ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ

Posted On August - 7 - 2019

ਨੈਨਸੀ

ਸਹੂਲਤਾਂ ਤੋਂ ਸੱਖਣਾ ਮੁਹੱਲੇ ਦਾ ਪਾਰਕ।

ਅੱਜ ਤੋਂ ਕਰੀਬ 532 ਵਰ੍ਹੇ ਪਹਿਲਾਂ ਇਥੇ ਇਲਾਹੀ ਨੂਰ ਵਾਲੇ ਗੱਭਰੂ ਨੇ ਆਪਣੇ ਚਰਨ ਪਾਏ ਸਨ। ਮੈਨੂੰ ਅੱਜ ਵੀ ਉਹ ਕਰਮਾਂ ਵਾਲਾ ਦਿਹਾੜਾ ਯਾਦ ਹੈ, ਜਦ ਗੁਰੂ ਨਾਨਕ ਦੇਵ ਜੀ ਬਟਾਲਾ ਸ਼ਹਿਰ ਵਿਚ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਨੂੰ ਵਿਆਹੁਣ ਆਏ ਸਨ। ਮੂਲ ਚੰਦ ਖੱਤਰੀ ਦੀ ਇਹ ਲਾਡਲੀ ਧੀ ਮੇਰੀਆਂ ਹੀ ਗਲੀਆਂ ਵਿਚ ਹੱਸ-ਖੇਡ ਕੇ ਵੱਡੀ ਹੋਈ ਸੀ। ਵਿਆਹ ਵਾਲੇ ਦਿਨ ਗੁਰੂ ਸਾਹਿਬ ਦੇ ਮੁਖੜੇ ਤੋਂ ਨੂਰ ਝੱਲਿਆ ਨਹੀਂ ਸੀ ਜਾਂਦਾ। ਇਹ ਮੇਰੇ ਵੱਡੇ ਭਾਗ ਹਨ ਕਿ ਮੈਨੂੰ ਉਨ੍ਹਾਂ ਦੀ ਚਰਨਛੋਹ ਪ੍ਰਾਪਤ ਹੋਈ।
ਹਾਂ, ਮੈਂ ਬਟਾਲਾ ਸ਼ਹਿਰ ਦਾ ਉਹ ਪਵਿੱਤਰ ਮੁਹੱਲਾ ਹਾਂ, ਜਿਥੇ ਮੂਲ ਚੰਦ ਖੱਤਰੀ ਦਾ ਘਰ ਸੀ, ਮਤਲਬ ਗੁਰੂ ਨਾਨਕ ਦੇਵ ਦੇ ਸਹੁਰਿਆਂ ਦਾ ਘਰ। ਜਦੋਂ ਗੁਰੂ ਜੀ ਬਟਾਲੇ ਵਿਆਹੁਣ ਆਏ ਤਾਂ ਸਭ ਤੋਂ ਪਹਿਲਾਂ ਬਰਾਤ ਦਾ ਢੁਕਾਅ ਇੱਕ ਕੱਚੀ ਕੰਧ ਲਾਗੇ ਕੀਤਾ ਗਿਆ। ਡਿਗੂੰ-ਡਿਗੂੰ ਕਰਦੀ ਇਸ ਕੰਧ ’ਤੇ ਜਦੋਂ ਪਾਤਸ਼ਾਹ ਦੀ ਨਜ਼ਰ ਪਈ ਤਾਂ ਇਹ ਕੰਧ ਗੁਰੂ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਬਣ ਕੇ ਯੁੱਗਾਂ-ਯੁੱਗਾਂ ਲਈ ਅਮਰ ਹੋ ਗਈ। ਕਈ ਭੁਚਾਲ ਆਏ, ਹੜ੍ਹ ਆਏ ਪਰ ਇਹ ਕੰਧ ਅੱਜ ਵੀ ਸਲਾਮਤ ਹੈ ਅਤੇ ਗੁਰੂ ਸਾਹਿਬ ਦੇ ਵਿਆਹ ਦੀ ਯਾਦ ਤਾਜ਼ਾ ਕਰਾਉਂਦੀ ਹੈ। ਇਥੇ ਹੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਣਿਆ ਹੋਇਆ ਹੈ। ਇਸ ਤੋਂ ਅੱਗੇ ਮੂਲ ਚੰਦ ਖੱਤਰੀ ਦਾ ਘਰ ਸੀ, ਜਿਥੇ ਅੱਜ-ਕੱਲ੍ਹ ਗੁਰਦੁਆਰਾ ਡੇਹਰਾ ਸਾਹਿਬ ਹੈ। ਇਥੇ ਹੀ ਗੁਰੂ ਨਾਨਕ ਦੇਵ ਦਾ ਵਿਆਹ ਮਾਤਾ ਸੁਲੱਖਣੀ ਨਾਲ ਹੋਇਆ। ਇਹ ਗੁਰੂ ਸਾਹਿਬ ਦਾ ਪ੍ਰਤਾਪ ਸੀ ਕਿ ਮੇਰੀ ਸ਼ੋਭਾ ਪੂਰੀ ਦੁਨੀਆਂ ਵਿਚ ਫੈਲ ਗਈ। ਮੈਂ ਅੱਜ ਵੀ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ।
ਅੱਜ ਵੀ ਜਦੋਂ ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਆਉਂਦਾ ਹੈ ਤਾਂ ਮੈਂ ਖੁਸ਼ੀ ਵਿਚ ਖਿੜ ਉੱਠਦਾ ਹਾਂ। ਮਹੀਨਾ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਵੇਂ ਉਸ ਵੇਲੇ ਹੋਈਆਂ ਸਨ। ਮੇਰੇ ਸਮੇਤ ਪੂਰਾ ਬਟਾਲਾ ਸ਼ਹਿਰ ਵਿਆਹ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ।

ਗੁਰਦੁਆਰਾ ਕੰਧ ਸਾਹਿਬ।

ਪਿਛਲੇ ਸਾਲ 2018 ਨੂੰ ਵਿਆਹ ਪੁਰਬ ਵਾਲੇ ਦਿਨ ਮੈਂ ਮਾਯੂਸ ਸੀ, ਕਿਉਂਕਿ ਮਾਪਿਆਂ ਨਾਲ ਵਿਆਹ ਪੁਰਬ ਦੇਖਣ ਆਇਆ ਇੱਕ ਸੱਤ ਸਾਲ ਦਾ ਮਾਸੂਮ ਗੁਰਨੂਰ ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਕਾਰਨ ਗਟਰ ਵਿਚ ਡਿੱਗ ਕੇ ਪ੍ਰਾਣ ਤਿਆਗ ਗਿਆ। ਉਸ ਦਿਨ ਖੁਸ਼ੀ ਦੇ ਮੌਕੇ ਵੀ ਹਰ ਅੱਖ ਰੋਈ ਸੀ। ਇਸ ਸਾਲ ਸਤੰਬਰ ਮਹੀਨੇ ਫਿਰ ਵਿਆਹ ਪੁਰਬ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਨਵੰਬਰ ਮਹੀਨੇ ਵਿਚ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ। 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਬਟਾਲਾ, ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਦੇ ਨਾਲ ਹਰ ਉਸ ਨਗਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਜਿਥੇ ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨ ਪਏ ਸਨ। ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿਚ ਵੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਪਰ ਅਫਸੋਸ ਸਰਕਾਰ ਗੁਰੂ ਸਾਹਿਬ ਦੇ ਸਹੁਰਿਆਂ ਦੇ ਮੁਹੱਲੇ ਨੂੰ ਇਸ ਵਾਰ ਵੀ ਭੁੱਲ ਗਈ ਹੈ।
ਮੈਨੂੰ ਆਪਣਾ ਹਾਲ ਬਿਆਨਦੇ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਦੁਨੀਆਂ ਭਰ ਵਿਚੋਂ ਜਦੋਂ ਸੰਗਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਹੈ ਤਾਂ ਉਹ ਮੇਰੀਆਂ ਹੀ ਗਲੀਆਂ ’ਚੋਂ ਲੰਘ ਕੇ ਉਥੇ ਤੱਕ ਪਹੁੰਚਦੀ ਹੈ। ਸੰਗਤ ਮੂੰਹ ਢੱਕ ਕੇ ਬੜੀ ਮੁਸ਼ਕਲ ਨਾਲ ਮੇਰੀਆਂ ਗਲੀਆਂ ਪਾਰ ਕਰਦੀ ਹੈ। ਮੇਰਾ ਹਾਲ ਸੁਣ ਲਵੋ, ਮੇਰੀਆਂ ਗਲੀਆਂ ਟੁੱਟੀਆਂ ਹੋਈਆਂ ਹਨ, ਕੋਈ ਸੀਵਰੇਜ ਦਾ ਪ੍ਰਬੰਧ ਨਹੀਂ। ਖੁੱਲ੍ਹੀਆਂ ਨਾਲੀਆਂ ’ਚੋਂ ਬਦਬੂ ਆ ਰਹੀ ਹੈ, ਜਿਸ ਕਾਰਨ ਮੱਖੀਆਂ, ਮੱਛੀਆਂ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲੀਕ ਹੋ ਰਹੀਆਂ ਗੰਦ ਨਾਲ ਭਰੀਆਂ ਨਾਲੀਆਂ ’ਚੋਂ ਲੰਘ ਰਹੀਆਂ ਹਨ। ਇਨ੍ਹੀਂ ਦਿਨੀਂ ਵੀ ਮੇਰੇ ਹਾਥੀ ਗੇਟ ਲਾਗਲੇ ਇਲਾਕੇ ਵਿਚ ਹੈਜਾ ਕਾਰਨ ਲੋਕ ਬਿਮਾਰ ਹਨ।

ਨੈਨਸੀ

ਇਥੇ ਹੀ ਇਕ ਇਲਾਕਾ ਖੰਡਾ ਖੋਲ੍ਹਾ ਹੈ। ਇਥੇ ਦੀ ਹਾਲਤ ਵੀ ਬਹੁਤੀ ਠੀਕ ਨਹੀਂ। ਇਥੇ ਸਥਿਤ ਪਾਰਕ ਸਿਰਫ ਨਾਂ ਦੀ ਹੀ ਪਾਰਕ ਹੈ। ਹਾਂ, ਕਿਸੇ ਨੂੰ ਰਾਹ ਦੱਸਣ ਲਈ ਪਾਰਕ ਦਾ ਨਾਂ ਜ਼ਰੂਰ ਲਿਆ ਜਾਂਦਾ ਹੈ, ਉਂਝ ਪਾਰਕ ਵਾਲੀ ਇਸ ਵਿਚ ਕੋਈ ਗੱਲ ਨਹੀਂ। ਜੇ ਕਿਤੇ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਗਲੀਆਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਗਲੀਆਂ ਤੰਗ ਹੋਣ ਕਾਰਨ ਦਿਨ ਵੇਲੇ ਵੀ ਹਨੇਰਾ ਪਸਰਿਆ ਰਹਿੰਦਾ ਹੈ।
ਮੈਨੂੰ ਬਹੁਤ ਆਸ ਸੀ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿੱਥੇ ਬਟਾਲਾ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ, ਉਥੇ ਗੁਰੂ ਸਾਹਿਬ ਦੇ ਸਹੁਰਿਆਂ ਦੇ ਮੁਹੱਲੇ ਦੀ ਵੀ ਸੁਣੀ ਜਾਵੇਗੀ। ਪਰ ਅਫਸੋਸ ਸਰਕਾਰ ਨੂੰ ਤਾਂ ਇਹ ਮਹੁੱਲਾ ਭੁੱਲ ਹੀ ਗਿਆ। ਅੱਜ ਤੱਕ ਕਿਸੇ ਰਾਜਨੀਤਕ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਮਹੁੱਲੇ ਦਾ ਦੌਰਾ ਕਰਕੇ ਇਥੇ ਦੇ ਤਰਸਯੋਗ ਹਾਲਤ ਵੀ ਨਹੀਂ ਦੇਖੀ। ਮੇਰੀ ਸਰਕਾਰ ਨੂੰ ਪੁਕਾਰ ਹੈ ਕਿ ਮੇਰੀ ਵੀ ਸਾਰ ਲਵੋ, ਮੇਰੇ ਕੋਲ ਵੀ ਤਾਂ ਗੁਰੂ ਸਾਹਿਬ ਆਏ ਸਨ। ਇਥੋਂ ਹੀ ਤਾਂ ਗੁਰੂ ਸਾਹਿਬ ਨੇ ਗ੍ਰਹਿਸਥੀ ਜੀਵਨ ਸ਼ੁਰੂ ਕਰਕੇ ਪੂਰੀ ਦੁਨੀਆਂ ਨੂੰ ਗ੍ਰਹਿਸਥੀ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਸੀ। ਸਰਕਾਰ ਜੀ ਮੇਰੀ ਵੀ ਸੁਣੋ, ਵਿਕਾਸ ਨੂੰ ਤਰਸ ਰਿਹਾ ਹਾਂ ਮੈਂ ‘ਗੁਰੂ ਸਾਹਿਬ ਦੇ ਸਹੁਰਿਆਂ ਦਾ ਮਹੁੱਲਾ।’
ਸੰਪਰਕ: 94786-90100


Comments Off on ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.