ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਕਾਵਿ ਕਿਆਰੀ

Posted On August - 11 - 2019

ਸਾਡਾ ਕਸ਼ਮੀਰ

ਦਰਸ਼ਨ ਖਟਕੜ

ਦਰਸ਼ਨ ਖਟਕੜ

ਇਹ ਰਾਸੇ ਇਹ ਹਾਤੋ
ਫੇਰੀਆਂ ਵਾਲੇ ਲੱਕੜਹਾਰੇ
ਸਭ ਇਨ੍ਹਾਂ ਦੇ ਨੇ।
ਸਿਪਾਹੀ, ਫ਼ੌਜ, ਇਮਦਾਦੀ, ਪਿਆਦੇ
ਸਭ ਦੇ ਸਭ ਸਾਡੇ।

ਇਹ ਦਿਉਦਾਰਾਂ, ਚੀਲਾਂ ਤੇ ਚਿਨਾਰਾਂ
ਰੁਮਕਦੀ ਪੌਣ ਲਰਜ਼ਦੇ ਜੰਗਲ
ਸ਼ਾਖਾਵਾਂ ਪੱਤਿਆਂ ਦਾ ਮਧੁਰ ਸੁਰ ਸੰਗੀਤ ਸਭ
ਸਾਡਾ ਹੀ ਸਾਡਾ ਹੈ।

ਇਹ ਵਿਧਵਾਵਾਂ ਦੇ ਵੈਣ
ਸੁੰਨੇ, ਸਿਸਕਦੇ, ਖੰਡਰ ਬਣੇ ਘਰ
ਸਦੀਆਂ ਤੋਂ ਸਾਨੂੰ ਢੋਅ ਰਹੇ ਕੁੱਬੇ ਬਦਨ
ਸਾਰੇ ਦਾ ਸਾਰਾ ਇਨ੍ਹਾਂ ਦਾ ਹਿੱਸਾ।

ਇਹ ਝੀਲਾਂ, ਲਿਸ਼ਕਦੀ ਚਾਂਦੀ
ਇਹ ਕਲ ਕਲ ਵਗ ਰਹੇ ਚਸ਼ਮਿਆਂ ’ਤੇ
ਹੈ ਸਾਡਾ ਹੱਕ ਸਦੀਆਂ ਤੋਂ।

ਇਨ੍ਹਾਂ ਦਾ ਖ਼ੂਨ ਆਪਣਾ ਜੋ
ਇਹ ਨਾੜਾਂ ਵਿਚ ਡੱਕਣਾ ਜਾਂ
ਧਰਤੀ ’ਤੇ ਡੋਲ੍ਹ ਦੇਣਾ ਹੈ
ਇਹ ਖ਼ੁਦਮੁਖਤਾਰੀ ਇਨ੍ਹਾਂ ਦੀ
ਇਨ੍ਹਾਂ ਨੇ ਖ਼ੁਦ ਫ਼ੈਸਲਾ ਕਰਨਾ।

ਗੱਦਾਰੀ ਇਨ੍ਹਾਂ ਲਈ ਜੇ ਡਾਂਗਰੀ ਬਣ ਗਈ
ਤਾਂ ਸੱਚੀ ਦੇਸ਼ ਭਗਤੀ ਅਸਾਂ ਦਾ ਵੀ ਰੇਸ਼ਮੀ ਪਹਿਰਨ

ਜੇ ਖ਼ੁਦ ਖ਼ੁਦਕੁਸ਼ੀ ਖੁਦਵਾ ਮੱਥਿਆਂ ’ਤੇ ਨੇ ਆਏ
ਤਾਂ ਨਸਲਕੁਸ਼ੀ ਦਾ ਦੋਸ਼ੀ
ਕਿਵੇਂ ਬਾਰੂਦ ਹੈ ਸਾਡਾ!

ਡਾ. ਹਰਨੇਕ ਸਿੰਘ ਕੋਮਲ

ਗ਼ਜ਼ਲ
ਡਾ. ਹਰਨੇਕ ਸਿੰਘ ਕੋਮਲ

ਖ਼ੂਬਸੂਰਤ ਜ਼ਿੰਦਗੀ ਹੈ ਖ਼ੂਬਸੂਰਤ ਰਹਿਣ ਦੇ।
ਖ਼ੂਬਸੂਰਤ ਆਦਮੀ ਹੈ ਖ਼ੂਬਸੂਰਤ ਰਹਿਣ ਦੇ।

ਜੁਗਨੂੰਆਂ ਦੀ ਰੌਸ਼ਨੀ ਹੈ, ਚੰਨ-ਸੂਰਜ ਨਾ ਸਹੀ,
ਖ਼ੂਬਸੂਰਤ ਰੌਸ਼ਨੀ ਹੈ ਖ਼ੂਬਸੂਰਤ ਰਹਿਣ ਦੇ।

ਮੁਕਤ ਰੱਖੀਂ ਬੰਦਗੀ ਨੂੰ ਕਿਸੇ ਦੂਸ਼ਿਤ ਸੋਚ ਤੋਂ,
ਖ਼ੂਬਸੂਰਤ ਬੰਦਗੀ ਹੈ ਖ਼ੂਬਸੂਰਤ ਰਹਿਣ ਦੇ।

ਕੂਕਦੀ ਹੈ ਵੰਝਲੀ ਜਦ ਦਰਦ ਜਾਪੇ ਬੋਲਦਾ,
ਖ਼ੂਬਸੂਰਤ ਵੰਝਲੀ ਹੈ ਖ਼ੂਬਸੂਰਤ ਰਹਿਣ ਦੇ।

ਸ਼ਾਹ ਕਾਲੀ ਰਾਤ ਵਰਗੀ ਸੋਚ ਮਨ ’ਚੋਂ ਕੱਢ ਦੇ,
ਖ਼ੂਬਸੂਰਤ ਚਾਂਦਨੀ ਹੈ ਖ਼ੂੂਬਸੂਰਤ ਰਹਿਣ ਦੇ।

ਪਰਖ ਨਾ ਤੂੰ ਦੋਸਤੀ ਨੂੰ ਨਾਲ ਮਤਲਬ ਜੋੜ ਕੇ,
ਖ਼ੂਬਸੂਰਤ ਦੋਸਤੀ ਹੈ ਖ਼ੂਬਸੂਰਤ ਰਹਿਣ ਦੇ।

ਸੰਪਰਕ: 93177-61414

ਕੁਲਵੰਤ ਰਿਖੀ

ਗ਼ਜ਼ਲ
ਕੁਲਵੰਤ ਰਿਖੀ

ਦਿਸੇ ਨਾ ਸਾਬਤਾ ਬੰਦਾ ਇਹ ਸਭ ਅੱਧੇ ਤੇ ਪੌਣੇ ਨੇ
ਮਖ਼ਮਲੀ ਕੁਰਸੀਆਂ ਵੱਡੀਆਂ ’ਤੇ ਬੈਠੇ ਲੋਕ ਬੌਣੇ ਨੇ

ਨਿਗ੍ਹਾ ਰਾਖੇ ਦੀ ਕਾਹਤੋਂ ਹੈ ਨਿਰਾਸ਼ਾ ਬੇਵਸੀ ਯਾਰੋ
ਉਸਦੇ ਸਾਹਮਣੇ ਹੀ ਚਰ ਲਿਆ ਏ ਖੇਤ ਚੌਣੇ ਨੇ

ਘਰਾਂ ਦੇ ਬੂਹਿਆਂ ’ਤੇ ਆ ਗਈਆਂ ਨੇ ਅੱਗ ਦੀਆਂ ਲਾਟਾਂ
ਜੋ ਅੰਦਰ ਲੋਕ ਨੇ ਆਖਰ ਕਦੋਂ ਤੱਕ ਹੋਰ ਸੌਣੇ ਨੇ

ਸਮਾਂ ਕਰਵਟ ਲਵੇਗਾ ਸੁਣਦਿਆਂ ਨੂੰ ਸਾਲ ਕਈ ਗੁਜ਼ਰੇ
ਮੇਰੇ ਦਿਨ ਸੋਚਦਾ ਬੰਦਾ ਕਦੋਂ ਹੁਣ ਫੇਰ ਭੌਣੇ ਨੇ

ਜਦੋਂ ਬਸਤੀ ਜਲ਼ੇ ਸਾਡੀ ਤਾਂ ਜਿਸਦੀ ਵੋਟ ਉਗਦੀ ਏ
ਕਤਲ ਦੰਗੇ ਤੇ ਲਾਸ਼ਾਂ ਓਸ ਦੇ ਭਾਣੇ ਖਿਡੌਣੇ ਨੇ

‘ਰਿਖੀ’ ਸੁਪਨੇ ਬਹਾਰਾਂ ਦੇ ਉਨੀਂਦੇ ਨੈਣ ਰੱਖਦੇ ਨੇ
ਸਦਾ ਤੋਂ ਸੁਪਨਸਾਜ਼ਾਂ ਲਈ ਤਾਂ ਸੂਲ਼ਾਂ ਦੇ ਵਿਛੌਣੇ ਨੇ

ਸੰਪਰਕ: 81463-44112


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.