ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ

Posted On August - 22 - 2019

ਹਰਵਿੰਦਰ ਸਿੰਘ ‘ਰੋਡੇ’
ਖੇਡਾਂ ਨੂੰ ਸਰੀਰਕ ਤੇ ਸੰਗੀਤ ਨੂੰ ਮਾਨਸਿਕ ਤੰਦਰੁਸਤੀ ਦਾ ਆਹਲਾ ਸਾਧਨ ਮੰਨਿਆ ਗਿਆ ਹੈ। ਪਰ ਅਜੋਕੇ ਜ਼ਮਾਨੇ ਵਿਚ ਇਸ ਫ਼ਿਕਰੇ ਦੇ ਮਾਅਨੇ ਪੂਰੀ ਤਰ੍ਹਾਂ ਬਦਲ ਗਏ ਹਨ। ਅੱਜ ਸਾਡੇ ਨੌਜਵਾਨਾਂ ਕੋਲ ਨਾ ਰੂਹ ਨੂੰ ਸ਼ਾਂਤੀ ਦੇਣ ਵਾਲਾ ਸੰਗੀਤ ਹੈ ਤੇ ਨਾ ਹੀ ਸਰੀਰ ਨੂੰ ਫੌਲਾਦ ਵਰਗਾ ਬਣਾਉਣ ਵਾਲੀਆਂ ਖੇਡਾਂ। ਨੌਜਵਾਨ ਵਰਗ ਨੇ ਹੱਥਾਂ ਵਿੱਚੋਂ ਕਿਤਾਬਾਂ ਛੱਡ ਮੋਬਾਈਲ ਫੜ ਲਏ ਹਨ। ਕਾਲਜ ਪੜ੍ਹਦੇ ਮੁੰਡਿਆਂ ਕੋਲ ਵੀਹ-ਤੀਹ ਰੁਪਏ ਵਾਲੀ ਕਾਪੀ ਹੋਵੇ ਭਾਵੇਂ ਨਾ ਪਰ ਵੀਹ-ਤੀਹ ਹਜ਼ਾਰ ਰੁਪਏ ਵਾਲਾ ਮੋਬਾਈਲ ਫੋਨ ਜ਼ਰੂਰ ਹੁੰਦਾ ਹੈ। ਉਸ ਮੋਬਾਈਲ ਵਿੱਚ ਕੀ ਕੁਝ ਹੁੰਦਾ ਹੈ, ਇਹ ਗੱਲ ਕਹਿਣ-ਸੁਣਨ ਤੋਂ ਬਾਹਰੀ ਨਹੀਂ।
ਨੌਜਵਾਨ ਆਪਣੀ ਅਸਲ ਦੁਨੀਆਂ ਨੂੰ ਛੱਡ ਕਿਸੇ ਹੋਰ ਦੁਨੀਆਂ ਵਿੱਚ ਗੁਆਚ ਗਿਆ ਹੈ। ਪੁਰਾਣੇ ਵੇਲਿਆਂ ‘ਚ ਪਿੰਡਾਂ ਦੇ ਛਿੰਝ ਮੇਲੇ ਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਸਨ। ਜਵਾਨ ਮੁੰਡੇ ਦਿਨ-ਰਾਤ ਇਕ ਕਰ ਕੇ ਮਿਹਨਤ ਕਰਦੇ ਤੇ ਸਵੇਰ ਵੇਲੇ ਵਿਸ਼ੇਸ਼ ਸਮਾਂ ਕੱਢ ਕੇ ਪੱਠੇ ਅਖਾੜੇ ਵਿੱਚ ਜ਼ੋਰ ਕਰਦੇ। ਜਵਾਨ ਦੀ ਇਹ ਮਿਹਨਤ ਜਿੱਥੇ ਖੇਡ ਮੇਲੇ ਵਿੱਚ ਝੰਡੀ ਲਿਆਉਂਦੀ, ਉਥੇ ਉਸ ਨੂੰ ਵਧੇਰੇ ਮਿਹਨਤ ਕਰਨ ਦੀ ਤਾਕਤ ਵੀ ਬਖਸ਼ਦੀ ਸੀ। ਇਉਂ ਉਦੋਂ ਲੋਕ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਵਿੱਚ ਕਾਮਯਾਬ ਹੁੰਦੇ। ਪਰ ਅੱਜ ਸਮੇਂ ਨੇ ਅਜਿਹਾ ਪਲਟਾ ਖਾਧਾ ਕਿ ਮੈਦਾਨੀ ਖੇਡਾਂ ਦੀ ਥਾਂ ਹੁਣ ਵੀਡੀਓ ਗੇਮਾਂ ਦੇ ਟੂਰਨਾਮੈਂਟ ਹੋਣ ਲੱਗੇ ਹਨ। ਇਹ ਟੂਰਨਾਮੈਂਟ ਵੀ ਕਿਸੇ ਪਿੰਡ ਦੀ ਕਮੇਟੀ ਵੱਲੋਂ ਨਹੀਂ ਸਗੋਂ ਵੱਡੀਆਂ ਮੋਬਾਈਲ ਜਾਂ ਸਾਫਟਵੇਅਰ ਕੰਪਨੀਆਂ ਵੱਲੋਂ ਕਰਵਾਏ ਜਾਂਦੇ ਹਨ। ਚਰਚਿਤ ਗੇਮ ਪੱਬਜੀ ਦੇ ਟੂਰਨਾਮੈਂਟ ਦੀਆਂ ਗੱਲਾਂ ਅੱਜ ਦੀ ਜਵਾਨੀ ਦੇ ਮੂੰਹ ‘ਤੇ ਰਹਿੰਦੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਟੂਰਨਾਮੈਂਟ ਜੇਤੂ ਲਈ ਇਨਾਮ ਕਰੋੜਾਂ ਵਿੱਚ ਰੱਖਿਆ ਜਾਂਦਾ ਹੈ, ਜਿਸ ਕਾਰਨ ਨੌਜਵਾਨ ਆਪਣੇ ਕੀਮਤੀ ਸਮੇਂ ਨੂੰ ਇਸ ਦੇ ਅਭਿਆਸ ਲਈ ਵਰਤ ਕੇ ਜ਼ਾਇਆ ਕਰਦੇ ਹਨ। ਦੂਜੇ ਪਾਸੇ ਕੰਪਨੀ ਇੱਕ ਟੂਰਨਾਮੈਂਟ ‘ਤੇ ਦੋ ਕਰੋੜ ਦਾ ਇਨਾਮ ਦਿਖਾ ਕੇ ਕਈ ਕਰੋੜ ਕਮਾਉਣ ਵਿੱਚ ਸਫਲ ਰਹਿੰਦੀ ਹੈ।
ਹੁੰਦਾ ਇੰਞ ਹੈ ਕਿ ਟੂਰਨਾਮੈਂਟ ਵੇਖ ਕੇ ਨੌਜਵਾਨ ਇਸ ਐਪ ਨੂੰ ਵਾਰ-ਵਾਰ ਅੱਪਡੇਟ ਕਰਦੇ ਜਾਂ ਨਵੇਂ ਵਰਜ਼ਨ ਨੂੰ ਡਾਊਨਲੋਡ ਕਰਦੇ ਹਨ। ਨਾਲ ਹੀ ਕੰਪਨੀ ਦੇ ਯੂ-ਟਿਊਬ ਚੈੱਨਲ ਦੀਆਂ ਵੀਡੀਓਜ਼ ਲਗਾਤਾਰ ਵੇਖਦੇ ਹਨ ਤਾਂ ਜੋ ਕਿਸੇ ਵੀ ਹੋ ਰਹੀ ਤਬਦੀਲੀ ਦਾ ਉਨ੍ਹਾਂ ਨੂੰ ਪਤਾ ਚੱਲਦਾ ਰਹੇ। ਦੂਜਾ ਗੇਮ ਦਾ ਪੂਰਾ ਸੁਆਦ ਲੈਣ ਦੀ ਇੱਛਾ ਨਾਲ ਉਹ ਨਵੇਂ-ਨਵੇਂ ਸੈੱਲਫੋਨਾਂ ਦੀ ਖ਼ਰੀਦ ਕਰਦੇ ਹਨ। ਨੌਜਵਾਨ ਦੀਆਂ ਇਨ੍ਹਾਂ ਤਿੰਨਾਂ ਕਿਰਿਆਵਾਂ ਤੋਂ ਕੰਪਨੀ ਕਈ ਕਰੋੜ ਰੁਪਏ ਬਣਾ ਲੈਂਦੀ ਹੈ। ਫਿਰ ਰੱਖੇ ਗਏ ਟੂਰਨਾਮੈਂਟ ਵਿੱਚ ਸਾਫਟਵੇਅਰ ਕੰਪਨੀਆਂ ਮੌਕੇ ‘ਤੇ ਆਨ ਗੇਮ ਕਮਾਂਡਾਂ ਵਿੱਚ ਫੇਰ-ਬਦਲ ਕਰਕੇ ਨਤੀਜਾ ਵੀ ਆਪਣੇ ਹੱਥ ਵਿੱਚ ਹੀ ਰੱਖ ਲੈਂਦੀਆਂ ਹਨ। ਇਉਂ ਸਾਡਾ ਨੌਜਵਾਨ ਪੈਸਾ, ਸਮਾਂ ਤੇ ਊਰਜਾ ਗੁਆ ਬੈਠਦਾ ਹੈ ਤੇ ਨਮੋਸ਼ੀ ਦਾ ਸ਼ਿਕਾਰ ਹੋ ਜਾਂਦਾ ਹੈ।
ਇਨ੍ਹਾਂ ਗੇਮਾਂ ਨਾਲ ਨੌਜਵਾਨ ਦੇ ਮਨ ‘ਤੇ ਜੋ ਅਸਰ ਪੈਂਦਾ ਹੈ, ਉਹ ਨੌਜਵਾਨ ਨੂੰ ਨਾਇਕ ਨਹੀਂ ਸਗੋਂ ਖਲਨਾਇਕ ਬਣਾਉਣ ਵਾਲਾ ਹੁੰਦਾ ਹੈ। ਅੱਜ ਤੱਕ ਅਜਿਹੀ ਕੋਈ ਵੀਡੀਓ ਗੇਮ ਨਹੀਂ ਚੱਲੀ ਜਿਸ ਵਿੱਚ ਖਿਡਾਰੀ ਨੂੰ ਕਿਸੇ ਦੀ ਮੱਦਦ ਕਰਨੀ ਜਾਂ ਕਿਸੇ ਦਾ ਦੁੱਖ ਵੰਡਾਉਣਾ ਸਿਖਾਇਆ ਜਾਂਦਾ ਹੋਵੇ। ਹਰ ਵੀਡੀਓ ਗੇਮ ਵਿੱਚ ਇੱਕ-ਦੂਜੇ ਨੂੰ ਜਾਨੋਂ ਮਾਰਨ ਦੇ ਨਿਰਦੇਸ਼ ਮਿਲਦੇ ਹਨ। ਗੇਮਾਂ ਖੇਡਦੇ ਨੌਜਵਾਨ ਹਥਿਆਰਾਂ ਤੇ ਉਨ੍ਹਾਂ ਦੇ ਪੁਰਜ਼ਿਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਜਾਂਦੇ ਹਨ। ਇਸ ਯੁੱਗ ਵਿੱਚ ਜੇ ਕੋਈ ਵਿਰਲਾ-ਟਾਵਾਂ ਨੌਜਵਾਨ ਇਨ੍ਹਾਂ ਗੇਮਾਂ ਦਾ ਆਦੀ ਨਹੀਂ, ਤਾਂ ਗੇਮਾਂ ਦੇ ਖਿਡਾਰੀ ਉਸਨੂੰ ਪਛੜਿਆ ਦੱਸਣ ਲੱਗਦੇ ਹਨ। ਉਹ ਗੇਮ ਦੀ ਗੱਲ ਕਰਦੇ ਆਖਦੇ ਹਨ, ‘ਇੱਕ ਵਾਰ ਖੇਡ ਕੇ ਵੇਖੋ, ਟਾਈਮ ਵਧੀਆ ਪਾਸ ਹੁੰਦਾ ਹੈ।’ ਕੀ ਸਾਡੀ ਜਵਾਨੀ ਸਿਰਫ਼ ਟਾਈਮ ਪਾਸ ਕਰਨ ਲਈ ਹੈ? ਅਸੀਂ ਇਸ ਦੁਨੀਆਂ ‘ਤੇ ਜਿੰਦ ਮਾਨਣ ਆਏ ਹਾਂ ਜਾਂ ਜੂਨ ਭੋਗਣ? ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਸਮਰੱਥਾ ਸਾਡੇ ਨੌਜਵਾਨਾਂ ਵਿੱਚ ਇਨ੍ਹਾਂ ਗੇਮਾਂ ਨੇ ਨਹੀਂ ਰਹਿਣ ਦਿੱਤੀ।
ਇਹੀ ਹਾਲ ਅਜੋਕੇ ਗੀਤਾਂ ਦਾ ਹੈ। ਗੀਤ ਵੀ ਸਾਨੂੰ ਉਸ ਜਗ੍ਹਾ ਫ਼ਾਇਰ ਕਰਨਾ ਸਿਖਾਉਂਦੇ ਨੇ, ਜਿੱਥੇ ਹਥਿਅਰ ਦੀ ਪਾਬੰਦੀ ਹੁੰਦੀ ਹੈ। ਇਸ ਨਾਲ ਅਸੀਂ ਆਪਣੇ ਨਾਲ-ਨਾਲ ਦੂਜੇ ਦੀ ਜਾਨ ਵੀ ਜੋਖਮ ਵਿੱਚ ਪਾ ਛੱਡਦੇ ਹਾਂ। ਸਵੇਰੇ ਉੱਠ ਕੇ ਕਸਰਤ ਕਰਨ ਦੀ ਥਾਂ ਮੋਟੀ ਨਾਗਨੀ ਜਾਂ ਹੋਰ ਭੈੜਾ ਨਸ਼ਾ ਕਰਨ ਦੀ ਨਸੀਹਤ ਗੀਤਾਂ ਵਿਚੋਂ ਆਮ ਮਿਲਦੀ ਹੈ। ਟੁੱਟੇ-ਭੱਜੇ ਰੋਡ ‘ਤੇ ਜਾ ਰਹੀ ਨੌਜਵਾਨ ਦੀ ਗੱਡੀ ਵਿੱਚ ਵੱਜਦਾ ਚੱਕਵਾਂ ਗੀਤ ਉਸ ਨੂੰ ਗੱਡੀ ਡੇਢ ਸੌ ਕਿਲੋਮੀਟਰ ਪ੍ਰਤੀ ਘੰਟਾ ‘ਤੇ ਚੜ੍ਹਾ ਦੇਣ ਲਈ ਉਕਸਾਉਂਦਾ ਹੈ ਤੇ ਗੀਤ ਦੇ ਬੋਲ ਡੇਢ ਸੌ ਦੀ ਸਪੀਡ ਨਾਲ ਕਾਲਜਾ ਠਾਰਨ ਦੀ ਗੱਲ ਕਰਦੇ ਹਨ। ਗੀਤ ਮੁਤਾਬਕ ਗੱਡੀ ਚਲਾਉਣ ਨਾਲ ਸਵਾਰ ਦਾ ਕਾਲਜਾ ਤਾਂ ਕੀ ਉਹਦਾ ਪੂਰਾ ਸਰੀਰ ਹੀ ਭਿਆਨਕ ਦੁਰਘਟਨਾ ਵਿੱਚ ਠੰਡਾ ਪੈ ਜਾਂਦਾ ਹੈ। ਇਸ ਤੋਂ ਘੱਟ ਸਪੀਡ ਨਾਲ ਗੱਡੀ ਚਲਾਉਣ ਦੀ ਗੱਲ ਤਾਂ ਅੱਜ ਦੇ ਗੀਤਾਂ ਵਿੱਚ ਕੀਤੀ ਹੀ ਨਹੀਂ ਜਾਂਦੀ। ਕਾਫ਼ੀ ਚਿਰ ਪਹਿਲਾਂ ਮਹਾਨ ਸੰਗੀਤਕਾਰ ਜਗਜੀਤ ਸਿੰਘ ਦਾ ਗੀਤ ‘ਜ਼ਰਾ ਬਚਕੇ ਮੋੜ ਤੋਂ’ ਆਇਆ ਸੀ। ਗੀਤ ਦੇ ਬੋਲ ਸਨ, ‘ਦੇਖਲੈ ਇਨ੍ਹਾਂ ਸੜਕਾਂ ਉੱਤੇ ਕਿੰਨਾ ਭੀੜ ਭੜੱਕਾ ਈ ਓਏ…।’ ਓਦੋਂ ਦੇ ਭੀੜ ਭੜੱਕੇ ਨਾਲੋਂ ਅੱਜ ਇਹ ਕਈ ਗੁਣਾ ਵਧ ਜਾਣ ਦੇ ਬਾਵਜੂਦ ਕਿਸੇ ਸੰਗੀਤਕਾਰ ਨੇ ਅਜਿਹਾ ਗੀਤ ਨਹੀਂ ਗਾਇਆ ਜੋ ਸਾਨੂੰ ਮਾਰੂ ਸੜਕਾਂ ਤੋਂ ਬਚਣ ਬਾਰੇ ਦੱਸਦਾ ਹੋਵੇ। ਹੋਰ ਤਾਂ ਹੋਰ ਅੱਜ ਦੇ ਟਿੱਕ-ਟਾਕ ਨੇ ਇਨ੍ਹਾਂ ਮਾਰੂ ਗੀਤਾਂ ‘ਤੇ ਵੀਡੀਓ ਬਣਾਉਂਦੇ ਕਈ ਜਵਾਨਾਂ ਨੂੰ ਖ਼ੌਫ਼ਨਾਕ ਹਾਦਸਿਆਂ ਦਾ ਸ਼ਿਕਾਰ ਬਣਾਇਆ ਹੈ।
ਕੁਦਰਤੀ ਹੈ ਕਿ ਮਨੁੱਖ ਜਿਹੋ ਜਿਹਾ ਸੰਗੀਤ ਸੁਣਦਾ ਹੈ। ਉਹੋ ਜਿਹਾ ਉਸ ਦੇ ਮਨ ‘ਤੇ ਅਸਰ ਹੁੰਦਾ ਹੈ। ਇਸੇ ਕਰਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜਰਨੈਲਾਂ ਵਿੱਚ ਬੀਰਤਾ ਭਰਨ ਲਈ ਕਾਲ ਤਖ਼ਤ ਸਾਹਿਬ ‘ਤੇ ਢਾਡੀ ਵਾਰਾਂ ਸ਼ੁਰੂ ਕੀਤੀਆਂ ਸਨ। ਢਾਰੀ ਬੀਰ ਰਸ ਦੀਆਂ ਵਾਰਾਂ ਗਾਉਂਦੇ ਤੇ ਖਾਲਸਾਈ ਫੌਜ ਦਾ ਖੂਨ ਖੌਲਦਾ ਜਾਂਦਾ। ਇਨ੍ਹਾਂ ਵਾਰਾਂ ਵਿੱਚ ਜੰਗਾਂ-ਯੁੱਧਾਂ ਦੀ ਗੱਲ ਹੁੰਦੀ ਪਰ ਇਹ ਯੁੱਧ ਮਜ਼ਲੂਮ ਦੀ ਰੱਖਿਆ ਤੇ ਜ਼ੁਲਮ ਦੇ ਟਾਕਰੇ ਲਈ ਸਨ। ਉਸ ਸੰਗੀਤ ਨੂੰ ਸੁਣ ਸੂਰਮਿਆਂ ਨੂੰ ਅੰਦਰੋਂ ਬਲਵਾਨ ਹੋਣ ਦਾ ਅਹਿਸਾਸ ਹੁੰਦਾ ਸੀ। ਅੱਜ ਦੇ ਗਾਣਿਆਂ ਤੇ ਗੇਮਾਂ ਦੇ ਮੱਕੜਜਾਲ ਵਿੱਚ ਫਸੇ ਨੌਜਵਾਨ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਉਸਨੂੰ ਘੁਣ ਵਾਂਙੂੰ ਅੰਦਰੋਂ-ਅੰਦਰੀ ਖਾ ਕੇ ਖੋਖਲਾ ਕਰੀ ਜਾ ਰਹੇ ਹਨ। ਜਦੋਂ ਤੱਕ ਉਸਨੂੰ ਅਹਿਸਾਸ ਹੋਣ ਲੱਗਦਾ ਹੈ ਤਦ ਤੱਕ ਸਮਾਂ ਹੱਥੋਂ ਖੁੰਝ ਜਾਂਦਾ ਹੈ।

ਹਰਵਿੰਦਰ ਸਿੰਘ ‘ਰੋਡੇ

ਸਵਾਲ ਉੱਠਦਾ ਹੈ ਪੰਜਾਬੀ ਮਾਰਸ਼ਲ ਕੌਮ ਦੇ ਵਾਰਸ ਅੱਜ ਮਾੜੇ ਗੀਤਾਂ ਤੇ ਗੇਮਾਂ ਦੇ ਵਾਰਸ ਕਿਉਂ ਹੋ ਗਏ ਹਨ। ਦਰਅਸਲ ਅੱਜ ਦੀ ਪੀੜ੍ਹੀ ਦਾ ਢਾਡੀ ਵਾਰਾਂ, ਕਵੀਸ਼ਰੀ ਜਾਂ ਚੰਗੇ ਸਾਹਿਤ ਨਾਲ ਤਾਲਮੇਲ ਹੀ ਨਹੀਂ ਬੈਠਦਾ। ਇਸ ਪਿੱਛੇ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਦਾ ਕਿਸੇ ਕਲਾ ਨਾਲ ਤਾਲਮੇਲ ਆਪਣੇ ਬੌਧਿਕ ਪੱਧਰ ਅਨੁਸਾਰ ਬੈਠਦਾ ਹੈ। ਅੱਜ ਸਾਡਾ ਬੌਧਿਕ ਪੱਧਰ ਨੀਵਾਂ ਹੋ ਰਿਹਾ ਹੈ, ਜਿਸ ਕਾਰਨ ਨੀਵੇਂ ਪੱਧਰ ਦੇ ਸੰਗੀਤ ਨਾਲ ਮਨ ਦਾ ਤਾਲਮੇਲ ਬੈਠ ਜਾਣਾ ਸੁਭਾਵਿਕ ਹੈ। ਬੌਧਿਕਤਾ ਦੇ ਨੀਵੇਂਵਣ ਪਿੱਛੇ ਕਾਰਨ ਇਹ ਹੈ ਕਿ ਅੱਜ ਅਸੀਂ ਬੱਚਿਆਂ ਦੇ ਅਕਾਦਮਿਕ ਅੰਕਾਂ ਨੂੰ ਹੀ ਉਸਦਾ ਵਿਕਾਸ ਸਮਝਣਾ ਸ਼ੁਰੂ ਕਰ ਦਿੱਤਾ ਹੈ। ਸਮੇਂ ਦੀ ਲੋੜ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਕੇ ਉਨ੍ਹਾਂ ਦਾ ਬੌਧਿਕ ਪੱਧਰ ਉਚਿਆਉਣਾ ਹੈ। ਇਸ ਲਈ ਸਕੂਲ ਅਧਿਆਪਕ ਤੇ ਮਾਪੇ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਇਸ ਦਾ ਪਹਿਲਾ ਕਦਮ ਹੈ ਸਕੂਲਾਂ ਵਿੱਚ ਪਹਿਲੇ ਵੇਲਿਆਂ ਵਾਂਗ ਬਾਲ ਸਭਾਵਾਂ ਸ਼ੁਰੂ ਕੀਤੀਆਂ ਜਾਣ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਤੋਂ ਖਬਰਾਂ, ਵਿਚਾਰ ਤੇ ਮਿਆਰੀ ਗੀਤ ਪੇਸ਼ ਕਰਵਾਏ ਜਾਣ। ਇਸ ਨਾਲ ਵਿਦਿਆਰਥੀ ਚੰਗੇ ਵਿਚਾਰਾਂ ਨੂੰ ਲੱਭਣ ਦੇ ਬਹਾਨੇ ਚੰਗੀਆਂ ਕਿਤਾਬਾਂ ਨਾਲ ਜੁੜਨਗੇ ਤੇ ਚੰਗੇ ਗੀਤ ਗਾਉਣ ਦੇ ਮਕਸਦ ਨਾਲ ਉਹ ਚੰਗਾ ਸੰਗੀਤ ਸੁਣਨ ਦੇ ਆਦੀ ਵੀ ਹੋ ਜਾਣਗੇ। ਸਕੂਲ ਦੀ ਲਾਇਬ੍ਰੇਰੀ ਦਾ ਇੱਕ ਵਿਸ਼ੇਸ਼ ਪੀਰੀਅਡ ਰੱਖਿਆ ਜਾਵੇ, ਪਿੰਡਾਂ ਦੇ ਕਲੱਬਾਂ ਜਾਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾ ਜਵਾਨੀ ਨੂੰ ਸਾਹਿਤ ਵੱਲ ਉਤਸ਼ਾਹਿਤ ਕੀਤਾ ਜਾਵੇ। ਲਾਇਬ੍ਰੇਰੀਅਨ ਆਪ ਵੀ ਸਾਹਿਤਕ ਮੱਸ ਰੱਖਣ ਵਾਲਾ ਹੋਣਾ ਚਾਹੀਦਾ ਹੈ, ਫਿਰ ਹੀ ਲਾਇਬ੍ਰੇਰੀਆਂ ਸੁਚਾਰੂ ਢੰਗ ਨਾਲ ਚੱਲ ਸਕਦੀਆਂ ਹਨ, ਨਹੀਂ ਤਾਂ ਇਨ੍ਹਾਂ ਵਿੱਚ ਪਈਆਂ ਕਿਤਾਬਾਂ ਸ਼ਿੰਗਾਰ ਮਾਤਰ ਹੀ ਰਹਿ ਜਾਂਦੀਆਂ ਹਨ। ਚੰਗੇ ਸਾਹਿਤ ਨਾਲ ਜੁੜੀ ਜਵਾਨੀ ਆਪਣੇ ਆਪ ਹੀ ਨੀਵੇਂ ਪੱਧਰ ਦੇ ਗੀਤਾਂ ਤੇ ਗੇਮਾਂ ਤੋਂ ਨੱਕ ਵੱਟ ਲਵੇਗੀ। ਉਹ ਕਾਰਪੋਰੇਟ ਕੰਪਨੀਆਂ ਦੀਆਂ ਚਾਲਾਂ ਨੂੰ ਸਮਝਣ ਦੇ ਸਮਰੱਥ ਹੋ ਜਾਵੇਗੀ। ਕਹਿੰਦੇ ਨੇ ਜੇ ਬੁਰੀ ਲੀਕ ਨੂੰ ਮਿਟਾਉਣਾ ਹੋਵੇ ਤਾਂ ਉਸ ਉੱਪਰ ਉਸਤੋਂ ਵੱਡੀ ਚੰਗੀ ਲੀਕ ਖਿੱਚ ਦੇਣੀ ਚਾਹੀਦੀ ਹੈ। ਇਹੀ ਅੱਜ ਦੀ ਲੋੜ ਹੈ।
-ਪਿੰਡ ਤੇ ਡਾਕ: ਰੋਡੇ, ਜ਼ਿਲ੍ਹਾ ਮੋਗਾ।
ਸੰਪਰਕ: 98889-79308


Comments Off on ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.