ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਕਿਰਨਜੀਤ ਕੌਰ ਘੋਲ: ਜਿੱਥੇ ਜਬਰ, ਉੱਥੇ ਟੱਕਰ

Posted On August - 12 - 2019

ਅੱਜ ਬਰਸੀ ਮੌਕੇ

ਨਰਾਇਣ ਦੱਤ
ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਨੂੰ 22 ਸਾਲ ਬੀਤ ਗਏ ਹਨ। 29 ਜੁਲਾਈ 1997 ਨੂੰ ਕਾਲਜ ਤੋਂ ਪਰਤਦਿਆਂ ਸਮੂਹਿਕ ਜਬਰ-ਜਨਾਹ ਉਪਰੰਤ ਉਸ ਨੂੰ ਕਤਲ ਕਰ ਕੇ ਲਾਸ਼ ਖੇਤਾਂ ਵਿਚ ਦੱਬ ਦਿੱਤੀ ਗਈ ਸੀ। ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਮਹਿਲ ਕਲਾਂ ਇਲਾਕੇ ਦੇ ਸਿਆਸੀ ਰਸੂਖ ਰੱਖਣ ਵਾਲੇ ਘਰਾਣੇ ਨਾਲ ਵਾਬਸਤਾ ਸਨ। ਮਹਿਲ ਕਲਾਂ ਵਿਚ ਸਰਗਰਮ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਐਕਸ਼ਨ ਕਮੇਟੀ ਬਣਾ ਕੇ ਮਾਮਲੇ ਦੀ ਤਹਿ ਤੱਕ ਜਾਣ ਅਤੇ ਹਾਸਲ ਹੋਏ ਤੱਥਾਂ ਤੋਂ ਇਹ ਗੱਲ ਸਾਫ਼ ਹੋ ਗਈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੌਣ ਹਨ। ਇਸ ਸ਼ਾਨਾਮੱਤੇ ਸੰਘਰਸ਼ ਕਰਕੇ ਜਿੱਥੇ ਕਿਰਨਜੀਤ ਕੌਰ ਦੇ ਦੋਖੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਉਮਰ ਕੈਦ ਵਰਗੀਆਂ ਮਿਸਾਲੀ ਸਜ਼ਾਵਾਂ ਦਿਵਾਈਆਂ, ਉੱਥੇ ਪੰਜਾਬ ਅੰਦਰ ਜਬਰ-ਜ਼ੁਲਮ ਖ਼ਿਲਾਫ਼ ਲੜਨ ਦੀ ਸਾਂਝੀ ਸ਼ਾਨਦਾਰ ਪਿਰਤ ਹੋਰ ਬੁਲੰਦ ਕੀਤੀ।
ਨਿਰੰਤਰ 22 ਵਰ੍ਹਿਆਂ ਤੋਂ ਪੰਜਾਬ ਭਰ ਦੇ ਲੋਕ ਕਿਰਨਜੀਤ ਕੌਰ ਦੀ ਯਾਦ ਵਿਚ ਮਹਿਲ ਕਲਾਂ ਦੀ ਧਰਤੀ ਤੇ ਇਕੱਠੇ ਹੁੰਦੇ ਹਨ। ਉਹ ਵਰਤਮਾਨ ਸਮੇਂ ਵਿਚ ਸਮਾਜ ਦੇ ਸਭ ਤੋਂ ਵੱਧ ਪੀੜਤ ਔਰਤ ਵਰਗ ਦੀ ਦੁਰਦਸ਼ਾ ਅਤੇ ਔਰਤ ਮੁਕਤੀ ਦੇ ਗੰਭੀਰ ਸਵਾਲ ਉੱਤੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ-ਚਰਚਾ ਕਰਨ ਆਉਂਦੇ ਹਨ। ਮਹਿਲ ਕਲਾਂ ਦੀ ਧਰਤੀ ਨੇ ਮਾਸੂਮ ਬੱਚੀ ਨਾਲ ਹੋਈ ਵਧੀਕੀ ਖ਼ਿਲਾਫ਼ ਅਗਸਤ 1997 ਤੋਂ ਲੈ ਕੇ ਹੁਣ ਤੱਕ ਇਤਿਹਾਸ ਸਿਰਜਿਆ ਹੈ।
ਇਸ ਦਰਦਨਾਕ ਘਟਨਾ ਖ਼ਿਲਾਫ਼ ਐਕਸ਼ਨ ਕਮੇਟੀ ਨੇ ਕੇਸ ਦੀ ਲਗਾਤਾਰ ਜਨਤਕ ਤੇ ਕਾਨੂੰਨੀ ਪੈਰਵਾਈ ਨੇ ਮਹਿਲ ਕਲਾਂ/ਬਰਨਾਲਾ ਇਲਾਕੇ ਦੇ ਲੋਕਾਂ ਵਿਚ ਇਸ ਸੁਚੱਜੀ ਦਲੇਰ ਅਗਵਾਈ ਅਤੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਨੇ ਨਵੀਆਂ ਪੈੜਾਂ ਪਾਈਆਂ। ਇਹੀ ਕਾਰਨ ਕਿ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਵਿਰੋਧੀ ਧਿਰ ਨੇ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕਤਲ ਕੇਸ ਵਿਚ ਫਸਾਉਣ ਅਤੇ 28/30 ਮਾਰਚ 2005 ਨੂੰ ਝੂਠੀਆਂ ਗਵਾਹੀਆਂ ਦੇ ਆਧਾਰ ਤੇ ਬਰਨਾਲਾ ਸੈਸ਼ਨ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਤਹਿਤ ਬਠਿੰਡਾ ਜੇਲ੍ਹ ਵਿਚ ਡੱਕ ਦੇਣ ਦੇ ਬਾਵਜੂਦ, ਮਹਿਲ ਕਲਾਂ ਦੀ ਧਰਤੀ ਝੁਕੀ ਨਹੀਂ ਸਗੋਂ ਇਨ੍ਹਾਂ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ 19 ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਹਾਕਮਾਂ ਨੂੰ ਵਖਤ ਪਾਈ ਰੱਖਿਆ।
ਇਨ੍ਹਾਂ ਸੰਘਰਸ਼ਸੀਲ ਜਥੇਬੰਦੀਆਂ ਅਤੇ ਲੋਕਾਂ ਲਈ ਕਿਰਨਜੀਤ ਕੌਰ ਦੀ ਬਰਸੀ ਮਨਾਉਣਾ ਮਹਿਜ਼ ਰਸਮ ਪੂਰਤੀ ਨਹੀਂ ਬਲਕਿ ਦੇਸ਼ ਦੁਨੀਆ ਵਿਚ ਔਰਤਾਂ ਉੱੱਤੇ ਹੁੰਦੇ ਜਬਰ-ਜ਼ੁਲਮ ਖ਼ਿਲਾਫ਼ ਜਥੇਬੰਦਕ ਰੋਹ ਦੀ ਆਵਾਜ਼ ਖੜ੍ਹੀ ਕਰਨ ਦਾ ਬਲ ਤੇ ਪ੍ਰੇਰਨਾ ਪੈਦਾ ਕਰਨ ਦਾ ਪ੍ਰਤੀਕ ਹੈ। ਇਹ ਲੋਕ ਘੋਲ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣਿਆ ਰਹੇਗਾ। ਦੂਜੇ ਪਾਸੇ ਹਾਕਮ ਜਮਾਤਾਂ ਵੱਲੋਂ ਲੋਕ ਲਹਿਰਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ‘ਸਬਕ’ ਸਿਖਾਉਣ ਅਤੇ ਲੋਕ ਲਹਿਰ ਨੂੰ ਆਗੂ ਰਹਿਤ ਕਰਨ ਲਈ ਸੁੱਟੀ ਚੁਣੌਤੀ ਨੂੰ ਵੰਗਾਰਨ ਲਈ ਮਹਿਲ ਕਲਾਂ ਘੋਲ ਦੀ ਯਾਦ ਮਨਾਉਣਾ ਜ਼ਰੂਰੀ ਹੈ।
ਔਰਤਾਂ ਉਪਰ ਹੋ ਰਹੇ ਅਤਿਆਚਾਰਾਂ ਖ਼ਿਲਾਫ਼ ਅਜਿਹੀ ਲੋਕ ਲਹਿਰ ਖੜ੍ਹੀ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅੱਜ ਵੀ ਔਰਤ ਅੱਤਿਆਚਾਰ, ਛੇੜ-ਛਾੜ, ਬਲਾਤਕਾਰ, ਘਰੇਲੂ ਹਿੰਸਾ, ਜਿਨਸੀ ਹਿੰਸਾ, ਕੁੱਟਮਾਰ, ਗਾਲ਼ੀ-ਗਲੋਚ, ਕਤਲ, ਬਾਲ ਵਿਆਹ, ਕੁਪੋਸ਼ਣ, ਅਗਵਾ, ਲਿੰਗਕ ਵਖਰੇਵੇਂ, ਨਸਲੀ ਭੇਦਭਾਵ, ਜਾਤੀ-ਪਾਤੀ ਵਿਤਕਰਾ, ਦਾਜ, ਤੇਜ਼ਾਬੀ ਹਮਲਿਆਂ, ਵੇਸਵਾਗਮਨੀ, ਅਣਖ ਲਈ ਕਤਲ, ਪ੍ਰੇਮ ਵਿਆਹ ਦੀ ਮਨਾਹੀ, ਭੋਗ-ਵਿਲਾਸ ਦੀ ਵਸਤੂ ਸਮਝਣ ਆਦਿ ਦੇ ਦਾਬੂ ਮਹੌਲ ਹੇਠ ਸਹਿਕ ਰਹੀ ਹੈ। ਪਿਤਾ-ਪੁਰਖੀ ਦਾਬਾ ਤੇ ਮਰਦ ਪ੍ਰਧਾਨਤਾ ਵਰਗੇ ਮੱਧਯੁੱਗੀ ਪ੍ਰੇਤ ਅੱਜ ਵੀ ਉਸ ਦੇ ਪਿੱਛੇ ਪਏ ਹੋਏ ਹਨ।
ਮਹਿਲ ਕਲਾਂ ਦੇ ਇਸ ਸੰਘਰਸ਼ ਦੀ ਦਾਸਤਾਨ ਨੂੰ ਫਿਲਮਸਾਜ਼ਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਕਲਾਕਾਰਾਂ ਨੇ ਆਪੋ-ਆਪਣੀ ਕਲਾ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤਾ। ਕਿਰਨਜੀਤ ਕੌਰ ਜਿਸ ਦਲੇਰੀ ਨਾਲ ਗੁੰਡਿਆਂ ਨਾਲ ਭਿੜਦੀ ਕੁਰਬਾਨ ਹੋ ਗਈ, ਔਰਤ ਪ੍ਰਤੀ ਸਿਆਸੀ ਸਮਾਜਿਕ ਰਵੱਈਏ ਦੇ ਜਿਸ ਤਰ੍ਹਾਂ ਉਸ ਦੀ ਕੁਰਬਾਨੀ ਨੇ ਪਰਖਚੇ ਉਡਾਏ, ਜਿਵੇਂ ਕਿਰਨਜੀਤ ਔਰਤ ਮੁਕਤੀ ਲਈ ਸੰਘਰਸ਼ ਦੀ ਪ੍ਰਤੀਕ ਬਣ ਗਈ, ਇਨ੍ਹਾਂ ਸਾਰੇ ਪੱਖਾਂ ਨੂੰ ਬਖ਼ੂਬੀ ਉਘਾੜਿਆ।
ਦੋ ਦਹਾਕੇ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਤੇ ਵੀ ਇਹ ਸੰਘਰਸ਼ ਬਦਸਤੂਰ ਜਾਰੀ ਹੈ। ਇਹ ਜਬਰ ਤੇ ਇਨਸਾਫ਼ ਵਿਚਕਾਰ ਲਕੀਰ ਖਿਚਵੀਂ ਲੜਾਈ ਹੈ। ਇਸ ਸੰਘਰਸ਼ ਨੇ ਜਿੱਥੇ ਕਈ ਅਹਿਮ ਸਬਕ ਦਿੱਤੇ ਹਨ, ਉਥੇ ਇਸ ਨੂੰ ਅਜੇ ਵੀ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਜ਼ਰੂਰੀ ਸਬਕਾਂ ਵਿਚੋਂ ਸਿਰਕੱਢ ਇਹ ਹੈ ਕਿ ਜਿੱਥੇ ਜਬਰ ਹੈ, ਉੱਥੇ ਟੱਕਰ ਵੀ ਹੈ। ਇਸ ਘੋਲ ਦੇ ਤਜਰਬੇ ਨੇ ਸਾਂਝੇ ਘੋਲ ਲੜਨ ਅਤੇ ਚੁਣੌਤੀਆਂ ਸੰਗ ਭਿੜਨ ਦੀ ਭਾਵਨਾ ਦਾ ਹਕੀਕੀ ਸੰਚਾਰ ਕੀਤਾ ਹੈ। ਕਿਰਨਜੀਤ ਅੱਜ ਔਰਤਾਂ ਲਈ ਲੁੱਟ/ਜਬਰ ਖ਼ਿਲਾਫ਼ ਸੰਘਰਸ਼ ਦਾ ਪ੍ਰਤੀਕ ਬਣ ਕੇ ਜੀਅ ਰਹੀ ਹੈ। ਅੱਜ ਵੀ ਅਣਖ-ਆਬਰੂ ਤੇ ਸਵੈਮਾਣ ਦੇ ਰਖਵਾਲੇ ਹਜ਼ਾਰਾਂ ਮਿਹਨਤਕਸ਼ ਲੋਕ ਪੰਜਾਬ ਭਰ ਵਿਚੋਂ ਕਾਫ਼ਲੇ ਬੰਨ੍ਹ ਕੇ, ਲੁੱਟ-ਜਬਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਹਰ ਸਾਲ ਮਹਿਲ ਕਲਾਂ ਦੀ ਧਰਤੀ ਨੂੰ ਸਲਾਮ ਕਰਨ ਆਉਂਦੇ ਹਨ।
ਸੰਘਰਸ਼ ਦੀਆਂ ਇਨ੍ਹਾਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਚੁਣੌਤੀਆਂ ਵੱਡੀਆਂ ਤੇ ਵਿਕਰਾਲ ਹਨ। ਲੜਾਈ ਲੰਮੀ ਹੈ ਜੋ ਮੌਜੂਦਾ ਲੋਕ ਦੋਖੀ ਢਾਂਚੇ ਨੂੰ ਮੁੱਢੋਂ ਤਬਦੀਲ ਕਰਨ ਨਾਲ ਜੁੜੀ ਹੋਈ ਹੈ। ਕਿਰਨਜੀਤ ਕਤਲ ਕਾਂਡ ਨਾ ਤਾਂ ਪਹਿਲਾ ਕਤਲ ਕਾਂਡ ਹੈ ਅਤੇ ਨਾ ਹੀ ਆਖ਼ਿਰੀ ਪਰ ਸਾਡੇ ਲਈ ਜਾਣਨ ਤੇ ਮਾਣਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੰਘਰਸ਼ ਨੇ ਦਰੁਸਤ ਸਾਂਝੇ ਜਬਰ ਵਿਰੋਧੀ ਘੋਲਾਂ ਦੀ ਬੁਨਿਆਦ ਰੱਖੀ। ਇਸ ਤੋਂ ਬਾਅਦ ਬਰੇਟਾ ਦਾ ਪਿੰਕੀ ਕਾਂਡ, ਫਰੀਦਕੋਟ ਦਾ ਸ਼ਰੂਤੀ ਕਾਂਡ, ਦਿੱਲੀ ਦਾ ਦਾਮਨੀ ਕਾਂਡ, ਗੰਧੜ ਬਲਾਤਕਾਰ ਕਾਂਡ, ਮੋਗਾ ਔਰਬਿਟ ਕਾਂਡ, ਕਠੂਆ ਕਾਂਡ, ਉਨਾਓ ਕਾਂਡ ਵਿਚ ਲੋਕ ਘਰਾਂ ਦੀਆਂ ਤੰਗ ਵਲਗਣਾਂ ਵਿਚੋਂ ਬਾਹਰ ਨਿਕਲ ਕੇ ਸਾਂਝੇ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰੇ।
ਔਰਬਿਟ ਬੱਸ ਕਾਂਡ ਦੀ ਅਗਵਾਈ ਕਰਨ ਵਾਲੇ ਨੌਜਵਾਨ-ਵਿਦਿਆਰਥੀ ਦੋ ਮਹੀਨੇ ਤੋਂ ਵੀ ਵੱਧ ਸਮਾਂ ਜੇਲ੍ਹ ਦੀਆਂ ਸੀਖਾਂ ਪਿੱਛੇ ਰਹੇ। ਕਿਰਨਜੀਤ ਕਤਲ ਕਾਂਡ ਦੀ ਅਗਵਾਈ ਕਰ ਰਹੇ ਤਿੰਨ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਖ਼ਿਲਾਫ਼ ਚੱਲੇ ਲੰਮੇ ਸੰਘਰਸ਼ ਤੋਂ ਬਾਅਦ ਹਾਈਕੋਰਟ ਨੇ ਦੋ ਆਗੂਆਂ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਸਜ਼ਾ ਰੱਦ ਕਰ ਦਿੱਤੀ ਪਰ ਤੀਜੇ ਆਗੂ ਮਨਜੀਤ ਧਨੇਰ ਦੀ ਸਜ਼ਾ ਅਜੇ ਬਰਕਰਾਰ ਹੈ। ਮਨਜੀਤ ਧਨੇਰ ਵਾਲਾ ਅਤਿ ਸੰਵੇਦਨਸ਼ੀਲ ਮਾਮਲਾ ਹੁਣ ਅੰਤਿਮ ਪੜਾਅ ਵਿਚ ਪੁੱਜ ਗਿਆ ਹੈ। ਸੁਪਰੀਮ ਕੋਰਟ ਵਿਚ ਅਪੀਲ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ, ਸਿਰਫ ਜੱਜਾਂ ਦਾ ਫੈਸਲਾ ਬਾਕੀ ਹੈ। ਫੈਸਲਾ ਕੁੱਝ ਵੀ ਹੋਵੇ, ਸਭ ਨੂੰ ਵਡੇਰੇ ਭਵਿੱਖੀ ਕਾਰਜਾਂ ਨਾਲ ਦੋ ਹੱਥ ਕਰਨ ਲਈ ਹੋਰ ਵਧੇਰੇ ਚੇਤੰਨ ਤੌਰ ਹੋ ਕੇ ਤਿਆਰ ਰਹਿਣਾ ਪਵੇਗਾ। ਦੂਜੇ ਪਾਸੇ, ਨਿਹੱਕੀ ਉਮਰ ਕੈਦ ਖਤਮ ਕਰਨ ਵਾਲੇ ਕੇਸ ਦੀ ਫਾਈਲ ਪੰਜਾਬ ਸਰਕਾਰ ਅਤੇ ਗਵਰਨਰ ਦੇ ਦਫ਼ਤਰਾਂ ਦੀ 8 ਸਾਲ ਤੋਂ ਵੀ ਵਧੇਰੇ ਅਰਸੇ ਤੋਂ ਧੂੜ ਫੱਕ ਰਹੀ ਹੈ। ਇਸੇ ਸਰਕਾਰ ਅਤੇ ਗਵਰਨਰ ਨੇ ਲੋਕਾਂ ਦੇ ਖੂਨ ਨਾਲ ਰੰਗੇ ਹੱਥਾਂ ਵਾਲੇ ਪੁਲੀਸ ਅਧਿਕਾਰੀਆਂ ਦੀ ਸਜ਼ਾ ਮੁਆਫ਼ ਕਰਨ ਵਿਚ ਰੱਤੀ ਭਰ ਵੀ ਦੇਰ ਨਹੀਂ ਲਗਾਈ।
ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਭਾਂਜ ਦੇਣੀ ਹੱਕ-ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਹੋਰ ਉੱਚਾ ਕਰਨਾ ਹੈ। ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਅਤੇ ਸ਼ਹੀਦ ਕਿਰਨਜੀਤ ਕੌਰ ਦੀ 22ਵੀ ਬਰਸੀ ‘ਔਰਤ ਜਬਰ ਵਿਰੋਧੀ ਦਿਨ’ ਵਜੋਂ ਮਨਾਉਣ ਲਈ 12 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ, ਮਹਿਲ ਕਲਾਂ (ਬਰਨਾਲਾ) ਵਿਖੇ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ। ਆਓ ਆਪਾਂ ਸਾਰੇ ਮਿਲ ਕੇ ਇਸ ਲਾਮਬੰਦੀ ਵਿਚ ਆਪਣਾ ਬਣਦਾ ਯੋਗਦਾਨ ਪਾਈਏ।
ਸੰਪਰਕ: 84275-11770


Comments Off on ਕਿਰਨਜੀਤ ਕੌਰ ਘੋਲ: ਜਿੱਥੇ ਜਬਰ, ਉੱਥੇ ਟੱਕਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.