ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਕੁਰਾਹੇ ਪੈ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ

Posted On August - 29 - 2019

ਹਰਦੀਪ ਸਿੰਘ ਜਟਾਣਾ
ਪਿਛਲੇ ਦਿਨੀਂ ਬਾਘਾਪੁਰਾਣਾ ਨੇੜੇ ਇੱਕ ਨੌਜਵਾਨ ਵੱਲੋਂ ਬਿਨਾਂ ਕਸੂਰ ਆਪਣੇ ਸਮੇਤ ਪਰਿਵਾਰ ਦੇ ਪੰਜ ਜੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਮੰਦਭਾਗੀ ਘਟਨਾ ਨੇ ਸਭ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਆਪਣੇ ਮਾਂ-ਬਾਪ, ਭੈਣ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਸੰਦੀਪ ਸਿੰਘ (27 ਸਾਲ) ਨੇ ਖੁਦਕੁਸ਼ੀ ਨੋਟ ਵਿੱਚ ਜੋ ਕੁਝ ਲਿਖਿਆ ਹੈ, ਉਹ ਵੀ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਹੈ ਕਿ ਵਿਆਹ ਦੇ ਯੋਗ ਨਾ ਹੋਣਾ ਅਤੇ ਵਿਆਹ ਬਾਅਦ ਬੱਚਾ ਪੈਦਾ ਕਰਨ ਦੀ ਸਮਰੱਥਾ ਨਾ ਰੱਖਣਾ ਪਰਿਵਰ ਦੀਆਂ ਛੇ ਜ਼ਿੰਦਗੀਆਂ ਨੂੰ ਮਾਰ ਮੁਕਾਉਣ ਨਾਲੋਂ ਵੱਡੀ ਸ਼ਰਮ ਵਾਲੀ ਗੱਲ ਹੈ। ਸੋਚਣਾ ਬਣਦਾ ਹੈ ਕਿ ਕੀ ਸਾਡੀ ਨੌਜਵਾਨ ਪੀੜ੍ਹੀ ਦੀ ਸੋਚ ਐਨੀ ਛੋਟੀ ਹੋ ਗਈ ਹੈ ਕਿ ਉਨ੍ਹਾਂ ਲਈ ਮੁੱਛ ਨੂੰ ਵੱਟ ਦੇਣ, ਲਲਕਾਰੇ ਮਾਰਨ, ਧੱਕਾ ਮੁੱਕੀ ਕਰਨ, ਕਿਸੇ ਕੰਮ ਤੋਂ ਵਰਜਣ ਜਾਂ ਬਿਗਾਨੇ ਵਿਅਕਤੀਆਂ ਦੇ ਸਾਹਮਣੇ ਕੁੱਝ ਕਹਿ ਦੇਣ ਵਾਲੇ ਲੋਕ ਹੀ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਸਭ ਤੋਂ ਵੱਡੀ ਸ਼ਰਮ ਵਾਲੀਆਂ ਗੱਲਾਂ ਲੱਗਦੀਆਂ ਹਨ। ਹਾਂ ਇਨ੍ਹਾਂ ਵੱਡੇ ਮਸਲਿਆਂ ਕਰਕੇ ਹੀ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਦੀਆਂ ਬਹੁਤੀਆਂ ਲੜਾਈਆਂ ਅਤੇ ਮਾਰਾ-ਮਾਰੀ ਹੁੰਦੀ ਹੈ। ਕੀ ਨੌਂ ਮਹੀਨੇ ਪੇਟ ‘ਚ ਰੱਖਣ ਵਾਲੀ ਮਾਂ ਨੂੰ ਮਾਰਨਾ, ਮੋਢੇ ਚੁੱਕ ਨਾਨਕੇ ਵਿਖਾਉਣ ਵਾਲੇ ਪਿਤਾ ਦਾ ਕਲੇਜਾ ਪਾੜਨਾ, ਉਗਲ ਫੜ ਤੁਰਨਾ ਸਿਖਾਉਣ ਵਾਲੇ ਦਾਦੇ ਦੀ ਪੁੜਪੁੜੀ ਵਿੰਨ੍ਹ ਸੁੱਟਣੀ, ਗੋਦੀ ਚੁੱਕ ਤੀਆਂ ਤੱਕ ਲੈ ਕੇ ਜਾਣ ਵਾਲੀ ਭੈਣ ਨੂੰ ਭਲੋ ਕੇ ਸਹੁਰੇ ਘਰੋਂ ਲਿਆ ਕੇ ਭੁੰਨ ਸੁੱਟਣਾ ਅਤੇ ਅਣਭੋਲ ਭਾਣਜੀ ਨੂੰ ਲੋਥ ਬਣਾ ਦੇਣਾ ਸ਼ਰਮ ਵਾਲੀਆਂ ਗੱਲਾਂ ਨਹੀਂ ਹਨ।
ਸੰਦੀਪ ਚਾਹੇ ਇਸ ਕਤਲੋਗਾਰਤ ਨੂੰ ਸ਼ਰਮ ਵਾਲੀ ਨਹੀਂ ਸੀ ਮੰਨਦਾ ਇਸੇ ਲਈ ਤਾਂ ਉਸ ਨੇ ਪਿੰਡ ਨੱਥੁਵਾਲ ਸਮੇਤ ਪੂਰੇ ਪੰਜਾਬ ਅਤੇ ਦੁਨੀਆਂ ‘ਚ ਵਸਦੇ ਹਰ ਪੰਜਾਬੀ ਦੇ ਮੱਥੇ ਕਾਲਖ ਮਲ ਦਿੱਤੀ ਹੈ। ਮੇਰੇ ਅਨੁਸਾਰ ਇਹ ਐਨੀ ਸ਼ਰਮ ਵਾਲੀ ਘਟਨਾ ਹੈ, ਜਿਸ ਨੇ ਹਰ ਵਰਗ ਨੂੰ ਸ਼ਰਮਸਾਰ ਕੀਤਾ ਹੈ। ਪਹਿਲੀ ਸ਼ਰਮ ਉਨ੍ਹਾਂ ਮਾਪਿਆਂ ਨੂੰ ਜਿਹੜੇ ਜਿਉਦੇ ਜੀਅ ਆਪਣੇ ਧੀਆਂ-ਪੱਤਾਂ ਦੇ ਦਿਲ ਦੀਆਂ ਗੱਲਾਂ ਹੀ ਨਹੀਂ ਸਮਝ ਸਕਦੇ ਜਾਂ ਪੈਸੇ ਦੀ ਦੌੜ ‘ਚ ਉਨ੍ਹਾਂ ਦੇ ਅੰਦਰਲੇ ਦਰਦ, ਡਰ ਅਤੇ ਫ਼ਜ਼ੂਲ ਸ਼ਰਮਾਂ ਦੇ ਰੇਲਤੇ ਸਿਵੇ ਪਛਾਨਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਦੂਜੀ ਸ਼ਰਮ ਉਨ੍ਹਾਂ ਦੋਸਤਾਂ-ਮਿੱਤਰਾਂ ਨੂੰ ਜਿੰਨ੍ਹਾਂ ‘ਚ ਆਪਣੇ ਜਿਗਰੀ ਯਾਰਾਂ ਨੂੰ ਬੁਰੀਆਂ ਅਲਾਮਤਾਂ ਤੋਂ ਬਚਾ ਲੈਣ ਦੀ ਹਿੰਮਤ ਅਤੇ ਦਲੇਰੀ ਨਹੀਂ ਰਹੀ। ਤੀਜੀ ਸ਼ਰਮ ਉਸ ਭਾਈਚਾਰੇ ਨੂੰ ਜਿਹੜਾ ਹੋਰਨਾਂ ਦੀ ਹੋਣੀ ਦੀ ਉਡੀਕ ਕਰਦੇ ਹੀ ਅੱਖਾਂ ਪਕਾ ਲੈਂਦਾ ਹੈ ਪਰ ਕਿਸੇ ਦੇ ਭਲੇ ਦੀ ਗੱਲ ਤੱਕ ਨਹੀਂ ਸੋਚਦਾ। ਚੌਥੀ ਸ਼ਰਮ ਹੈ ਸਾਡੇ ਸਿੱਖਿਆ ਤੰਤਰ ਨੂੰ ਜਿਸ ਨੇ ਅੱਜ ਤੱਕ ਆਪਣੇ ਸ਼ਗਿਰਦਾਂ ਨੂੰ ਕਦੇ ਜੀਵਨ ਦੇ ਅਸਲੀ ਰੰਗਾਂ ਦੀ ਸੱਤਰੰਗੀ ਪੀਂਘ ਦੇ ਦਰਸ਼ਨ ਨਹੀਂ ਕਰਵਾਏ। ਜੇ ਕਿਸੇ ਜਾਗਦੀ ਰੂਹ ਵਾਲੇ ਗੁਰੂ ਨੇ ਸੰਦੀਪ ਨੂੰ ਦੱਸਿਆ ਹੁੰਦਾ ਕਿ ਬਿਮਾਰੀਆਂ ਲੱਗ ਵੀ ਜਾਂਦੀਆਂ ਨੇ ਤੇ ਠੀਕ ਵੀ ਹੋ ਜਾਂਦੀਆਂ ਨੇ ਜਾਂ ਇਹ ਪੜ੍ਹਾ ਦਿੱਤਾ ਹੁੰਦਾ ਕਿ ਵੰਸ਼ ਦਾ ਨਾਮ ਔਲਾਦਾਂ ਨਾਲ ਅਤੇ ਵੱਡੇ ਪਰਿਵਾਰਾਂ ਨਾਲ ਨਹੀਂ ਚੱਲਦਾ, ਅਸਲੀ ਨਾਮ ਅਤੇ ਵੰਸ਼ ਤਾਂ ਉਨ੍ਹਾਂ ਦੇ ਚੱਲਦੇ ਨੇ ਜੋ ਹੋਰਨਾਂ ਲਈ ਮਾਂ-ਬਾਪ ਤੇ ਚਾਰੇ ਪੁੱਤਰ ਵਾਰਦੇ ਨੇ ਤਾਂ ਸੰਦੀਪ ਕਦੇ ਵੀ ਨੱਥੂਵਾਲ ਨੂੰ ਕਲੰਕਿਤ ਨਾ ਕਰਦਾ।
ਮੇਰੇ ਘਰ ਇੱਕ ਨਿੱਕਾ ਜਿਹਾ ਕੁੱਤਾ ਹੈ। ਜਦੋਂ ਸਵੇਰ ਵਕਤ ਮੈਂ ਘਰ ਦੇ ਬੂਹੇ ਖੋਲ੍ਹਦਾ ਹਾਂ ਤਾਂ ਉਹ ਹਰ ਰੋਜ਼ ਬਾਹਰ ਜਾਣ ਮੌਕੇ ਇੱਕ ਵੱਖਰੇ ਚਾਅ ਦਾ ਪ੍ਰਦਰਸ਼ਨ ਕਰਦਾ ਹੈ। ਕਦੇ ਮੇਰੇ ਪੈਰਾਂ ‘ਚ ਆ ਡਿੱਗਦਾ ਹੈ, ਕਦੇ ਭੱਜ ਕੇ ਖੋਲ੍ਹੇ ਜਾਣ ਵਾਲੇ ਬੂਹੇ ਨੂੰ ਧੱਕਾ ਮਾਰ ਦਿੰਦਾ ਹੈ। ਜਦੋਂ ਮੈਂ ਬੂਹੇ ਦੀ ਕੁੰਡੀ ਖੋਲ੍ਹ ਦਿੰਦਾ ਹਾਂ ਤਾਂ ਉਹ ਪਹਿਲੀ ਵਾਰ ਮੇਲੇ ਜਾਣ ਵਾਲੇ ਬੱਚੇ ਜਿੰਨੇ ਚਾਅ ਨਾਲ ਕਦੇ ਦੂਰ ਭੱਜ ਜਾਂਦਾ ਹੈ ਅਤੇ ਕਦੇ ਮੇਰੇ ਕੋਲ ਆ ਕੇ ਮੇਰੇ ਉੱਪਰ ਦੀ ਚੱਕਰ ਕੱਟ ਜਾਂਦਾ ਹੈ। ਉਹਦਾ ਚਾਅ ਵੇਖ ਕੇ ਮੈਨੂੰ ਅਪਣੇ ਬਚਪਨ ਦੇ ਉਹ ਵੇਲੇ ਯਾਦ ਆ ਜਾਂਦੇ ਨੇ ਜਦੋਂ ਅਸੀਂ ਮਾਪਿਆਂ ਵੱਲੋਂ ਲਿਆ ਕੇ ਦਿੱਤੀ ਜਾਣ ਵਾਲੀ ਹਰ ਚੀਜ਼ ਦਾ ਕਈ ਕਈ ਮਹੀਨੇ ਪਹਿਲਾਂ ਹੀ ਚਾਅ ਮਨਾਉਣ ਲੱਗ ਪੈਂਦੇ ਸਾਂ। ਇਸੇ ਚਾਅ ‘ਚ ਭੱਜੇ ਭੱਜੇ ਹੀ ਅਨੇਕ ਕੰਮ ਕਰ ਦਿੰਦੇ ਸਾਂ। ਨਾਨਕੇ ਜਾਣਾ, ਕਿਸੇ ਨੇ ਹੱਥ ‘ਚ ਝੋਲਾ ਫੜ ਸਾਡੇ ਘਰ ਆਉਣਾ, ਨਵੇਂ ਕੱਪੜਿਆਂ ਦਾ ਮਿਲਣਾ, ਰਿਸ਼ਤੇਦਾਰੀ ‘ਚ ਕਿਸੇ ਵਿਆਹ ਦਾ ਆਉਣਾ, ਨਵੀਆਂ ਕਿਤਾਬਾਂ ਮਿਲਣਾ ਜਾਂ ਮਾਂ ਵੱਲੋਂ ਮੱਠੀਆਂ-ਗੁਲਗੁਲੇ ਬਣਾਉਣੇ ਐਨੇ ਚਾਅ ਵਾਲੇ ਕਾਰਜ ਹੁੰਦੇ ਸੀ ਕਿ ਚਾਅ ਚੁੱਕਿਆ ਹੀ ਨਹੀਂ ਸੀ ਜਾਂਦਾ। ਉਹ ਚਾਅ ਹੀ ਸੀ ਜਿਹੜਾ ਮਾਪਿਆਂ, ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਪਿੰਡ ਦੇ ਹਰ ਕਿਣਕੇ ਨਾਲ ਵੱਖਰੀ ਸਾਂਝ ਬਣਾ ਕੇ ਰੱਖਦਾ ਸੀ। ਜਿਸ ਜ਼ਮਾਨੇ ‘ਚ ਬੱਚਿਆਂ ਨੂੰ ਰੂੰਗੇ ਦਾ ਚਾਅ ਹੁੰਦਾ ਸੀ, ਹਨੇਰੀ ਆਉਣ ਬਾਅਦ ਡਿੱਗੇ ਬੇਰ ਚੁਗਣ ਦਾ ਚਾਅ ਹੁੰਦਾ ਸੀ, ਦਾਦੇ-ਦਾਦੀ ਦੇ ਪੈਰਾਂ ‘ਤੇ ਹੂਟੇ ਲੈਣ ਦਾ ਚਾਅ ਹੁੰਦਾ ਸੀ, ਰੇਲ ਗੱਡੀ ਵੇਖਣ ਦਾ, ਖੇਤ ਕੰਮ ਕਰਦੇ ਕਾਮਿਆਂ ਦੀ ਚਾਹ ਲੈ ਕੇ ਜਾਣ ਦਾ, ਵਿਆਹ ਸ਼ਾਦੀਆਂ ‘ਚ ਇਕੱਠੇ ਕੀਤੇ ਜਾਂਦੇ ਮੰਜੇ ਬਿਸਤਰਿਆਂ ‘ਤੇ ਦਾਤਣ ਵਰਗੀ ਕਲਮ ਅਤੇ ਸਿਆਹੀ ਨਾਲ ਨਾਮ ਲਿਖਣ, ਟੋਭੇ ਨਹਾਉਂਦੀਆਂ ਮੱਝਾਂ ਦੀਆਂ ਪੂੰਛਾਂ ਫੜ ਤਾਰੀਆਂ ਲਗਾਉਣ ਦਾ, ਵਿਆਹ ਵਾਲੇ ਘਰੋਂ ਦੁੱਧ ਵਾਲੇ ਖਾਲੀ ਡੋਲੂ ‘ਚ ਪਾਏ ਗਏ ਲੱਡੂ ਖਾਣ ਦਾ, ਮਿਲਣ ਆਏ ਕਿਸੇ ਰਿਸਤੇਦਾਰ ਦੇ ਸਾਇਕਲ ‘ਤੇ ਅੱਧੀ ਕੈਂਚੀ ‘ਤੇ ਠਾਣੇ (ਝੂਟੇ) ਲੈਣ ਦਾ ਚਾਅ ਹੁੰਦਾ ਸੀ, ਉਹ ਸਾਰੇ ਚਾਅ ਮਰ ਗਏ ਹਨ। ਬਾਲ ਉਮਰ ਦੇ ਇਹ ਨੰਨ੍ਹੇ ਚਾਅ ਮਾਰਨ ਵਾਲਾ ਕੋਈ ਅੰਗਰੇਜ਼, ਡਾਕੂ ਜਾਂ ਕੋਈ ਬਦਮਾਸ਼ ਨਹੀਂ। ਆਪਣੇ ਧੀਆਂ ਪੁੱਤਰਾਂ ਦੇ ਇਹ ਚਾਅ ਅਸੀਂ ਖੁਦ ਮਾਰੇ ਨੇ। ਫੋਕੀ ਸ਼ੋਹਰਤ, ਵੱਡਾ ਦਿਸਣ ਤੇ ਫੋਕੇ ਵਿਖਾਵੇ, ਪੈਸੇ ਦਾ ਮੋਹ, ਵਿਹਲੜਪੁਣੇ ਦਾ ਅਰਾਮ, ਬਹੁਤੀਆਂ ਸਹੂਲਤਾਂ ਦੇ ਯੋਗ ਨਾ ਹੋਣ ਕਾਰਨ ਸਾਡੀ ਕਮ ਅਕਲੀ ਨੇ ਮਾਰ ਦਿੱਤੇ ਨੇ ਸਾਡੇ ਬੱਚਿਆਂ ਦੇ ਸਾਰੇ ਚਾਅ। ਸਾਡੀਆਂ ਗਲਤੀਆਂ ਕਾਰਨ ਜਦੋਂ ਬਾਲ ਉਮਰੇ ਕੋਈ ਜਵਾਨੀ ਦੇ ਅਨੰਦ ਮਾਣ ਲਵੇ, ਜਦੋਂ ਜਵਾਨੀ ਪਹਿਰੇ ਕਿਸੇ ਨੂੰ ਬੁਢਾਪੇ ਦੇ ਫਿਕਰ ਚਿੰਬੜ ਜਾਣ, ਤੰਦਰੁਸਤ ਸਰੀਰਾਂ ਨੂੰ ਨਸ਼ੇ ਦੀ ਲੋੜ ਪੈ ਜਾਵੇ ਤਾਂ ਘਟਨਾ ਨੱਥੂਵਾਲਾ ਗਰਬੀ ਵਰਗੀ ਹੀ ਵਾਪਰੇਗੀ। ਆਓ ਵਿਖਾਵੇ ਦੇ ਫੋਕੇ ਪਹਿਰਾਵੇ ਉਤਾਰ ਕੇ ਮਾੜੇ ਦਿਨ ਆਉਣ ਦੀ ਅਸਲੀ ਜੜ੍ਹ ਫਰੋਲੀਏ, ਰਾਹ ਦਸੇਰੇ ਬਣ ਕੁਰਾਹੇ ਪਿਆਂ ਨੂੰ ਸਿੱਧੇ ਰਾਹ ਤੋਰੀਏ, ਦੂਸਰੇ ਘਰਾਂ ‘ਚ ਬਲਦੀ ਨੂੰ ਬਸੰਤਰ ਦੀ ਥਾਂ ਅੱਗ ਕਹੀਏ। ਪੰਜਾਬ ਦਾ ਭਲਾ ਇਸੇ ‘ਚ ਹੀ ਹੈ। ਜੇ ਪੰਜਾਬ ਵਸੇਗਾ ਤਾਂ ਤੁਸੀਂ, ਤੁਹਾਡਾ ਪਰਿਵਾਰ, ਤੁਹਾਡਾ ਵੰਸ ਵਸੇਗਾ। ਆਓ ਮਰੇ ਹੋਏ ਚਾਵਾਂ ਵਾਲੇ ਬੱਚਿਆਂ ਦੇ ਚਾਅ ਜ਼ਿੰਦਾ ਕਰੀਏ।
ਸੰਪਰਕ: 94172-54517


Comments Off on ਕੁਰਾਹੇ ਪੈ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.