ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਨਾਢਾ ਸਾਹਿਬ ਵਿੱਚ ਨਿੱਘਾ ਸਵਾਗਤ

Posted On August - 13 - 2019

ਹਰਿਆਣਾ ਦੇ ਸ਼ਹਿਰ ਪੰਚਕੂਲਾ ਵਿੱਚ ਤੜਕੇ ਤਿੰਨ ਵਜੇ ਦਾਖ਼ਲ ਹੋਣ ’ਤੇ ਨਗਰ ਕੀਰਤਨ ਦਾ ਸਵਾਗਤ ਕਰਦੀ ਹੋਈ ਸੰਗਤ। -ਫੋਟੋ: ਰਵੀ ਕੁਮਾਰ

ਪੀ. ਪੀ. ਵਰਮਾ
ਪੰਚਕੂਲਾ, 12 ਅਗਸਤ
ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਸਵੇਰੇ ਤਿੰਨ ਵਜੇ ਪੰਚਕੁੂਲਾ ਹਰਿਆਣਾ ਦੇ ਗੁਰਦੁਆਰਾ ਨਾਢਾ ਸਾਹਿਬ ਪਹੁੰਚਿਆ| ਇਸ ਮੌਕੇ ਸ਼੍ਰੋਮਣੀ

ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੀਨੀਅਰ ਵਾਈਸ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਿਆਣਾ ਸ਼ਰਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਐੱਮਐੱਸ ਬੇਦੀ, ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਜਗੀਰ ਸਿੰਘ, ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਅਤੇ ਹੋਰ ਕਈ ਸਥਾਨਕ ਅਕਾਲੀ ਨੇਤਾਵਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ|
ਨਾਢਾ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਨਗਰ ਕੀਰਤਨ ਦੇ ਪਹੁੰਚਣ ਉੱਤੇ ਅਰਦਾਸ ਕੀਤੀ| ਨਗਰ ਕੀਰਤਨ ਦੇ ਪੰਚਕੂਲਾ ਪ੍ਰਵੇਸ਼ ਕਰਨ ਉੱਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵੱਖ ਵੱਖ ਥਾਈਂ ਸਵਾਗਤੀ ਗੇਟ ਬਣਾਏ ਹੋਏ ਸਨ| ਕੌਮਾਂਤਰੀ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਯਾਦਗਾਰੀ ਚਿੰਨ੍ਹ ਵਾਹਨ ਵਿੱਚ ਸਜਾਏ ਹੋਏ ਸਨ| ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ| ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਸਨ| ਇਸ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਹੈਰਤ ਅੰਗੇਜ਼ ਕਰਤਬ ਦਿਖਾਏ| ਨਗਰ ਕੀਰਤਨ ਵਿੱਚ ਰਾਗੀ ਢਾਡੀ ਜੱਥਿਆਂ ਨੇ ਵੀ ਕਾਫੀ ਰੰਗ ਬੰਨ੍ਹਿਆ| ਇਸ ਮੌਕੇ ਡਾ. ਹਰਨੇਕ ਸਿੰਘ ਹਰੀ ਵੀ ਹਾਜ਼ਰ ਸਨ| ਕਲਗੀਧਰ ਸੇਵਾ ਮਿਸ਼ਨ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਨੇੜੇ ਫਲ ਫਰੂਟਾਂ ਦਾ ਲੰਗਰ ਲਗਾਇਆ ਗਿਆ| ਅੱਜ ਸਵੇਰੇ 9 ਵਜੇ ਨਗਰ ਕੀਰਤਨ ਡੇਰਾਬਸੀ ਲਾਲੜੂ ਅੰਬਾਲਾ ਕਪਾਲ ਮੋਚਨ ਯਮੁਨਾਨਗਰ ਲਈ ਰਵਾਨਾ ਹੋ ਗਿਆ| ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ| ਇਸ ਮੌਕੇ ਜ਼ਿਲ੍ਹਾ ਪੁਲੀਸ ਪੰਚਕੂਲਾ ਇਥੇ ਗੁਰਦੁਆਰਾ ਨਾਢਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਟਰੈਫ਼ਿਕ ਪ੍ਰਬੰਧ ਕੀਤੇ ਹੋਏ ਸਨ|
ਜ਼ੀਰਕਪੁਰ (ਹਰਜੀਤ ਸਿੰਘ): ਕੌਮਾਂਤਰੀ ਨਗਰ ਕੀਰਤਨ ਦਾ ਅੱਜ ਡੇਰਾਬੱਸੀ ਹਲਕੇ ਅੰਦਰ ਪੁੱਜਣ ‘ਤੇ ਪੂਰੀ ਸ਼ਾਨੋ ਸ਼ੌਕਤ ਅਤੇ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਅੱਜ 12ਵੇਂ ਦਿਨ ਗੁਰਦੁਆਰਾ ਨਾਢਾ ਸਾਹਿਬ ਤੋਂ ਹਲਕਾ ਡੇਰਾਬੱਸੀ ਹਲਕੇ ਅੰਦਰ ਪਹੁੰਚਿਆ ਜਿਥੇ ਪਹਿਲਾਂ ਜ਼ੀਰਕਪੁਰ ਨੇੜੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਬਾਲਾਜੀ ਐਨਕਲੇਵ ਅਤੇ ਪਿੰਡ ਲੋਹਗੜ੍ਹ ਵਿਖੇ ਸੰਗਤਾਂ ਨੇ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕੀਤੇ। ਇਸ ਮੌਕੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ, ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾ, ਕਾਂਗਰਸ ਪਾਰਟੀ ਦੇ ਸਕੱਤਰ ਮਨਪ੍ਰੀਤ ਸਿੰਘ ਬਨੀ ਸੰਧੂ, ਉਦੈਵੀਰ ਸਿੰਘ ਢਿੱਲੋਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਹਲਕਾ ਡੇਰਾਬੱਸੀ ਵਿੱਚ ਥਾਂ ਥਾਂ ’ਤੇ ਸੰਗਤਾਂ ਵੱਲੋਂ ਫਲ, ਦੁੱਧ, ਬ੍ਰੈਡ ਪਕੌੜੇ, ਆਈਸਕ੍ਰੀਮ ਅਤੇ ਹੋਰ ਵਸਤਾਂ ਦੇ ਸਟਾਲ ਲਗਾਏ ਗਏ ਜਿਨ੍ਹਾਂ ਨੂੰ ਪ੍ਰਸਾਦਿ ਦੇ ਰੂਪ ਵਿਚ ਸੰਗਤਾਂ ਨੂੰ ਵੰਡਿਆ ਗਿਆ। ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਝਾੜੂ ਅਤੇ ਪਾਣੀ ਦੀ ਸੇਵਾ ਨਿਭਾਈ। ਗੁਰੂ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਸੰਗਤਾਂ ਨੇ ਗੁਰੂ ਸਾਹਿਬ ਦੀਆਂ ਖੜਾਵਾਂ, ਵੱਟੇ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਹਲਕੇ ਅੰਦਰ ਭਾਰੀ ਆਤਿਸ਼ਬਾਜ਼ੀ ਵੀ ਕੀਤੀ ਗਈ।

 

ਜ਼ੀਰਕਪੁਰ-ਡੇਰਾਬਸੀ ਇਲਾਕੇ ’ਚੋਂ ਨਗਰ ਕੀਰਤਨ ਲੰਘਣ ਮੌਕੇ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਲੱਗਿਆ ਜਾਮ। -ਫੋਟੋ: ਰਵੀ ਕੁਮਾਰ

ਜਾਮ ’ਤੇ ਕਾਬੂ ਪਾਉਣ ਵਿੱਚ ਨਾਕਾਮ ਰਿਹਾ ਪ੍ਰਸ਼ਾਸਨ

ਜ਼ੀਰਕਪੁਰ-ਡੇਰਾਬਸੀ ਇਲਾਕੇ ’ਚੋਂ ਨਗਰ ਕੀਰਤਨ ਲੰਘਣ ਮੌਕੇ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਲੱਗਿਆ ਜਾਮ। -ਫੋਟੋ: ਰਵੀ ਕੁਮਾਰ
ਕੌਮਾਂਤਰੀ ਪੱਧਰ ਦਾ ਨਗਰ ਕੀਰਤਨ ਹਲਕਾ ਡੇਰਾਬੱਸੀ ਅੰਦਰ ਪਹੁੰਚਣ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਦੀ ਤਿਆਰੀਆਂ ਨੂੰ ਲੈ ਕਈਂ ਦਿਨਾਂ ਤੋਂ ਪੱਬਾਂ ਭਾਰ ਸੀ। ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਇਸ ਦੌਰਾਨ ਜਾਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਰ ਨਗਰ ਕੀਰਤਨ ਦੇ ਪਹੁੰਚਣ ਨਾਲ ਹੀ ਹਲਕਾ ਡੇਰਾਬੱਸੀ ਵਿੱਚ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਜਾਮ ਲੱਗ ਗਿਆ। ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਜਾਮ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੰਬਾਲਾ ਦੀਆਂ ਸੰਗਤਾਂ ਹੋਈਆਂ ਬਾਗੋਬਾਗ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਦੇਰ ਰਾਤ ਅੰਬਾਲਾ ਪਹੁੰਚਿਆ। ਅੰਬਾਲਾ-ਚੰਡੀਗੜ੍ਹ ਰੋਡ ਤੇ ਖੰਨਾ ਪੈਲੇਸ ਲਾਗੇ ਨਗਰ ਕੀਰਤਨ ਦੇ ਸਵਾਗਤ ਦਾ ਪ੍ਰਬੰਧ ਕੀਤਾ ਗਿਆ ਸੀ ਜਿਥੇ ਵੱਡੀ ਗਿਣਤੀ ਵਿਚ ਸੰਗਤ ਸਵੇਰ ਤੋਂ ਹੀ ਪਾਲਕੀ ਸਾਹਿਬ ਅਤੇ ਗੁਰੂ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਦੀ ਤਾਂਘ ਦਿਲ ਵਿਚ ਰੱਖ ਕੇ ਇੰਤਜ਼ਰ ਕਰ ਰਹੀ ਸੀ। ਅੰਬਾਲਾ ਪ੍ਰਵੇਸ਼ ਤੇ ਸਵਾਗਤ ਕਰਨ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਹਰਭਜਨ ਸਿੰਘ ਮਸਾਣਾ, ਹਰਪਾਲ ਸਿੰਘ ਪਾਲੀ, ਸੁਖਦੇਵ ਸਿੰਘ ਗੋਬਿੰਦਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਦੀ ਧਾਰਮਿਕ ਕਮੇਟੀ ਵੱਲੋਂ ਤੇਜਿੰਦਰਪਾਲ ਸਿੰਘ ਢਿੱਲੋਂ ਆਦਿ ਮੌਜੂਦ ਸਨ। ਇਸ ਤੋਂ ਬਾਅਦ ਬਲਦੇਵ ਨਗਰ ਮੋੜ ’ਤੇ ਵੀ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਪਾਲਕੀ ਸਾਹਿਬ ਅੱਗੇ ਨਤਮਸਤਾਕ ਹੋਈਆਂ। ਰਾਤ 12 ਵਜੇ ਤੋਂ ਬਾਅਦ ਨਗਰ ਕੀਰਤਨ ਪੰਜੋਖਰਾ ਸਾਹਿਬ ਪਹੁੰਚਿਆ ਜਿਥੇ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦੀ ਆਮਦ ਦੀ ਖੁਸ਼ੀ ਵਿਚ ਆਤਿਸ਼ਬਾਜੀ ਕੀਤੀ ਗਈ।


Comments Off on ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਨਾਢਾ ਸਾਹਿਬ ਵਿੱਚ ਨਿੱਘਾ ਸਵਾਗਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.