ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ !    ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ !    ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦਾ ਪੈਮਾਨਾ ਕਿਹੜਾ ਹੋਵੇ !    ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ !    ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਅੱਜ ਹੋਵੇਗੀ ਸ਼ੁਰੂ !    ਮਿਖਾਈਲ ਮਿਸ਼ੁਸਤਿਨ ਹੋਣਗੇ ਰੂਸ ਦੇ ਨਵੇਂ ਪ੍ਰਧਾਨ ਮੰਤਰੀ !    ਮਿਡ-ਡੇਅ ਮੀਲ ਵਰਕਰਾਂ ਵੱਲੋਂ ਵਿੱਤ ਮੰਤਰੀ ਦੇ ਹਲਕੇ ਰੈਲੀ 19 ਨੂੰ !    32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ !    ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ !    ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ !    

ਗ਼ੁਰਬਤ ’ਚ ਰੁਖ਼ਸਤ ਹੋਇਆ ਗੀਤਕਾਰ

Posted On August - 3 - 2019

ਸ਼ਮਸ਼ੇਰ ਸਿੰਘ ਸੋਹੀ

ਲੋਕ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਕਰਦੇ ਹਨ, ਡੁੱਬਦੇ ਦੀ ਕੋਈ ਸਾਰ ਨਹੀਂ ਲੈਂਦਾ। ਮਸ਼ਹੂਰ ਗੀਤਕਾਰ ਮਿਰਜ਼ਾ ਸੰਗੋਵਾਲੀਆ ਨਾਲ ਵੀ ਅਜਿਹਾ ਹੀ ਹੋਇਆ। ਇਹ ਉਹ ਮਿਰਜ਼ਾ ਸੰਗੋਵਾਲੀਆ ਹੈ ਜਿਸ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੰਗੋਵਾਲ ਤੋਂ ਉੱਠ ਕੇ ਆਪਣਾ ਨਾਂ ਚਮਕਾਇਆ। ਕੋਈ ਸਮਾਂ ਸੀ ਜਦੋਂ ਉਸਦੇ ਗੀਤ ਲੈਣ ਲਈ ਕਲਾਕਾਰ ਉਸ ਦੇ ਘਰ ਗੇੜੇ ਮਾਰਦੇ ਸਨ। ਸੰਗੋਵਾਲੀਏ ਦੇ ਗੀਤ ਸਪੀਕਰਾਂ ਵਿਚ ਸਿਰਫ਼ ਵੱਜੇ ਹੀ ਨਹੀਂ ਬਲਕਿ ਏਨੇ ਚੱਲੇ ਕਿ ਉਸਦਾ ਨਾਂ ਮਸ਼ਹੂਰ ਗੀਤਕਾਰਾਂ ਦੀ ਕਤਾਰ ਵਿਚ ਆ ਗਿਆ। ਉਸਦੇ ਲਿਖੇ ਗੀਤ ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਗਾਏ ਜਿਨ੍ਹਾਂ ਵਿਚ ਸੁਖਦੇਖ ਸਫਰੀ, ਹਰਚਰਨ ਗਰੇਵਾਲ, ਜਗਮੋਹਣ ਕੌਰ, ਪਿਆਰਾ ਸਿੰਘ ਪੰਛੀ, ਕਰਤਾਰ ਰਮਲਾ, ਸ਼ੀਤਲ ਸਿੰਘ ਸ਼ੀਤਲ, ਸੁਰਿੰਦਰ ਛਿੰਦਾ, ਸੁਰਿੰਦਰ ਮੋਹਣੀ ਤੇ ਹਰਪਾਲ ਠੱਠੇਵਾਲਾ। ਇਨ੍ਹਾਂ ਵੱਲੋਂ ਉਸਦੇ ਗਾਏ ਗੀਤ ਬਹੁਤ ਹਿੱਟ ਹੋਏ।
ਮਿਰਜ਼ਾ ਸੰਗੋਵਾਲੀਆ ਦੀ ਭਾਵੇਂ ਬਹੁਤ ਸਾਰੇ ਕਲਾਕਾਰਾਂ ਨਾਲ ਨੇੜਤਾ ਰਹੀ, ਪਰ ਉਹ ਉਸ ਸਮੇਂ ਦੀ ਮਸ਼ਹੂਰ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਬਹੁਤ ਪਸੰਦ ਕਰਦਾ ਸੀ। ਤਵਿਆਂ ਵਾਲੇ ਦੌਰ ਵਿਚ ਉਸਦੇ ਲਿਖੇ ਗੀਤ ਭਾਵੇਂ ਬਹੁਤ ਚੱਲੇ, ਪਰ ਇਕ ਗੀਤ ਬਹੁਤ ਹੀ ਮਸ਼ਹੂਰ ਹੋਇਆ, ਜਿਸਨੇ ਗੀਤਕਾਰ ਵੱਜੋਂ ਉਸਦੀ ਪਛਾਣ ਨੂੰ ਸਥਾਪਿਤ ਕਰ ਦਿੱਤਾ। ਇਹ ਉਸਦਾ ਲਿਖਿਆ ਦੋਗਾਣਾ ‘ਕੱਢ ਦੇਊਂ ਤੇਰੀਆਂ ਰੜਕਾਂ ਬਾਪੂ ਦਾ ਖੂੰਡਾ’ ਸੀ ਜਿਹੜਾ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦੀ ਆਵਾਜ਼ ਵਿਚ ਰਿਕਾਰਡ ਹੋਇਆ। ਜਵਾਨੀ ਵੇਲੇ ਉਸ ਦੀ ਕਲਮ ਵੱਲੋਂ ਕਈ ਅਜਿਹੇ ਗੀਤ ਵੀ ਲਿਖੇ ਗਏ ਜਿਨ੍ਹਾਂ ’ਤੇ ਬਹੁਤ ਕਿੰਤੂ ਪ੍ਰੰਤੂ ਵੀ ਹੋਇਆ, ਪਰ ਫਿਰ ਵੀ ਹਰੇਕ ਸ਼ਖ਼ਸ ਉਸਦੀ ਲੇਖਣੀ ਦੀ ਪ੍ਰਸੰਸਾ ਕਰਦਾ ਰਿਹਾ।
ਮਿਰਜ਼ਾ ਸੰਗੋਵਾਲੀਆ ਦੇ ਲਿਖੇ ਗੀਤਾਂ ਦੀਆਂ ਕਿਤਾਬਾਂ ਵੀ ਛਪੀਆਂ ਹਨ। ਪੰਜਾਬੀ ਸੰਗੀਤ ਜਗਤ ਵਿਚ ਸੈਂਕੜੇ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਇਸ ਗੀਤਕਾਰ ਨੂੰ ਸਾਰੀ ਜ਼ਿੰਦਗੀ ਸੰਘਰਸ਼ਮਈ ਜੀਵਨ ਤੇ ਗ਼ਰੀਬੀ ਵਿਚੋਂ ਹੀ ਗੁਜ਼ਰਨਾ ਪਿਆ। ਲੇਖਕਾਂ ਤੇ ਕੁਝ ਪ੍ਰਸੰਸਕਾਂ ਨੇ ਭਾਵੇਂ ਉਸਦੀ ਬਣਦੀ ਮਦਦ ਕੀਤੀ, ਪਰ ਉਸਦੇ ਲਿਖੇ ਗੀਤ ਗਾ ਕੇ ਕਮਾਈ ਕਰਨ ਵਾਲੇ ਕਲਾਕਾਰਾਂ ਨੇ ਉਸ ਦੀ ਕਦੇ ਬਾਂਹ ਨਹੀਂ ਫੜੀ। ਅਖੀਰਲੇ ਸਮੇਂ ਉਹ ਅਧਰੰਗ ਦੀ ਬਿਮਾਰੀ ਤੋਂ ਪੀੜਤ ਰਿਹਾ ਤੇ ਗ਼ੁਰਬਤ ਦੀ ਜ਼ਿੰਦਗੀ ਜਿਊਂਦਾ ਜਹਾਨ ਤੋੋਂ ਰੁਖ਼ਸਤ ਹੋ ਗਿਆ। ਬਿਮਾਰੀ ਦੌਰਾਨ ਕਿਸੇ ਸੰਸਥਾ ਤੇ ਕਲਾਕਾਰ ਨੇ ਉਸਦੀ ਦਵਾਈ ਤੇ ਪੈਸਿਆਂ ਪੱਖੋਂ ਕੋਈ ਮਦਦ ਨਹੀਂ ਕੀਤੀ। ਅਜਿਹੇ ਕਲਾਕਾਰਾਂ ਜਾਂ ਗੀਤਕਾਰਾਂ ਦੀ ਮੌਤ ਤੋਂ ਬਾਅਦ ਭੋਗ ’ਤੇ ਅਸੀਂ ਬਹੁਤ ਵੱਡੇ ਇਕੱਠ ਕਰਦੇ ਹਾਂ, ਉਨ੍ਹਾਂ ਦੀ ਬਰਸੀ ਮਨਾਉਂਦੇ ਹਾਂ, ਪਰ ਚੰਗਾ ਉਦੋਂ ਹੋਵੇਗਾ ਜਦੋਂ ਅਸੀਂ ਉਨ੍ਹਾਂ ਦੀ ਜਿਊਂਦੇ ਜੀਅ ਸਾਰ ਲਈਏ।


Comments Off on ਗ਼ੁਰਬਤ ’ਚ ਰੁਖ਼ਸਤ ਹੋਇਆ ਗੀਤਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.