ਜਗਜੀਤ ਸਿੱਧੂ
ਤਲਵੰਡੀ ਸਾਬੋ, 14 ਅਗਸਤ
ਇੱਥੇ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਪ੍ਰਧਾਨਗੀ ਸਬੰਧੀ ਚੱਲੀ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਦਿਲਰਾਜ ਸਿੰਘ (19) ਵਾਸੀ ਭਾਗੀਵਾਂਦਰ ਵੱਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਇਹ ਖਿੱਚੋਤਾਣ ਕਈ ਦਿਨ ਤੋਂ ਚੱਲ ਰਹੀ ਸੀ ਤੇ ਅੱਜ ਪੋਸਟਰ ਲਾਉਣ ਦੇ ਮਾਮਲੇ ਤੋਂ ਹਿੰਸਕ ਤਕਰਾਰ ਹੋ ਗਿਆ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਇੱਕ ਨਿੱਕੀ ਭੈਣ ਹੈ। ਉਹ ਕਾਲਜ ਦੀ ਪ੍ਰਧਾਨਗੀ ਦੇ ਦਾਅਵੇਦਾਰ ਆਪਣੇ ਇੱਕ ਦੋਸਤ ਦੀ ਮਦਦ ਲਈ ਗਿਆ ਸੀ। ਵੇਰਵਿਆਂ ਮੁਤਾਬਕ ਕਾਲਜ ਦੀ ਪ੍ਰਧਾਨਗੀ ਸਬੰਧੀ ਦੋ ਧੜਿਆਂ ਵਿਚਾਲੇ ਖਿੱਚੋਤਾਣ ਕਈ ਦਿਨ ਤੋਂ ਬਣੀ ਹੋਈ ਸੀ ਤੇ ਅੱਜ ਇੱਕ ਧੜਾ ਕਾਲਜ ਨੇੜੇ ਹੀ ਆਪਣੇ ਪੋਸਟਰ ਲਾ ਰਿਹਾ ਸੀ। ਇਸੇ ਦੌਰਾਨ ਦੂਜੇ ਧੜੇ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਹੋਰ ਹਮਾਇਤੀ ਵੀ ਮੋਟਰ ਸਾਈਕਲਾਂ ’ਤੇ ਉੱਥੇ ਪਹੁੰਚ ਗਏ। ਸ਼ਬਦੀ ਤਕਰਾਰ ਤੋਂ ਬਾਅਦ ਇਕ ਧੜੇ ਦੇ ਸਮਰਥਕ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਤੇ ਗੋਲੀ ਦੂਜੇ ਧੜੇ ਦੇ ਦਿਲਰਾਜ ਸਿੰਘ ਦੇ ਲੱਗ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਮਗਘਰੋਂ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।