ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਕਿਰਤ ਦਾ ਸਵੈਮਾਣ

Posted On August - 20 - 2019

ਬਲਦੇਵ ਸਿੰਘ (ਸੜਕਨਾਮਾ)

‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ਭੁਲੇਖਾ ਦੇ ਕੇ ਇਸ ਧੰਦੇ ਨਾਲ ਜੁੜੀਆਂ ਲੜਕੀਆਂ ਦੀਆਂ ਗਤੀਵਿਧੀਆਂ ਤੇ ਧੰਦੇ ਦੇ ਦਾਅ-ਪੇਚ ਤਾੜਦਾ ਸਾਂ।
ਮੈਨੂੰ ਬਾਅਦ ਵਿਚ ਪਤਾ ਲੱਗਾ ਅਜਿਹੀਆਂ ਥਾਵਾਂ ’ਤੇ ’ਕੱਲਿਆਂ ਬੈਠਣਾ ਜਾਂ ਕੁਝ ਦੇਰ ਤਕ ਹਨੇਰੇ ਵਿਚ ਬੈਠਣਾ ਮੁਸੀਬਤ ਗਲ ਪੁਆਉਣਾ ਹੁੰਦਾ ਹੈ। ਇਕ ਦਿਨ ਵਿਚ ਹੀ ਮੇਰੇ ਨਾਲ ਦੋ ਘਟਨਾਵਾਂ ਵਾਪਰੀਆਂ। ਇਕ ਵਿਹਲੇ ਬੈਂਚ ਉੱਪਰ ਬੈਠਾ ਮੈਂ ਇਕ ਮੈਗਜ਼ੀਨ ਪੜ੍ਹ ਰਿਹਾ ਸਾਂ। ਕਦੇ-ਕਦੇ ਧਿਆਨ ਹਟਾ ਕੇ ਮੈਂ ਰੁੱਖਾਂ ਦੇ ਮੁੱਢਾਂ ਨਾਲ ਜੁੜੇ ਬੈਠੇ ਜੋੜਿਆਂ ਤੇ ਮੈਦਾਨ ਵਿਚ ਫਿਰਦੇ ਪਰਿਵਾਰਾਂ ਵੱਲ ਤਾੜ ਲੈਂਦਾ ਸਾਂ। ਥੋੜ੍ਹੀ ਦੇਰ ਬਾਅਦ ਮੇਰੇ ਲਾਗੇ 18-19 ਸਾਲ ਦਾ ਇਕ ਲੜਕਾ ਆ ਬੈਠਾ। ਮੈਂ ਉਸ ਦਾ ਕੋਈ ਖ਼ਾਸ ਨੋਟਿਸ ਨਾ ਲਿਆ। ਸੋਚਿਆ ਘੁੰਮ-ਫਿਰ ਕੇ ਥੱਕ ਗਿਆ ਹੋਵੇਗਾ। ਆਰਾਮ ਕਰਨ ਲਈ ਬੈਠਾ ਹੈ, ਚਲਾ ਜਾਵੇਗਾ।
ਪਰ ਮੈਨੂੰ ਹੈਰਾਨੀ ਉਦੋਂ ਹੋਈ, ਜਦੋਂ ਸਰਕ ਕੇ ਉਹ ਮੇਰੇ ਬਿਲਕੁਲ ਲਾਗੇ ਆ ਗਿਆ ਤੇ ਲੜਕੀਆਂ ਵਾਂਗੂ ਸੰਗ ਕੇ ਕਿਹਾ: ‘ਮਾਲਸ਼ ਕਰਵਾਏਗਾ ਸਾਹਬ?’
‘ਮੈਂ ਕੋਈ ਸਾਹਬ-ਸੂਹਬ ਨਹੀਂ।’ ਉਸ ਵੱਲ ਗਹੁ ਨਾਲ ਤਾੜਦਿਆਂ ਮੈਂ ਝਿੜਕਣ ਵਾਂਗ ਕਿਹਾ।
‘ਥਕਾਵਟ ਦੂਰ ਹੋ ਜਾਵੇਗਾ ਸਾਹਬ, ਮਜ਼ਾ ਆਏਗਾ।’ ਢੀਠਾਂ ਵਾਂਗ ਮੇਰੇ ਹੋਰ ਨੇੜੇ ਆ ਕੇ ਉਹ ਬੋਲਿਆ।
ਥੋੜ੍ਹਾ ਪਿੱਛੇ ਹਟਦਿਆਂ, ਮੈਂ ਸਖ਼ਤੀ ਨਾਲ ਕਿਹਾ, ‘ਏਹ, ਹਟੋ, ਚਲੋ ਯਹਾਂ ਸੇ।’
ਉਸ ਦੇ ਚਿਹਰੇ ਉੱਪਰ ਬੇਚਾਰਗੀ ਅਤੇ ਕਰੁਣਾ ਆ ਗਈ। ਗਿੜਗੜਾ ਕੇ ਬੋਲਿਆ- ‘ਸਿਰਫ਼ ਪਾਂਚ ਰੁਪਏ ਦੇ ਦੇਨਾ ਸਾਹਬ।’
ਮੈਂ ਉੱਠ ਖੜ੍ਹਾ, ‘ਤੂੰ ਜਾਏਗਾ ਕਿ…।’
ਉਹ ਡਰ ਗਿਆ। ਫਿਰ ਮੈਨੂੰ ਆਪਣਾ ਅੰਗੂਠਾ ਵਿਖਾਉਂਦਾ ਹਿਜੜਿਆਂ ਵਾਂਗ ਲੱਕ ਮਟਕਾਉਂਦਾ ਚਲਾ ਗਿਆ। ਮੈਂ ਉਸ ਨੂੰ ਜਾਂਦੇ ਨੂੰ ਵੇਖਦਾ ਰਿਹਾ। ਸਮਝ ਨਹੀਂ ਸੀ ਆਉਂਦੀ ਇਹ ਉਸ ਦੀ ਮਾਨਸਿਕ ਮਜਬੂਰੀ ਸੀ, ਸਰੀਰਿਕ ਮਜਬੂਰੀ ਸੀ ਜਾਂ ਕਿਸੇ ਪਾਸਿਓਂ ਵੀ ਕੋਈ ਇੱਜ਼ਤਦਾਰ ਰੁਜ਼ਗਾਰ ਨਾ ਪਾ ਸਕਣ ਦੀ ਮਜਬੂਰੀ।
ਵੱਡੀਆਂ ਬਹੁ-ਮੰਜ਼ਿਲੀ ਇਮਾਰਤਾਂ ਦੇ ਪਿੱਛੇ ਛੁਪ ਗਏ ਸੂਰਜ ਨੂੰ ਲੱਭਦਿਆਂ, ਮੈਂ ਅਜੇ ਇਨ੍ਹਾਂਂ ਸਵਾਲਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਸਾਂ ਕਰ ਸਕਿਆ, ਪਤਾ ਨਹੀਂ ਕਿੱਥੋਂ ਅਚਾਨਕ ਇਕ ਲੜਕੀ ਆ ਪ੍ਰਗਟ ਹੋਈ।
‘ਏਹ ਸਰਦਾਰ, ਚਲੇਗਾ?’ ਉਹ ਬੋਲੀ।
‘ਮੈਂ ਟੈਕਸੀ ਡਰਾਈਵਰ ਨਹੀਂ ਹਾਂ।’ ਅਚਾਨਕ ਹੋਏ ਅਟੈਕ ਵਾਂਗ ਪਹਿਲਾਂ ਮੈਂ ਤ੍ਰਭਕਿਆ। ਫਿਰ ਹੈਰਾਨ ਹੋ ਕੇ ਕਿਹਾ।
‘ਟੈਕਸੀ ਕਿਆ ਰੇ, ਉਧਰ ਅੰਧੇਰੇ ਮੇਂ ਚਲ ਨਾ।’ ਉਸ ਨੇ ਰੁੱਖਾਂ ਦੇ ਝੁੰਡ ਵੱਲ ਇਸ਼ਾਰਾ ਕੀਤਾ।
ਉਸਦਾ ਮਤਲਬ ਸਮਝਦਿਆਂ, ਮੈਂ ਸਿਰ ਫੇਰਿਆ, ‘ਨਹੀਂ’।
‘ਅਰੇ ਚਲੀਏ ਨਾ ਸਰਦਾਰ, ਆਪ ਲੋਗ ਤੋ…।’
‘ਹਮ ਲੋਗ ਕਿਆ?’
‘ਛੋੜੀਏ! ਆਜ ਬਹੁਤ ਮੰਦਾ ਹੈ। ਮਹੂਰਤ ਭੀ ਨਹੀਂ ਹੂਆ ਅਬ ਤਕ। ਕਾਲੀ ਮਾਂ ਦਿੱਬੀ (ਕਾਲੀ ਮਾਂ ਦੀ ਕਸਮ)।’ ਲੜਕੀ ਨੇ ਆਪਣੀ ਸ਼ਾਹ ਰਗ ਨੂੰ ਹੱਥ ਲਾ ਕੇ ਕਿਹਾ।
‘ਲੋ ਪੈਸਾ ਲੇ ਲੋ’ ਮੈਂ ਜੇਬ ਵਿਚੋਂ ਦਸਾਂ ਦਾ ਨੋਟ ਕੱਢ ਕੇ ਉਸ ਵੱਲ ਵਧਾਇਆ।
‘ਅਰੇ ਸਰਦਾਰ, ਹਮ ਭਿਖਾਰੀ ਨਹੀਂ ਹੈਂ। ਆਪ ਮੁਝੇ ਪੈਸਾ ਦੇਗਾ, ਹਮ ਆਪ ਕੋ ਖ਼ੁਸ਼ ਕਰੇਗਾ। ਹਿਸਾਬ ਬਰੋਬਰ।’ ਉਹ ਹੋਰ ਨੇੜੇ ਆ ਗਈ।
‘ਨਹੀਂ, ਜਾਓ ਤੁਮ।’ ਮੈਂ ਰੁਖਾਈ ਨਾਲ ਕਿਹਾ।
‘ਅਰੇ, ਕਾਹੇ ਕਾ ਮਰਦ ਹੈ ਰੇ।’ ਇਧਰ ਅੰਧੇਰੇ ਮੇਂ ਕਿਉਂ ਬੈਠਾ ਹੈ ਫਿਰ? ਮਾਰਾ ਟਾਈਮ ਖੋਟਾ ਕਰ ਦੀਆ, ਛੀ…।’ ਉਹ ਬੁੜ-ਬੁੜ ਕਰਦੀ ਜਾਂ ਸ਼ਾਇਦ ਮੈਨੂੰ ਮੰਦਾ ਬੋਲਦੀ ਤੁਰ ਗਈ।
ਉਸ ਦਿਨ ਮੈਨੂੰ ਪਤਾ ਲੱਗਾ, ਇਸ ਤਰ੍ਹਾਂ ਹਨੇਰੇ ਵਿਚ ’ਕੱਲੇ ਬੈਠੇ ਰਹਿਣ ਦਾ ਮਤਲਬ ਕੀ ਹੈ।
ਲੜਕੀ ਦੇ ਚਲੇ ਜਾਣ ਤੋਂ ਬਾਅਦ ਮੈਂ  ਹੈਰਾਨ ਹੋਇਆ ਕਿ ਉਹ ਤਾਂ ਕਾਲੀ ਮਾਂ ਦੀ ਕਸਮ ਖਾਂਦੀ ਸੀ ਕਿ ਅਜੇ ਉਸ ਨੂੰ ਕੋਈ ਗਾਹਕ ਨਹੀਂ ਮਿਲਿਆ। ਪੈਸਿਆਂ ਦੀ ਉਸ ਨੂੰ ਸਖ਼ਤ ਲੋੜ ਸੀ, ਫਿਰ ਦਸ ਰੁਪਏ ਲੈਣ ਵਿਚ ਕੀ ਹਰਜ਼ ਸੀ? (ਇਹ ਉਸ ਸਮੇਂ ਦੀ ਘਟਨਾ ਹੈ, ਜਦੋਂ 10 ਰੁਪਏ ਦੀ ਕੀਮਤ ਅੱਜ ਦੇ 100 ਰੁਪਏ ਜਿੰਨੀ ਸੀ)।
ਉਸ ਲੜਕੀ ਬਾਰੇ ਸੋਚਦਿਆਂ, ਮੈਨੂੰ ਇਕ ਬੰਗਲਾ ਕਹਾਣੀ ਯਾਦ ਆ ਗਈ। ਇਕ ਦਿਨ ਲੇਖਕ ਦੁਪਹਿਰ ਵੇਲੇ ਬਾਜ਼ਾਰ ਵੱਲ ਕਿਸੇ ਜ਼ਰੂਰੀ ਕੰਮ ਨਿਕਲਦਾ ਹੈ। ਗਰਮੀ ਅਤੇ ਹੁੰਮਸ ਕਾਰਨ ਉਸਨੇ ਆਪਣੇ ਸਿਰ ਉੱਪਰ ਛੱਤਰੀ ਤਾਣੀ ਹੋਈ ਹੈ। ਰਸਤੇ ਵਿਚ ਇਕ ਛੋਟੇ ਜਿਹੇ ਬਰੋਟੇ ਦੀ ਛਾਂ ਵਿਚ ਇਕ ਬਿਰਧ ਰਿਕਸ਼ੇ ਵਾਲਾ, ਕਿਸੇ ਸਵਾਰੀ ਦੀ ਉਡੀਕ ਵਿਚ ਬੈਠਾ ਵੇਖ ਕੇ ਲੇਖਕ ਨੂੰ ਉਸ ’ਤੇ ਦਿਆ ਆ ਜਾਂਦੀ ਹੈ।
ਲੇਖਕ ਨੇ ਸੋਚਿਆ ਏਨੀ ਪਰਚੰਡ ਗਰਮੀ ਵਿਚ ਇਹ ਵਿਚਾਰਾ ਆਪਣੀ ਰੋਜ਼ੀ ਲਈ ਦੁਖੀ ਹੈ। ਇਸਦੀ ਮਦਦ ਕਰਨੀ ਚਾਹੀਦੀ ਹੈ। ਲੇਖਕ ਰਿਕਸ਼ੇ ਵਾਲੇ ਬਿਰਧ ਕੋਲ ਜਾ ਕੇ ਪੁੱਛਦਾ ਹੈ?
‘ਖ਼ਾਲੀ ਹੈ, ਜਾਬੋ..?’
‘ਜਾਏਗਾ ਸਾਹਬ।’ ਰਿਕਸ਼ੇ ਵਾਲਾ ਫੌਰਨ ਫੁਰਤੀ ਵਿਚ ਆ ਜਾਂਦਾ ਹੈ।
‘ਮੇਨ ਬਾਜ਼ਾਰ ਕੇ ਮੋੜ ਤਕ ਜਾਏਗਾ।’ ਲੇਖਕ ਕਹਿੰਦਾ ਹੈ।
‘ਠੀਕ ਹੈ ਸਾਹਬ।’
ਰਿਕਸ਼ੇ ਵਾਲੇ ਨਾਲ ਰੇਟ ਤੈਅ ਹੋ ਜਾਂਦਾ ਹੈ।
ਰਿਕਸ਼ੇ ਵਾਲਾ ਲੇਖਕ ਨੂੰ ਬੈਠਣ ਲਈ ਆਖਦਾ ਹੈ।
ਲੇਖਕ ਰਿਕਸ਼ੇ ਵਿਚ ਬੈਠਦਾ ਨਹੀਂ। ਕਹਿੰਦਾ ਹੈ, ‘ਮੈਂ ਤੇਰੇ ਨਾਲ-ਨਾਲ ਤੁਰਕੇ ਆਊਂਗਾ।’
ਹੈਰਾਨ ਹੋਇਆ ਰਿਕਸ਼ੇ ਵਾਲਾ ਲੇਖਕ ਦੇ ਨਾਲ-ਨਾਲ ਤੁਰ ਪੈਂਦਾ ਹੈ। ਲੇਖਕ ਵੀ ਆਪਣੀ ਛੱਤਰੀ ਤਾਣੀ ਨਾਲ-ਨਾਲ ਤੁਰ ਰਿਹਾ ਹੈ। ਮੇਨ ਬਾਜ਼ਾਰ ਦੇ ਮੋੜ ’ਤੇ ਪਹੁੰਚ ਕੇ ਲੇਖਕ ਰਿਕਸ਼ੇ ਵਾਲੇ ਨੂੰ ਰੁਕਣ ਲਈ ਆਖਦਾ ਹੈ ਤੇ ਉਸਨੂੰ ਪੈਸੇ ਦੇਣ ਲੱਗਦਾ ਹੈ।
‘ਕਾਹੇ ਕੇ ਪੈਸੇ ਬਾਬੂ?’ ਰਿਕਸ਼ੇ ਵਾਲਾ ਆਪਣਾ ਮੁੜ੍ਹਕਾ ਪੂੰਝਦਾ ਪੁੱਛਦਾ ਹੈ।
‘ਜੋ ਆਪ ਨੇ ਮਾਂਗੇ ਥੇ ਵਹੀ।’ ਲੇਖਕ ਮਾਣ ਨਾਲ ਦੱਸਦਾ ਹੈ।
‘ਵੋਹ ਪੈਸੇ ਤੋਂ ਆਪ ਕੋ ਰਿਕਸ਼ੇ ਮੇਂ ਬਿਠਾ ਕਰ ਲਾਨੇ ਕੇ ਥੇ। ਆਪ ਬੈਠੇ ਹੀ ਨਹੀਂ, ਤੋ ਪੈਸੇ ਕਿਉਂ ਲੂੰ?’
ਅੱਜ ਇਕ ਲੜਕੀ ਵੱਲੋਂ ਜੋ ਮਜਬੂਰੀ ਵਸ ਦੇਹ ਦੇ ਧੰਦੇ ਵਿਚ ਹੈ, ਦਸ ਰੁਪਏ ਲੈਣ ਤੋਂ ਇਨਕਾਰ ਕਰਨ ’ਤੇ ਮੈਨੂੰ ਉਸ ਮਜ਼ਦੂਰ ਬਿਰਧ ਰਿਕਸ਼ੇ ਵਾਲੇ ਦਾ ਸਵੈਮਾਣ ਯਾਦ ਆ ਰਿਹਾ ਹੈ। ਉਸ ਲੜਕੀ ਦਾ ਚਰਿੱਤਰ ਅਤੇ ਸਵੈਮਾਣ, ਉਸ ਬਿਰਧ ਰਿਕਸ਼ਾ ਵਾਲੇ ਨਾਲੋਂ ਕਿਹੜੀ ਗੱਲੋਂ ਘੱਟ ਹੈ?
ਇਸ ਸਵਾਲ ਨੇ ਮੈਨੂੰ ਕਈ ਵਾਰ ਪ੍ਰੇਸ਼ਾਨ ਕੀਤਾ ਹੈ।

ਸੰਪਰਕ: 98147-83069


Comments Off on ਕਿਰਤ ਦਾ ਸਵੈਮਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.