ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ

Posted On August - 14 - 2019

ਤੀਰਥ ਸਿੰਘ ਢਿੱਲੋਂ

ਜਿਵੇਂ ਕਿ ਅਸੀਂ ਪਹਿਲੇ ਲੇਖਾਂ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਸਮੇਂ ਸਮੇਂ ’ਤੇ ਵੱਖ ਵੱਖ, ਸੰਸਥਾਵਾਂ, ਟਕਸਾਲਾਂ, ਸੰਤਾਂ, ਮਹਾਂਪੁਰਖਾਂ ਅਤੇ ਸੰਗੀਤ ਵਿਦਿਆਲਿਆਂ ਅਤੇ ਖਾਸਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਹਿੱਸਾ ਪਾਇਆ ਹੈ। ਇਥੋਂ ਤੱਕ ਕਿ ਹੁਣ ਇਸ ਨੂੰ ਵਿਦਿਅਕ ਸੰਸਥਾਵਾਂ ਵਿਚ ਇੱਕ ਸੰਗੀਤ ਦੇ ਪੂਰੇ ਮਜ਼ਮੂਨ ਵਜੋਂ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਨਾਲ ਨਾਲ ਅਨੇਕ ਵਿਦਿਅਕ ਸੰਸਥਾਵਾਂ ਹਸਪਤਾਲ ਅਤੇ ਸੰਗੀਤ ਵਿਦਿਆਲੇ ਚਲਾ ਰਹੀ ਹੈ। ਇਨ੍ਹਾਂ ਸੰਗੀਤ ਵਿਦਿਆਲਿਆਂ ਵਿਚ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੇ ਡਿਗਰੀ ਕੋਰਸ ਕਰਵਾਏ ਜਾਂਦੇ ਹਨ ਅਤੇ ਫੇਰ ਜਿੱਥੋਂ ਤੱਕ ਸੰਭਵ ਹੋ ਸਕੇ ਉਨਾਂ ਨੂੰ ਵੱਖ ਵੱਖ ਇਤਿਹਾਸਕ ਗੁਰਧਾਮਾਂ ਵਿੱਚ ਕੀਰਤਨ ਦੀ ਡਿਊਟੀ ਵੀ ਬਤੌਰ ਮੁਲਾਮਜ਼ ਦਿੱਤੀ ਜਾਂਦੀ ਹੈ।
ਇਸ ਲੇਖ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਤਿਹਾਸਕ ਗੁਰਧਾਮਾਂ ਵਿਚ ਕੀਰਤਨ ਦੀ ਸੇਵਾ ਨਿਭਾਉਣ ਲਈ ਰਾਗੀ ਜਥਿਆਂ ਦੀ ਚੋਣ ਬਾਰੇ ਜ਼ਿਕਰ ਕਰਨ ਜਾ ਰਹੇ ਹਾਂ। ਇਸ ਮਕਸਦ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉੱਚ ਪੱਧਰੀ ਕੀਰਤਨ ਸਬ ਕਮੇਟੀ ਦਾ ਗਠਨ ਸਮੇਂ ਸਮੇਂ ’ਤੇ ਕੀਤਾ ਜਾਂਦਾ ਹੈ। ਇਸ ਵਿਚ ਉਨ੍ਹਾਂ ਸ਼ਖਸੀਅਤਾਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਚੋਖੀ ਜਾਣਕਾਰੀ ਹੋਵੇ ਜਾਂ ਜਿਨ੍ਹਾਂ ਨੇ ਪ੍ਰੈਕਟੀਕਲ ਤੌਰ ’ਤੇ ਜਾਂ ਫਿਰ ਲੇਖਣੀ ਰਾਹੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਵਡਮੁੱਲਾ ਯੋਗਦਾਨ ਪਾਇਆ ਹੋਵੇ। ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕੁੱਝ ਨਿਸ਼ਚਿਤ ਨਹੀਂ। ਆਮ ਤੌਰ ’ਤੇ ਪੰਜ ਤੋਂ ਅੱਠ-ਨੌਂ ਤੱਕ ਮੈਂਬਰ ਇਸ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪ੍ਰਬੰਧਕੀ ਅਧਿਕਾਰੀ, ਪ੍ਰਸਿੱਧ ਕੀਰਤਨੀਏ ਅਤੇ ਗੁਰਮਤਿ ਸੰਗੀਤ ਦੀ ਡੂੰਘੀ ਸੂਝ ਰੱਖਣ ਵਾਲੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਮੇਂ ਸਮੇਂ ’ਤੇ ਸ਼੍ਰੋਮਣੀ ਰਾਗੀ ਭਾਈ ਜਸਵੰਤ ਸਿੰਘ, ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਅਤੇ ਹੋਰ ਗੁਣੀਜਨ ਇਸ ਦੇ ਮੈਂਬਰ ਰਹੇ ਹਨ। ਮੌਜੂਦਾ ਕੀਰਤਨ ਸਬ ਕਮੇਟੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁਖੀ ਵਜੋਂ ਸ਼ਾਮਲ ਹਨ। ਬਾਕੀ ਮੈਂਬਰਾਂ ਵਿੱਚ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੱਕਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘਾ, ਅਮਲਾ ਵਿਭਾਗ ਦੇ ਵਧੀਕ ਸੱਕਤਰ ਪਰਮਦੀਪ ਸਿੰਘ, ਪ੍ਰਸਿੱਧ ਸੰਗੀਤ ਅਚਾਰੀਆ ਪ੍ਰੋ. ਕਰਤਾਰ ਸਿੰਘ, ਪਦਮਸ੍ਰੀ ਨਿਰਮਲ ਸਿੰਘ ਖਾਲਸਾ, ਸ਼੍ਰੋਮਣੀ ਰਾਗੀ ਡਾ. ਗੁਰਨਾਮ ਸਿੰਘ ਪਟਿਆਲਾ, ਭਾਈ ਰਵਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਇਨ੍ਹਾਂ ਸਤਰਾਂ ਦਾ ਲੇਖਕ ਬਤੌਰ ਮੈਂਬਰ ਸੇਵਾਵਾਂ ਨਿਭਾਅ ਰਹੇ ਹਨ।

ਤੀਰਥ ਸਿੰਘ ਢਿੱਲੋਂ

ਚੋਣ ਦੀ ਵਿਧੀ: ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਾਫੀ ਗਿਣਤੀ ਵਿੱਚ ਅਰਜ਼ੀਆਂ ਪਹੁੰਚ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਅਧਾਰ ’ਤੇ ਸਬ ਕਮੇਟੀ ਦੀ ਮੀਟਿੰਗ ਬੁਲਾ ਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਚੋਣ ਦੀ ਵਿਧੀ ਅਨੁਸਾਰ ਪੂਰੇ ਜਥੇ ਦੀ, ਸਹਾਇਕ ਰਾਗੀ ਦੀ ਅਤੇ ਤਬਲਾ ਵਾਦਕ ਦੀ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਤਹਿਤ ਚੋਣ ਕੀਤੀ ਜਾਂਦੀ ਹੈ। ਕਮੇਟੀ ਦੇ ਮੈਂਬਰ ਉਨ੍ਹਾਂ ਕੋਲੋਂ ਰਾਗ, ਬੰਦਿਸ਼ਾਂ ਅਤੇ ਵੱਖ ਵੱਖ ਤਾਲਾਂ ਵਿਚ ਕੀਰਤਨ ਸੁਣਦੇ ਹਨ ਅਤੇ ਯੋਗ ਉਮੀਦਵਾਰ ਦੇ ਚੋਣ ਕਰਦੇ ਹਨ। ਕਮੇਟੀ ਦੀ ਮੀਟਿੰਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵੀ ਹੁੰਦੀ ਹੈ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਵਿਸ਼ੇਸ਼ ਉਪਰਾਲੇ: ਇਸ ਕਮੇਟੀ ਦੇ ਮੁਖੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਰਾਗਾਂ ਬਾਰੇ ਕਾਫੀ ਮੁਹਾਰਤ ਰੱਖਦੇ ਹਨ। ਚੋਣ ਸਮੇਂ ਵੀ ਉਹ ਅਜਿਹਾ ਯਕੀਨੀ ਬਣਾਉਂਦੇ ਹਨ ਕਿ ਯੋਗ ਉਮੀਦਵਾਰ ਹੀ ਚੁਣੇ ਜਾਣ। ਜਦੋਂ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਹੋਣ ਤਾਂ ਉਸ ਸਮੇਂ ਕੀਰਤਨ ਕਰਨ ਵਾਲੇ ਰਾਗੀ ਜਥੇ ਜੇ ਸਮੇਂ ਦਾ ਰਾਗ ਨਾ ਗਾਇਨ ਕਰ ਰਹੇ ਹੋਣ ਤਾਂ ਉਸੇ ਵੇਲੇ ਉਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਅਤੇ ਰਾਗ ਦਾ ਨਾਂ ਲਿਖ ਕੇ ਸ਼ਬਦ ਪੜ੍ਹਨ ਲਈ ਆਖਿਆ ਜਾਦਾ ਹੈ। ਇਹੀ ਵਜ੍ਹਾ ਹੈ ਕਿ ਰਾਗੀ ਜਥੇ ਸੁਚੇਤ ਹੋ ਕੇ ਗੁਰੂ ਦੀ ਭੈਅ-ਭਾਵਨੀ ਵਿਚ ਰਹਿੰਦਿਆਂ ਕੀਰਤਨ ਗਾਇਨ ਕਰਨ ਦਾ ਯਤਨ ਕਰਦੇ ਹਨ। ਰਾਗੀ ਜਥਿਆਂ ਦੀਆਂ ਡਿਊਟੀਆਂ ਲਾਉਣ ਦਾ ਜਿੰਮਾ ਵੀ ਉਨ੍ਹਾਂ ਦਾ ਹੀ ਹੈ। ਗਿਆਨੀ ਜਗਤਾਰ ਸਿੰਘ ਜੀ ਇਸ ਗੱਲ ਨੂੰ ਹਮੇਸ਼ਾ ਯਕੀਨੀ ਬਣਾਉਂਦੇ ਹਨ ਕਿ ਸਮੇਂ ਤੇ ਰੁੱਤਾਂ ਅਨੁਸਾਰ ਸ਼ੁੱਧ ਰਾਗਾਂ ਵਿਚ ਕੀਰਤਨ ਹੋਵੇ। ਜਿਵੇਂ ਅੱਜਕੱਲ੍ਹ ਹਰ ਕੀਰਤਨੀਏ ਨੂੰ ਇਹ ਹਦਾਇਤ ਹੈ ਕਿ ਉਹ ਮਲਾਰ ਰਾਗ ਨਾਲ ਕੀਰਤਨ ਦਾ ਆਰੰਭ ਕਰੇ।
ਜਥੇਦਾਰ ਅਵਤਾਰ ਸਿੰਘ ਦੇ ਸੇਵਾ ਕਾਲ ਸਮੇਂ ਹੀ ਸਬ ਕਮੇਟੀ ਦੇ ਮੈਂਬਰਾਂ ਦੇ ਸੁਝਾਅ ’ਤੇ ਅਮਲ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਗੀ ਸਿੰਘਾਂ ਦੇ ਨਾਲ ਤੰਤੀ ਸਾਜ਼ ਵਜਾਉਣ ਵਾਲਿਆਂ ਨੂੰ ਵੀ ਸੰਗਤ ਕਰਨ ਲਈ ਨਿਯੁਕਤ ਕੀਤਾ ਗਿਆ।
ਸੰਪਰਕ: 98154-61710


Comments Off on ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.