ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਗੁਰੂ ਰਵਿਦਾਸ ਮੰਦਰ ਮਾਮਲਾ: ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Posted On August - 14 - 2019

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਅਗਸਤ

ਭਵਾਨੀਗੜ੍ਹ ਵਿਚ ਕੌਮੀ ਸ਼ਾਹਰਾਹ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਲਾਕਾ ਵਾਸੀ।

ਦਿੱਲੀ ਵਿੱਚ ਗੁਰੂ ਰਵਿਦਾਸ ਦਾ ਸਦੀਆਂ ਪੁਰਾਣਾ ਮੰਦਿਰ ਢਾਹੁਣ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਇੱਥੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅਨਾਜ ਮੰਡੀ ਵਿੱਚ ਰੈਲੀ ਕਰਨ ਉਪਰੰਤ ਮੁੱਖ ਮਾਰਗ ’ਤੇ ਦੋ ਘੰਟੇ ਜਾਮ ਲਗਾਇਆ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਵਿੱਚ ਔਰਤਾਂ ਸਣੇ ਵੱਡੀ ਗਿਣਤੀ ਇਲਾਕਾ ਵਾਸੀ ਇਕੱਤਰ ਹੋਏ। ਇਸ ਮੌਕੇ ਕਮੇਟੀ ਆਗੂ ਚਰਨਾ ਰਾਮ ਲਾਲਕਾ, ਟਰੇਡ ਯੂਨੀਅਨ ਆਗੂ ਕ੍ਰਿਸ਼ਨ ਸਿੰਘ ਭੜੋ, ਕਾਂਗਰਸੀ ਆਗੂ ਵਰਿੰਦਰ ਕੁਮਾਰ ਪੰਨਵਾਂ ਤੇ ਅਮਰੀਕ ਸਿੰਘ ਵਿੱਕੀ ਨੇ ਮੰਗ ਕੀਤੀ ਕਿ ਰਵਿਦਾਸ ਮੰਦਿਰ ਨੂੰ ਦੁਬਾਰਾ ਬਣਾਇਆ ਜਾਵੇ। ਇਸ ਦੌਰਾਨ ਭਵਾਨੀਗੜ੍ਹ ਮੁਕੰਮਲ ਬੰਦ ਰਿਹਾ।
ਅਮਰਗੜ੍ਹ (ਰਜਿੰਦਰ ਜੈਦਕਾ): ਇੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਬਸ ਸਟੈਂਡ ’ਤੇ ਧਰਨਾ ਲਾ ਕੇ ਸੜਕ ਜਾਮ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਲੋਕ ਇਨਸਾਫ਼ ਪਾਰਟੀ ਦੇ ਸਕੱਤਰ ਜਨਰਲ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐੱਮਡੀ ਸਵਰਨਜੀਤ ਸਿੰਘ, ਸਰਬਜੀਤ ਸਿੰਘ ਗੋਗੀ, ਜਬਰ-ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਲ ਨੇ ਕਿਹਾ ਕਿ ਇਹ ਸਥਾਨ ਤੋੜਨਾ ਸਰਕਾਰ ਦਾ ਦਲਿਤ ਵਿਰੋਧੀ ਹੋਣ ਦਾ ਸਬੂਤ ਹੈ। ਇਸ ਤੋਂ ਇਲਾਵਾ ਬਾਗੜੀਆਂ ਤੇ ਮਾਹੋਰਾਣਾ ਵਿਚ ਵੀ ਪ੍ਰਦਰਸ਼ਨ ਕਰ ਕੇ ਜਾਮ ਲਗਾਇਆ ਗਿਆ।

ਸ਼ੇਰਪੁਰ ਦੇ ਕਾਤਰੋਂ ਚੌਂਕ ’ਚ ਰੋਸ ਪ੍ਰਗਟਾਉਂਦੇ ਹੋਏ ਦਲਿਤ ਭਾਈਚਾਰੇ ਦੇ ਲੋਕ।

ਧੂਰੀ (ਹਰਦੀਪ ਸਿੰਘ ਸੋਢੀ): ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਦਲਿਤ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਕੜਵਾਲ ਚੌਕ ਵਿਚ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬੰਦ ਕਰਵਾਏ ਗਏ। ਇਸ ਮੌਕੇ ਐੱਸ.ਸੀ ਭਾਈਚਾਰੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਇੱਥੇ ਪੰਜਾਬ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਰਵਿਦਾਸ ਭਾਈਚਾਰੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਸ਼ਹਿਰ ’ਚ ਰੋਸ ਮਾਰਚ ਕੀਤਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਵਪਾਰਕ ਅਦਾਰੇ ਬੰਦ ਕਰਵਾਏ ਗਏ, ਪਰ ਬੱਸ ਸੇਵਾ ਆਮ ਵਾਂਗ ਚੱਲੀ। ਵਰਕਰਾਂ ਨੇ ਬਾਜ਼ਾਰ ’ਚ ਕਈ ਥਾਂ ਧਰਨਾ ਦਿੱਤਾ ਤੇ ਮੁੱਖ ਮੰਦਰ ਚੌਕ ਅੱਗੇ ਦਿੱਤੇ ਧਰਨੇ ’ਚ ਐੱਸਡੀਐੱਮ ਸੂਬਾ ਸਿੰਘ ਨੇ ਧਰਨਾਕਾਰੀਆਂ ਤੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਲਈ ਮੰਗ ਪੱਤਰ ਲਿਆ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਦਲਿਤ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਟਰੱਕ ਯੂਨੀਅਨ ਚੌਕ ਵਿਚ ਰੋਸ ਧਰਨਾ ਦਿੱਤਾ। ਦਲਿਤ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਤਹਿਸੀਲਦਾਰ ਬਾਦਲ ਦੀਨ ਨੂੰ ਮੰਗ ਪੱਤਰ ਸੌਂਪਿਆ। ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਮੁਸਲਿਮ-ਸਿੱਖ ਸਾਂਝਾ ਦੇ ਮੁਹੰਮਦ ਪ੍ਰਵੇਜ਼ ਤੇ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਮੂਬੀਨ ਫ਼ਾਰੂਕੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ।

ਲਹਿਰਾਗਾਗਾ ਦੇ ਬਾਜ਼ਾਰ ’ਚ ਧਰਨਾ ਦਿੰਦੇ ਹੋਏ ਇਲਾਕਾ ਵਾਸੀ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਦੇ ਮਾਤਾ ਮੋਦੀ ਪਾਰਕ ਵਿੱਚ ਕੀਤੀ ਰੋਸ ਰੈਲੀ ਵਿੱਚ ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਲਿਤਾਂ ਨੂੰ ਦਬਾਉਣ ਦੀਆਂ ਚਾਲਾਂ ਬੰਦ ਕਰੇ। ਪੰਜਾਬ ਬੰਦ ਦੇ ਸੱਦੇ ’ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ’ਤੇ ਆਧਾਰਿਤ ਬਣੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਮਾਤਾ ਮੋਦੀ ਪਾਰਕ ਵਿਚ ਰੋਸ ਰੈਲੀ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਉਨ੍ਹਾਂ ਰਾਸ਼ਟਰਪਤੀ ਦੇ ਨਾਂ, ਐੱਸਡੀਐੱਮ ਸੁਨਾਮ ਮਨਜੀਤ ਕੌਰ ਨੂੰ ਮੰਗ ਪੱਤਰ ਦਿੱਤਾ। ਬੱਸਾਂ ਆਮ ਵਾਂਗ ਚੱਲਦੀਆਂ ਰਹੀਆਂ।
ਸ਼ੇਰਪੁਰ (ਬੀਰਬਲ ਰਿਸ਼ੀ): ਅੱਜ ਲਗਾਤਾਰ ਤੀਜੇ ਦਿਨ ਵੀ ਦਲਿਤ ਭਾਈਚਾਰੇ ਦੇ ਲੋਕਾਂ ਨੇ ਰਵਿਦਾਸ ਗੁਰਦੁਆਰਾ ਸ਼ੇਰਪੁਰ ਤੋਂ ਚੱਲ ਕੇ ਬਾਜ਼ਾਰ ਵਿਚੋਂ ਦੀ ਰੋਸ ਮਾਰਚ ਕਰਦਿਆਂ ਕਾਤਰੋਂ ਚੌਂਕ ’ਚ ਧਰਨਾ ਦੇ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਧਰਨਾ ਸ਼ਾਮ ਪੰਜ ਵਜੇ ਤੱਕ ਜਾਰੀ ਰਿਹਾ। ਪਿੰਡ ਘਨੌਰੀ ਕਲਾਂ ਤੇ ਕਾਤਰੋਂ ’ਚ ਵੀ ਦਲਿਤ ਭਾਈਚਾਰੇ ਦੇ ਆਗੂਆਂ ਨੇ ਚੱਕਾ ਜਾਮ ਕਰ ਕੇ ਗੁੱਸੇ ਦਾ ਇਜ਼ਹਾਰ ਕੀਤਾ। ਸ਼ੇਰਪੁਰ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।

ਮਾਲੇਰਕੋਟਲਾ ’ਚ ਦਲਿਤ ਭਾਈਚਾਰੇ ਦੇ ਆਗੂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਹੋਏ।

ਲੌਂਗੋਵਾਲ (ਜਗਤਾਰ ਸਿੰਘ ਨਹਿਲ): ਬੰਦ ਦੇ ਸੱਦੇ ’ਤੇ ਲੌਂਗੋਵਾਲ ਦਾ ਬਾਜ਼ਾਰ ਮੁਕੰਮਲ ਬੰਦ ਰਿਹਾ। ਪੁਲੀਸ ਨੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਲੌਂਗੋਵਾਲ ਦੇ ਬਾਜ਼ਾਰ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਡਰੇਨ ਦੇ ਪੁਲ ਉੱਪਰ ਆਵਾਜਾਈ ਰੋਕ ਕੇ ਧਰਨਾ ਲਾਇਆ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਅੱਜ ਪੰਜਾਬ ਬੰਦ ਦੇ ਸੱਦੇ ’ਤੇ ਦਿੜ੍ਹਬਾ ਮੰਡੀ ਅਤੇ ਨੇੜਲੇ ਕਸਬਾ ਸੂਲਰ ਘਰਾਟ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਦਿੜ੍ਹਬਾ ਵਿਚ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਸਣੇ ਹੋਰ ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਸੂਲਰ ਘਰਾਟ ਵਿਚ ਵੀ ਪ੍ਰਦਰਸ਼ਨਕਾਰੀਆਂ ਨੇ ਕੌਮੀ ਮਾਰਗ ’ਤੇ ਕਈ ਘੰਟੇ ਜਾਮ ਲਗਾ ਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਨਾਅਰੇਬਾਜ਼ੀ ਕੀਤੀ ਗਈ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਅਮਰਗੜ੍ਹ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਸਪਾ ਆਗੂ ਧੌਲ ਸਿੰਘ ਬਾਠਾਂ।


Comments Off on ਗੁਰੂ ਰਵਿਦਾਸ ਮੰਦਰ ਮਾਮਲਾ: ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.