ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕੂੰਡੇ ਤੇ ਮੰਜੇ ਦੇ ਬਹਾਨੇ

Posted On August - 10 - 2019

ਸਾਂਵਲ ਧਾਮੀ

ਜ਼ਿਲ੍ਹਾ ਮੋਗਾ ਦੇ ਪਿੰਡ ਵਰ੍ਹੇ ਦੇ ਕਰਨੈਲ ਸਿੰਘ ਨੇ ਦੇਸ਼ ਦੀ ਵੰਡ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਨ੍ਹਾਂ ਪਲਾਂ ਨੂੰ ਯਾਦ ਕਰਕੇ ਉਹ ਅੱਜ ਵੀ ਕੰਬ ਉੱਠਦਾ ਹੈ। ਅੱਜ ਵੀ ਉਸਨੂੰ ਵੰਡ ਦੀ ਇਕ ਇਕ ਗੱਲ ਯਾਦ ਹੈ। ਉਹ ਦੱਸਦਾ ਹੈ ‘ਮੈਂ ਚਾਚੇ ਬਚਨ ਸਿੰਘ ਨੂੰ ਕੂੰਡੇ ’ਚ ਸ਼ਰਦਈ ਰਗੜਦਿਆਂ ਵੇਖਦਾ ਤਾਂ ਮੈਨੂੰ ਸੰਤਾਲੀ ਦੇ ਅਗਸਤ ਮਹੀਨੇ ਦੀ ਉਹ ਸ਼ਾਮ ਯਾਦ ਆ ਜਾਂਦੀ ਹੈ। ਸੱਪਾਂ ਵਾਲਾ ਖੂਹ ਗਿੜ ਰਿਹਾ ਸੀ ਤੇ ਮੈਂ ਗਾਧੀ ’ਤੇ ‘ਰੱਬ’ ਬਣਿਆ ਬੈਠਾ ਸਾਂ। ਦੁਸਾਂਝ ਪਿੰਡ ਦੇ ਬੰਦਿਆਂ ਨੇ ਸਾਡੇ ਪਿੰਡ ’ਤੇ ਧਾਵਾ ਬੋਲਿਆ ਸੀ। ਬਾਪੂ ਨੇ ਮੈਨੂੰ ਘਰ ਵੱਲ ਭਜਾ ਦਿੱਤਾ ਸੀ, “ਆਵਦੇ ਚਾਚੇ ਨੂੰ ਦੱਸ ਓਏ ਜਾ ਕੇ। ਕਿਧਰੇ ਅਜ਼ੀਜ ਹੁਰੀਂ ਨਾ ਮਾਰੇ ਜਾਣ!”
ਚਾਚੇ ਨੇ ਅਜ਼ੀਜ ਦੇ ਟੱਬਰ ਨੂੰ ਪਹਿਲਾਂ ਹੀ ਆਪਣੇ ਘਰ ਲੁਕੋ ਲਿਆ ਸੀ। ਉਸ ਦੀਆਂ ਤਿੰਨ ਲੜਕੀਆਂ ਸਨ। ਉਮਰਾਂ ਹੋਣਗੀਆਂ ਕੋਈ ਅੱਠ ਤੋਂ ਬਾਰ੍ਹਾਂ ਵਰ੍ਹਿਆਂ ਦੇ ਦਰਮਿਆਨ। ਉਹ ਤਕਰੀਬਨ ਮੇਰੇ ਹਾਣ ਦੀਆਂ ਸਨ। ਕੋਈ ਦਸ-ਪੰਦਰਾਂ ਦਿਨ ਚਾਚਾ ਉਨ੍ਹਾਂ ਦਾ ਮਲ-ਮੂਤਰ ਵੀ ਚੁੱਕਦਾ ਰਿਹਾ। ਫੇਰ ਚਾਚਾ ਤੇ ਪਿੰਡ ਦੇ ਅੱਠ-ਦਸ ਹੋਰ ਬੰਦੇ ਉਨ੍ਹਾਂ ਨੂੰ ਫ਼ਿਰੋਜ਼ਪੁਰ ਛੱਡ ਕੇ ਆਏ ਸਨ। ਉਹ ਆਪਣਾ ਕੱਪੜਾ-ਲੱਤਾ ਤਾਂ ਲੈ ਗਏ ਸਨ, ਪਰ ਮੰਜਾ ਤੇ ਕੂੰਡਾ ਚਾਚੇ ਨੂੰ ਦੇ ਗਏ ਸਨ।
ਸਾਡਾ ਅੱਧਾ ਪਿੰਡ ਮੁਸਲਮਾਨਾਂ ਦਾ ਹੁੰਦਾ ਸੀ। ਨੂਰ ਮੁਹੰਮਦ, ਦੀਨ ਮੁਹੰਮਦ ਤੇ ਦੌਲੀ। ਨੀਕਲ ਦੇ ਤਿੰਨੋਂ ਮੁੰਡੇ ਬਾਪੂ ਦੇ ਬੜੇ ਯਾਰ ਹੁੰਦੇ ਸਨ। ਨੂਰ ਮੁਹੰਮਦ ਦਾ ਪੁੱਤਰ ਇਬਰਾਹਿਮ ਮੇਰਾ ਹਾਣੀ ਹੁੰਦਾ ਸੀ। ਅਸੀਂ ਇਕੱਠੇ ਖੇਡਦੇ। ਮਸੀਤ ਵਾਲੀ ਬੋਹੜ ਦੀ ਛਾਂਵੇਂ ਮੰਜੀ ’ਤੇ ਬੈਠੇ ਇਕ ਬੱਗੀ ਦਾੜ੍ਹੀ ਵਾਲੇ ਬਜ਼ੁਰਗ ਨੂੰ ਸਾਰੇ ਮੌਲਵੀ ਸਾਹਿਬ ਕਹਿੰਦੇ ਹੁੰਦੇ ਸੀ। ਪਿੰਡ ਦੇ ਬਹੁਤੇ ਕਿਸਾਨਾਂ ਵਾਂਗ ਮੌਲਵੀ ਹੁਰੀਂ ਵੀ ਮਾਰੂਸੀ ਸਨ। ਸੰਤਾਲੀ ਵੇਲੇ ਜਦੋਂ ਨੇੜੇ-ਤੇੜੇ ਦੇ ਪਿੰਡ ਉੱਠਣ ਲੱਗੇ ਤਾਂ ਮੌਲਵੀ ਕਾਕੇ ਮੋਚੀ ਨੂੰ ਨਾਲ ਲੈ ਕੇ ਜਾਗੀਰਦਾਰ ਕੋਲ ਗਿਆ। ਮਿੰਨਤ ਕਰਕੇ ਕਹਿਣ ਲੱਗਾ, ‘ਅਸੀਂ ਹੁਣ ਤੁਰ ਚੱਲੇ ਆਂ ਜੀ ਇੱਥੋਂ! ਤੁਸੀਂ ਆਪਣੀ ਜ਼ਮੀਨ ਲਿਖਵਾ ਲਓ।’
ਪਿੰਡ ਨੂੰ ਮੁੜਦਿਆਂ ਦੋਵਾਂ ਦਾ ਕਤਲ ਹੋ ਗਿਆ ਸੀ। ਮੇਰੇ ਪਿੰਡ ਦੇ ਬਹੁਤੇ ਮੁਸਲਮਾਨ ਕਿਰਤੀ ਸਨ। ਜੁਲਾਹੇ ਤਾਣੀ ਉਣਦੇ ਤੇ ਮੋਚੀ ਜੁੱਤੀਆਂ ਬਣਾਉਂਦੇ। ਮੋਚੀਆਂ ਦੇ ਅੱਲ ‘ਮੁਰਾਦ ਕੇ’ ਪਈ ਹੋਈ ਸੀ। ਉਨ੍ਹਾਂ ਦਾ ਮੁੰਡਾ ਤੁਫ਼ੈਲ ਮੇਰਾ ਹਾਣੀ ਹੁੰਦਾ ਸੀ। ਸੰਤਾਲੀ ’ਚ ਦੋ ਬੰਦਿਆਂ ਨੂੰ ਛੱਡ ਬਾਕੀ ਸਾਰਾ ਪਿੰਡ ਤੁਰ ਗਿਆ ਸੀ। ਇਕ ਸੀ ਰਾਜੇਮੰਗ। ਮੀਰ ਆਲਮ ਸੀ ਉਹ। ਇਕ ਹੋਰ ਬੰਦਾ ਹੁੰਦਾ ਸੀ; ਵਰਿਆਮ। ਅਸੀਂ ਉਸਨੂੰ ਬਾਬਾ ਈ ਕਹਿ ਲੈਂਦੇ ਸੀ। ਪਿੰਡ ਵਾਲੇ ਦੱਸਦੇ ਹੁੰਦੇ ਸੀ ਕਿ ਉਹ ਇੱਥੇ ਅੜ ਕੇ ਰਿਹਾ ਸੀ। ਕਹਿੰਦਾ ਸੀ, ਰੱਖੋ ਜਾਂ ਕਤਲ ਕਰੋ, ਮੈਂ ਨਹੀਂ ਜਾਣਾ ਪਾਕਿਸਤਾਨ। ਰੋਟੀ-ਪਾਣੀ, ਜਿੱਥੇ ਮਰਜ਼ੀ ਹੋਵੇ, ਖਾ ਲੈਂਦਾ ਸੀ। ਸਾਰਾ ਪਿੰਡ ਉਸਦਾ ਸੀ ਤੇ ਉਹ ਸਾਰੇ ਪਿੰਡ ਦਾ। ਉਹ ਪੂਰੇ ਪਿੰਡ ਦਾ ਰਾਖਾ ਸੀ। ਉਸਨੇ ਬੜੀ ਲੰਮੀ ਉਮਰ ਭੋਗੀ। ਮੈਂ ਉਸਨੂੰ ਇੱਥੋਂ ਤਕ ਦੇਖਿਆ, ਜਦੋਂ ਉਹ ਗੋਡਿਆਂ ਦੇ ਭਾਰ ਤੁਰਦਾ ਹੁੰਦਾ ਸੀ। ਉਹ ਅਨੂਪ ਸਿਉਂ ਸਰਪੰਚ ਦੇ ਘਰ ਮਰਿਆ ਸੀ। ਪਿੰਡ ਵਾਲਿਆਂ ਉਸਨੂੰ ਕਬਰ ’ਚ ਦਫ਼ਨਾਇਆ ਸੀ।

ਸਾਂਵਲ ਧਾਮੀ

ਵਕਤ ਆਪਣੀ ਚਾਲੇ ਤੁਰਦਾ ਗਿਆ। ਸਾਡਾ ਪਿੰਡ ਫ਼ਿਰੋਜ਼ਪੁਰ ਨਾਲੋਂ ਟੁੱਟ ਕੇ ਜ਼ਿਲ੍ਹਾ ਮੋਗਾ ਦਾ ਪਿੰਡ ਹੋ ਗਿਆ। ਲਾਠੀ ਵਾਂਗ ਤਣ ਕੇ ਤੁਰਨ ਵਾਲੇ ਚਾਚੇ ਦੀ ਕੰਗਰੋੜ ਕਮਾਨ ਵਰਗੀ ਹੋ ਗਈ। ਤੰਗੀਆਂ-ਤੁਰਸ਼ੀਆਂ ’ਚੋਂ ਨਿਕਲ ਕੇ ਸਾਡਾ ਟੱਬਰ ਥੋੜ੍ਹਾ ਸੌਖਾ ਹੋ ਗਿਆ। ਕੂੰਡਿਆਂ ਦੀ ਥਾਂ ਇਲੈੱਕਟ੍ਰਿਕ ਗਰਾਈਂਡਰ ਤੇ ਮੰਜਿਆਂ ਦੀ ਥਾਂ ਬੈੱਡ ਆ ਗਏ, ਪਰ ਚਾਚਾ ਉਸ ਪੁਰਾਣੇ ਮੰਜੇ ’ਤੇ ਪੈਂਦਾ ਸੀ। ਅਸੀਂ ਟੋਕਦੇ ਤਾਂ ਉਦਾਸ ਹੁੰਦਿਆਂ ਆਖਦਾ,“ਮੇਰੇ ਯਾਰ, ਅਜ਼ੀਜ ਦੀ ਨਿਸ਼ਾਨੀ ਆ ਇਹ! ਮੈਂ ਇਸ ’ਤੇ ਈ ਦਮ ਤੋੜਨੈ !”
ਚਾਚਾ ਮਰਦੇ ਦਮ ਤਕ ਆਪਣੇ ਮਿੱਤਰ ਅਜ਼ੀਜ ਨੂੰ ਯਾਦ ਕਰਦਾ ਰਿਹਾ ਤੇ ਉਸਨੇ ਆਖ਼ਿਰ ਆਪਣੇ ਯਾਰ ਵਾਲੇ ਮੰਜੇ ’ਤੇ ਹੀ ਆਖ਼ਰੀ ਸਾਹ ਲਿਆ ਸੀ। ਆਖਰੀ ਦਿਨਾਂ ’ਚ ਉਸਨੇ ਮੰਜੇ ਅਤੇ ਕੂੰਡੇ ਨੂੰ ਸੰਭਾਲਣ ਦੀ ਗੱਲ ਕਈ ਵਾਰ ਆਖੀ ਸੀ। ਬਜ਼ੁਰਗ ਤੁਰ ਗਏ, ਪਰ ਉਹ ਮੰਜਾ ਤੇ ਕੂੰਡਾ ਅਸੀਂ ਅੱਜ ਤਕ ਸੰਭਾਲਿਆ ਹੋਇਆ। ਸਾਡੇ ਘਰਦਿਆਂ ਉਸ ਕੂੰਡੇ ਵਿਚ ਬੜੀਆਂ ਮਿਰਚਾਂ ਰਗੜੀਆਂ ਤੇ ਬੜੀ ਸ਼ਰਦਾਈ ਘੋਟੀ। ਹੁਣ ਉਹ ਤਿੜਕ ਤਾਂ ਗਿਆ ਹੈ, ਪਰ ਅਸੀਂ ਟੁੱਟਣੋਂ ਬਚਾਈ ਰੱਖਿਆ ਏ।
ਫ਼ੌਜ ਦੀ ਨੌਕਰੀ ਦੌਰਾਨ ਮੈਂ ਦੋਸਤਾਂ-ਮਿੱਤਰਾਂ ਨੂੰ ਅਜ਼ੀਜ ਤੇ ਚਾਚੇ ਦੀ ਦੋਸਤੀ ਦੀ ਕਹਾਣੀ ਸੁਣਾਉਂਦਾ ਤਾਂ ਉਹ ਹੈਰਾਨ ਰਹਿ ਜਾਂਦੇ। 1971 ਦੀ ਲੜਾਈ ਦੀ ਗੱਲ ਏ। ਸਾਡੀ ਫ਼ੌਜੀ ਟੁਕੜੀ ਸਰਹੱਦ ਪਾਰ ਕਰਕੇ ਨਾਰੋਵਾਲ ਦੇ ਚੱਕ ਨਾਹਰਾ ਪਿੰਡ ’ਚ ਪਹੁੰਚ ਗਈ। ਬਹੁਤਾ ਪਿੰਡ ਖਾਲੀ ਹੋ ਚੁੱਕਾ ਸੀ। ਪਿੰਡ ਦੀ ਤਲਾਸ਼ੀ ਲਈ ਤਾਂ ਇਕ ਬਜ਼ੁਰਗ ਮਿਲਿਆ, ਸੰਗਲਾਂ ਨਾਲ ਨੂੜਿਆ ਹੋਇਆ। ਉਹ ਪਾਗਲ ਸੀ। ਇਕ ਹਵੇਲੀ ’ਚੋਂ ਸਾਨੂੰ ਲੁਕੇ ਹੋਏ ਪੰਜ-ਸੱਤ ਫ਼ੌਜੀ ਵੀ ਮਿਲੇ। ਇਕ ਹੋਰ ਘਰ ’ਚੋਂ ਅਸੀਂ ਇਕ ਹੋਰ ਬੰਦੇ ਨੂੰ ਕੈਦ ਕੀਤਾ। ਸਾਰਿਆਂ ਦੇ ਹੱਥ ਬੰਨ੍ਹ ਕੇ ਅਸੀਂ ਆਪਣੇ ਕੈਂਪ ਵੱਲ ਲੈ ਤੁਰੇ। ਰਾਹ ’ਚ ਫ਼ੌਜੀਆਂ ਨਾਲ ਗੱਲਾਂ ਸ਼ੁਰੂ ਹੋਈਆਂ ਤਾਂ ਪਤਾ ਲੱਗਾ ਕਿ ਉਨ੍ਹਾਂ ’ਚੋਂ ਤਿੰਨ ਸੰਤਾਲੀ ਵੇਲੇ ਰਾਊਕਿਆਂ ਵੱਲ ਤੋਂ ਗਏ ਹੋਏ ਸਨ।
ਕੈਂਪ ’ਚ ਲਿਆ ਕੇ ਪੁੱਛ-ਗਿੱਛ ਕੀਤੀ ਤਾਂ ਉਸ ਨਾਗਰਿਕ ਨੇ ਦੱਸਿਆ ਕਿ ਉਸਦੇ ਬਜ਼ੁਰਗ ਜਗਰਾਉਂ ਤੋਂ ਹਿਜਰਤ ਕਰਕੇ ਓਧਰ ਗਏ ਸਨ। ਰਹਿੰਦਾ ਤਾਂ ਉਹ ਲਾਹੌਰ ਸੀ, ਪਰ ਚੱਕ ਨਾਹਰੇ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਹੋਇਆ ਸੀ। ਕੁਝ ਗੱਲਾਂ ਹੋਰ ਹੋਈਆਂ ਤਾਂ ਉਹ ਮੈਨੂੰ ਪੁੱਛਣ ਲੱਗਾ,“ਤੁਹਾਡਾ ਪਿੰਡ ਕਿਹੜਾ?”
ਮੈਂ ਵਰ੍ਹੇ ਦਾ ਨਾਂ ਲਿਆ ਤਾਂ ਉਸ ਦੀਆਂ ਅੱਖਾਂ ਚਮਕ ਪਈਆਂ।
“ਤੋਬਾ! ਤੋਬਾ! ਤੋਬਾ! ਉਹ ਤਾਂ ਮੇਰੇ ਸਹੁਰੇ ਦਾ ਪਿੰਡ ਹੁੰਦਾ ਸੀ।”
ਮੈਂ ਉਸਦੇ ਸਹੁਰੇ ਦਾ ਨਾਂ ਪੁੱਛਿਆ ਤਾਂ ਉਹ ਬੋਲਿਆ,“ਅਜ਼ੀਜ ਮੁਹੰਮਦ ਨਾਂ ਸੀ ਉਸਦਾ। ਉਹ ਖੱਡੀ ਦਾ ਕੰਮ ਕਰਦਾ ਸੀ। ਉਸ ਦੀਆਂ ਤਿੰਨ ਧੀਆਂ ਹੀ ਸਨ। ਮੈਂ ਉਸਦਾ ਵੱਡਾ ਜਵਾਈ ਆਂ। ਉਸਨੇ ਮੇਰੇ ਕੋਲ ਹੀ ਦਮ ਤੋੜਿਆ ਸੀ। ਮੌਤ ਤਕ ਵਰ੍ਹੇ ਪਿੰਡ ਦੇ ਲੋਕਾਂ ਨੂੰ ਯਾਦ ਕਰਦਾ ਰਿਹਾ। ਮਰਨ ਤੋਂ ਪਹਿਲਾਂ ਉਸਨੇ ਮੈਨੂੰ ਇਕ ਸੁਨੇਹਾ ਦਿੱਤਾ ਸੀ।” ਉਸਦੇ ਬੋਲ ਭਾਰੇ ਹੋ ਗਏ।
“ਕਿਹੜਾ ਸੁਨੇਹਾ?” ਮੈਂ ਸਵਾਲ ਕੀਤਾ।
“ਉਹ ਸਵੇਰ-ਸ਼ਾਮ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਕੁਝ ਬੁੜਬੁੜਾਉਂਦਾ ਹੁੰਦਾ ਸੀ। ਇਕ ਵਾਰ ਮੈਂ ਪੁੱਛਿਆ ਤਾਂ ਆਖਣ ਲੱਗਾ- ਦੋ ਵੇਲੇ ਆਪਣੇ ਪਿੰਡ ਵਰ੍ਹੇ ਤੇ ਯਾਰ ਬਚਨ ਸਿੰਘ ਦੀ ਸਲਾਮਤੀ ਦੀ ਖ਼ੈਰ ਮੰਗਦਾ ਹੁੰਦਾ ਆਂ। ਮੈਂ ਪੁੱਛਿਆ ਕਿ ਬਚਨ ਸਿੰਘ ਕੌਣ? ਇਹ ਸਵਾਲ ਸੁਣਕੇ ਉਹ ਰੋ ਪਿਆ। ਕਹਿਣ ਲੱਗਾ, ‘ਉਸਦੇ ਵਰਗਾ ਯਾਰ ਨਹੀਂ ਹੋਣਾ ਕੋਈ ਜੱਗ-ਜਹਾਨ ’ਤੇ। ਉਸਨੇ ਸਾਡੇ ਲਈ ਜੋ ਕੀਤਾ, ਉਹ ਦੁਨੀਆਂ ’ਤੇ ਸ਼ਾਇਦ ਈ ਕਰੇ ਕੋਈ ਕਿਸੇ ਲਈ। ਮੈਂ ਤਾਂ ਸਾਰੀ ਉਮਰ ਤਰਸਦਾ ਹੀ ਰਿਹਾ, ਵਰ੍ਹੇ ਪਿੰਡ ਨੂੰ ਵੇਖਣ ਤੇ ਆਪਣੇ ਯਾਰ ਨੂੰ ਮਿਲਣ ਲਈ, ਪਰ ਤੂੰ ਜ਼ਿੰਦਗੀ ’ਚ ਇਕ ਵਾਰ ਓਸ ਪਿੰਡ ਜ਼ਰੂਰ ਜਾਈਂ। ਜੇ ਮੇਰਾ ਯਾਰ ਜਿਉਂਦਾ ਹੋਵੇ ਤਾਂ ਉਸਦੇ ਪੈਰ ਚੁੰਮ ਲਈਂ!”
ਮੈਨੂੰ ਹੁਣ ਸਮਝ ਆ ਗਈ ਸੀ ਕਿ ਚਾਚੇ ਹੁਰੀਂ ਮੰਜਾ ਤੇ ਕੂੰਡਾ ਕਿਉਂ ਸੰਭਾਲ ਕੇ ਰੱਖਦੇ ਸਨ ਤੇ ਹਰ ਵੇਲੇ ਆਪਣੇ ਯਾਰ ਅਜ਼ੀਜ ਨੂੰ ਯਾਦ ਕਿਉਂ ਕਰਦੇ ਰਹਿੰਦੇ ਸਨ। ਬੇਸ਼ੱਕ ਉਨ੍ਹਾਂ ਦਾ ਬਹੁਤ ਗੂੜ੍ਹਾ ਪਿਆਰ ਸੀ।
“ਮੇਰਾ ਤਾਂ ਸਕਾ ਚਾਚਾ ਸੀ, ਬਚਨ ਸਿੰਘ!” ਹਾਲੇ ਇਹ ਬੋਲ ਮੇਰੇ ਮੂੰਹ ’ਹੀ ਸਨ ਕਿ ਉਹ ਸ਼ਖ਼ਸ ਮੇਰੇ ਪੈਰੀਂ ਢਹਿ ਕੇ ਭੁੱਬੀਂ ਰੋ ਪਿਆ। ਮੈਂ ਖ਼ੁਦ ਭਾਵੁਕ ਹੋ ਗਿਆ ਸਾਂ, ਪਰ ਕੋਈ ਅਫ਼ਸਰ ਨਾ ਵੇਖ ਲਏ, ਇਸ ਗੱਲੋਂ ਡਰ ਵੀ ਰਿਹਾ ਸਾਂ। ਮੈਂ ਉਸਨੂੰ ਉੱਠਣ ਲਈ ਆਖਿਆ ਤੇ ਉਹ ਅੱਖਾਂ ਮਲਦਾ ਖੜ੍ਹਾ ਹੋ ਗਿਆ। ਮੈਂ ਗਹੁ ਨਾਲ ਵੇਖਿਆ ਕਿ ਮੇਰੇ ਫ਼ੌਜੀ ਬੂਟਾਂ ’ਤੇ ਉਸਦੇ ਅੱਥਰੂਆਂ ਨਾਲ ਨਿਸ਼ਾਨ ਪੈ ਗਏ ਸਨ।

ਸੰਪਰਕ: 97818-43444


Comments Off on ਕੂੰਡੇ ਤੇ ਮੰਜੇ ਦੇ ਬਹਾਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.