ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਕੌਮਾਂਤਰੀ ਫੁਟਬਾਲ ’ਚ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਦੀ ਕਾਰਗੁਜ਼ਾਰੀ

Posted On August - 3 - 2019

ਪ੍ਰੋ. ਸੁਦੀਪ ਸਿੰਘ ਢਿੱਲੋਂ
ਸਾਲ 2002 ਦਾ ਵਿਸ਼ਵ ਕੱਪ ਜਿੱਤਣ ਦੇ ਸਮੇਂ ਤੋਂ ਹੀ ਬ੍ਰਾਜ਼ੀਲ ਦੀ ਫੁਟਬਾਲ ਟੀਮ ਕੌਮਾਂਤਰੀ ਫੁਟਬਾਲ ਵਿੱਚ ਉਹ ਜਲਵਾ ਨਹੀਂ ਸੀ ਦਿਖਾ ਸਕੀ ਜਿਸ ਲਈ ਉਹ ਜਾਣੀ ਜਾਂਦੀ ਹੈ। ਇਸ ਦੌਰਾਨ ਕਈ ਮੌਕਿਆਂ ਉੱਤੇ ਬ੍ਰਾਜ਼ੀਲ ਦੀਆਂ ਫੁਟਬਾਲ ਟੀਮਾਂ ਸੰਘਰਸ਼ ਕਰਦੀਆਂ ਵੀ ਨਜ਼ਰ ਆਈਆਂ। ਇੰਨੇ ਸਾਲਾਂ ਬਾਅਦ ਹੁਣ ਜਾ ਕੇ ਬ੍ਰਾਜ਼ੀਲ ਦੀ ਟੀਮ ਨੇ ਇੱਕ ਵੱਡਾ ਖਿਤਾਬ ਜਿੱਤਦੇ ਹੋਏ, ਫੁਟਬਾਲ ਦੀ ਤਾਕਤ ਬਣਨ ਵੱਲ ਕਦਮ ਵਧਾਏ ਹਨ। ਲੰਘੇ ਦਿਨੀਂ, ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵੱਕਾਰੀ ਟੂਰਨਾਮੈਂਟ ਕੋਪਾ ਅਮਰੀਕਾ ਦੇ ਵਿੱਚ ਬ੍ਰਾਜ਼ੀਲ ਨੇ ਖਿਤਾਬ ਜਿੱਤਿਆ ਹੈ। ਬ੍ਰਾਜ਼ੀਲ ਨੇ ਪੇਰੂ ਖ਼ਿਲਾਫ਼ 3-1 ਨਾਲ ਜਿੱਤ ਦੇ ਨਾਲ ਫੁਟਬਾਲ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਟੂਰਨਾਮੈਂਟ ਕੋਪਾ ਅਮਰੀਕਾ ਦਾ 9ਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ ਇਹ ਜਿੱਤ ਬਾਕੀ ਸਭਨਾਂ ਜਿੱਤਾਂ ਨਾਲੋਂ ਮਹੱਤਵਪੂਰਨ ਹੈ ਕਿਉਂਕਿ ਬ੍ਰਾਜ਼ੀਲ ਨੂੰ ਇਸ ਖਿਤਾਬ ਦੀ ਸਖ਼ਤ ਲੋੜ ਸੀ। ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸਟੇਡੀਅਮ ਮਾਰਾਕਾਨਾ ਸਟੇਡੀਅਮ ਵਿਚ ਖੇਡੇ ਗਏ ਇਸ ਖਿਤਾਬੀ ਮੁਕਾਬਲੇ ਵਿਚ ਕਾਫ਼ੀ ਰੋਮਾਂਚ ਵੀ ਦੇਖਣ ਨੂੰ ਮਿਲਿਆ ਅਤੇ ਮੇਜ਼ਬਾਨ ਟੀਮ ਬ੍ਰਾਜ਼ੀਲ ਆਖਰੀ ਦੇ ਵੀਹ ਮਿੰਟ 10 ਖਿਡਾਰੀਆਂ ਦੇ ਨਾਲ ਖੇਡੀ ਕਿਉਂਕਿ ਬ੍ਰਾਜ਼ੀਲ ਦੇ ਫ਼ਾਰਵਰਡ ਖਿਡਾਰੀ ਹੇਜ਼ੂਸ ਨੂੰ ਦੂਜੀ ਵਾਰ ਪੀਲਾ ਕਾਰਡ ਮਿਲਿਆ ਪਰ ਇਸ ਦਬਾਅ ਦੇ ਬਾਵਜੂਦ ਬ੍ਰਾਜ਼ੀਲ ਨੇ ਆਪਣੀ ਅਗੇਤ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਜਾਰੀ ਰੱਖਿਆ ਅਤੇ 90ਵੇਂ ਮਿੰਟ ਵਿਚ ਕੀਤੇ ਇੱਕ ਹੋਰ ਗੋਲ ਸਦਕਾ ਸਕੋਰ 3-1 ਤੱਕ ਪਹੁੰਚਾ ਦਿੱਤਾ ਅਤੇ ਖਿਤਾਬ ਦੀ ਜਿੱਤ ਪੱਕੀ ਕਰ ਦਿੱਤੀ।
ਫ਼ਾਈਨਲ ਮੁਕਾਬਲੇ ਵਿੱਚ ਇੱਕ ਹੋਰ ਗੱਲ ਬ੍ਰਾਜ਼ੀਲ ਦੇ ਹੱਕ ਵਿੱਚ ਗਈ ਅਤੇ ਉਹ ਸੀ ਕਿ ਫਾਈਨਲ ਦੇ ਵਿਰੋਧੀ ਪੇਰੂ ਨੂੰ ਬ੍ਰਾਜ਼ੀਲ ਨੇ ਟੂਰਨਾਮੈਂਟ ਵਿੱਚ ਪਹਿਲਾਂ ਵੀ ਇੱਕ ਵੱਡੇ ਫ਼ਰਕ ਨਾਲ ਹਰਾਇਆ ਹੋਇਆ ਸੀ। ਇਸ ਮੈਚ ਵਿੱਚ ਪੇਰੂ ਦੇ ਗੋਲਕੀਪਰ ਪੇਡ੍ਰੋ ਗਾਲੇਸੇ ਦੀ ਵੱਡੀ ਗ਼ਲਤੀ ਦਾ ਫ਼ਾਇਦਾ ਚੁੱਕਦੇ ਹੋਏ ਬ੍ਰਾਜ਼ੀਲ ਨੇ ਗਰੁੱਪ-ਏ ਦੇ ਮੁਕਾਬਲੇ ਵਿਚ 5-0 ਨਾਲ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਬ੍ਰਾਜ਼ੀਲ ਗਰੁੱਪ-ਏ ਵਿਚ ਚੋਟੀ ਉੱਤੇ ਰਿਹਾ ਸੀ ਜਦੋਂਕਿ ਇਸ ਹਾਰ ਨਾਲ ਪੇਰੂ ਤੀਜੇ ਸਥਾਨ ਉੱਤੇ ਖਿਸਕ ਗਿਆ ਅਤੇ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਉਸ ਨੂੰ ਗਰੁੱਪ-ਬੀ ਤੇ ਗਰੁੱਪ-ਸੀ ਦੇ ਨਤੀਜਿਆਂ ਉੱਤੇ ਨਿਰਭਰ ਕਰਨਾ ਪਿਆ ਸੀ ਜੋ ਅੰਤ ਨੂੰ ਉਸ ਦੇ ਹੱਕ ਵਿੱਚ ਹੀ ਗਏ ਸਨ। ਇਸ ਦੌਰਾਨ, ਬ੍ਰਾਜ਼ੀਲ ਦੇ ਕਪਤਾਨ ਡੈਨੀ ਐਲਵੇਸ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। 36 ਸਾਲ ਦੇ ਰਾਈਟ ਬੈਕ ਨੇ ਬ੍ਰਾਜ਼ੀਲ ਦੇ ਸਾਰੇ 6 ਮੈਚਾਂ ਵਿੱਚ ਸ਼ੁਰੂਆਤ ਕੀਤੀ ਸੀ ਅਤੇ ਪੇਰੂ ਖ਼ਿਲਾਫ਼ ਗਰੁੱਪ ਮੈਚ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਸੀ। ਖ਼ਾਸ ਗੱਲ ਇਹ ਵੀ ਹੈ ਕਿ ਐਲਵੇਸ ਫ਼ਿਲਹਾਲ ਕਿਸੇ ਕਲੱਬ ਲਈ ਨਹੀਂ ਖੇਡ ਰਿਹਾ ਅਤੇ ਬੀਤੇ ਮਹੀਨੇ ਉਸ ਨੇ ਐਲਾਨ ਕੀਤਾ ਸੀ ਕਿ ਉਹ ਫ੍ਰੈਂਚ ਚੈਂਪੀਅਨ ਪੈਰਿਸ ਸੇਂਟ ਜਰਮਨ ਕਲੱਬ ਦਾ ਸਾਥ ਛੱਡ ਦੇਵੇਗਾ। ਉਸ ਨੂੰ ਪੀ.ਐੈੱਸ.ਜੀ. ਦੇ ਟੀਮ ਸਾਥੀ ਨੇਮਾਰ ਦੀ ਜਗ੍ਹਾ ਮਈ ਵਿੱਚ ਬ੍ਰਾਜ਼ੀਲ ਦਾ ਕਪਤਾਨ ਬਣਾਇਆ ਗਿਆ ਸੀ। ਬ੍ਰਾਜ਼ੀਲ ਦੇ ਗੋਲਕੀਪਰ ਐਲੀਸਨ ਬੈਕਰ ਨੂੰ ਕੋਪਾ ਅਮਰੀਕਾ ਵਿੱਚ ਸਰਬੋਤਮ ਗੋਲਕੀਪਰ ਚੁਣਿਆ ਗਿਆ ਜਦਕਿ ਉਸ ਦੇ ਟੀਮ ਸਾਥੀ ਐਵਰਟਨ ਅਤੇ ਪੇਰੂ ਦੇ ਪਾਓਲੋ ਗੁਰੇਰੋ ਤਿੰਨ-ਤਿੰਨ ਗੋਲਾਂ ਨਾਲ ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਰਹੇ। ਲਿਓਨੇਲ ਮੈਸੀ ਦੀ ਟੀਮ ਅਰਜਨਟੀਨਾ ਤੀਜੇ ਸਥਾਨ ਉੱਤੇ ਰਹੀ ਹਾਲਾਂਕਿ ਇਸ ਸਥਾਨ ਲਈ ਹੋਏ ਮੁਕਾਬਲੇ ਵਿਚ ਚਿਲੀ ਉੱਤੇ 2-1 ਦੀ ਜਿੱਤ ਦੌਰਾਨ ਮੈਸੀ ਨੂੰ ਰੈਫਰੀ ਨੇ ਇੱਕ ਸਖ਼ਤ ਫ਼ੈਸਲੇ ਵਿਚ ਲਾਲ ਕਾਰਡ ਦਿਖਾ ਕੇ ਬਾਹਰ ਕੀਤੇ ਜਾਣ ਦੇ ਬਾਅਦ ਅਰਜਨਟੀਨਾ ਵੱਲੋਂ ਟੂਰਨਾਮੈਂਟ ਵਿਚ ‘ਭ੍ਰਿਸ਼ਟਾਚਾਰ ਅਤੇ ਰੈਫਰੀ’ ਦੀ ਨਿਖੇਧੀ ਕੀਤੀ ਗਈ। ਇਸ ਘਟਨਾ ਦੇ ਟੈਲੀਵਿਜ਼ਨ ਰੀਪਲੇ ਵਿਚ ਦੇਖਿਆ ਗਿਆ ਸੀ ਕਿ ਮੈਸੀ ਦੀ ਜ਼ਿਆਦਾ ਗ਼ਲਤੀ ਨਹੀਂ ਸੀ।
ਇਸੇ ਤਰ੍ਹਾਂ ਸਪੇਨ ਨੇ ਪਿਛਲੀ ਵਾਰ ਦੇ ਜੇਤੂ ਜਰਮਨੀ ਨੂੰ 2-1 ਨਾਲ ਹਰਾ ਕੇ ਰਿਕਾਰਡ ਪੰਜਵੀਂ ਵਾਰ ਯੂਰੋਪੀ ਅੰਡਰ-21 ਫੁਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਸਪੇਨ ਵੱਲੋਂ ਫੈਬਾਈਨ ਰੁਈਜ਼ ਅਤੇ ਦਾਨੀ ਓਲਮੋ ਨੇ ਗੋਲ ਕੀਤੇ। ਰੂਈਜ਼ ਨੇ ਸਤਵੇਂ ਮਿੰਟ ਵਿੱਚ ਹੀ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ ਸੀ ਜਦੋਂਕਿ ਓਲਮੋ ਨੇ 69ਵੇਂ ਮਿੰਟ ਵਿੱਚ ਗੋਲ ਕਰ ਕੇ ਦੋ ਸਾਲ ਪਹਿਲਾਂ ਜਰਮਨੀ ਦੇ ਹੱਥੋਂ 1-0 ਨਾਲ ਮਿਲੀ ਹਾਰ ਦਾ ਬਦਲਾ ਲੈ ਲਿਆ। ਨਦੀਮ ਅਮੀਰੀ ਨੇ ਮੈਚ ਖ਼ਤਮ ਹੋਣ ਦੇ ਦੋ ਮਿੰਟ ਪਹਿਲਾਂ ਜਰਮਨੀ ਲਈ ਇਕਮਾਤਰ ਗੋਲ ਕੀਤਾ ਪਰ ਇਸ ਨਾਲ ਹਾਰ ਦਾ ਅੰਤਰ ਹੀ ਘੱਟ ਹੋ ਸਕਿਆ। ਸਪੇਨ ਨੇ ਇਸ ਤੋਂ ਪਹਿਲਾਂ 2013 ਵਿੱਚ ਖਿਤਾਬ ਜਿੱਤਿਆ ਸੀ। ਉਸ ਨੇ ਸਭ ਤੋਂ ਜ਼ਿਆਦਾ ਵਾਰ ਖਿਤਾਬ ਜਿੱਤਣ ਦੇ ਇਟਲੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਠੀਕ ਇਨ੍ਹਾਂ ਦਿਨਾਂ ਦੌਰਾਨ ਹੀ, ਫ਼ੀਫ਼ਾ ਮਹਿਲਾ ਵਿਸ਼ਵ ਕੱਪ ਵੀ ਖੇਡਿਆ ਗਿਆ ਜਿਸ ਨੂੰ ਅਮਰੀਕਾ ਦੀ ਟੀਮ ਨੇ ਜਿੱਤਿਆ ਵਿਸ਼ਵ ਕੱਪ ਫੁਟਬਾਲ ਵਿੱਚ ਅਮਰੀਕੀ ਮਹਿਲਾ ਟੀਮ ਦੀ ਜਿੱਤ ਦੇ ਜਸ਼ਨ ਵਿੱਚ ਰਾਜਨੇਤਾ, ਖਿਡਾਰੀ ਅਤੇ ਵੱਖੋ-ਵੱਖ ਤਬਕਿਆਂ ਦੇ ਲੋਕ ਸ਼ਾਮਲ ਹੋਏ ਜਦਕਿ ਨਿਊਯਾਰਕ ਦੇ ਮੇਅਰ ਨੇ ਜੇਤੂ ਟੀਮ ਲਈ ਪਰੇਡ ਦਾ ਐਲਾਨ ਕੀਤਾ। ਅਮਰੀਕਾ ਨੇ ਫਰਾਂਸ ਦੇ ਲਿਓਨ ਵਿੱਚ ਨੀਦਰਲੈਂਡ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਇਹ ਉਸ ਦੀ ਲਗਾਤਾਰ ਦੂਜੀ ਅਤੇ ਰਿਕਾਰਡ ਚੌਥੀ ਜਿੱਤ ਸੀ। ਸ਼ਿਕਾਗੋ ਵਿੱਚ ਕਰੀਬ 9000 ਲੋਕਾਂ ਨੇ ਅਮਰੀਕੀ ਝੰਡੇ ਦੇ ਲਾਲ, ਚਿੱਟੇ ਅਤੇ ਨੀਲੇ ਰੰਗ ਪਹਿਨ ਕੇ ਫਾਈਨਲ ਮੈਚ ਦੇਖਿਆ। ਅਮਰੀਕੀ ਮੀਡੀਆ ਨੇ ਵੀ ਟੀਮ ਦੀ ਇਸ ਪ੍ਰਾਪਤੀ ਨੂੰ ਵਧ-ਚੜ੍ਹ ਕੇ ਛਾਪਿਆ।
ਲੰਘੇ ਦਿਨੀਂ, ਫੁਟਬਾਲ ਦੇ ਦੋ ਸਟਾਰ ਖਿਡਾਰੀਆਂ ਨੇ ਸਨਿਆਸ ਲੈਣ ਦਾ ਐਲਾਨ ਵੀ ਕੀਤਾ ਹੈ। ਹਾਲੈਂਡ ਦੇ ਸਟਾਰ ਵਿੰਗਰ 35 ਸਾਲ ਦੇ ਆਰਜੇਨ ਰਾਬੇਨ ਨੇ ਫੁਟਬਾਲ ਤੋਂ ਸਨਿਆਸ ਲੈ ਲਿਆ ਹੈ ਜਿਸ ਦੇ ਨਾਲ ਉਨ੍ਹਾਂ ਦੇ ਦੋ ਦਹਾਕਿਆਂ ਦੇ ਸੁਨਹਿਰੇ ਕਰੀਅਰ ਬੰਨੇ ਲੱਗ ਗਿਆ ਹੈ। ਰਾਬੇਨ ਨੇ ਜਰਮਨ ਚੈਂਪੀਅਨ ਬਾਇਰਨ ਮਿਊਨਿਖ ਵੱਲੋਂ 10 ਸਾਲਾਂ ਤਕ ਫੁਟਬਾਲ ਖੇਡਿਆ ਅਤੇ ਉਨ੍ਹਾਂ ਦਾ ਕਲੱਬ ਦੇ ਨਾਲ ਲੰਘੀ 30 ਜੂਨ ਨੂੰ ਕਰਾਰ ਸਮਾਪਤ ਹੋ ਗਿਆ ਸੀ। ਰਾਬੇਨ ਦੇ ਫੁਟਬਾਲ ਕਰੀਅਰ ਦੀ ਸ਼ੁਰੂਆਤ ਸਾਲ 2000 ਵਿੱਚ ਐੱਫ.ਸੀ. ਗ੍ਰੋਨਿਨਗੇਨ ਵੱਲੋਂ ਹੋਈ। ਉਹ ਸਾਲ 2010 ਵਰਲਡ ਕੱਪ ਫਾਈਨਲ ਵਿੱਚ ਹਾਲੈਂਡ ਦੀ ਟੀਮ ਦਾ ਹਿੱਸਾ ਰਹੇ ਜਦੋਂਕਿ 2014 ਵਰਲਡ ਕੱਪ ਵਿੱਚ ਉਨ੍ਹਾਂ ਦੀ ਟੀਮ ਤੀਜੇ ਨੰਬਰ ਉੱਤੇ ਰਹੀ ਸੀ। ਉਨ੍ਹਾਂ ਨੇ ਚੇਲਸੀ ਵਿੱਚ ਜੋਸ ਮੋਰਿਨਹੋ ਦੇ ਮਾਰਗਦਰਸ਼ਨ ਵਿੱਚ ਦੋ ਪ੍ਰੀਮੀਅਰ ਲੀਗ ਖਿਤਾਬ ਸਾਲ 2005 ਅਤੇ 2006 ਵਿੱਚ ਜਿੱਤੇ ਜਦਕਿ ਰੀਅਲ ਮੈਡ੍ਰਿਡ ਲਈ ਵੀ ਲਾ ਲੀਗਾ ਜੇਤੂ ਬਣੇ। ਰਾਬੇਨ ਵਾਂਗ ਹੀ ਸਪੇਨ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਐਟਲੈਟਿਕੋ ਮੈਡ੍ਰਿਡ, ਲੀਵਰਪੂਲ ਅਤੇ ਚੇਲਸੀ ਦੇ ਸਾਬਕਾ ਫਾਰਵਰਡ ਫਰਨਾਂਡੋ ਟੌਰੇਜ਼ ਨੇ ਵੀ ਸਨਿਆਸ ਲੈਣ ਦਾ ਐਲਾਨ ਕੀਤਾ ਹੈ। ਵਰਤਮਾਨ ਸਮੇਂ ਵਿੱਚ ਜਾਪਾਨੀ ਟੀਮ ਸਾਗਨ ਟੋਸੂ ਵੱਲੋਂ ਖੇਡ ਰਹੇ 35 ਸਾਲਾ ਟੌਰੇਜ਼ ਨੇ 18 ਸਾਲਾਂ ਦੀ ਸ਼ਾਨਦਾਰ ਫੁਟਬਾਲ ਯਾਤਰਾ ਦੇ ਬਾਅਦ ਕਰੀਅਰ ਖ਼ਤਮ ਕਰਨ ਦਾ ਸਮਾਂ ਐਲਾਨ ਦਿੱਤਾ ਹੈ।


Comments Off on ਕੌਮਾਂਤਰੀ ਫੁਟਬਾਲ ’ਚ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਦੀ ਕਾਰਗੁਜ਼ਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.