ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਿਸਾਨੀ ਜਨ ਜੀਵਨ ਦੀ ਮਹਿਕ

Posted On August - 14 - 2019

ਸੁਖਦੇਵ ਮਾਦਪੁਰੀ

ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋ-ਸਿੱਥੀਅਨ ਘਰਾਣੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ।
ਜੱਟ ਪੰਜਾਬ ਦੀ ਇਕ ਸਿਰਮੌਰ ਜਾਤੀ ਹੈ। ਇਨ੍ਹਾਂ ਦੀ ਸਰੀਰਿਕ ਬਣਤਰ, ਨਰੋਆ ਤੇ ਤਕੜਾ ਸਰੀਰ, ਗੇਲੀਆਂ ਵਰਗੇ ਜਿਸਮ, ਪਹਾੜਾਂ ਵਰਗਾ ਬੁਲੰਦ ਹੌਸਲਾ, ਦਰਿਆਵਾਂ ਵਰਗੀ ਦਰਿਆਦਿਲੀ, ਸੂਰਮਤਾਈ, ਨਿਡਰਤਾ, ਮਿਹਨਤੀ ਤੇ ਖਾੜਕੂ ਸੁਭਾਅ ਇਨ੍ਹਾਂ ਦੀ ਵਿਲੱਖਣ ਪਛਾਣ ਹੈ। ਇਹ ਨਾ ਕੁਦਰਤੀ ਆਫਤਾਂ ਤੋਂ ਘਬਰਾਉਂਦੇ ਹਨ ਤੇ ਨਾ ਹੀ ਸਮਾਜਿਕ ਵਰਤਾਰਿਆਂ ਤੋਂ। ਇਨ੍ਹਾਂ ਦੀਆਂ ਔਰਤਾਂ ਵੀ ਮਨ ਮੋਹਣੀਆਂ ਹਨ ਜੋ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ ਹਨ।
ਪੰਜਾਬ ਦੇ ਜੱਟ ਭਿੰਨ-ਭਿੰਨ ਕਬੀਲਿਆਂ ਦਾ ਮਿਲਿਆ ਜੁਲਿਆ ਭਾਈਚਾਰਾ ਹੈ। ਜੱਟਾਂ, ਗੁੱਜਰਾਂ, ਰਾਜਪੂਤਾਂ ਅਤੇ ਸੈਣੀਆਂ ਦੇ ਗੋਤ ਸਾਂਝੇ ਹਨ, ਰਸਮ ਰਿਵਾਜ ਸਾਂਝੇ ਹਨ। ਮੰਨਤਾ ਮਨੌਤਾਂ ਸਾਂਝੀਆਂ ਹਨ। ਜੱਟ ਵੱਖ-ਵੱਖ ਧਰਮਾਂ ਵਿਚ ਵੰਡੇ ਹੋਏ ਹਨ। ਸਿੱਖ, ਹਿੰਦੂ, ਮੁਸਲਮਾਨ ਤੇ ਬਿਸ਼ਨੋਈ ਜੱਟ ਆਦਿ, ਪਰ ਇਨ੍ਹਾਂ ਦਾ ਖ਼ੂਨ ਸਾਂਝਾ ਹੈ ਤੇ ਸੱਭਿਆਚਾਰ ਵੀ ਸਾਂਝਾ ਹੈ। ਪੰਜਾਬ ਦਾ ਜੱਟ ਕਦੀ ਵੀ ਕੱਟੜ ਧਰਮੀ ਤੇ ਕੱਟੜ ਪੰਥੀ ਨਹੀਂ ਰਿਹਾ। ਉਹ ਸਾਰੇ ਧਰਮਾਂ ਨੂੰ ਸਤਿਕਾਰਦਾ ਹੈ। ਅੱਜ ਵੀ ਪੰਜਾਬ ਦੇ ਜੱਟ ਸਿੱਖ ਨੈਣਾਂ ਦੇਵੀ ਦੇ ਚਾਲੇ ’ਤੇ ਜਾਂਦੇ ਹਨ, ਹਰਿਦੁਆਰ ਆਪਣੇ ਵਡੇਰਿਆਂ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ, ਪਹੋਏ ਗਤੀ ਕਰਾਉਂਦੇ ਹਨ, ਮੁਸਲਮਾਨ ਪੀਰਾਂ ਫਕੀਰਾਂ ਦੀਆਂ ਦਰਗਾਹਾਂ ’ਤੇ ਜ਼ਿਆਰਤਾਂ ਕਰਦੇ ਹਨ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅੰਮ੍ਰਿਤਸਰ ਦੀ ਵਿਸਾਖੀ, ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਮੁਕਤਸਰ ਦੀ ਮਾਘੀ ਆਦਿ ਇਨ੍ਹਾਂ ਦੇ ਤੀਰਥ ਅਸਥਾਨ ਹਨ।
ਪੰਜਾਬ ਦੇ ਜੱਟਾਂ ਦਾ ਮੁੱਢਲਾ ਜੀਵਨ ਜ਼ੋਖ਼ਮ ਭਰਪੂਰ ਸੀ। ਅਨੇਕਾਂ ਸਦੀਆਂ ਪਹਿਲਾਂ ਉਹ ਦਰਿਆਵਾਂ ਦੇ ਕੰਢਿਆਂ ’ਤੇ ਫਿਰਤੂ ਕਬੀਲਿਆਂ ਦੇ ਰੂਪ ਵਿਚ ਰਹਿੰਦੇ ਸਨ। ਪਸ਼ੂ ਪਾਲਣੇ ਤੇ ਖੇਤੀ ਇਨ੍ਹਾਂ ਦਾ ਮੁੱਖ ਧੰਦਾ ਸੀ। ਇਹ ਜੱਟ ਹੀ ਸਨ ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਜੰਗਲਾਂ ਬੇਲਿਆਂ ਨੂੰ ਸਾਫ਼ ਕਰਕੇ ਜ਼ਮੀਨਾਂ ਵਾਹੀਯੋਗ ਬਣਾਈਆਂ ਤੇ ਪੱਕੇ ਤੌਰ ’ਤੇ ਨਿੱਕੇ-ਨਿੱਕੇ ਪਿੰਡ ਵਸਾ ਕੇ ਉਹ ਜ਼ਮੀਨਾਂ ਅਤੇ ਪਿੰਡਾਂ ਦੇ ਮਾਲਕ ਬਣ ਗਏ। ਗਿਆਰਵੀਂ ਸਦੀ ਦੇ ਆਰੰਭ ਤਕ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿਚ ਫੈਲ ਚੁੱਕੇ ਸਨ। ਰਿਗਵੇਦ, ਮਹਾਂਭਾਰਤ ਅਤੇ ਪੁਰਾਣ ਇਨ੍ਹਾਂ ਦੇ ਪੰਜਾਬ ਵਿਚ ਆਬਾਦ ਹੋਣ ਦੀ ਸ਼ਾਹਦੀ ਭਰਦੇ ਹਨ।

ਸੁਖਦੇਵ ਮਾਦਪੁਰੀ

ਪੰਜਾਬੀ ਜੱਟਾਂ ਨੇ ਬੜੀ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆਂ ਸਨ, ਪਿੰਡ ਵਸਾਏ ਸਨ, ਇਸ ਲਈ ਇਨ੍ਹਾਂ ਦੇ ਰੋਮ-ਰੋਮ ਵਿਚ ਆਪਣੀ ਮਿੱਟੀ ਦਾ ਮੋਹ ਰਮਿਆ ਹੋਇਆ ਹੈ। ਉਹ ਆਪਣੀ ਮਿੱਟੀ ਦੇ ਕਣ-ਕਣ ਨੂੰ ਪਿਆਰ ਕਰਦੇ ਹਨ। ਇਹ ਜੱਟ ਹੀ ਸਨ ਜਿਨ੍ਹਾਂ ਨੇ ਵਿਦੇਸ਼ੀ ਜਰਵਾਣਿਆਂ ਸਿਕੰਦਰ, ਤੈਮੂਰਲੰਗ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਆਦਿ ਹਮਲਾਵਰਾਂ ਦਾ ਮੁਕਾਬਲਾ ਕਰਕੇ ਉਨ੍ਹਾਂ ਦੇ ਛੱਕੇ ਛੁਡਾਏ ਸਨ।
ਆਦਿ ਕਾਲ ਤੋਂ ਹੀ ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪ ਜਾਤੀਆਂ ਇਨ੍ਹਾਂ ਦੇ ਸਹਿਯੋਗੀ ਦੇ ਰੂਪ ਵਿਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੋੜ੍ਹੀਆਂ ਸਨ। ਹਰ ਲੋੜ ਪਿੰਡ ਵਿਚ ਹੀ ਪ੍ਰਾਪਤ ਹੋ ਜਾਂਦੀ ਸੀ। ਜੱਟ ਜ਼ਿਮੀਂਦਾਰ ਫ਼ਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਝਿਊਰ, ਘੁਮਾਰ, ਜੁਲਾਹੇ, ਨਾਈ, ਛੀਂਬੇ, ਪ੍ਰੋਹਤ, ਤੇਲੀ, ਮੀਰਾਸੀ, ਡੂਮ, ਬਾਜ਼ੀਗਰ ਆਦਿ ਉਪ ਜਾਤੀਆਂ ਇਨ੍ਹਾਂ ਦੀ ਖੇਤੀਬਾੜੀ ਅਤੇ ਸਮਾਜਿਕ ਕਾਰਜਾਂ ਵਿਚ ਮਦਦਗਾਰ ਹੁੰਦੀਆਂ ਸਨ। ਇਨ੍ਹਾਂ ਨੂੰ ਸੇਪੀ ਆਖਦੇ ਸਨ। ਇਸ ਮਦਦ ਦੇ ਬਦਲ ਵਿਚ ਜੱਟ ਕਿਸਾਨ ਇਨ੍ਹਾਂ ਨੂੰ ਹਾੜ੍ਹੀ ਸਾਉਣੀ ਆਪਣੀ ਫ਼ਸਲ ਤੋਂ ਪ੍ਰਾਪਤ ਹੋਈ ਜਿਣਸ ਵਿਚੋਂ ਬੰਨ੍ਹਵਾਂ ਹਿੱਸਾ ਸੇਪ ਦੇ ਰੂਪ ਵਿਚ ਦਿੰਦਾ ਸੀ। ਨਕਦ ਪੈਸੇ ਦੇਣ ਦਾ ਰਿਵਾਜ ਨਹੀਂ ਸੀ। ਹਰ ਹਲ਼ ਦੀ ਖੇਤੀ ਅਨੁਸਾਰ ਹਰੇਕ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ ਜਿਵੇਂ ਇਕ ਹਲ਼ ਦੀ ਖੇਤੀ ਕਰਨ ਵਾਲਾ ਕਿਸਾਨ ਤਰਖਾਣ ਨੂੰ ਦੋ ਮਣ ਦਾਣੇ, ਦੋ ਹਲ਼ਾਂ ਵਾਲਾ ਚਾਰ ਮਣ ਦਾਣੇ ਹਾੜ੍ਹੀ ਸਾਉਣੀ ਦਿੰਦਾ ਸੀ। ਤਰਖਾਣ ਲੱਕੜੀ ਦਾ ਕੰਮ ਕਰਦੇ ਸਨ, ਲੁਹਾਰ ਲੋਹੇ ਦੇ ਸੰਦ ਬਣਾਉਂਦੇ, ਘੁਮਾਰ ਭਾਂਡੇ ਤੇ ਘੜੇ ਆਦਿ ਪੱਥਦੇ, ਜੁਲਾਹਿਆਂ ਦਾ ਕੰਮ ਖੱਦਰ ਦਾ ਕੱਪੜਾ ਬੁਣਨਾ ਸੀ। ਛੀਂਬੇ ਕੱਪੜੇ ਲੀੜੇ ਸਿਉਂਦੇ ਸਨ ਤੇ ਝਿਊਰ ਘਰਾਂ ਵਿਚ ਜਾ ਕੇ ਪਾਣੀ ਭਰਦੇ ਸਨ। ਰਵਿਦਾਸੀਆਂ ਦਾ ਕੰਮ ਜੁੱਤੀਆਂ ਸਿਊਣਾ ਤੇ ਮੁਰਦੇ ਪਸ਼ੂ ਚੁੱਕਣਾ ਸੀ। ਬਾਲਮੀਕੀਏ ਗੋਹਾ ਕੂੜਾ ਕਰਦੇ ਸਨ ਤੇ ਜੱਟਾਂ ਨਾਲ ਸਾਂਝੀ ਸੀਰੀ ਰਲਦੇ ਸਨ। ਪਿੰਡ ਦਾ ਪ੍ਰੋਹਤ ਪਿੰਡ ਦਾ ਹਟਵਾਣੀਆਂ ਸੀ ਤੇ ਨਾਲ ਹੀ ਦਵਾਈ ਬੂਟੀ ਦਾ ਆਹੁੜ ਪੁਹੜ ਕਰਨ ਵਾਲਾ ਹਕੀਮ। ਤੇਲੀ ਕੋਹਲੂ ਨਾਲ ਤੇਲ ਕੱਢਦੇ ਸਨ। ਨਾਈ ਵਿਆਹ ਸ਼ਾਦੀਆਂ ਸਮੇਂ ਰਿਸ਼ਤੇਦਾਰੀਆਂ ਵਿਚ ਗੱਠਾਂ ਦੇਣ ਅਤੇ ਘਰਾਂ ਵਿਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ। ਮੀਰਾਸੀ, ਡੂਮ, ਭਰਾਈ ਪੇਂਡੂਆਂ ਦੇ ਮਨੋਰੰਜਨ ਲਈ ਨਕਲਾਂ ਦੇ ਅਖਾੜੇ ਲਾਉਂਦੇ ਅਤੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਸਨ।
ਹਰੇ ਇਨਕਲਾਬ ਤੋਂ ਪਹਿਲਾਂ ਹਾੜ੍ਹੀ ਦੀ ਵਢਾਈ ਸਮੇਂ ਸਾਰੇ ਪਿੰਡ ਦਾ ਹਰ ਵਾਸੀ ਸਰਗਰਮ ਹੋ ਜਾਂਦਾ ਸੀ। ਕਣਕ ਪੰਜਾਬ ਦੀ ਮੁੱਖ ਫ਼ਸਲ ਸੀ। ਕਣਕ ਦੀ ਵਾਢੀ ਸਮੇਂ ਖੇਤਾਂ ’ਚ ਰੌਣਕਾਂ ਲੱਗ ਜਾਣੀਆਂ, ਵਾਢੀਆਂ ਨੇ ਲਲਕਾਰੇ ਮਾਰਨੇ, ਕਿਧਰੇ ਦਾਤੀਆਂ ਦੇ ਦੰਦੇ ਕੱਢਣ ਲਈ ਤਰਖਾਣ ਨੇ ਖੇਤੋਂ ਖੇਤ ਫਿਰਨਾ, ਕਿਧਰੇ ਝਿਊਰ ਨੇ ਪਾਣੀ ਦੀ ਮਸ਼ਕ ਭਰਕੇ ਵਾਢੀ ਕਰਨ ਵਾਲਿਆਂ ਨੂੰ ਓਕ ਨਾਲ ਪਾਣੀ ਪਿਲਾਉਣਾ। ਜੇ ਕਿਸੇ ਜੱਟ ਨੇ ਹਾੜ੍ਹੀ ਵੱਢਣ ਲਈ ਆਵ੍ਹਤ ਲਾਈ ਹੋਣੀ ਤਾਂ ਭਰਾਈ ਨੇ ਢੋਲ ’ਤੇ ਡੱਗਾ ਮਾਰ ਕੇ ਕਣਕ ਵੱਢਦੇ ਜੱਟਾਂ ਦੇ ਹੌਸਲੇ ਬੁਲੰਦ ਕਰਨੇ। ਮੀਰਾਸੀ ਤੇ ਡੂਮ ਵੀ ਖੇਤੀਂ ਪੁੱਜ ਜਾਂਦੇ ਸਨ। ਉਹ ਵੀ ਨਕਲਾਂ ਲਾ ਕੇ ਉਨ੍ਹਾਂ ਦਾ ਥਕੇਵਾਂ ਲਾਹੁੰਦੇ ਸਨ। ਹਰ ਜੱਟ ਨੇ ਝਿਊਰ, ਤਰਖਾਣ, ਘੁਮਾਰ ਤੇ ਹੋਰ ਲਾਗੀ ਤੱਬੀ ਨੂੰ ਥੱਬਾ-ਥੱਬਾ ਭਰ ਕੇ ਕਣਕ ਦੇ ਲਾਣ ਦਾ ਦੇ ਦੇਣਾ। ਇਸ ਤਰ੍ਹਾਂ ਇਹ ਲਾਗੀ ਕਈ-ਕਈ ਭਰੀਆਂ ਹਰ ਰੋਜ਼ ਦੀਆਂ ’ਕੱਠੀਆਂ ਕਰ ਲੈਂਦੇ। ਇੰਜ ਉਹ ਆਪਣੇ ਟੱਬਰ ਦੇ ਗੁਜ਼ਾਰੇ ਜੋਗਾ ਸਾਲ ਭਰ ਦਾ ਅਨਾਜ ’ਕੱਠਾ ਕਰ ਲੈਂਦੇ ਸਨ।
ਸੁਖੀਂ ਸਾਂਦੀ ਵਸਦੇ ਪੰਜਾਬ ਦੇ ਹਰ ਪਿੰਡ ਦੀਆਂ ਖ਼ੁਸ਼ੀਆਂ ਗ਼ਮੀਆਂ ਸਾਂਝੀਆਂ ਸਨ। ਮੇਲੇ ਤਿਉਹਾਰ ਤੇ ਹੋਰ ਰਸਮੋ ਰਿਵਾਜ ਸਾਂਝੇ ਸਨ। ਹਰ ਪਾਸੇ ਮੁਹੱਬਤਾਂ ਦੀ ਲਹਿਰ ਬਹਿਰ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿਚ ਵਿਚਰ ਰਿਹਾ ਸੀ।
ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਪੰਜਾਬ ਦੇ ਪੇਂਡੂ ਜੀਵਨ ਵਿਚ ਢੇਰ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਪੇਂਡੂ ਲੋਕਾਂ ਦੀ ਭਾਈਚਾਰਕ ਸਾਂਝ, ਮੁਹੱਬਤਾਂ, ਲੋਕ ਨਾਚ, ਖੇਡਾਂ, ਲੋਕ ਗੀਤ, ਰਸਮੋਂ ਰਿਵਾਜ ਅਤੇ ਮੇਲੇ ਮੁਸਾਹਵੇ ਪੰਜਾਬੀ ਸੱਭਿਆਚਾਰ ਦੀਆਂ ਰੂੜ੍ਹੀਆਂ ਹਨ, ਇਨ੍ਹਾਂ ਵਿਚ ਪੰਜਾਬੀ ਸੱਭਿਆਚਾਰ ਤੇ ਲੋਕ ਸੰਸਕ੍ਰਿਤੀ ਦੇ ਅੰਸ਼ ਸਮੋਏ ਹੋਏ ਹਨ।
ਪੰਜਾਬ ਦਾ ਲੋਕ ਸਾਹਿਤ ਜੋ ਮੁੱਖ ਰੂਪ ਵਿਚ ਕਿਸਾਨੀ ਲੋਕ ਸਾਹਿਤ ਹੀ ਹੈ, ਜਿਹੜਾ ਪੰਜਾਬੀਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਨ੍ਹਾਂ ਦੀ ਜੀਵਨ ਅਗਵਾਈ ਵੀ ਕਰਦਾ ਰਿਹਾ ਹੈ। ਇਸ ਵਿਚ ਕਿਸਾਨੀ ਜੀਵਨ ਦੇ ਵਿਕਾਸ ਦੀ ਵਿਥਿਆ ਵੀ ਹੈ ਤੇ ਜੀਵਨ ਝਲਕੀਆਂ ਵੀ ਵਿਦਮਾਨ ਹਨ। ਇਸ ਵਿਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਖ਼ੁਸ਼ਬੂ ਹੈ, ਪੰਜਾਬ ਦੀ ਲੋਕ ਆਤਮਾ ਹੈ, ਰੂਹ ਹੈ। ਇਹ ਸਾਡੀ ਵਿਸਰ ਰਹੀ ਅਨਮੋਲ ਵਿਰਾਸਤ ਦਾ ਵੱਡਮੁੱਲਾ ਖ਼ਜ਼ਾਨਾ ਹੈ।

ਸੰਪਰਕ: 94630-34472


Comments Off on ਕਿਸਾਨੀ ਜਨ ਜੀਵਨ ਦੀ ਮਹਿਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.