ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

Posted On August - 14 - 2019

ਜੋਗਿੰਦਰ ਸਿੰਘ ਓਬਰਾਏ

15 ਅਗਸਤ ਨੂੰ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼

ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਿਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਿਆ।
15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ, ਪਰ ਇਸੇ ਦੇ ਇਕ ਛੋਟੇ ਜਿਹੇ ਹਿੱਸੇ ਪੁਰਤਗਾਲ ’ਤੇ ਗੁਲਾਮੀ ਛਾਈ ਰਹੀ। ਗੋਆ ਵਿਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ। ਆਖ਼ਰ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ 15 ਅਗਸਤ 1955 ਵਿਚ ਭਾਰਤ ਵਾਸੀਆਂ ਨੇ ਗੋਆ ਨੂੰ ਗੈਰ-ਮੁਲਕੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇਕ ਸੰਘਰਸ਼ ਸ਼ੁਰੂ ਕੀਤਾ, ਜਿਸ ਵਿਚ ਪੁਰਤਗਾਲ ਸਰਕਾਰ ਦੀ ਸੈਨਾ ਵੱਲੋਂ ਕੀਤੀ ਗਈ ਅੰਨ੍ਹੇਵਾਹ ਫ਼ਾਇਰਿੰਗ ਵਿਚ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ-30, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਅੱਜ-ਕੱਲ੍ਹ ਪਾਕਿਸਤਾਨ) ਵਿਚ ਪੈਦਾ ਹੋਏ। ਸੱਤਵੀਂ ਜਮਾਤ ਤੱਕ ਵਿੱਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ-51 ਵਿਚ ਹਾਸਲ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿਚ ਮੁੱਖ ਅਧਿਆਪਕ ਲੱਗੇ। ਕਰਨੈਲ ਸਿੰਘ ਨੇ ਵੀ ਉੱਥੇ ਹੀ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਠਵੀਂ ਉਸ ਸਕੂਲ ਤੋਂ ਹੀ ਪਾਸ ਕੀਤੀ।
ਕਰਨੈਲ ਸਿੰਘ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਉਸ ਦੀ ਮਾਤਾ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ, ਜ਼ਿਲ੍ਹਾ ਲੁਧਿਆਣਾ ਵਿਚ ਰਹਿਣ ਲੱਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਦੇ ਕੋਲ ਪਿੰਡ ਈਸੜੂ ਹੀ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਵਿਚ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਨੇ ਮੈਟ੍ਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ।
ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ, ਜੋ ਕਿ ਇਕ ਤਰੱਕੀ ਪਸੰਦ ਸ਼ਾਇਰ ਵੀ ਸਨ, ਦੀਆਂ ਉਰਦੂ ਵਿਚ ਲਿਖੀਆਂ ਹੋਈਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ’ਤੇ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਤੇ ਉਹ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਖੰਨਾ ਦੇ ਸਕੂਲ ਵਿਚ ਫ਼ੀਸਾਂ ਵਧਾਉਣ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਹੋ ਗਿਆ ਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ।
ਗਰੀਬੀ ਕਾਰਨ ਉਹ ਕਾਲਜ ਵਿਚ ਦਾਖ਼ਲ ਨਾ ਹੋ ਸਕੇ। ਉਨ੍ਹਾਂ ਨੇ ਇਕ ਲਾਇਬਰੇਰੀ ਪਬਲਿਕ ਸਕੂਲ ਲਈ ਖੋਲ੍ਹੀ, ਜਿਸ ਦੇ ਪ੍ਰਧਾਨ ਉਹ ਆਪ ਹੀ ਬਣੇ ਅਤੇ ਪ੍ਰਾਇਵੇਟ ਤੌਰ ਤੇ ਐਫ਼.ਏ ਪਾਸ ਕੀਤੀ। ਆਪਣੇ ਵੱਡੇ ਭਰਾ ਦੇ ਕਹਿਣ ’ਤੇ ਉਨ੍ਹਾਂ ਨੇ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ ਅਤੇ ਖੰਨਾ ਨੇੜੇ ਪਿੰਡ ਬੰਬਾਂ ਵਿਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ। ਅਗਸਤ 1955 ਵਿਚ ਉਹ ਆਪਣਾ ਆਖ਼ਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ ਸਨ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਵਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿਚ ਵੀ ਗੋਆ ਦੇ ਸੱਤਿਆਗ੍ਰਹਿ ਕਰਨ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਮੈਂਬਰਾਂ ਤੋਂ ਇਜਾਜ਼ਤ ਲਏ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਤਖ਼ਤ ਸਿੰਘ ਨੂੰ ਪੋਸਟ ਕਾਰਡ ਲਿਖ਼ਿਆ। ਜਿਸ ਵਿਚ ਉਨ੍ਹਾਂ ਨੇ ਲਿਖ਼ਿਆ, ‘‘ਮੈਂ ਲੁਧਿਆਣਾ ਤੋਂ ਆਪ ਜੀ ਨੂੰ ਇਹ ਪੋਸਟ ਕਾਰਡ ਇਸ ਲਈ ਪਾਇਆ ਹੈ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ, ਜਦ ਮੈਂ ਲੁਧਿਆਣਾ ਤੋਂ ਚੱਲ ਪਵਾਂਗਾ, ਫ਼ਿਰ ਮੈਨੂੰ ਵੱਡੇ ਭਰਾ ਜੀ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ।’’ ਇਥੋਂ ਹੀ ਉਨ੍ਹਾਂ ਖੰਨਾ ਦੇ ਇਕ ਹੋਟਲ ਵਾਲੇ ਆਪਣੇ ਦੋਸਤ ਨੱਥੂ ਰਾਮ ਨੂੰ ਇਕ ਖ਼ਤ ਲਿਖਿਆ ਕਿ ਉਹ ਉਸ ਦੀ ਮਾਤਾ ਨੂੰ ਇਹ ਸੁਨੇਹਾ ਪਹੁੰਚਾ ਦੇਣ ਕਿ ਕਰਨੈਲ ਸਿੰਘ ਗੋਆ ਵਿਚ ਸੱਤਿਆਗ੍ਰਹਿ ਕਰਨ ਚਲਾ ਗਿਆ ਹੈ। ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਉਹ ਵਾਪਸ ਆ ਕੇ ਉਨ੍ਹਾਂ ਦੇ ਦਰਸ਼ਨ ਵੀ ਨਾ ਕਰ ਸਕੇ।
ਗੋਆ ਪੁੱਜ ਕੇ ਦੇਸ਼ ਦੇ ਮਰਜੀਵੜਿਆਂ ਦੀ ਭਾਰੀ ਭੀੜ ਨੇ ਪੁਰਤਗਾਲੀਆਂ ਨੂੰ ਉਥੋਂ ਭਜਾ ਦਿੱਤਾ। ਇਸੇ ਦੌਰਾਨ ਕਰਨੈਲ ਸਿੰਘ ਜਦੋਂ ਉਥੇ ਝੰਡਾ ਝੁਲਾਉਣ ਲਈ ਮਿਨਾਰ ’ਤੇ ਚੜ੍ਹੇ ਤਾਂ ਕਿਸੇ ਲੁਕੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਵਰ੍ਹੇ ਪਿੰਡ ਵਿਚ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ, ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਪਿੰਡ ਵਿਚ ਹੀ ਇਕ ਲਾਇਬਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇਥੇ ਹੀ ਇਥ ਸਟੇਡੀਅਮ ਉਸਾਰੀ ਅਧੀਨ ਹੈ। ਖੰਨਾ ਵਿਚ ਇਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।
ਪਿੰਡ ਈਸੜੂ, ਜੋ ਖੰਨਾ ਤੋਂ ਮਲੇਰਕੋਟਲਾ ਸੜਕ ’ਤੇ 12 ਕਿਲੋਮੀਟਰ ਦੀ ਦੂਰੀ ’ਤੇ ਹੈ, ਵਿਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸਮਾਧੀ ਬਣੀ ਹੋਈ ਹੈ। ਈਸੜੂ ਵਿਚ ਹਰ ਸਾਲ 15 ਅਗਸਤ ਨੂੰ ਭਾਰੀ ਇੱਕਠ ਹੁੰਦਾ ਹੈ।
ਸੰਪਰਕ: 94170-34189


Comments Off on ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.