ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਗੁਰੂ ਨਾਨਕ ਅਤੇ ਪੰਜਾਬੀ ਸੰਵੇਦਨਾ

Posted On August - 4 - 2019

ਗੁਰੂ ਨਾਨਕ ਦੇਵ ਜੀ ਦੇ ਸਰੋਕਾਰ ਸਾਰੀ ਮਨੁੱਖਤਾ ਵਾਸਤੇ ਸਨ। ਉਨ੍ਹਾਂ ਨੇ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਵਰਣ ਆਸ਼ਰਮ ਤੇ ਜਾਤਪਾਤ ਦੀਆਂ ਵੰਡਾਂ ਖ਼ਿਲਾਫ਼ ਆਵਾਜ਼ ਉਠਾਈ। ਪੰਜਾਬ ਦੀ ਧਰਤੀ ਨਾਲ ਉਨ੍ਹਾਂ ਦਾ ਵਾਸਤਾ ਬਹੁਤ ਡੂੰਘਾ ਸੀ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਲੇਖਾਂ ਦੀ ਲੜੀ ਤਹਿਤ ਡਾ. ਮਨਜਿੰਦਰ ਸਿੰਘ ਦਾ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਲੇਖ ਲੜੀ – ੭

ਡਾ. ਮਨਜਿੰਦਰ ਸਿੰਘ

2018 ਵਿਚ ਬਣਾਇਆ ਚਿੱਤਰ: ਗੁਰਚਰਨ ਸਿੰਘ

ਗੁਰੂ ਨਾਨਕ ਬਾਣੀ ਬੁਨਿਆਦੀ ਤੌਰ ’ਤੇ ਵਿਸ਼ਵ-ਦ੍ਰਿਸ਼ਟੀ ਦੀ ਧਾਰਨੀ ਹੈ, ਪਰ ਵਿਚਾਰਨਯੋਗ ਨੁਕਤਾ ਇਹ ਹੈ ਕਿ ਇਸ ਸਬੰਧੀ ਉਸਰੀ ਸਾਡੀ ਸਮਾਜਿਕ-ਮਨੋਵਿਗਿਆਨਕ ਚੇਤਨਾ ਵੀ ਵਿਸ਼ਵ ਪੱਧਰ ਦੀ ਹੈ ਜਾਂ ਨਹੀਂ? ਇਸ ਲਈ ਗੁਰੂ ਨਾਨਕ ਬਾਣੀ ਨੂੰ ਪੰਜਾਬੀ ਸੰਵੇਦਨਾ ਦੇ ਸੰਦਰਭ ਵਿਚ ਵਿਚਾਰਿਆ ਜਾ ਸਕਦਾ ਹੈ। ਇਸ ਸਬੰਧੀ ਪਹਿਲਾ ਸਵਾਲ ਹੈ ਕਿ ਪੰਜਾਬੀ ਸੰਵੇਦਨਾ ਤੋਂ ਕੀ ਭਾਵ ਹੈ? ਸੰਵੇਦਨਾ ਦੋ ਤਰ੍ਹਾਂ ਦੀ ਹੁੰਦੀ ਹੈ: ਸਰੀਰਕ ਅਤੇ ਮਾਨਸਿਕ। ਅੰਗਰੇਜ਼ੀ ਵਿਚ ਸਰੀਰਕ ਸੰਵੇਦਨਾ ਲਈ ਸੈਂਸਟਿਵਿਟੀ ਅਤੇ ਮਾਨਸਿਕ ਸੰਵੇਦਨਾ ਲਈ ਸੈਂਸਿਬਿਲੀਟੀ ਸ਼ਬਦਾਂ ਦੀ ਵਰਤੋਂ ਕਰਨੀ ਯੋਗ ਸਮਝੀ ਜਾਂਦੀ ਹੈ। ਸਰੀਰਕ ਸੰਵੇਦਨਾ ਤਹਿਤ ਕੁਝ ਵਸਤੂ-ਵਰਤਾਰਿਆਂ ਦਾ ਸੰਪਰਕ ਸਰੀਰ ਨੂੰ ਆਨੰਦ ਦਿੰਦਾ ਹੈ, ਪਰ ਕੁਝ ਵਸਤੂ-ਵਰਤਾਰਿਆਂ ਦੇ ਸੰਪਰਕ ਤੋਂ ਇਸ ਨੂੰ ਤਕਲੀਫ਼ ਹੁੰਦੀ ਹੈ। ਇਉਂ ਹੀ ਮਨੁੱਖੀ ਮਨ ਵੀ ਕੁਝ ਵਰਤਾਰਿਆਂ ਦੇ ਵਾਪਰਨ ’ਤੇ ਆਨੰਦਤ ਹੁੰਦਾ ਹੈ ਅਤੇ ਕੁਝ ਵਰਤਾਰਿਆਂ ਪ੍ਰਤੀ ਇਸ ਨੂੰ ਕੋਫ਼ਤ ਹੁੰਦੀ ਹੈ। ਸਰੀਰਕ ਸੰਵੇਦਨਾ ਵਿਅਕਤੀਗਤ ਹੁੰਦੀ ਹੈ, ਪਰ ਮਾਨਸਿਕ ਸੰਵੇਦਨਾ ਵਿਅਕਤੀਗਤ ਦੇ ਨਾਲ-ਨਾਲ ਸਮੂਹਿਕ ਵੀ ਹੁੰਦੀ ਹੈ। ਸਮੂਹਿਕ ਮਾਨਸਿਕ ਸੰਵੇਦਨਾ ਦਾ ਸਬੰਧ ਕਿਸੇ ਸਮਾਜ ਦੇ ਸਮੂਹਿਕ ਅਵਚੇਤਨ ਨਾਲ ਹੁੰਦਾ ਹੈ। ਆਪਣੇ ਸਮੂਹਿਕ ਅਵਚੇਤਨ ਦੀ ਬਣਤਰਾਤਮਕ ਸਾਂਝ ਕਰਕੇ ਕੁਝ ਵਰਤਾਰਿਆਂ ਪ੍ਰਤੀ ਇਕ ਸਮਾਜ ਦੇ ਮੈਂਬਰ ਆਮ ਤੌਰ ’ਤੇ ਇਕੋ ਜਿਹੇ ਪ੍ਰਤੀਕਰਮ ਹੀ ਦਿੰਦੇ ਹਨ। ਜਿਵੇਂ ਅਮੂਮਨ ਪੰਜਾਬੀ ਬੰਦਾ ਪੁੱਤਰ ਦੇ ਜਨਮ ’ਤੇ ਖ਼ੁਸ਼ ਹੁੰਦਾ ਹੈ ਅਤੇ ਧੀ ਦੇ ਜਨਮ ’ਤੇ ਉਦਾਸ ਹੋ ਜਾਂਦਾ ਹੈ। ਇਹ ਪੰਜਾਬੀ ਮਾਨਸਿਕ ਸੰਵੇਦਨਸ਼ੀਲਤਾ ਦਾ ਸਾਂਝਾ ਪ੍ਰਤੀਕਰਮ ਹੁੰਦਾ ਹੈ। ਇੱਥੇ ਅਸੀਂ ਜਿਸ ਪੰਜਾਬੀ ਸੰਵੇਦਨਾ ਦੀ ਗੱਲ ਕਰ ਰਹੇ ਹਾਂ ਉਹ ਪੰਜਾਬੀ ਸਮੂਹਿਕ ਅਵਚੇਤਨ ’ਤੇ ਉੱਸਰੀ ਮਾਨਸਿਕ ਸੰਵੇਦਨਸ਼ੀਲਤਾ ਹੈ। ਹਰ ਸਮਾਜ ਸਭਿਆਚਾਰ ਦੀ ਆਪਣੀ ਸਾਂਝੀ ਸੰਵੇਦਨਾ ਹੁੰਦੀ ਹੈ ਜਿਸ ਵਿਚੋਂ ਸਮਾਜ ਸਭਿਆਚਾਰ ਦੇ ਸਮੂਹਿਕ ਅਵਚੇਤਨ ਦੀ ਵਿਆਕਰਨ ਪ੍ਰਤੀਬਿੰਬਤ ਹੁੰਦੀ ਹੈ। ਸਮਾਜਿਕ ਸੰਵੇਦਨਾ ਦੀ ਵਿਆਕਰਨ ਸਦੀਆਂ ਵਿਚ ਬਣਦੀ ਹੈ। ਇਸ ਉੱਪਰ ਕਿਸੇ ਸਮਾਜ ਦੇ ਸਮੂਹਿਕ ਸੰਘਰਸ਼ਾਂ, ਜਿੱਤਾਂ, ਹਾਰਾਂ, ਖ਼ੁਸ਼ੀਆਂ, ਗ਼ਮੀਆਂ, ਸਵਾਰਥਾਂ, ਜ਼ੁਲਮਾਂ ਅਤੇ ਰਾਜਨੀਤੀ ਆਦਿ ਦਾ ਅਸਰ ਹੁੰਦਾ ਹੈ।

ਚੜਿਆ ਸੋਧਣਿ ਧਰਿਤੀ ਲੁਕਾਈ

ਹਰ ਸਮਾਜ ਸਭਿਆਚਾਰ ਦੀ ਆਪਣੀ ਨਿਵੇਕਲੀ ਸਮੂਹਿਕ ਸੰਵੇਦਨਾ ਹੁੰਦੀ ਹੈ। ਪੰਜਾਬੀ ਸੰਵੇਦਨਾ ਪੰਜਾਬੀ ਸਮਾਜ ਸਭਿਆਚਾਰ ਦੀ ਸਾਂਝੀ ਮਾਨਸਿਕ ਸੰਵੇਦਨਾ ਹੈ। ਇਕ ਵਿਸ਼ੇਸ਼ ਸਮਾਜ ਸਭਿਆਚਾਰ ਨਾਲ ਸਬੰਧਿਤ ਹੋਣ ਕਰਕੇ ਇਹ ਖੇਤਰੀ ਵਰਤਾਰਾ ਹੈ ਜਿਸ ਦੀਆਂ ਆਪਣੀਆਂ ਪ੍ਰਾਪਤੀਆਂ, ਅਪ੍ਰਾਪਤੀਆਂ, ਜਿੱਤਾਂ, ਹਾਰਾਂ, ਸੰਭਾਵਨਾਵਾਂ ਅਤੇ ਸੀਮਾਵਾਂ ਹਨ। ਮਨੁੱਖੀ ਮਾਨਸਿਕਤਾ ਦੀ ਉਪਜ ਹੋਣ ਕਾਰਨ ਇਸ ਦੇ ਸਹਿਜ ਉਲਾਰ ਵੀ ਹਨ। ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਾਤਨ ਅਤੇ ਅਸਲ ਪੰਜਾਬ ਦੀ ਧਰਤੀ ’ਤੇ ਹੋਣ ਕਾਰਨ ਕਈ ਵਾਰ ਸਾਧਾਰਨ ਪੰਜਾਬੀ ਪ੍ਰਤੱਖਣ ਗੁਰੂ ਨਾਨਕ ਨੂੰ ਪੰਜਾਬੀਅਤ ਦੇ ਪ੍ਰਤੀਨਿਧ ਵਜੋਂ ਦੇਖਣ ਦਾ ਯਤਨ ਕਰਦਾ ਹੈ। ਇਹ ਉਨ੍ਹਾਂ ਨੂੰ ਇਕ ਵਿਸ਼ੇਸ਼ ਭੂਗੋਲਿਕ ਖਿੱਤੇ, ਇਕ ਵਿਸ਼ੇਸ਼ ਸਮਾਜ ਅਤੇ ਸਭਿਆਚਾਰ ਦੇ ਦਾਇਰਿਆਂ ਵਿਚ ਸੀਮਤ ਕਰਨ ਵਾਲੀ ਗੱਲ ਹੈ। ਜਦੋਂ ਅਸੀਂ ਉਨ੍ਹਾਂ ਨੂੰ ਪੰਜਾਬੀ ਸੰਵੇਦਨਾ ਦੇ ਪ੍ਰਸੰਗ ਵਿਚ ਵਿਚਾਰਨ ਦਾ ਯਤਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਫ਼ੈਲਾਅ ਬ੍ਰਹਿਮੰਡੀ ਹੈ ਜਦੋਂਕਿ ਪੰਜਾਬੀਅਤ ਇਕ ਖੇਤਰੀ ਵਰਤਾਰਾ ਹੈ। ਇਸ ਲਈ ਗੁਰੂ ਨਾਨਕ ਚਿੰਤਨ ਨੂੰ ਪੰਜਾਬੀ ਸੰਵੇਦਨਾ ਤੋਂ ਬੌਧਿਕ ਧਰਾਤਲ ’ਤੇ ਨਿਖੇੜਨਾ ਜ਼ਰੂਰੀ ਹੈ। ਪੰਜਾਬੀ ਸੰਵੇਦਨਾ ਦੇ ਦਾਇਰਿਆਂ ਅਤੇ ਗੁਰੂ ਨਾਨਕ ਦੀ ਪਾਰਗਾਮੀ ਵਿਸ਼ਵ-ਦ੍ਰਿਸ਼ਟੀ ਦਾ ਦਾਰਸ਼ਨਿਕ ਅੰਤਰ-ਨਿਖੇੜ ਕਰਨ ਲੱਗਿਆਂ ਕੁਝ ਬਨਿਆਦੀ ਨੁਕਤੇ ਸਹਿਜ ਰੂਪ ਵਿਚ ਹੀ ਉਜਾਗਰ ਹੁੰਦੇ ਹਨ। ਮਸਲਨ ਪੰਜਾਬੀ ਸਮਾਜ ਸਭਿਆਚਾਰ ਮਰਦ ਪ੍ਰਧਾਨ ਹੈ। ਇਸ ਲਈ ਮਰਦ ਦੀ ਸ੍ਰੇਸ਼ਠਤਾ ਦਾ ਭਾਵ ਪੰਜਾਬੀ ਮਨ ਵਿਚ ਸਹਿਜ ਰੂਪ ਵਿਚ ਟਿਕਿਆ ਹੈ। ਇੱਥੇ ਮਰਦ ਦਾ ਸਥਾਨ ਉੱਚਾ ਹੈ ਅਤੇ ਇਸਤਰੀ ਦਾ ਨੀਵਾਂ। ਲਿੰਗ ਵਿਤਕਰੇ ਦੇ ਇਸ ਭਾਵ ਨੇ ਪੰਜਾਬੀ ਭਾਸ਼ਾ ਦੀ ਵਿਆਕਰਨ ਤਕ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੰਜਾਬੀ ਭਾਸ਼ਾ ਵਿਚ ਜਦੋਂ ਨਿਰਜਿੰਦ ਵਸਤੂਆਂ ਦੀ ਵੀ ਲਿੰਗ ਆਧਾਰਿਤ ਵੰਡ ਕੀਤੀ ਜਾਂਦੀ ਹੈ ਤਾਂ ਆਮ ਤੌਰ ’ਤੇ ਵਸਤੂ ਦਾ ਵੱਡਾ ਜਾਂ ਛੋਟਾ ਹੋਣਾ ਉਸ ਦੀ ਲਿੰਗ ਸ਼੍ਰੇਣੀ ਨੂੰ ਨਿਸ਼ਚਿਤ ਕਰਦਾ ਹੈ। ਇਕ ਵਰਗ ਦੀ ਵੱਡੀ ਵਸਤੂ ਨੂੰ ਪੁਲਿੰਗ ਅਤੇ ਉਸੇ ਵਰਗ ਦੀ ਛੋਟੀ ਵਸਤੂ ਨੂੰ ਇਸਤਰੀ ਲਿੰਗ ਨਾਂਵ ਪ੍ਰਦਾਨ ਕੀਤਾ ਜਾਂਦਾ ਹੈ। ਬੇਸ਼ੱਕ ਤਵਾ ਤਵੀ ਅਤੇ ਕੋਠਾ ਕੋਠੀ ਇਸ ਨੇਮ ਦੇ ਕੁਝ ਅਪਵਾਦ ਹਨ, ਪਰ ਵਿਆਪਕ ਤੌਰ ’ਤੇ ਪੰਜਾਬੀ ਭਾਸ਼ਾ ਦੇ ਲਿੰਗ ਪ੍ਰਬੰਧ ਦੀ ਸਮਾਜ ਭਾਸ਼ਾ ਤੇ ਵਿਗਿਆਨਕ ਵਿਆਕਰਨ ਉਪਰੋਕਤ ਹੀ ਹੈ। ਇਸ ਦੀਆਂ ਕੁਝ ਉਦਾਹਰਣਾਂ ਨਿਮਨ ਲਿਖਤ ਹਨ:
ਪੁਲਿੰਗ ਇਸਤਰੀ ਲਿੰਗ
ਪੱਖਾ ਪੱਖੀ
ਮੰਜਾ ਮੰਜੀ
ਸੋਟਾ ਸੋਟੀ
ਕੁੜਤਾ ਕੁੜਤੀ
ਪੰਜਾਬੀ ਭਾਸ਼ਾ ਵਿਚ ਨਿਰਜਿੰਦ ਵਸਤੂਆਂ ਲਈ ਕੀਤੇ ਗਏ ਲਿੰਗ ਨਿਰਧਾਰਨ ਦੀ ਇਹ ਜੁਗਤ ਦਰਸਾਉਂਦੀ ਹੈ ਕਿ ਪੰਜਾਬੀ ਸੰਵੇਦਨਾ ਬੁਨਿਆਦੀ ਤੌਰ ’ਤੇ ਮਰਦ-ਪ੍ਰਧਾਨ ਹੈ। ਪ੍ਰਬੁੱਧ ਆਲੋਚਕ ਅਤੇ ਭਾਸ਼ਾ ਵਿਗਿਆਨੀ ਜੀ.ਐੱਸ. ਰਿਆਲ ਆਪਣੀ ਪੁਸਤਕ ‘ਸ਼ਬਦਾਂ ਦੀਆਂ ਲਿਖਤਾਂ’ ਵਿਚ ਇਸ ਸਬੰਧੀ ਲਿਖਦੇ ਹਨ: ‘‘ਇਸਤਰੀ ਨੂੰ ਛੁਟਿਆਉਣ ਦੀ ਇਕ ਵਿਧੀ ਵਿਆਕਰਨ ਵਿਚ ਵੀ ਪ੍ਰਚਲਤ ਹੈ। ਪੰਜਾਬੀ ਭਾਸ਼ਾ ਵਿਚ ਬਿਹਾਰੀ (ੀ) ਇਕ ਛੁਟਿਆਈ-ਸੂਚਕ ਪਿਛੇਤਰ ਦਾ ਕੰਮ ਦਿੰਦੀ ਹੈ, ਜਿਵੇਂ ‘ਪੱਤੀ’ ਅਰਥਾਤ ‘ਛੋਟਾ ਪੱਤਾ’। ਇਹੀ ਲਗ ਨਾਂਵਾਂ ਅਤੇ ਵਿਸ਼ੇਸ਼ਣਾਂ ਨੂੰ ਇਸਤਰੀ ਲਿੰਗ ਬਣਾਉਣ ਦੇ ਕੰਮ ਵੀ ਆਉਂਦੀ ਹੈ (ਜਿਵੇਂ ‘ਬੁੱਢੀ’ ਜੋ ਬੁੱਢਾ ਦਾ ਇਸਤਰੀ ਲਿੰਗ ਰੂਪ ਹੈ ਜਾਂ ‘ਮਧਰੀ’ ਜੋ ‘ਮਧਰਾ’ ਦੇ ਟਾਕਰੇ ’ਤੇ ਹੈ)। … ਸਮੁੱਚੇ ਤੌਰ ’ਤੇ ਪੁਰਸ਼ ਦਾ ਪੱਲਾ ਭਾਰੀ ਹੈ।’’
ਮਰਦ ਪ੍ਰਧਾਨਤਾ ਕਾਰਨ ਹੀ ਪੰਜਾਬੀ ਸੰਵੇਦਨਾ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਬਲ ਹੈ। ਪੁੱਤਰ ਦੇ ਜਨਮ ਦਾ ਚਾਅ ਅਤੇ ਖ਼ੁਸ਼ੀ ਹੈ। ਧੀ ਦੇ ਜਨਮ ਦਾ ਦੁੱਖ ਅਤੇ ਉਦਾਸੀ ਹੈ। ਇਸ ਦਾ ਪ੍ਰਮਾਣ ਇਹ ਹੈ ਕਿ ਪੰਜਾਬੀ ਲੋਕ ਸਾਹਿਤ ਪੁੱਤਰ ਦੇ ਜਨਮ ਦੀ ਖ਼ੁਸ਼ੀ ਦੇ ਗੀਤਾਂ ਨਾਲ ਭਰਿਆ ਪਿਆ ਹੈ। ਪੁੱਤਰ ਦੇ ਜਨਮ ਦੀ ਖ਼ੁਸ਼ੀ ਨਾਲ ਸਬੰਧਿਤ ਹਜ਼ਾਰਾਂ ਲੋਕ-ਗੀਤ ਸਹਿਜੇ ਹੀ ਲੱਭੇ ਜਾ ਸਕਦੇ ਹਨ, ਪਰ ਧੀ ਦੇ ਜਨਮ ਦੀ ਖ਼ੁਸ਼ੀ ਦਾ ਇਕ ਵੀ ਪੰਜਾਬੀ ਲੋਕ-ਗੀਤ ਦੁਰਲੱਭ ਹੈ। ਲੋਕਧਾਰਾ ਕਦੇ ਝੂਠ ਨਹੀਂ ਬੋਲਦੀ। ਲੋਕ-ਗੀਤ ਲੋਕ-ਮਨ ਦਾ ਦਰਪਣ ਹੁੰਦੇ ਹਨ। ਇਸ ਦਰਪਣ ਵਿਚੋਂ ਕੋਈ ਲੋਕ-ਸਮੂਹ ਆਪਣੇ ਸੱਚ ਨੂੰ ਦੇਖ ਸਕਦਾ ਹੈ। ਇਹ ਪੰਜਾਬੀ ਲੋਕ-ਸੰਵੇਦਨਾ ਦਾ ਸੱਚ ਹੈ ਕਿ ਇਸ ਵਿਚੋਂ ਧੀ ਦੇ ਜਨਮ ਦੀ ਖ਼ੁਸ਼ੀ ਮਨਫ਼ੀ ਹੈ। ਗੁਰੂ ਨਾਨਕ ਬਾਣੀ ਦੀ ਰੌਸ਼ਨੀ ਵਿਚ ਅਸੀਂ ਇਸ ਵਰਤਾਰੇ ਨੂੰ ਸਮਝਣ ਦਾ ਯਤਨ ਕਰਦਿਆਂ ਦੇਖਣ ਵਿਚ ਆਉਂਦਾ ਹੈ ਕਿ ਗੁਰੂ ਨਾਨਕ ਬਾਣੀ ਮਨੁੱਖੀ ਚੇਤਨਾ ਨੂੰ ਅਜਿਹੇ ਵਿਤਕਰਿਆਂ ਤੋਂ ਮੁਕਤ ਕਰਦੀ ਹੈ। ਗੁਰੂ ਨਾਨਕ ਹਰ ਤਰ੍ਹਾਂ ਦੇ ਸਮਾਜ ਸਭਿਆਚਾਰਕ ਅਨਿਆਂ ਦੀ ਭਾਵਨਾ ਨੂੰ ਰੱਦ ਕਰਨ ਵਾਲਾ ਗਿਆਨ ਪ੍ਰਬੰਧ ਉਸਾਰਦੇ ਹਨ। ‘ਆਸਾ ਦੀ ਵਾਰ’ ਦਾ ਨਿਮਨ ਅੰਕਿਤ ਪ੍ਰਵਚਨ ਪੰਜਾਬੀ ਅਤੇ ਭਾਰਤੀ ਸੰਵੇਦਨਾ ਵਿਚ ਲਿੰਗ ਆਧਾਰਿਤ ਵਿਤਕਰੇ ਅਤੇ ਅਨਿਆਂ ਦੇ ਸਨਮੁਖ ਬੁਨਿਆਦੀ ਪ੍ਰਸ਼ਨ ਖੜ੍ਹਾ ਕਰਦਾ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਇੱਥੇ ਗੁਰੂ ਸਾਹਿਬ ਮਰਦ ਅਤੇ ਇਸਤਰੀ ਦੀ ਬਰਾਬਰ ਮਨੁੱਖੀ ਹੋਂਦ ਦਾ ਪ੍ਰਵਚਨ ਉਸਾਰਦੇ ਹਨ। ਇੱਥੇ ਕੇਵਲ ਇਕ ਪਰਮਾਤਮਾ ਨੂੰ ਇਸਤਰੀ ਤੋਂ ਬਾਹਰਾ ਮੰਨਿਆ ਗਿਆ ਹੈ। ਇਸਤਰੀ ਤੋਂ ਬਾਹਰ ਹੋਣ ਦਾ ਭਾਵ ਮਰਦ-ਇਸਤਰੀ ਦੀ ਲਿੰਗ-ਆਧਾਰਿਤ ਮਨੁੱਖ ਸਿਰਜਤ ਸਭਿਆਚਾਰਕ ਵੰਡ ਤੋਂ ਬਾਹਰ ਹੋਣਾ ਹੈ। ਜਿੱਥੇ ਇਸਤਰੀ ਨਹੀਂ, ਉੱਥੇ ਮਰਦ ਵੀ ਨਹੀਂ। ਇਸਤਰੀ ਅਤੇ ਮਰਦ ਦੋ ਸੰਕਲਪੀ ਹੋਂਦਾਂ ਹਨ ਜੋ ਇਕ-ਦੂਜੇ ਨੂੰ ਅਰਥ ਦਿੰਦੀਆਂ ਹਨ। ਭਾਸ਼ਾ ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਵਿਚ ਇਸ ਨੂੰ ਬਾਇਨਰੀ ਔਪੋਜ਼ੀਸ਼ਨ ਕਿਹਾ ਜਾਂਦਾ ਹੈ। ਇਸੇ ਵਿਚੋਂ ਸਾਰੇ ਭਾਸ਼ਾਈ ਚਿਹਨ ਅਰਥ ਗ੍ਰਹਿਣ ਕਰਦੇ ਹਨ। ਹਰ ਚਿਹਨ ਦੂਜੇ ਚਿਹਨ ਨਾਲ ਮੇਲ ਅਤੇ ਵਿਰੋਧ ਵਿਚੋਂ ਅਰਥ ਸਿਰਜਦਾ ਹੈ, ਜਿਵੇਂ ਹਨੇਰਾ ਚਾਨਣ ਨੂੰ ਅਰਥ ਦਿੰਦਾ ਹੈ ਅਤੇ ਚਾਨਣ ਹਨੇਰੇ ਨੂੰ। ਇਸੇ ਤਰ੍ਹਾਂ ਦਿਨ-ਰਾਤ, ਵੱਡਾ-ਛੋਟਾ, ਦੁਖ-ਸੁਖ ਅਤੇ ਇਸਤਰੀ-ਮਰਦ ਆਦਿ ਦੀ ਬਾਇਨਰੀ ਔਪੋਜ਼ੀਸ਼ਨ ਬਣਦੀ ਹੈ। ਇਕ ਦੀ ਗ਼ੈਰਹਾਜ਼ਰੀ ਵਿਚ ਦੂਜਾ ਅਰਥਹੀਣ ਹੋ ਜਾਂਦਾ ਹੈ। ਮਾਂ ਹੀ ਬੱਚੇ ਨੂੰ ਜਨਮ ਨਹੀਂ ਦਿੰਦੀ, ਬੱਚਾ ਵੀ ਮਾਂ ਨੂੰ ਜਨਮ ਦਿੰਦਾ ਹੈ ਕਿਉਂਕਿ ਇਸਤਰੀ ਮਾਂ ਦੇ ਅਰਥ ਬੱਚੇ ਤੋਂ ਗ੍ਰਹਿਣ ਕਰਦੀ ਹੈ। ਸੋ ਜੋ ਇਸਤਰੀ ਤੋਂ ਬਾਹਰਾ ਹੈ, ਉਹ ਮਰਦ ਤੋਂ ਵੀ ਬਾਹਰਾ ਹੈ। ਮਰਦ ਨੂੰ ਅਰਥ ਇਸਤਰੀ ਦਿੰਦੀ ਹੈ। ਸੋ ਗੁਰੂ ਨਾਨਕ ਮਰਦ-ਇਸਤਰੀ ਦੇ ਵੰਡ-ਵਿਤਕਰੇ ਤੋਂ ਮੁਕਤ ਮਨੁੱਖੀ ਹੋਂਦ ਦੀ ਗੱਲ ਕਰਦੇ ਹਨ। ਇਸੇ ਪ੍ਰਸੰਗ ਵਿਚ ਗੁਰੂ ਨਾਨਕ ਬਾਣੀ ਦਾ ਕਥਨ ਹੈ:
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥

ਡਾ. ਮਨਜਿੰਦਰ ਸਿੰਘ

ਭਾਵ ਪੁਰਖ ਵਿਚ ਨਾਰ ਹੈ ਅਤੇ ਨਾਰ ਵਿਚ ਪੁਰਖ ਹੈ। ਇਸ ਯਥਾਰਥ ਨੂੰ ਕੋਈ ਬ੍ਰਹਮ ਗਿਆਨੀ ਹੀ ਬੁੱਝ ਸਕਦਾ ਹੈ। ਸੋ ਗੁਰੂ ਨਾਨਕ ਬਾਣੀ ਅਨੁਸਾਰ ਪੁਰਖ ਅਤੇ ਨਾਰ ਦੀ ਵੰਡ ਤੋਂ ਪਾਰ, ਸਮਾਨ ਅਤੇ ਇਕ ਅਸਤਿਤਵ ਦੀ ਪਛਾਣ ਲਈ ਅਤਿ ਗਿਆਨਵਾਨ ਚੇਤਨਾ ਲੋੜੀਂਦੀ ਹੈ।
ਪੰਜਾਬੀ ਸੰਵੇਦਨਾ ਵਿਚ ਜਾਤ-ਪਾਤ ਦੇ ਬੀਜ ਬੜੇ ਡੂੰਘੇ ਹਨ। ਪੰਜਾਬੀ ਸਮਾਜ ਵਿਚ ਪਿੰਡਾਂ ਦੇ ਸ਼ਮਸ਼ਾਨਘਾਟਾਂ ਤੋਂ ਲੈ ਕੇ ਗੁਰਦੁਆਰੇ ਤਕ ਜਾਤ ਦੇ ਆਧਾਰ ’ਤੇ ਵੰਡੇ ਹੋਏ ਦੇਖੇ ਜਾ ਸਕਦੇ ਹਨ। ਇੱਥੋਂ ਤਕ ਕਿ ਅਤਿ ਵਿਕਸਿਤ ਪੱਛਮੀ ਮੁਲਕਾਂ ਵਿਚ ਜਾ ਵੱਸੇ ਪੰਜਾਬੀਆਂ ਨੇ ਵੀ ਜਾਤ ਆਧਾਰਿਤ ਗੁਰਦੁਆਰੇ ਸਥਾਪਤ ਕੀਤੇ ਹਨ। ਪੰਜਾਬੀ ਲੋਕ ਸਾਹਿਤ ਜਾਤ-ਪਾਤੀ ਵੇਰਵਿਆਂ ਨਾਲ ਭਰਿਆ ਹੋਇਆ ਹੈ। ਪੰਜਾਬੀ ਅਖਾਣਾਂ ਵਿਚ ਵੱਖ-ਵੱਖ ਜਾਤੀਆਂ ਸਬੰਧੀ ਤ੍ਰਿਸਕਾਰ ਭਰੀਆਂ ਜਾਤੀ ਸੂਚਕ ਟਿੱਪਣੀਆਂ ਦੀ ਭਰਮਾਰ ਹੈ। ਪੰਜਾਬੀ ਲੋਕ ਗਾਥਾਵਾਂ ਜਾਤੀਗਤ ਹਉਮੈਂ ਦੇ ਜਸ-ਗਾਇਨ ਨਾਲ ਭਰਪੂਰ ਹਨ। ਪੰਜਾਬੀ ਕਿੱਸਾ-ਕਾਵਿ ਵਿਚ ਵੀ ਇਨ੍ਹਾਂ ਜਾਤ-ਪਾਤੀ ਪਾਸਾਰਾਂ ਦੀ ਪੇਸ਼ਕਾਰੀ ਅਤੇ ਵਿਸ਼ਲੇਸ਼ਣ ਦ੍ਰਿਸ਼ਟੀਗੋਚਰ ਹੁੰਦਾ ਹੈ। ‘ਹੀਰ ਵਾਰਿਸ ਸ਼ਾਹ’ ਵਿਚੋਂ ਇਸ ਦੀ ਉਦਾਹਰਣ ਪੇਸ਼ ਹੈ:
ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ,
ਸਾਥੋਂ ਏਹ ਨਾ ਵਾਇਦੇ ਹੋਵਣੇ ਨੀ।
ਅਸੀਂ ਜੱਟ ਹਾਂ ਨਾੜ੍ਹੀਆਂ ਕਰਨ ਵਾਲੇ,
ਅਸਾਂ ਕੱਚਕੜੇ ਨਹੀਂ ਪਰੋਵਣੇ ਨੀ।
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ,
ਏਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ।
ਗੁਰੂ ਨਾਨਕ ਚਿੰਤਨ ਮਨੁੱਖੀ ਚੇਤਨਾ ਨੂੰ ਇਸ ਜਾਤ ਆਧਾਰਿਤ ਵੰਡ ਦੀ ਹਉਮੈਂ ਅਤੇ ਅਨਿਆਂ ਤੋਂ ਮੁਕਤ ਕਰਦਾ ਹੈ। ਗੁਰੂ ਨਾਨਕ ਬਾਣੀ ਜਾਤੀਗਤ ਪਛਾਣ ਨੂੰ ਵਿਅਰਥ ਮੰਨਦੀ ਹੈ:
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਗੁਰੂ ਨਾਨਕ ਬਾਣੀ ਅਨੁਸਾਰ ਜਾਤ ਅਤੇ ਨਾਮ ਦੀ ਹਉਮੈਂ ਫ਼ਜ਼ੂਲ ਹੈ। ਪੰਜਾਬੀ ਸੰਵੇਦਨਾ ਦੇ ਜਾਤ-ਪਾਤੀ ਅਵਚੇਤਨ ਵਿਚੋਂ ਉਪਜੇ ਪ੍ਰਤੀਕ ਵਿਧਾਨ ਨੂੰ ਗੁਰੂ ਨਾਨਕ ਬਾਣੀ ਵਿਚ ਕੋਈ ਥਾਂ ਪ੍ਰਾਪਤ ਨਹੀਂ। ਹੀਰ ਅਤੇ ਰਾਂਝਾ ਅਜਿਹੇ ਹੀ ਪ੍ਰਤੀਕ ਹਨ ਜਿਨ੍ਹਾਂ ਨੂੰ ਪੰਜਾਬੀ ਸੂਫ਼ੀ ਕਾਵਿ ਵਿਚ ਰਹੱਸਵਾਦੀ ਅਨੁਭਵ ਦੇ ਸੰਚਾਰ ਲਈ ਮੈਟਾਫਰ ਬਣਾਇਆ ਗਿਆ ਹੈ, ਪਰ ਪੰਜਾਬੀ ਲੋਕ ਗਾਥਾਵਾਂ ਦੇ ਇਹ ਨਾਇਕ ਗੁਰੂ ਨਾਨਕ ਬਾਣੀ ਵਿਚ ਪ੍ਰਤੀਕ ਨਹੀਂ ਬਣਦੇ। ਪੰਜਾਬੀ ਸੰਵੇਦਨਾ ਦੇ ਇਨ੍ਹਾਂ ਪ੍ਰੀਤ ਨਾਇਕਾਂ ਦਾ ਗੁਰੂ ਨਾਨਕ ਬਾਣੀ ਦੀ ਮੈਟਾਫਰ ਜੁਗਤ ਦਾ ਹਿੱਸਾ ਨਾ ਬਣਨ ਦੀ ਸਾਰਥਕਤਾ ਬਹੁਪਰਤੀ ਹੈ। ਇਕ ਤਾਂ ਇਨ੍ਹਾਂ ਪ੍ਰੀਤ ਨਾਇਕਾਂ ਦਾ ਪਿਆਰ ਅਨੁਭਵ ਮਰਯਾਦਾ ਬਾਹਰਾ ਹੈ। ਇਸ ਲਈ ਗੁਰੂ ਨਾਨਕ ਬਾਣੀ ਦੇ ਮਰਯਾਦਾਮਈ ਵਾਤਾਵਰਨ ਨਾਲ ਇਨ੍ਹਾਂ ਦੀ ਸੰਯੁਕਤੀ ਨਹੀਂ ਹੁੰਦੀ। ਦੂਜਾ ਇਨ੍ਹਾਂ ਨਾਇਕਾਂ ਦਾ ਨਾਇਕਤਵ ਜਾਤੀ ਹਉਮੈਂ ਤੋਂ ਮੁਕਤ ਨਹੀਂ। ਇਸ ਲਈ ਜਾਤ-ਪਾਤ ਦੀ ਭਾਵਨਾ ਨੂੰ ਮੂਲੋਂ ਨਕਾਰਨ ਵਾਲੀ ਗੁਰੂ ਨਾਨਕ ਬਾਣੀ ਦਾ ਭਾਸ਼ਾਈ ਮੁਹਾਵਰਾ ਇਨ੍ਹਾਂ ਨੂੰ ਪ੍ਰਤੀਕ ਰੂਪ ਵਿਚ ਪ੍ਰਵਾਨ ਨਹੀਂ ਕਰਦਾ। ਗੁਰੂ ਨਾਨਕ ਚਿੰਤਨ ਜਾਤੀ ਹਉਮੈਂ ਦੇ ਉਲਟ, ਨੀਚ ਸਮਝੇ ਜਾਂਦੇ ਮਨੁੱਖਾਂ ਨਾਲ ਸੰਯੁਕਤੀ ਬਣਾਉਂਦਾ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਗੁਰੂ ਨਾਨਕ ਬਾਣੀ ਦਾ ਭਾਸ਼ਾਈ ਪਰਿਪੇਖ ਵੀ ਪੰਜਾਬੀ ਸੰਵੇਦਨਾ ਤੋਂ ਪਾਰਗਾਮੀ ਹੈ। ਗੁਰੂ ਨਾਨਕ ਬਾਣੀ ਦੀ ਲਿਪੀ ਗੁਰਮੁਖੀ ਹੈ, ਪਰ ਇਹ ਸਮੁੱਚੀ ਬਾਣੀ ਪੰਜਾਬੀ ਭਾਸ਼ਾ ਵਿਚ ਨਹੀਂ। ਇਸ ਵਿਚ ਪੰਜਾਬੀ ਦੇ ਨਾਲ ਨਾਲ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੀ ਵਰਤੋਂ ਪ੍ਰਤੱਖ ਰੂਪ ਵਿਚ ਹੋਈ ਹੈ। ਇਸ ਪ੍ਰਸੰਗ ਵਿਚ ਰਾਗ ਤਿਲੰਗ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਫ਼ਾਰਸੀ ਜ਼ੁਬਾਨ ਵਿਚ ਉਚਾਰਨ ਕੀਤੇ ਨਿਮਨਲਿਖਤ ਪ੍ਰਵਚਨ ਦੀ ਮਿਸਾਲ ਢੁਕਵੀਂ ਹੈ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ॥
ਗੁਰੂ ਨਾਨਕ ਬਾਣੀ ਦਾ ਇਹ ਪ੍ਰਵਚਨ ਨਿਸ਼ਚੇ ਹੀ ਪੰਜਾਬੀ ਭਾਸ਼ਾ ਵਿਚ ਨਹੀਂ, ਕੇਵਲ ਇਸ ਦੀ ਲਿਪੀ ਗੁਰਮੁਖੀ ਹੈ। ਇਸ ਦੇ ਅਰਥ ਹਨ ਕਿ ਤੇਰੇ ਸਨਮੁੱਖ ਮੈਂ ਇਕ ਬੇਨਤੀ ਉਚਾਰਨ ਕਰਦਾ ਹਾਂ। ਹੇ! ਮੇਰੇ ਸਿਰਜਣਹਾਰ ਤੂੰ ਇਸ ਨੂੰ ਸ੍ਰਵਣ ਕਰ। ਤੂੰ ਸੱਚਾ, ਵੱਡਾ, ਦਇਆਵਾਨ, ਪਾਪ ਰਹਿਤ ਅਤੇ ਪਾਲਣਹਾਰ ਹੈਂ। ਸੰਸਾਰ ਇਕ ਨਾਸ਼ਵਾਨ ਟਿਕਾਣਾ ਹੈ, ਆਪਣੇ ਮਨ ਵਿਚ ਇਸ ਸੱਚ ਨੂੰ ਜਾਣੋ। ਮੌਤ ਦੇ ਫ਼ਰਿਸ਼ਤੇ ਅਜ਼ਰਾਈਲ ਨੇ ਮੈਨੂੰ ਵਾਲਾਂ ਤੋਂ ਫੜਿਆ ਹੋਇਆ ਹੈ, ਪਰ ਆਪਣੇ ਦਿਲ ਵਿਚ ਮੈਨੂੰ ਇਸ ਦਾ ਜ਼ਰਾ ਵੀ ਨਹੀਂ ਪਤਾ।
ਸੋ ਗੁਰੂ ਨਾਨਕ ਚਿੰਤਨ ਦੀ ਪਾਰਗਾਮਤਾ ਪੰਜਾਬ ਅਤੇ ਭਾਰਤ ਦੀਆਂ ਭੂਗੋਲਿਕ ਤੇ ਭਾਸ਼ਾਈ ਹੱਦਾਂ ਤੋਂ ਪਾਰ ਵਿਚਰਦੀ ਹੈ। ਇਹੀ ਪਾਰਗਾਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ ਭਗਤ ਬਾਣੀ ਦੇ ਪ੍ਰਵੇਸ਼ ਨਾਲ ਗੁਰਮਤਿ ਦੀ ਭਾਸ਼ਾਈ ਵੰਨ-ਸੁਵੰਨਤਾ ਦਾ ਅਗਲੇਰਾ ਵਿਸਥਾਰ ਸਿਰਜਦੀ ਹੈ। ਸਰੂਪ, ਪ੍ਰਵਚਨ ਅਤੇ ਸੰਚਾਰ ਦੀ ਇਸ ਵਿਸ਼ਵ-ਵਿਆਪੀ ਵੰਨ-ਸੁਵੰਨਤਾ ਕਾਰਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੱਲੀ ਪੰਜਾਬੀਅਤ ਦਾ ਪਾਠ ਨਾ ਹੋ ਕੇ ਬ੍ਰਹਿਮੰਡੀ ਪਾਠ ਹੈ।
ਗੁਰੂ ਨਾਨਕ ਚਿੰਤਨ ਹਰ ਪ੍ਰਕਾਰ ਦੀਆਂ ਖੇਤਰੀ ਹੱਦਾਂ ਤੋਂ ਪਾਰ ਵਿਚਰਦਾ ਹੈ। ਕੁਝ ਕਵੀ ਆਪਣੇ ਪ੍ਰਾਂਤ ਜਾਂ ਖਿੱਤੇ ਤਕ ਸੀਮਤ ਗੀਤ ਸਿਰਜਦੇ ਹਨ। ਅਜਿਹੇ ਕਵੀਆਂ ਦੀ ਸੁਹਜ ਭਾਵਨਾ ਅਤੇ ਕਾਵਿ-ਦ੍ਰਿਸ਼ਟੀ ਆਪਣੇ ਖਿੱਤੇ ਦੇ ਸਭਿਆਚਾਰਕ ਭਾਵ, ਦ੍ਰਿਸ਼ ਅਤੇ ਪ੍ਰਤੀਕ ਪ੍ਰਬੰਧ ਤੋਂ ਪਾਰ ਨਹੀਂ ਫੈਲਦੀ। ਕੁਝ ਕਵੀਆਂ ਦਾ ਗੀਤ ਆਪਣੇ ਰਾਸ਼ਟਰ ਦੀ ਪ੍ਰਤੀਬੱਧਤਾ ਵਿਚ ਵਿਚਰਦਾ ਹੈ। ਅਜਿਹੇ ਕਵੀ ਰਾਸ਼ਟਰਵਾਦੀ ਕਵੀ ਹੋ ਨਿੱਬੜਦੇ ਹਨ। ਕਵਿਤਾ ਦੇ ਇਨ੍ਹਾਂ ਦਾਇਰਿਆਂ ਦਾ ਆਪਣਾ ਮਹੱਤਵ ਹੁੰਦਾ ਹੈ, ਪਰ ਗੁਰੂ ਨਾਨਕ ਬਾਣੀ ਦਾ ਪੱਧਰ ਇਨ੍ਹਾਂ ਦਾਇਰਿਆਂ ਤੋਂ ਪਾਰ ਕੁੱਲ ਬ੍ਰਹਿਮੰਡ ਦਾ ਗੀਤ ਸਿਰਜਦਾ ਹੈ। ਗੁਰੂ ਨਾਨਕ ਨਾ ਪੰਜਾਬੀਅਤ ਦੇ ਕਵੀ ਹਨ, ਨਾ ਹੀ ਉਹ ਰਾਸ਼ਟਰਵਾਦੀ ਕਵੀ ਹਨ। ਗੁਰੂ ਨਾਨਕ ਦਾ ਬ੍ਰਹਮ-ਗੀਤ ਬ੍ਰਹਿਮੰਡੀ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਦੁਆਰਾ ਰਾਗ ਧਨਾਸਰੀ ਵਿਚ ਉਚਾਰਨ ਕੀਤੀ ਆਰਤੀ ਨੂੰ ਰਾਬਿੰਦਰਨਾਥ ਟੈਗੋਰ ਨੇ ਬ੍ਰਹਿਮੰਡ ਗਾਨ ਕਿਹਾ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥
ਇਹ ਸ਼ਬਦ ਗੁਰੂ ਨਾਨਕ ਚਿੰਤਨ ਦੀ ਬ੍ਰਹਿਮੰਡੀ ਦ੍ਰਿਸ਼ਟੀ ਦਾ ਪ੍ਰਤੀਨਿਧ ਪ੍ਰਵਚਨ ਹੈ। ਇੱਥੇ ਆਪਣੇ ਪਰਾਏ ਦਾ ਭੇਦ ਮਿਟ ਜਾਂਦਾ ਹੈ। ਸਭ ਆਪਣੇ ਹੋ ਜਾਂਦੇ ਹਨ, ਕੋਈ ਵੀ ਪਰਾਇਆ ਨਹੀਂ ਰਹਿੰਦਾ। ਇਸੇ ਬ੍ਰਹਿਮੰਡੀ ਪ੍ਰਵਚਨ ਦਾ ਅਗਲੇਰਾ ਵਿਸਥਾਰ ਗੁਰੂ ਅਰਜਨ ਸਾਹਿਬ ਦੀ ਬਾਣੀ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ:
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
ਗੁਰੂ ਨਾਨਕ ਹਰ ਪ੍ਰਕਾਰ ਦੀਆਂ ਖੇਤਰੀ, ਰਾਸ਼ਟਰੀ, ਭਾਸ਼ਾਈ, ਸਮਾਜਿਕ, ਸਭਿਆਚਾਰਕ, ਧਾਰਮਿਕ, ਜਾਤੀਗਤ ਅਤੇ ਲਿੰਗਕ ਹੱਦਾਂ ਤੋਂ ਪਾਰ ਹਨ। ਇਸੇ ਵਿਚੋਂ ਹੀ ਸਰਬਸਾਂਝੀਵਾਲਤਾ ਦਾ ਸੂਤਰ ਉਜਾਗਰ ਹੁੰਦਾ ਹੈ। ਵਿਸ਼ਵੀਕਰਨ ਦੇ ਅਜੋਕੇ ਸੰਦਰਭ ਵਿਚ ਗੁਰੂੁ ਨਾਨਕ ਬਾਣੀ ਦਾ ਵਿਸ਼ਵਵਿਆਪੀ ਪ੍ਰਵਚਨ ਸਮੁੱਚੇ ਸੰਸਾਰ ਦੀ ਸਮਾਜਿਕ ਸਭਿਆਚਾਰਕ ਵੰਨ-ਸੁਵੰਨਤਾ ਦਰਮਿਆਨ ਮਨੁੱਖਤਾ ਦੇ ਸਾਂਝੇ ਸੂਤਰ ਦੀ ਸਿਰਜਣਾ ਕਰ ਸਕਦਾ ਹੈ।

ਸੰਪਰਕ: 94630-49230


Comments Off on ਗੁਰੂ ਨਾਨਕ ਅਤੇ ਪੰਜਾਬੀ ਸੰਵੇਦਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.