿੱਤ ਨਸੀਬ ਹੋਈ। ਯੂਰੋਪ ਦੇ ਟਾਪ ਡਿਵੀਜ਼ਨ ਫੁਟਬਾਲ ਕਲੱਬ ਨਾਰਵੇਜੀਅਨ ਟਿਪੀਲਿਗੈਨ ਸਟੈਬੈਕ ਐਫਸੀ ਨੇ ਗੁਰਪ੍ਰੀਤ ਸੰਧੂ ਨਾਲ 15 ਅਗਸਤ 2014 ’ਚ ਆਪਣੀ ਫੁਟਬਾਲ ਟੀਮ ਦੇ ਦਸਤੇ ’ਚ ਸ਼ਾਮਲ ਕਰਨ ਲਈ ਖੇਡ ਸਮਝੌਤਾ ਸਾਈਨ ਕੀਤਾ। ਗੋਲਚੀ ਸੰਧੂ ਨੇ 5 ਨਵੰਬਰ 2009 ’ਚ ਭਾਰਤ ਦੀ ਅੰਡਰ-19 ਫੁਟਬਾਲ ਟੀਮ ਵਲੋਂ ਇਰਾਕ ਵਿਰੁੱਧ ਏਐਫਸੀ ਏਸ਼ੀਅਨ ਫੁਟਬਾਲ ਕੱਪ ਦਾ ਕੁਆਲੀਫਿਕੇਸ਼ਨ ਮੈਚ ਖੇਡਦਿਆਂ ਆਪਣੀ ਖੇਡ ਪਾਰੀ ਦਾ ਆਗਾਜ਼ ਕੀਤਾ। ਸੰਧੂ ਦੀ ਗੋਲ ਰਾਖੇ ਦੀ ਖੇਡ ਕਾਬਲੀਅਤ ਨੂੰ ਦੇਖਦਿਆਂ ਏਐਫਸੀ ਫੁਟਬਾਲ ਕੱਪ-2011 ਖੇਡਣ ਵਾਲੀ ਕੌਮੀ ਫੁਟਬਾਲ ਟੀਮ ’ਚ ਟੀਮ ਚੋਣਕਾਰਾਂ ਵਲੋਂ ਉਸ ਨੂੰ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਗੋਲ ਰਾਖੇ ਸੰਧੂ ਨੂੰ ਏਐਫਸੀ ਫੁਟਬਾਲ ਕੱਪ ’ਚ ਕੌਮੀ ਟੀਮ ਲਈ ਆਪਣੇ ਖੇਡ ਕਰੀਅਰ ਦੇ ਪਹਿਲੇ ਮੈਚ ’ਚ ਤੁਰਕਮੇਨਿਸਤਾਨ ਦੀ ਟੀਮ ਵਿਰੁੱਧ ਆਪਣੇ ਗੋਲ ਦੀ ਹਿਫਾਜ਼ਤ ਕਰਨ ਦਾ ਮੌਕਾ ਮਿਲਿਆ।
ਅਰਜੁਨਾ ਐਵਾਰਡੀ ਸ਼ਾਟਪੁੱਟਰ ਜਤਿੰਦਰਪਾਲ ਤੂਰ: ਫੁਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ ਤੋਂ ਇਲਾਵਾ ਪੰਜਾਬ ਦੇ ਦੂਜੇ ਖਿਡਾਰੀ ਜਤਿੰਦਰਪਾਲ ਸਿੰਘ ਤੂਰ ਨੂੰ ਅਰਜੁਨਾ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਇਸ ਮਹੀਨੇ ਦੇ ਅਖੀਰ ’ਚ ਭਾਰਤ ਸਰਕਾਰ ਦੀ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵਲੋਂ ‘ਅਰਜੁਨਾ ਐਵਾਰਡ’ ਨਾਲ ਸਨਮਾਨੇ ਜਾਣ ਵਾਲੇ ਸ਼ਾਟਪੁੱਟ ਥਰੋਅਰ ਜਤਿੰਦਰਪਾਲ ਸਿੰਘ ਤੂਰ ਤੋਂ ਪਹਿਲਾਂ ਪੰਜਾਬ ਦੇ ਏਸ਼ੀਅਨ ਚੈਂਪੀਅਨ ਗੋਲੇ ਸੁੱਟਾਵਿਆਂ ਪਰਦੁੱਮਣ ਸਿੰਘ, ਜੋਗਿੰਦਰ ਸਿੰਘ ਜੋਗੀ, ਬਹਾਦਰ ਸਿੰਘ ਸੀਨੀਅਰ ਅਤੇ ਬਲਵਿੰਦਰ ਸਿੰਘ ਦੀ ਝੋਲੀ ’ਚ ਵੀ ਅਰਜੁਨਾ ਐਵਾਰਡ ਦਾ ਖਿਤਾਬ ਪੈ ਚੁੱਕਾ ਹੈ। 2018 ’ਚ ਇੰਡੋਨੇਸੀਆ ਦੀ ਰਾਜਧਾਨੀ ਜਕਾਰਤਾ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਪੰਜਾਬ ਦੇ ਸੁਟਾਵੇ ਤੇਜਿੰਦਰਪਾਲ ਸਿੰਘ ਤੂਰ ਨੇ ਗੋਲੇ ’ਚ ਗੋਲਡ ਮੈਡਲ ਜਿੱਤਣ ਸਦਕਾ ਖੇਡ ਪ੍ਰੇਮੀਆਂ ਦੇ ਚਿਹਰਿਆਂ ’ਤੇ ਰੌਣਕਾਂ ਲਿਆ ਦਿੱਤੀਆਂ ਸਨ। ਜਕਾਰਤਾ ਏਸ਼ਿਆਈ ਖੇਡਾਂ ’ਚ ਤੇਜਿੰਦਰਪਾਲ ਸਿੰਘ ਤੂਰ ਵਲੋਂ ਅਥਲੈਟਿਕਸ ’ਚ ਜਿੱਤਿਆ ਗਿਆ ਪਹਿਲਾ ਤਗਮਾ ਸੀ। ਗੋਲਾ ਸੁੱਟਣ ’ਚ 16 ਸਾਲ ਬਾਅਦ ਦੇਸ਼ ਨੂੰ ਸੋਨ ਤਗਮਾ ਹਾਸਲ ਹੋਇਆ ਹੈ। ਤੇਜਿੰਦਰਪਾਲ ਸਿੰਘ ਤੂਰ ਤੋਂ ਪਹਿਲਾਂ 2002 ’ਚ ਬੂਸਾਨ ਦੀਆਂ ਏਸ਼ੀਅਨ ਖੇਡਾਂ ’ਚ ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤਾਇਨਾਤ ਥਰੋਅਰ ਬਹਾਦਰ ਸਿੰਘ ਸੱਗੂ ਨੇ ਗੋਲਡ ਮੈਡਲ ਹਾਸਲ ਕੀਤਾ ਸੀ। ਜਕਾਰਤਾ ’ਚ ਤੇਜਿੰਦਰਪਾਲ ਤੂਰ ਨੇ 20.75 ਮੀਟਰ ’ਤੇ ਗੋਲਾ ਥਰੋਅ ਕਰਕੇ ਨੈਸ਼ਨਲ ਰਿਕਾਰਡ ਬਰੇਕ ਕੀਤਾ। ਨਵਾਂ ਰਾਸ਼ਟਰੀ ਰਿਕਾਰਡ ਸਿਰਜਣ ਵਾਲਾ ਤੇਜਿੰਦਰਪਾਲ ਤੂਰ ਦੇਸ਼ ਪਹਿਲਾ ਸੁੱਟਾਵਾ ਹੈ, ਜਿਸ ਨੂੰ 20 ਮੀਟਰ ਤੋਂ ਵੱਧ ਦੂਰੀ ’ਤੇ ਗੋਲਾ ਥਰੋਅ ਕਰਨ ਦਾ ਐਜਾਜ਼ ਹਾਸਲ ਹੋਇਆ ਹੈ। ਜਕਾਰਤਾ ਏਸ਼ਿਆਈ ਖੇਡਾਂ ’ਚ ਲਾਈ ਥਰੋਅ ਤੇਜਿੰਦਰਪਾਲ ਤੂਰ ਦੇ ਹੁਣ ਤੱਕ ਦੇ ਕਰੀਅਰ ਦੀ ਸਭ ਤੋਂ ‘ਬੈਸਟ ਥਰੋਅ’ ਆਂਕੀ ਗਈ ਹੈ। ਤੇਜਿੰਦਰਪਾਲ ਤੂਰ ਨੇ ਇਸ ਸਾਲ ਖੇਡੀਆਂ ਗਈਆਂ ਕਾਮਨਵੈਲਥ ਗੇਮਜ਼ ’ਚ 19.42 ਮੀਟਰ ’ਤੇ ਗੋਲ ਸੁੱਟਣ ਸਦਕਾ 8ਵਾਂ ਸਥਾਨ ਹਾਸਲ ਕੀਤਾ ਸੀ। ਪਰ ਚਾਰ ਮਹੀਨੇ ਦੇ ਵਕਫ਼ੇ ਮਗਰੋਂ ਆਪਣੇ ਪ੍ਰਦਰਸ਼ਨ ’ਚ ਸ਼ਾਨਦਾਰ ਸੁਧਾਰ ਕਰ ਕੇ ਤੇਜਿੰਦਰਪਾਲ ਸਿੰਘ ਨੇ ਚੰਗੀ ਵਾਪਸੀ ਕਰ ਕੇ ਗੋਲਡ ਮੈਡਲ ਨਾਲ ਹੱਥ ਮਿਲਾਇਆ ਹੈ। ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਜਕਾਰਤਾ ਏਸ਼ੀਆ ਖੇਡਾਂ ’ਚ ਤੇਜਿੰਦਰਪਾਲ ਸਿੰਘ ਤੂਰ ਨੇ 1.33 ਮੀਟਰ ਦੀ ਵੱਧ ਦੂਰੀ ’ਤੇ ਗੋਲਾ ਸੁੱਟਣ ’ਚ ਕਾਮਯਾਬੀ ਹਾਸਲ ਕੀਤੀ। ਇਸ ਸਮੇਂ ਤੇਜਿੰਦਰਪਾਲ ਤੂਰ ਪੋਲੈਂਡ ’ਚ ਆਪਣੇ ਕੋਚ ਮਹਿੰਦਰ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਸਤੰਬਰ ਮਹੀਨੇ ਖੇਡੀ ਜਾਣ ਵਾਲੀ ਵਿਸ਼ਵ ਅਥਲੈਟਿਕਸ ਮੀਟ ਦੀ ਤਿਆਰੀ ’ਚ ਜੁੱਟਿਆ ਹੋਇਆ ਹੈ। ਕਾਬਲੇਗੌਰ ਹੈ ਕਿ ਥਰੋਅਰ ਤੂਰ ਦੇ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਵਾਰ ‘ਦਰੋਣਚਾਰੀਆ ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਹੈ।
ਤੇਜਿੰਦਰਪਾਲ ਸਿੰਘ ਤੂਰ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ’ਚ 12 ਦਸੰਬਰ 1994 ’ਚ ਕਰਮ ਸਿੰਘ ਤੇ ਪ੍ਰਿਤਪਾਲ ਕੌਰ ਦੇ ਘਰ ਹੋਇਆ। ਜਕਾਰਤਾ ਏਸ਼ਿਆਈ ਖੇਡਾਂ ਸਮੇਂ ਤੇਜਿੰਦਰਪਾਲ ਤੂਰ ਦੇ ਪਿਤਾ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ, ਜਿਸ ਕਰ ਕੇ ਤੇਜਿੰਦਰਪਾਲ ਸਿੰਘ ਤੂਰ ਨੂੰ ਕਾਮਨਵੈਲਥ ਅਤੇ ਏਸ਼ਿਆਈ ਖੇਡਾਂ ਸਿਰ ’ਤੇ ਹੋਣ ਕਰ ਕੇ ਆਪਣੇ ਪਿਤਾ ਦੀ ਦੇਖ-ਭਾਲ ਤੋਂ ਵੀ ਪਾਸੇ ਰਹਿਣਾ ਪਿਆ। ਜਕਾਰਤਾ ਖੇਡਾਂ ’ਚ ਜਦੋਂ ਤੂਰ ਨੇ ਸੋਨ ਤਗਮਾ ਜਿੱਤਿਆ ਤਾਂ ਕੈਂਸਰ ਪੀੜਤ ਪਿਤਾ ਕਰਮ ਸਿੰਘ ਨੇ ਪੁੱਤਰ ਦਾ ਸੋਨ ਤਗਮਾ ਦੇਖਣ ਦੀ ਇੱਛਾ ਪ੍ਰਗਟ ਕੀਤੀ ਸੀ। ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਜਤਿੰਦਰਪਾਲ ਤੂਰ ਜਕਾਰਤਾ ਤੋਂ ਛੇਤੀ ਹੀ ਦਿੱਲੀ ਪਹੁੰਚਿਆ ਜਿਥੋਂ ਉਸ ਨੇ ਬਿਮਾਰ ਪਿਤਾ ਨੂੰ ਮਿਲਣ ਲਈ ਪੰਚਕੂਲੇ ਵੱਲ ਕੂਚ ਕੀਤਾ ਪਰ ਜਦੋਂ ਤੂਰ ਅੰਬਾਲੇ ਪੁੱਜਾ ਤਾਂ ਪਿਤਾ ਦੀ ਮੌਤ ਦੀ ਖ਼ਬਰ ਨਾਲ ਪੁੱਤਰ ਦਾ ਪਿਉ ਨਾਲ ਆਖ਼ਰੀ ਮੁਲਾਕਾਤ ਦਾ ਸੁਪਨਾ ਵਿਚਾਲੇ ਹੀ ਟੁੱਟ ਗਿਆ।
ਸੰਪਰਕ: 94171-82993


Comments Off on ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.