ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਯਮੁਨਾਪਾਰ ਦੇ ਇਲਾਕੇ ਗਾਂਧੀ ਨਗਰ ਵਿਚ ਅੱਜ ਕੱਪੜੇ ਦੇ ਇਕ ਗੁਦਾਮ ਨੂੰ ਰਾਤ ਸਮੇਂ ਅਚਾਨਕ ਅੱਗ ਲੱਗ ਗਈ ਤੇ ਅੰਦਰ ਰੱਖਿਆ ਲੱਖਾਂ ਰੁਪਏ ਦਾ ਕੱਪੜਾ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ।ਪੂਰਬੀ ਦਿੱਲੀ ਵਿਖੇ 21 ਅੱਗ ਬੁਝਾਊ ਇੰਜਣਾਂ ਨੂੰ ਭੇਜਿਆ ਗਿਆ ਤੇ ਅੱਗ ਲੱਗਣ ਦੀ ਖ਼ਬਰ ਮਹਿਕਮੇ ਨੂੰ 7.47 ਵਜੇ ਮਿਲੀ ਸੀ। ਪਹਿਲਾਂ 10 ਗੱਡੀਆਂ ਭੇਜੀਆਂ ਗਈ ਪਰ ਫਿਰ ਅੱਗ ਤੇਜ਼ ਹੋਣ ਮਗਰੋਂ 11 ਗੱਡੀਆਂ ਹੋਰ ਭੇਜੀਆਂ ਗਈਆਂ। ਅੱਗੇ ਨੂੰ ਕਰੀਬ 3 ਘੰਟੇ ਦੀ ਜੱਦੋ-ਜਹਿਦ ਮਗਰੋਂ ਕਾਬੂ ਕੀਤਾ ਜਾ ਸਕਿਆ।
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੇਠਲੀ ਮੰਜ਼ਿਲ ਵਿਚ ਅੱਗ ਲੱਗੀ ਜੋ ਛੇਤੀ ਹੀ ਇਮਾਰਤ ਦੀਆਂ ਤਿੰਨਾਂ ਮੰਜ਼ਿਲਾਂ ਤੱਕ ਫੈਲ ਗਈ। ਬਿਜਲੀ ਦੀ ਚਿੰਗਾੜੀ ਇਸ ਘਟਨਾ ਦਾ ਕਾਰਨ ਬਣੀ ਲੱਗਦੀ ਹੈ। ਗਾਂਧੀ ਨਗਰ ਬਾਜ਼ਾਰ ਭੀੜਾ ਹੋਣ ਕਰਕੇ ਅੱਗ ਬੁਝਾਊ ਦਸਤੇ ਨੂੰ ਖਾਸੀ ਮਸ਼ੱਕਤ ਕਰਨੀ ਪਈ ਤੇ ਗੱਡੀਆਂ ਅੱਗ ਦੇ ਨੇੜੇ ਲੈ ਕੇ ਜਾਣ ਵਿੱਚ ਔਖ ਹੋਈ। ਗਾਂਧੀ ਨਗਰ ਬਾਜ਼ਾਰ ਏਸ਼ੀਆ ਦੇ ਵੱਡੇ ਕੱਪੜਾ ਬਾਜ਼ਾਰਾਂ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ ਜਿੱਥੇ ਰੋਜ਼ਾਨਾ 10-15 ਹਜ਼ਾਰ ਲੋਕ ਰੋਜ਼ਾਨਾ ਕਾਰੋਬਾਰ ਲਈ ਆਉਂਦੇ ਹਨ। ਗੋਦਾਮ ਵਿਚ ਅੱਗ ਤੋਂ ਬਚਾਅ ਦੇ ਕੋਈ ਸਾਧਨ ਨਹੀਂ ਰੱਖੇ ਗਏ ਸਨ।