ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਕੇਰਲ ’ਚ ਦੋ ਲੱਖ ਤੋਂ ਵੱਧ ਹੜ੍ਹ ਪੀੜਤਾਂ ਨੇ ਕੈਂਪਾਂ ਵਿੱਚ ਪਨਾਹ ਲਈ

Posted On August - 12 - 2019

ਤਿਰੂਵਨੰਤਪੁਰਮ/ਬੰਗਲੂਰੂ, 11 ਅਗਸਤ

ਕਾਂਗਰਸ ਆਗੂ ਰਾਹੁਲ ਗਾਂਧੀ ਐਤਵਾਰ ਨੂੰ ਆਪਣੇ ਲੋਕ ਸਭਾ ਹਲਕੇ ਵਾਇਨਾਡ ਵਿਚ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਕੇਰਲਾ ’ਚ ਤਬਾਹੀ ਮਗਰੋਂ ਐਤਵਾਰ ਨੂੰ ਭਾਵੇਂ ਮੀਂਹ ਘੱਟ ਗਿਆ ਪਰ ਮੌਤਾਂ ਦੀ ਗਿਣਤੀ ਵਧ ਕੇ 60 ’ਤੇ ਪਹੁੰਚ ਗਈ ਹੈ। ਸੂਬੇ ’ਚ 2.27 ਲੱਖ ਲੋਕਾਂ ਨੂੰ ਰਾਹਤ ਕੈਂਪਾਂ ’ਚ ਸ਼ਰਨ ਦਿੱਤੀ ਗਈ ਹੈ। ਉਧਰ ਕਰਨਾਟਕ ’ਚ ਹੜ੍ਹਾਂ ਕਾਰਨ ਹਾਲਾਤ ਅਜੇ ਵੀ ਵਿਗੜੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੇਲਗਾਵੀ ਜ਼ਿਲ੍ਹੇ ਦਾ ਹਵਾਈ ਸਰਵੇਖਣ ਕਰਕੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਇਕੱਲੇ ਹੜ੍ਹਾਂ ਦੇ ਹਾਲਾਤ ਨਾਲ ਨਹੀਂ ਨਜਿੱਠ ਸਕਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਰਨਾਟਕ ’ਚ ਹੜ੍ਹਾਂ ਨੂੰ ਕੌਮੀ ਆਫ਼ਤ ਕਰਾਰ ਦਿੰਦਿਆਂ ਸੂਬੇ ਨੂੰ ਪੰਜ ਹਜ਼ਾਰ ਕਰੋੜ ਰੁਪਏ ਦੇਣ।
ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਹੜ੍ਹਾਂ ਦੇ ਹਾਲਾਤ ਦਾ ਜਾਇਜ਼ਾ ਲਿਆ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2.27 ਲੱਖ ਲੋਕਾਂ ਨੂੰ 1551 ਰਾਹਤ ਕੈਂਪਾਂ ’ਚ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਭਾਵੇਂ ਘੱਟ ਗਿਆ ਹੈ ਪਰ ਲੋਕਾਂ ਨੂੰ ਅਜੇ ਚੌਕਸ ਰਹਿਣਾ ਪਵੇਗਾ ਕਿਉਂਕਿ ਪਹਾੜਾਂ ਤੋਂ ਢਿੱਗਾਂ ਡਿੱਗਣ ਦਾ ਖ਼ਤਰਾ ਹੈ। ਮੌਸਮ ਵਿਭਾਗ ਨੇ ਤਿੰਨ ਜ਼ਿਲ੍ਹਿਆਂ ਕੰਨੂਰ, ਕਸਾਰਗੋੜ ਅਤੇ ਵਾਇਨਾਡ ’ਚ ਰੈੱਡ ਅਲਰਟ ਜਾਰੀ ਕੀਤਾ ਹੈ। ਮਾਲਾਪੁਰਮ ਅਤੇ ਵਾਇਨਾਡ ਜ਼ਿਲ੍ਹਿਆਂ ਦੇ ਦੋ ਪਿੰਡਾਂ ਕਵਾਲਪਾਰਾ ਅਤੇ ਪੁਥੂਮਾਲਾ ’ਚ ਭਾਰੀ ਤਬਾਹੀ ਹੋਈ ਹੈ ਜਿਥੇ ਚਾਰੇ ਪਾਸੇ ਚਿੱਕੜ ਹੀ ਚਿੱਕੜ ਅਤੇ ਟੁੱਟੇ ਹੋਏ ਦਰੱਖ਼ਤ ਨਜ਼ਰ ਆ ਰਹੇ ਹਨ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਲੋਕ ਆਪਣੇ ਨਜ਼ਦੀਕੀਆਂ ਦੀ ਭਾਲ ਕਰ ਰਹੇ ਹਨ।
ਭਾਰੀ ਮੀਂਹ ਕਾਰਨ ਰਨਵੇਅ ’ਤੇ ਪਾਣੀ ਖੜ੍ਹਾ ਹੋ ਜਾਣ ਕਰਕੇ ਦੋ ਦਿਨ ਪਹਿਲਾਂ ਬੰਦ ਕੀਤੇ ਕੋਚੀ ਕੌਮਾਂਤਰੀ ਹਵਾਈ ਅੱਡੇ ਤੋਂ ਐਤਵਾਰ ਨੂੰ ਮੁੜ ਉਡਾਣਾਂ ਸ਼ੁਰੂ ਹੋ ਗਈਆਂ। ਕੋਚੀਨ ਕੌਮਾਂਤਰੀ ਏਅਰਪੋਰਟ ਲਿਮਟਿਡ ਦੇ ਅਧਿਕਾਰੀ ਨੇ ਕਿਹਾ ਕਿ ਅਬੂ ਧਾਬੀ-ਕੋਚੀ ਇੰਡੀਗੋ ਦੀ ਉਡਾਣ ਦੁਪਹਿਰ ਸਵਾ 12 ਵਜੇ ਇਥੇ ਪੁੱਜੀ। ਦੱਖਣੀ ਰੇਲਵੇ ਨੇ ਐਤਵਾਰ ਨੂੰ 10 ਰੇਲ ਗੱਡੀਆਂ ਰੱਦ ਕਰ ਦਿੱਤੀਆਂ। -ਪੀਟੀਆਈ

ਰਾਹੁਲ ਵੱਲੋਂ ਵਾਇਨਾਡ ਹਲਕੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ
ਕੋਜ਼ੀਕੋੜ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਆਪਣੇ ਹਲਕੇ ਵਾਇਨਾਡ ’ਚ ਹੜ੍ਹਾਂ ਤੋਂ ਮਚੀ ਤਬਾਹੀ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਇਥੇ ਪਹੁੰਚ ਗਏ ਹਨ। ਹੜ੍ਹਾਂ ਕਾਰਨ ਵਾਇਨਾਡ ’ਚ ਭਾਰੀ ਤਬਾਹੀ ਹੋਈ ਹੈ ਜਿਥੇ 18 ਲੋਕ ਮਾਰੇ ਗਏ ਹਨ ਅਤੇ 203 ਕੈਂਪਾਂ ’ਚ 40000 ਤੋਂ ਵੱਧ ਲੋਕਾਂ ਨੂੰ ਪਨਾਹ ਦਿੱਤੀ ਗਈ ਹੈ। ਸ੍ਰੀ ਗਾਂਧੀ ਪਹਿਲਾਂ ਮਾਲਾਪੁਰਮ ਜ਼ਿਲ੍ਹੇ ’ਚ ਗਏ। ਉਨ੍ਹਾਂ ਨਾਲ ਸੂਬਾ ਪ੍ਰਧਾਨ ਐੱਮ ਰਾਮਚੰਦਰਨ, ਰਮੇਸ਼ ਚੇਨਿਥਲਾ ਅਤੇ ਹੋਰ ਆਗੂ ਵੀ ਹਾਜ਼ਰ ਸਨ। ਉਨ੍ਹਾਂ ਰਾਜ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਮਾਰੇ ਲੋਕਾਂ ਦੀ ਸਹਾਇਤਾ ਕਰਨ। -ਆਈਏਐਨਐਸ


Comments Off on ਕੇਰਲ ’ਚ ਦੋ ਲੱਖ ਤੋਂ ਵੱਧ ਹੜ੍ਹ ਪੀੜਤਾਂ ਨੇ ਕੈਂਪਾਂ ਵਿੱਚ ਪਨਾਹ ਲਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.