ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਕਿਸਾਨਾਂ ਲਈ ਸੰਤਬਰ ਦੇ ਪਹਿਲੇ ਪੰਦਰਵਾੜੇ ਦੇ ਕੰਮ

Posted On August - 31 - 2019

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਭਾਦੋਂ ਦੇ ਚੜ੍ਹਦਿਆਂ ਹੀ ਵਰਖਾ ਪੂਰੇ ਜ਼ੋਰ ਨਾਲ ਹੋਈ। ਹਿਮਾਚਲ ਵਿਚ ਹੋਈ ਵਰਖਾ ਨੇ ਪੰਜਾਬ ਵਿਚ ਹੜ੍ਹ ਵਾਲੀ ਸਥਿਤੀ ਬਣਾ ਦਿੱਤੀ ਹੈ। ਇਸ ਦੀ ਮਾਰ ਸਭ ਤੋਂ ਵੱਧ ਕਿਸਾਨਾਂ ਨੂੰ ਹੀ ਝਲਣੀ ਪੈਂਦੀ ਹੈ। ਬਹੁਤੇ ਥਾਵੀਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿਸਾਨ ਦੇ ਹੋਏ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ ਤੇ ਉਹ ਹਾੜ੍ਹੀ ਦੀ ਬਿਜਾਈ ਲਈ ਮੁੜ ਤਿਆਰੀ ਕਰ ਸਕੇ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਕਿਸਾਨਾਂ ਕੋਲ ਇਨ੍ਹਾਂ ਦਿਨਾਂ ਵਿਚ ਕੁਝ ਵਿਹਲ ਹੁੰਦੀ ਹੈ। ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਇਸ ਕਰ ਕੇ ਇਸ ਵਿਹਲ ਦੀ ਵਰਤੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਕਰਨ ਲਈ ਕਰਨੀ ਚਾਹੀਦੀ ਹੈ। ਮੌਸਮੀ ਤਬਦੀਲੀਆਂ ਅਤੇ ਮੰਡੀ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਹੋਇਆਂ ਕੇਵਲ ਇਕ ਹੀ ਫ਼ਸਲ ਦੀ ਬਿਜਾਈ ਨਾ ਕੀਤੀ ਜਾਵੇ ਸਗੋਂ ਫ਼ਸਲਾਂ ਵਿਚ ਕੁਝ ਵਖਰੇਵਾਂ ਕੀਤਾ ਜਾਵੇ। ਕਣਕ ਦੇ ਨਾਲੋ-ਨਾਲ ਕੁਝ ਰਕਬੇ ਵਿਚ ਸਬਜ਼ੀਆਂ, ਹਰਾ ਚਾਰਾ, ਦਾਲਾਂ ਤੇ ਤੇਲ ਬੀਜਾਂ ਦੀ ਵੀ ਕਾਸ਼ਤ ਕੀਤੀ ਜਾਵੇ। ਇਸ ਦੇ ਨਾਲ ਹੀ ਫ਼ਸਲਾਂ ਦੀਆਂ ਬੀਜਣ ਵਾਲੀਆਂ ਕਿਸਮਾਂ ਦਾ ਫ਼ੈਸਲਾ ਵੀ ਹੁਣ ਕਰ ਲੈਣਾ ਚਾਹੀਦਾ ਹੈ। ਇੰਝ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਹੜੀ ਫ਼ਸਲ ਹੇਠ ਕਿੰਨਾ ਰਕਬਾ ਬੀਜਣਾ ਹੈ। ਉਸੇ ਅਨੁਸਾਰ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੀਆਂ ਜਾਣ। ਦੁਕਾਨਦਾਰਾਂ ਦੇ ਆਖੇ ਗ਼ੈਰ-ਪ੍ਰਮਾਣਿਤ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਕਿਸਮਾਂ ਦੀ ਪੂਰੀ ਤਰ੍ਹਾਂ ਪਰਖ ਕਰਨ ਪਿਛੋਂ ਹੀ ਕਾਸ਼ਤ ਲਈ ਉਨ੍ਹਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਫ਼ਲਦਾਰ ਬੂਟੇ ਜੇ ਬੂਟੇ ਨਹੀਂ ਲਗਾਏ ਤਾਂ ਇਹ ਅਜੇ ਵੀ ਲਗਾਏ ਜਾ ਸਕਦੇ ਹਨ। ਸਦਾਬਹਾਰ ਬੂਟਿਆਂ ਵਿਚ ਕਿਨੂੰ, ਲੀਚੀ, ਅਮਰੂਦ, ਬੇਰ, ਨਿੰਬੂ, ਆਂਵਲਾ ਪ੍ਰਮੁੱਖ ਹਨ। ਆਪਣੀ ਬੰਬੀ ਲਾਗੇ ਦੋ ਚਾਰ ਫ਼ਲਾਂ ਦੇ ਬੂਟੇ ਜ਼ਰੂਰ ਲਗਾਏ ਜਾਣ। ਲੀਚੀ ਅਤੇ ਚੀਕੂ ਦੇ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਹੈ। ਗੁਰਦਾਸਪੁਰ ਅਤੇ ਪਠਾਨਕੋਟ ਇਨ੍ਹਾਂ ਦੀ ਕਾਸ਼ਤ ਲਈ ਢੁਕਵੇਂ ਇਲਾਕੇ ਹਨ। ਪਰ ਘਰ ਬਗ਼ੀਚੀ ਵਿਚ ਤਾਂ ਇੱਕ ਬੂਟਾ ਹਰ ਥਾਂ ਹੀ ਲਗਾਇਆ ਜਾ ਸਕਦਾ ਹੈ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੀਚੀ ਦੀਆਂ ਅਤੇ ਕਾਲੀ ਪੱਤੀ ਤੇ ਕ੍ਰਿਕਟ ਬਾਲ ਚੀਕੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬੂਟੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਜਾਂ ਸਰਕਾਰੀ ਨਰਸਰੀ ਤੋਂ ਲੈਣੇ ਚਾਹੀਦੇ ਹਨ। ਇਹ ਸਿਫ਼ਾਰਸ਼ ਕੀਤੀ ਕਿਸਮ ਦੇ ਰੋਗ ਰਹਿਤ ਤੇ ਢੁਕਵੀਂ ਉਮਰ ਦੇ ਹੋਣੇ ਚਾਹੀਦੇ ਹਨ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਲੋਂ ਇਸ ਮਹੀਨੇ ਕਿਸਾਨ ਮੇਲੇ ਲਗਾਏ ਜਾਂਦੇ ਹਨ। ਜੇ ਲੁਧਿਆਣੇ ਨਹੀਂ ਤਾਂ ਆਪਣੇ ਨੇੜੇ ਤੇ ਮੇਲੇ ਵਿਚ ਜ਼ਰੂਰ ਜਾਵੋ। ਲੁਧਿਆਣੇ ਦਾ ਮੇਲਾ 20-21 ਸਤੰਬਰ ਨੂੰ ਹੋਵੇਗਾ। ਪਹਿਲਾ ਮੇਲਾ 10 ਸਤੰਬਰ ਨੂੰ ਬੁਲੋਵਾਲ ਸੋਂਕੜੀ ਤੇ ਨਾਗਕਲਾਂ ਵਿਚ ਹੋਵੇਗਾ। ਰੌਣੀ ਪਟਿਆਲਾ 13 ਸਤੰਬਰ, ਗੁਰਦਾਸਪੁਰ ਅਤੇ ਫ਼ਰੀਦਕੋਟ 17 ਸਤੰਬਰ ਤੇ ਆਖ਼ਰੀ ਮੇਲਾ ਬਠਿੰਡਾ ਵਿਚ 26 ਸਤੰਬਰ ਨੂੰ ਹੋਵੇਗਾ। ਨਵਾਂ ਗਿਆਨ ਪ੍ਰਾਪਤ ਕਰੋ। ਤੁਸੀਂ ਇਨ੍ਹਾਂ ਮੇਲਿਆਂ ਵਿਚੋਂ ਫ਼ਲਦਾਰ ਬੂਟੇ, ਫ਼ਸਲਾਂ ਅਤੇ ਸਬਜ਼ੀਆਂ ਦੇ ਬੀਜ ਵੀ ਖ਼ਰੀਦ ਸਕਦੇ ਹੋ। ਖਾਦਾਂ ਦਾ ਪ੍ਰਬੰਧ ਵੀ ਹੁਣ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਸਮੇਂ ਕੋਈ ਦਿੱਕਤ ਨਾ ਆਵੇ। ਅਸੀਂ ਤੁਹਾਨੂੰ ਵਾਰ-ਵਾਰ ਅਪੀਲ ਕਰਦੇ ਰਹਿੰਦੇ ਹਾਂ ਕਿ ਆਪਣੀ ਬੰਬੀ ਤੇ ਪੰਜ ਰੁੱਖ ਜ਼ਰੂਰ ਲਗਾਵੋ। ਇਨ੍ਹਾਂ ਪੰਜਾਂ ਰੁੱਖਾਂ ਵਿਚ ਤਿੰਨ ਫ਼ਲਦਾਰ ਤੇ ਦੋ ਛਾਂਦਾਰ ਰੁਖ ਸ਼ਾਮਲ ਕਰੋ। ਨਿੰਬੂ, ਅਮਰੂਦ, ਅੰਬ ਜਾਂ ਬੇਰ ਦੇ ਫ਼ਲਦਾਰ ਬੂਟੇ ਲਗਾਏ ਜਾ ਸਦਕੇ ਹਨ।
ਵੇਲੇ ਸਿਰ ਬੀਜੀਆਂ ਸਾਉਣੀ ਦੀਆਂ ਫ਼ਸਲਾਂ ਇਸ ਮਹੀਨੇ ਪੱਕਣ ਲੱਗਦੀਆਂ ਹਨ। ਜੇ ਮੀਂਹ ਨਹੀਂ ਪਿਆ ਤਾਂ ਫ਼ਸਲ ਨੂੰ ਆਖ਼ਰੀ ਪਾਣੀ ਕਟਾਈ ਤੋਂ ਕੋਈ 15 ਦਿਨ ਪਹਿਲਾਂ ਦੇ ਦੇਣਾ ਚਾਹੀਦਾ ਹੈ। ਫ਼ਸਲਾਂ ਦੀ ਕਟਾਈ ਤੇ ਗਹਾਈ ਸਮੇਂ ਸਿਰ ਕਰੋ।
ਸਾਡੇ ਦੇਸ਼ ਵਿਚ ਤੇਲ ਬੀਜਾਂ ਦੀ ਬਹੁਤ ਘਾਟ ਹੈ। ਇਸ ਕਰ ਕੇ ਇਨ੍ਹਾਂ ਦੀ ਵਿਕਰੀ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਹੁਣ ਤੋਰੀਏ ਦੀ ਬਿਜਾਈ ਕੀਤੀ ਜਾ ਸਕਦੀ ਹੈ। ਤੋਰੀਆ ਕੇਵਲ ਤਿੰਨ ਮਹੀਨਿਆਂ ਦੀ ਫ਼ਸਲ ਹੈ ਤੇ ਇਕ ਏਕੜ ਵਿਚੋਂ ਪੰਜ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਤੋਰੀਆ ਦਸੰਬਰ ਵਿਚ ਤਿਆਰ ਹੋ ਜਾਂਦਾ ਹੈ। ਇਸ ਪਿੱਛੋਂ ਖੇਤ ਵਿਚ ਪਿਆਜ਼, ਆਲੂ ਜਾਂ ਸੂਰਜਮੁਖੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਟੀ ਐਲ 17, ਅਤੇ ਟੀ ਐਲ 15 ਸਿਫ਼ਾਰਸ਼ ਕੀਤੀਆਂ ਤੋਰੀਏ ਦੀਆਂ ਕਿਸਮਾਂ ਹਨ। ਤੋਰੀਏ ਲਈ ਡੇਢ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫਾਸਲਾ ਰੱਖੋ। ਆਮ ਖੇਤਾਂ ਵਿਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਸ ਪ੍ਰਤੀ ਏਕੜ ਪਾਵੋ। ਜੇ ਕੋਈ ਖੇਤ ਵਿਹਲਾ ਹੈ ਤਾਂ ਤੋਰੀਆ ਜ਼ਰੂਰ ਬੀਜੋ।
ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਮੌਸਮ ਚੱਲ ਰਿਹਾ ਹੈ। ਫ਼ੁਲ ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸੇ ਤਰ੍ਹਾਂ ਬੰਦਗੋਭੀ ਦੀ ਪਨੀਰੀ ਵੀ ਹੁਣ ਲਗਾ ਦੇਣੀ ਚਾਹੀਦੀ ਹੈ। ਗਾਜਰ, ਮੂਲੀ ਤੇ ਸ਼ਲਗਮ ਦੀ ਅਗੇਤੀ ਬਿਜਾਈ ਲਈ ਵੀ ਢੁਕਵਾਂ ਸਮਾਂ ਹੈ। ਪੰਜਾਰ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ ਸੀ- 34 ਗਾਰਜ ਦੀਆਂ ਉੱਨਤ ਕਿਸਮਾਂ ਹਨ। ਐਲ-1 ਸ਼ਲਗਮ ਦੀ ਸਿਫ਼ਰਸ਼ ਕੀਤੀ ਕਿਸਮ ਹੈ। ਮੂਲੀ ਦੀਆਂ ਹੁਣ ਪੰਜਾਬਸਫ਼ੈਦ ਮੂਲੀ-2, ਪੰਜਾਬ ਪਸੰਦ ਅਤੇ ਜਾਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪਾਲਕ ਦੀ ਖੇਤੀ ਲਗਭਗ ਸਾਰਾ ਸਾਲ ਹੀ ਹੁੰਦੀ ਰਹਿੰਦੀ ਹੈ। ਨਵੀਂ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਉੱਨਤ ਕਿਸਮ ਹੈ। ਇਕ ਏਕੜ ਲਈ ਕੋਈ ਪੰਜ ਕਿਲੋ ਬੀਜ ਚਾਹੀਦਾ ਹੈ। ਚੀਨੀ ਗੋਭੀ ਅਤੇ ਬਰੌਕਲੀ ਦੀ ਪਨੀਰੀ ਬੀਜਣ ਦਾ ਵੀ ਹੁਣ ਢੁੱਕਵਾਂ ਸਮਾਂ ਹੈ ਸਾਗ ਸਰਸੋਂ ਅਤੇ ਚੀਨੀ ਸਰ੍ਹੋਂ ਚੀਨੀ ਗੋਭੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਦੇ ਪੱਤੇ ਸਾਗ ਲਈ ਵਰਤੇ ਜਾਂਦੇ ਹਨ। ਇਹ 6-7 ਕਟਾਈਆਂ ਦੇ ਦਿੰਦੀ ਹੈ। ਪਾਲਮ ਸਮਰਿਧੀ ਅਤੇ ਪੰਜਾਬ ਬਰੌਕਲੀ- 1 ਬਰੌਕਲੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਰੌਕਲੀ ਵਿਚ ਬਹੁਤ ਖ਼ੁਰਾਕੀ ਤੱਤ ਹੁੰਦੇ ਹਨ। ਇਸ ਦੀ ਵਰਤੋਂ ਸਲਾਦ ਜਾਂ ਸਬਜ਼ੀ ਲਈ ਕੀਤੀ ਜਾਂਦੀ ਹੈ।
ਅਗੇਤੀ ਮੱਕੀ ਤੇ ਦਾਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੀ ਸਮੇਂ ਸਿਰ ਸਾਂਭ ਸੰਭਾਲ ਜ਼ਰੂਰੀ ਹੈ। ਮੱਕੀ ਨੂੰ ਮੰਡੀ ਵਿਚ ਸੁਕਾ ਕੇ ਵੇਚਣਾ ਚਾਹੀਦਾ ਹੈ। ਅਜਿਹਾ ਕੀਤਿਆਂ ਵਿਕਰੀ ਛੇਤੀ ਹੋ ਜਾਂਦੀ ਹੈ। ਦਾਲਾਂ ਦੀ ਵਿਕਰੀ ਤਾਂ ਆਪ ਸਿੱਧੀ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਵਧ ਪੈਸੇ ਵੱਟੇ ਜਾ ਸਕਣ। ਖਾਲੀ ਹੋ ਰਹੇ ਖੇਤਾਂ ਦੀ ਵਹਾਈ ਕਰੋ। ਨਾੜ ਨੂੰ ਖੇਤ ਦੇ ਵਿਚ ਹੀ ਵਾਹ ਦੇਣਾ ਚਾਹੀਦਾ ਹੈ। ਇਨ੍ਹਾਂ ਖੇਤਾਂ ਵਿਚ ਸਬਜ਼ੀਆਂ, ਆਲੂ ਜਾਂ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਆਲੂਆਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ।


Comments Off on ਕਿਸਾਨਾਂ ਲਈ ਸੰਤਬਰ ਦੇ ਪਹਿਲੇ ਪੰਦਰਵਾੜੇ ਦੇ ਕੰਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.