‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ

Posted On August - 14 - 2019

ਜਸਦੇਵ ਸਿੰਘ ਲਲਤੋਂ

ਬਾਬਾ ਹਰੀ ਸਿੰਘ ਉਸਮਾਨ ਜਵਾਨੀ ਵਿਚ ਭਲਵਾਨੀ ਕਰਦੇ ਰਹੇ। ਭਰਵੇਂ ਜੁੱਸੇ ਕਾਰਨ ਗ਼ਦਰੀਆਂ ਨੇ ਉਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਸਮੁੰਦਰੀ ਜਹਾਜ਼ ਦਾ ਇੰਚਾਰਜ ਬਣਾਇਆ। ਉਹ ਵੱਖ ਵੱਖ ਨਾਂ ਰੱਖ ਕੇ ਪੁਲੀਸ ਤੋਂ ਬਚਦੇ ਹੋਏ ਗ਼ਦਰ ਲਹਿਰ ਨੂੰ ਅੱਗੇ ਵਧਾਉਂਦੇ ਰਹੇ। ਮਸ਼ਹੂਰ ਪੰਜਾਬੀ ਸਾਹਿਤਕਾਰ ਸੰਤ ਸਿੰਘ ਸੇਖੋਂ ਨੇ ਬਾਬਾ ਹਰੀ ਸਿੰਘ ਉਸਮਾਨ ਦੀ ਜ਼ਿੰਦਗੀ ’ਤੇ ‘ਬਾਬਾ ਅਸਮਾਨ’ ਨਾਂ ਦੀ ਕਿਤਾਬ ਵੀ ਲਿਖੀ।

ਅਮਰੀਕਾ ਵਿਚ ਵੱਡੇ ਕਾਰੋਬਾਰ ਨੂੰ ਲੱਤ ਮਾਰਨ ਵਾਲੇ, 32 ਸਾਲ ਵਿਦੇਸ਼ਾਂ ਵਿਚ ਰਹਿ ਕੇ ਗੁਪਤਵਾਸ ਤੇ ਕ੍ਰਾਂਤੀਕਾਰੀ ਜ਼ਿੰਦਗੀ ਜਿਉਣ ਵਾਲੇ, ਵੱਡੇ ਪੁੱਤਰ ਨੂੰ ਸ਼ਹੀਦ ਕਰਵਾਉਣ ਵਾਲੇ, ਅਨੇਕਾਂ ਚੇਤੰਨ ਤੇ ਦਲੇਰ, ਗ਼ਦਰੀ ਅਤੇ ਆਜ਼ਾਦ ਹਿੰਦ ਫੌਜੀ ਸਿਰਜਣ ਵਾਲੇ ਬਾਬਾ ਹਰੀ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਦੋਵਾਲ ਵਿਚ 20 ਅਕਤੂਬਰ 1879 ਨੂੰ ਹੋਇਆ। 19 ਸਾਲ ਦੀ ਉਮਰ ਵਿਚ ਭਰਤੀ ਹੋਏ ਬਾਬਾ ਹਰੀ ਸਿੰਘ ਨੇ ਛੇ ਸਾਲ ਫ਼ੌਜ ਵਿਚ ਨੌਕਰੀ ਕੀਤੀ। ਅਣਖੀਲੇ ਸੁਭਾਅ ਦੇ ਮਾਲਕ ਹੋਣ ਕਾਰਨ ਉਹ ਇਸ ਨੌਕਰੀ ਨੂੰ ਲੱਤ ਮਾਰ ਕੇ ਪਿੰਡ ਵਾਪਸ ਆ ਗਏ ਤੇ ਢਾਈ ਸਾਲ ਖੇਤੀਬਾੜੀ ਦਾ ਕੰਮ ਕੀਤਾ। 30 ਅਕਤੂਬਰ 1907 ਨੂੰ ਰੋਜ਼ੀ-ਰੋਟੀ ਦੀ ਭਾਲ ਵਿਚ ਫਿਲਪਾਈਨ ਲਈ ਰਵਾਨਾ ਹੋ ਗਏ। ਦੋ ਸਾਲ ਮਨੀਲਾ ਵਿਚ ਮਜ਼ਦੂਰੀ ਤੇ ਪਹਿਰੇਦਾਰੀ ਕੀਤੀ। ਮਗਰੋਂ ਅਮਰੀਕਾ ਜਾ ਕੇ ਕੈਲੀਫੋਰਨੀਆ, ਇੰਪੀਰੀਅਲ ਵੈਲੀ ’ਚ ਮਜ਼ਦੂਰੀ ਕਰਨ ਪਿੱਛੋਂ ਮੈਕਸੀਕਾਲੀ ਕਸਬੇ ਨੇੜੇ 200 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਪਾਹ ਦੀ ਖੇਤੀ ਕਰਨ ਲੱਗੇ। ਉਹ ਬੇਹੱਦ ਮਿਹਨਤੀ ਤੇ ਸਿਰੜੀ ਸਨ। ਖੂਨ ਪਸੀਨਾ ਇੱਕ ਕਰਕੇ ਉਨ੍ਹਾਂ ਸਾਢੇ ਚਾਰ ਸਾਲਾਂ ਵਿਚ ਕਾਫੀ ਪੂੰਜੀ ਜਮ੍ਹਾਂ ਕਰ ਲੀ। ਦੂਜੇ ਪਾਸੇ ਗੋਰਿਆਂ ਵੱਲੋਂ ਪੈਰ-ਪੈਰ ’ਤੇ ਗੁਲਾਮੀ ਵਾਲਾ ਸਲੂਕ ਅਣਖੀ ਹਰੀ ਸਿੰਘ ਦੇ ਹਿਰਦੇ ਨੂੰ ਜ਼ਖ਼ਮੀ ਕਰ ਰਿਹਾ ਸੀ। ਅਜਿਹੇ ਹਾਲਾਤ ’ਚ ਹਰੀ ਸਿੰਘ ਨੂੰ ਸਾਨਫਰਾਂਸਿਸਕੋ ਦੇ ‘ਯੁਗਾਂਤਰ ਆਸ਼ਰਮ’ (ਹੈਡਕੁਆਟਰ ਗ਼ਦਰ ਪਾਰਟੀ) ’ਚੋਂ ਨਿਕਲਦੇ ਗ਼ਦਰ ਅਖਬਾਰ ਦਾ ਪਹਿਲਾ ਪਰਚਾ ਮਿਲਿਆ। ਇਸ ਵਿਚ ਉਨ੍ਹਾਂ ‘ਹਥਿਆਰ ਬੰਦ ਇਨਕਲਾਬ’, ‘ਧਰਮ ਆਪੋ ਆਪਣਾ’, ‘ਸਭ ਗੁਲਾਮ ਦੇਸ਼ਾਂ ਦੀ ਆਜ਼ਾਦੀ ਦੇ ਘੋਲਾਂ ਵਿੱਚ ਹਿੱਸਾ ਲੈਣਾ’ ਅਤੇ ‘ਤਨਖਾਹ ਮੌਤ ਤੇ ਇਨਾਮ ਆਜ਼ਾਦੀ’ ਚਾਰ ਸਬਕ ਪੜ੍ਹੇ। ਇਹ ਚਾਰੇ ਸਬਕ ਹਰੀ ਸਿੰਘ ਨੇ ਪਾਠ ਦੀ ਤਰ੍ਹਾਂ ਯਾਦ ਕਰ ਲਏ ਅਤੇ ਕੰਮ ਕਰਦਾ ਗ਼ਦਰ ਦੀ ਕਵਿਤਾ ਗਾਉਣ ਲੱਗਾ:
ਗ਼ਦਰ ਪਾਰਟੀ ਬੀੜ੍ਹਾ ਚੁੱਕਿਆ ਹਿੰਦ ਆਜ਼ਾਦ ਕਰਾਵਣ ਦਾ,
ਆਉ ਸ਼ੇਰੋ ਗ਼ਦਰ ਮਚਾਈਏ ਵੇਲਾ ਨਹੀਂ
ਖੁੰਝਾਵਣ ਦਾ।
ਆਜ਼ਾਦੀ ਦੀ ਮੱਚਦੀ ਲਾਟ ਦੇ ਸੱਜਰੇ ਬਣੇ ਪਰਵਾਨੇ ਨੇ ਸੋਚਿਆ ਕਿ ਹੁਣ ਵੇਲਾ ਖੁੰਝਣ ਨਹੀਂ ਦੇਣਾ। 15 ਅਕਤੂਬਰ 1914 ਨੂੰ ‘ਯੁਗਾਂਤਰ ਆਸ਼ਰਮ’ ਪੁੱਜ ਕੇ ਉਹ ਗ਼ਦਰ ਪਾਰਟੀ ਦੇ ਪੱਕੇ ਮੈਂਬਰ ਅਤੇ ਬੰਦ ਪਏ ਅਖਬਾਰ ਗ਼ਦਰ ਨੂੰ ਮੁੜ ਚਾਲੂ ਕਰਨ ਵਾਲੇ ਨਵੇਂ ਸੰਪਾਦਕ ਬਣੇ। ਗ਼ਦਰ ਪਾਰਟੀ ਦੇ ਫ਼ੈਸਲੇ ਮੁਤਾਬਕ ਆਪਣੇ ਸਾਥੀਆਂ ਹਰਨਾਮ ਚੰਦ, ਕਿਸ਼ਨ ਚੰਦ, ਮੰਗੂ ਤੇ ਰਘਵੀਰ ਸਮੇਤ ਉਹ ‘ਜਹਾਂਗੀਰ’ ਗੁਪਤ ਨਾਂ ਹੇਠ 15 ਅਪਰੈਲ 1915 ਨੂੰ ਜਰਮਨ ਕੌਂਸਲ ਦੀ ਮਦਦ ਨਾਲ ਅਮਰੀਕਾ ਤੋਂ ਹਿੰਦ ਦੀ ਗ਼ਦਰ ਪਾਰਟੀ ਵਾਸਤੇ ਹਥਿਆਰਾਂ ਦਾ ਭਰਿਆ ਸਮੁੰਦਰੀ ਜਹਾਜ਼ ਲੈ ਕੇ ਰਵਾਨਾ ਹੋ ਗਏ । 5 ਮਹੀਨੇ ਦੀਆਂ ਘੁੰਮਣ ਘੇਰੀਆਂ ਪਿੱਛੋਂ ਉਹ ਸਤੰਬਰ 1915 ’ਚ ਫੜੇ ਗਏ ਪਰ ਜਕਾਰਤਾ (ਜਾਵਾ) ਵਿਚ ਜਰਮਨ ਕੌਂਸਲ ਦੀ ਸਹਾਇਤਾ ਨਾਲ ਉਹ ਬਚ ਨਿਕਲੇ। ਜਾਵਾ ਦੇ ਪੱਛਮੀ ਹਿੱਸੇ ਦੇ ਪਹਾੜੀ ਖੇਤਰ ‘ਗੰਗਹਾਲੂ’ ਦੇ ਜੰਗਲਾਂ ਵਿਚ ਉਹ ਜਨਵਰੀ 1916 ਤੋਂ 1938 ਤੱਕ ‘ਉਸਮਾਨ ਖਾਂ’ ਦੇ ਨਾਂ ਹੇਠ ਤੀਜੇ ਰੂਪ ’ਚ ਗੁਪਤ ਵਾਸ ਜੀਵਨ ਬਤੀਤ ਕਰਦੇ ਰਹੇ। ਉਥੋਂ ਦੇ ‘ਸੂਡਾਨਿਸ਼’ ਲੋਕਾਂ ਦੀ ਬੋਲੀ /ਸੱਭਿਆਚਾਰ ਨੂੰ ਬਹੁਤ ਜਲਦੀ ਗ੍ਰਹਿਣ ਕਰਨ ਮਗਰੋਂ ਉਨ੍ਹਾਂ ਉੱਥੋਂ ਦੀ ਹੀ ਇੱਕ ਬੀਬੀ ਨਾਲ ਵਿਆਹ ਕਰਵਾਇਆ, ਜਿਸ ਦੀ ਕੁੱਖੋਂ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਨੇ ਇਸ ਵੇਲੇ 25 ਏਕੜ ਦੀ ਜ਼ਮੀਨ ’ਤੇ ਖੇਤੀ ਕੀਤੀ। ਸ਼ੰਘਾਈ ਦੀ ਅੰਗਰੇਜ਼ ਪੁਲੀਸ ਤੇ ਸੀਆਈਡੀ ਉਨ੍ਹਾਂ ਨੂੰ ਜਾਵਾ ’ਚ ਤਿੰਨ ਸਾਲ ਭਾਲ-ਭਾਲ ਕੇ ਫੇਲ੍ਹ ਹੋ ਗਈ ਤੇ ਵਾਪਸ ਮੁੜ ਗਈ। ਉਨ੍ਹਾਂ ਦੇ ਰੌਸ਼ਨ ਦਿਮਾਗ ’ਚ ਗ਼ਦਰ ਸੁਪਨਾ ਸਦਾ ਜਿਉਂਦਾ ਰਿਹਾ।
ਇੰਗਲੈਂਡ ਤੇ ਜਾਪਾਨ ਵਿਚਾਲੇ ਜੰਗ ਦੇ ਆਸਾਰ ਬਣਦੇ ਹੀ ਉਨ੍ਹਾਂ ਨੇ ਹਿੰਦ ’ਚ ਗ਼ਦਰ ਕਰਨ ਦੇ ਦੂਜੇ ਮੌਕਾ ਮੇਲ ਨੂੰ ਬੁੱਝ ਲਿਆ। ਸਿੱਟੇ ਵਜੋਂ ਜਨਵਰੀ 1938 ਨੂੰ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਸੁੱਤੇ ਪਏ ਹੀ ਛੱਡ ਗਏ। ਇਸ ਮਗਰੋਂ ਉਨ੍ਹਾਂ ਲਈ ਗ਼ਦਰ ਦਾ ਦੂਜਾ ਪੜਾਅ ਸ਼ੁਰੂ ਹੋਇਆ। ਸ਼ੰਘਾਈ ਤੇ ਸਿੰਘਾਪੁਰ ਨੂੰ ਗੜ੍ਹ ਬਣਾਉਂਦੇ ਹੋਏ, ਆਜ਼ਾਦ ਹਿੰਦ ਲੀਗ ਤੇ ਫੌਜ ’ਚ ਕ੍ਰਾਂਤੀਕਾਰੀ ਕੰਮ ਦੀ ਉਸਾਰੀ ਕਰਦੇ ਹੋਏ ਜਨਵਰੀ 1938 ਤੋਂ ਨਵੰਬਰ 1944 ਤੱਕ ਅਨੇਕਾਂ ਰਾਜਸੀ ਤੌਰ ’ਤੇ ਚੇਤਨ ਗ਼ਦਰੀ ਫੌਜੀ ਤਿਆਰ ਕੀਤੇ ਅਤੇ ਹਾਂਗਕਾਂਗ, ਪਿਨਾਂਗ, ਸਿੰਘਾਪੁਰ, ਰੰਗੂਨ ਤੇ ਬੈਂਕਾਕ ’ਚ ਪ੍ਰਚਾਰ ਕਰਨ ਅਤੇ ਹਿੰਦ ’ਚ ਗ਼ਦਰ ਦਾ ਯੁੱਧ ਕਰਨ ਲਈ ਭੇਜੇ। ਇਨ੍ਹਾਂ ’ਚੋਂ ਕਈ ਅੰਗਰੇਜ਼ ਹਕੂਮਤ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ, ਕਈ ਜੇਲ੍ਹ ਭੇਜੇ ਗਏ ਤੇ ਬਾਕੀ ਗ਼ਦਰ ਲਈ ਜੂਝਦੇ ਰਹੇ।
ਉਨ੍ਹਾਂ ਦਾ ਪਹਿਲਾ ਬੇਟਾ ‘ਵੱਡਾ ਹੈਰੀ’ (ਵੱਡਾ ਹਰੀ ਸਿੰਘ) ਆਜ਼ਾਦ ਹਿੰਦ ਫੌਜ ਦੇ ਲੈਫਟੀਨੈਂਟ ਦੇ ਰੂਪ ’ਚ ਇੰਫਾਲ ਫਰੰਟ ’ਤੇ ਅੰਗਰੇਜ਼ਾਂ ਵਿਰੁੱਧ ਹਿੰਦ ਦੀ ਮੁਕਤੀ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ। ਦੂਜਾ ਬੇਟੇ ‘ਛੋਟਾ ਹੈਰੀ’ (ਛੋਟਾ ਹਰੀ ਸਿੰਘ) ਨੇ ਫ਼ੌਜ ਦੇ ਖੁਫੀਆ ਕਾਰਜਾਂ ਬਦਲੇ ਅੰਗਰੇਜ਼, ਡੱਚ ’ਤੇ ਜਾਵਾ ਹਾਕਮਾਂ ਦੇ ਤਸੀਹੇ ਝੱਲੇ। 1945 ’ਚ ਮੁੜ ਜਾਵਾ ਵਾਪਸੀ ’ਤੇ ਨਵੰਬਰ 1945 ’ਚ ਮੁਸਲਿਮ ਕੱਟੜ ਪੰਥੀਆਂ ਵਲੋਂ ਸੁਣਾਈ ਸਜ਼ਾ-ਏ-ਮੌਤ ਹੋਣ ਤੋਂ ਪਹਿਲਾਂ ਹਰੀ ਸਿੰਘ ਤੇ ਛੋਟਾ ਹੈਰੀ ਦੋਨੋਂ ਬਚਣ ’ਚ ਸਫਲ ਹੋ ਗਏ। ਮਗਰੋਂ ਜਨਵਰੀ ਤੋਂ ਸਤੰਬਰ 1948 ਤੱਕ ਉਨ੍ਹਾਂ ਡੱਚ ਸਾਮਰਾਜੀਆਂ ਦੀ ਕੈਦ ਕੱਟੀ ਤੇ 1 ਅਕਤੂਬਰ 1948 ਨੂੰ ਵਾਪਸ ਬੱਦੋਵਾਲ ਪਰਤੇ। ਕ੍ਰਾਂਤੀ ’ਚ ਅਟੱਲ ਵਿਸ਼ਵਾਸ ਰੱਖਣ ਵਾਲਾ ਯੋਧਾ 15 ਅਗਸਤ 1969 ਨੂੰ ਬੱਦੋਵਾਲ ਵਿਚ ਵਤਨ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਿਆ।
ਸੰਪਰਕ: 0161-2805677


Comments Off on ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.