ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਾਰਗਿਲ ਯੁੱਧ ਦੇ ਸਬਕ ਤਲਾਸ਼ਣ ਦੀ ਲੋੜ

Posted On August - 6 - 2019

ਅਭੈ ਸਿੰਘ

ਅਸਾਂ ਹੁਣੇ ਜਿਹੇ ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਮਨਾਈ, ਪਰ ਮਨਾਈ ਇਸ ਤਰ੍ਹਾਂ ਗਈ ਜਿਵੇਂ ਕੋਈ ਤਿਓਹਾਰ ਹੋਵੇ। ਠੀਕ ਹੈ ਇਸ ਗੱਲ ਦਾ ਸ਼ੁਕਰ ਕੀਤਾ ਜਾ ਸਕਦਾ ਹੈ ਕਿ ਲੜਾਈ ਲੰਮੀ ਨਹੀਂ ਚੱਲੀ ਤੇ ਘੁਸਪੈਠ ਨੂੰ ਰੋਕ ਦਿੱਤਾ। ਅਸੀਂ ਆਪਣੇ ਫ਼ੌਜੀਆਂ ਦੀ ਕੁਰਬਾਨੀ ਦੇ ਜਜ਼ਬੇ ਦੀ ਸ਼ਲਾਘਾ ਵੀ ਕਰ ਸਕਦੇ ਹਾਂ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਬਣਦੀਆਂ ਹਨ, ਪਰ ਫਿਰ ਵੀ ਇਹ ਇਕ ਯੁੱਧ ਸੀ ਜਿਸ ਵਿਚ ਦੋਵੇਂ ਪਾਸੇ ਬਹੁਤ ਸਾਰੀਆਂ ਮੌਤਾਂ ਹੋਈਆਂ। ਇਸ ਦਾ ਜਸ਼ਨ ਨਹੀਂ ਮਨਾਇਆ ਜਾ ਸਕਦਾ।
ਹਰ ਜੰਗ ਆਪਣੇ ਆਪ ਵਿਚ ਦੁਖਾਂਤ ਹੁੰਦੀ ਹੈ ਤੇ ਹਰ ਹਾਦਸੇ ਜਾਂ ਕੁਦਰਤੀ ਕਰੋਪੀ ਦੀ ਤਰ੍ਹਾਂ ਜੰਗਾਂ ਦਾ ਵੀ ਇਸ ਤਰੀਕੇ ਨਾਲ ਅਧਿਐਨ ਹੋਣਾ ਚਾਹੀਦਾ ਹੈ ਕਿ ਅਜਿਹੇ ਦੁਖਾਂਤ ਫਿਰ ਨਾ ਵਾਪਰਨ। ਇਸ ਵਿਚ ਦੋਹਾਂ ਪਾਸਿਆਂ ਦੇ ਕਰੀਬ ਇਕ ਹਜ਼ਾਰ ਫ਼ੌਜੀ ਮਾਰੇ ਗਏ ਤੇ 4 ਹਜ਼ਾਰ ਜ਼ਖਮੀ ਹੋਏ। ਮਾਲ ਅਸਬਾਬ ਦੀ ਬਰਬਾਦੀ ਵੱਖਰੀ।
ਸ੍ਰੀਨਗਰ ਲੇਹ ਦੇ ਹਾਈਵੇ ’ਤੇ ਪੈਂਦਾ ਕਾਰਗਿਲ ਦਾ ਇਲਾਕਾ ਕਸ਼ਮੀਰ ਵਾਦੀ ਤੋਂ ਬਾਹਰ ਹੈ, ਇੱਥੋਂ ਦੇ ਲੋਕ ਕਸ਼ਮੀਰੀ ਨਹੀਂ ‘ਬਾਲਤੀ’ ਨਾਮ ਦੀ ਜ਼ੁਬਾਨ ਬੋਲਦੇ ਹਨ ਤੇ ਸੁੰਨੀ ਮੁਸਲਮਾਨਾਂ ਦੀ ਬਹੁਤ ਘੱਟ ਗਿਣਤੀ ਹੈ। ਕਸ਼ਮੀਰ ਵਿਚ ਜਿਸਨੂੰ ਅਸੀਂ ਦਹਿਸ਼ਤਗਰਦੀ/ ਅਤਿਵਾਦੀ ਕਹਿੰਦੇ ਹਾਂ, ਇਸ ਇਲਾਕੇ ਵਿਚ ਹੈ ਹੀ ਨਹੀਂ। ਇੱਥੇ ਕੰਟਰੋਲ ਰੇਖਾ ਤੋਂ ਪਾਰ ਦਾ ਇਲਾਕਾ ਵੀ ਕਸ਼ਮੀਰ ਦਾ ਹਿੱਸਾ ਨਹੀਂ। ਉੱਥੋਂ ਦੇ ਲੋਕਾਂ ਦੀ ਕਸ਼ਮੀਰ ਮਸਲੇ ਬਾਰੇ ਕੋਈ ਦਿਲਚਸਪੀ ਨਹੀਂ। ਉੱਧਰ ਨਾ ਮੁਜਾਹਿਦ ਹਨ ਤੇ ਨਾ ਹੀ ਕੋਈ ਸਿਖਲਾਈ ਕੈਂਪ। ਓਧਰ ਵੱਡਾ ਸ਼ਹਿਰ ਸਕਾਰਡੂ ਪੈਂਦਾ ਹੈ ਜੋ ਕਦੇ ਤਿੱਬਤ ਦੇ ਅਸਰ ਹੇਠ ਸੀ ਤੇ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਨੇ ਲਾਹੌਰ ਦਰਬਾਰ ਦੀ ਖ਼ਾਲਸਾ ਫ਼ੌਜ ਦੇ ਝੰਡੇ ਲੈ ਕੇ ਇਸ ’ਤੇ ਕਬਜ਼ਾ ਕੀਤਾ ਸੀ।

ਅਭੈ ਸਿੰਘ

ਕਾਰਗਿਲ ਦੇ ਉੱਤਰ ਵਿਚ ਵੱਡੇ ਪਹਾੜਾਂ ਦੀ ਇਕ ਲੜੀ ਹੈ ਤੇ ਉਨ੍ਹਾਂ ਵਿਚੋਂ ਸਕਾਰਡੂ ਤਕ ਪੁਰਾਣੀ ਸੜਕ ਜਾਂਦੀ ਸੀ। ਇੱਥੋਂ ਦੇ ਬਾਲਤੀ ਲੋਕਾਂ ਦੀਆਂ ਦੋਵੇਂ ਪਾਸੇ ਰਿਸ਼ਤੇਦਾਰੀਆਂ ਹਨ। ਉਹ ਗਰਮੀਆਂ ਵਿਚ ਚੋਰੀ ਛੁਪੇ ਆਪਣੇ ਰਿਸ਼ਤੇਦਾਰਾਂ ਨੂੰ ਜਾ ਮਿਲਦੇ ਹਨ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜਿਹੜੇ ਚਾਰ ਲਾਂਘੇ ਕਸ਼ਮੀਰ ਦੇ ਆਰ ਪਾਰ ਵਾਸਤੇ ਮੰਗੇ ਹਨ, ਉਨ੍ਹਾਂ ਵਿਚੋਂ ਇਕ ਕਾਰਗਿਲ ਤੋਂ ਸਕਾਰਡੂ ਦਾ ਹੈ। ਜੇ ਇਹ ਲਾਂਘਾ ਚੱਲਦਾ ਹੁੰਦਾ ਤਾਂ ਸ਼ਾਇਦ ਕਾਰਗਿਲ ਯੁੱਧ ਨਾ ਵਾਪਰਦਾ। ਕੰਟਰੋਲ ਰੇਖਾ ਦੀ ਅਸਲ ਵੱਡੀ ਸਖ਼ਤੀ ਪੱਛਮ ਦੀ ਸਰਹੱਦ ਉੱਪਰ ਹੀ ਰਹੀ ਹੈ, ਉੱਤਰ ਤੇ ਪੂਰਬ ਵੱਲ ਘੱਟ। ਇਸ ਦਾ ਲਾਭ ਉਠਾ ਕੇ ਹੀ ਪਾਕਿਸਤਾਨੀ ਫ਼ੌਜ ਨੇ 1998-99 ਦੀਆਂ ਸਰਦੀਆਂ ਵਿਚ ਗੁਪਤ ਤਰੀਕੇ ਨਾਲ ਭਾਰੀ ਹਥਿਆਰ ਤੇ ਮਸ਼ੀਨਾਂ ਲੈ ਕੇ ਡੇਰਾ ਬਣਾ ਲਿਆ। ਸਭ ਕੁਝ ਸਾਹਮਣੇ ਆ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਰੋਸੇ ਵਿਚ ਲੈਣ ਦੀ ਕੋਸ਼ਿਸ਼ ਇਹ ਸਮਝਾ ਕੇ ਕੀਤੀ ਕਿ ਇਹ ਸਕੀਮ ਚੰਗੇ ਨਤੀਜੇ ਕੱਢੇਗੀ ਤੇ ਇਕ ਦਿਨ ਉਹ ਕਸ਼ਮੀਰ ’ਤੇ ਜਿੱਤ ਪ੍ਰਾਪਤ ਕਰਨਗੇ।
ਇਸ ਦੌਰਾਨ ਪਾਕਿਸਤਾਨ ਵਿਚ ਗਰਮ ਦਲੀਆਂ ਦੀਆਂ ਸਰਗਰਮੀਆਂ ਤੇਜ਼ ਹੋਈਆਂ। ਲਸ਼ਕਰੇ ਤੋਇਬਾ ਦੇ ਝੰਡੇ ਹੇਠ ਰਾਵਲਪਿੰਡੀ ਵਿਚ ਬਹੁਤ ਵੱਡਾ ਜਲਸਾ ਹੋਇਆ ਜਿਸ ਵਿਚ ਪਾਕਿਸਤਾਨੀ ਸਰਕਾਰ ਨੂੰ ਹਿੰਦੁਸਤਾਨ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਖ਼ਬਰਦਾਰ ਕੀਤਾ। ਸਾਬਕਾ ਆਈ. ਐੱਸ. ਆਈ. ਚੀਫ ਹਮੀਦ ਗੁੱਲ ਨੇ ਇੱਥੋਂ ਤਕ ਕਿਹਾ ਕਿ ਦਿੱਲੀ ਨਾਲ ਕੀਤੀ ਕੋਈ ਵੀ ਡੀਲ ਇਸ ਸਰਕਾਰ ਦੇ ਕਫ਼ਨ ਵਿਚ ਆਖਰੀ ਕਿੱਲ ਹੋਵੇਗੀ, ਪਰ ਸਭ ਵਿਰੋਧ ਦੇ ਬਾਵਜੂਦ ਨਵਾਜ਼ ਸ਼ਰੀਫ਼ ਨੇ 5 ਜੁਲਾਈ 1999 ਨੂੰ ਪਾਕਿਸਤਾਨੀ ਫ਼ੌਜ ਦੀ ਵਾਪਸੀ ਦਾ ਹੁਕਮ ਜਾਰੀ ਕਰ ਦਿੱਤਾ, ਜਿਸਦਾ ਦੇਸ਼ ਵਿਚ ਵਿਰੋਧ ਹੋਇਆ।
ਇਹ ਝਟਕਾ ਪਾਕਿਸਤਾਨ ਦੀ ਸਰਕਾਰ, ਨਵਾਜ਼ ਸ਼ਰੀਫ ਤੇ ਜਮਹੂਰੀਅਤ ਨੂੰ ਵੀ ਸੀ। ਸਭ ਕੁਝ ਸਮਝਦੇ ਹੋਏ ਵੀ ਨਵਾਜ਼ ਸ਼ਰੀਫ ਖੁੱਲ੍ਹ ਕੇ ਕੁਝ ਨਹੀਂ ਬੋਲ ਸਕੇ। ਖੁੱਲ੍ਹ ਕੇ ਸਟੈਂਡ ਲੈਣ, ਆਪਣੀ ਪਾਰਟੀ ਤੇ ਜਨਤਾ ਨੂੰ ਭਰੋਸੇ ਵਿਚ ਲੈਣ ਦੀ ਬਜਾਏ ਪ੍ਰਧਾਨ ਮੰਤਰੀ ਮੁਸ਼ੱਰਫ਼ ਨੂੰ ਹਟਾਉਣ ਵਾਸਤੇ ਗੋਂਦਾ ਗੁੰਦਦੇ ਰਹੇ ਤੇ ਅਖੀਰ 3 ਮਹੀਨੇ ਵਿਚ ਹੀ ਮੁਸ਼ੱਰਫ਼ ਨੇ ਫ਼ੌਜੀ ਰਾਜ ਪਲਟਾ ਕਰ ਕੇ ਹਕੂਮਤ ਸੰਭਾਲ ਲਈ। ਬਹੁਤ ਬਾਅਦ ਵਿਚ ਨਵਾਜ਼ ਸ਼ਰੀਫ਼ ਨੇ ਲੰਡਨ ਵਿਚ ਕਿਹਾ ਕਿ ਉਸ ਨੂੰ ਕਾਰਗਿਲ ਵਿਚ ਘੁਸਪੈਠ ਦਾ ਪਤਾ ਸਿਰਫ਼ ਵਾਜਪਾਈ ਦਾ ਫੋਨ ਆਉਣ ਉੱਪਰ ਲੱਗਾ। ਇਸ ਵਿਚ ਕਸੂਰ ਨਵਾਜ਼ ਸ਼ਰੀਫ਼ ਦਾ ਨਹੀਂ, ਮੁਲਕ ਵਿਚ ਸ਼ੁਰੂ ਤੋਂ ਹੀ ਫ਼ੌਜ ਨੂੰ ਸੁਪਰ ਬਣਾਇਆ ਗਿਆ ਜਿਸ ਦਾ ਆਧਾਰ ਗੁਆਂਢ ਨਾਲ ਨਫ਼ਰਤ ਤੇ ਜੰਗਾਂ ਦੀਆਂ ਸਿਫ਼ਤਾਂ ਦਾ ਮਾਹੌਲ ਸੀ।
ਕਾਰਗਿਲ ਦਾ ਸਬਕ ਸਿਰਫ਼ ਪਾਕਿਸਤਾਨ ਵਾਸਤੇ ਨਹੀਂ ਦੁਨੀਆਂ ਦੇ ਹਰ ਜਮਹੂਰੀ ਮੁਲਕ ਵਾਸਤੇ ਹੈ ਕਿ ਸਰਕਾਰ ਦਾ ਹਰ ਮਹਿਕਮਾ ਫ਼ੌਜ ਸਮੇਤ, ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਅਧੀਨ ਰਹੇਗਾ ਨਾ ਕਿ ਆਪਣੀ ਮਰਜ਼ੀ ਦਾ ਮਾਲਕ ਹੋਵੇਗਾ। ਮੁਲਕ ਦੀ ਖ਼ਿਦਮਤ ਕਰਨ ਵਾਲੇ ਵੱਖ ਵੱਖ ਮਹਿਕਮੇ ਹਨ, ਹਰ ਮਹਿਕਮੇ ਨੂੰ ਆਪਣਾ ਕੰਮ ਇਮਾਨਦਾਰੀ ਤੇ ਤਨਦੇਹੀ ਨਾਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚ ਹੀ ਇਕ ਮਹਿਕਮਾ ਫ਼ੌਜ ਦਾ ਹੈ, ਉਸ ਦੀਆਂ ਆਪਣੇ ਢੰਗ ਦੀਆਂ ਡਿਊਟੀਆਂ ਹਨ। ਕਿਸੇ ਦੀ ਵੀ ਸੇਵਾ ਕਿਸੇ ਨਾਲੋਂ ਵੱਧ ਤੇ ਕਿਸੇ ਨਾਲੋਂ ਵੀ ਘੱਟ ਨਹੀਂ ਸਮਝੀ ਜਾਣੀ ਚਾਹੀਦੀ।
ਦੁਨੀਆਂ ਦਾ ਦਸਤੂਰ ਹੈ ਕਿ ਹੋਰਨਾਂ ਨੂੰ ਮਾਰਨ ਦੀ ਕੋਸ਼ਿਸ਼ ਵਿਚ ਜੋ ਜਾਨ ਤੋਂ ਹੱਥ ਧੋ ਬੈਠੇ, ਉਹ ਵੱਡਾ ਸ਼ਹੀਦ ਤੇ ਹੋਰਨਾਂ ਨੂੰ ਬਚਾਉਂਦਿਆਂ ਜਾਨ ਦੇਣ ਵਾਲਾ ਛੋਟਾ ਸ਼ਹੀਦ, ਮਿਸਾਲ ਵਜੋਂ ਲੋਕਾਂ ਨੂੰ ਅੱਗ ਤੋਂ ਬਚਾਉਂਦਾ ਹੋਇਆ ਜਾਨ ਦੇਣਾ ਵਾਲਾ ਅੱਗ ਬੁਝਾਊ ਮਹਿਕਮੇ ਦਾ ਮੁਲਾਜ਼ਮ। ਛੋਟੇ ਸ਼ਹੀਦ ਦਾ ਮੁਆਵਜ਼ਾ ਵੀ ਬਹੁਤ ਘੱਟ, ਤਾਰੀਫਾਂ ਦੇ ਗੀਤ ਤੇ ਫੁੱਲਾਂ ਦੀਆਂ ਮਾਲਾਵਾਂ ਵੀ ਨਹੀਂ, ਬੁੱਤ ਤਾਂ ਭਲਾ ਕੀ ਲੱਗਣੇ ਹਨ। ਇਹ ਵਿਤਕਰਾ ਬੰਦ ਹੋਣਾ ਚਾਹੀਦਾ ਹੈ। ਇਹ ਵਿਤਕਰਾਂ ਫ਼ੌਜਾਂ ਦੀ ਚੜ੍ਹਤ ਬਣਾਉਂਦਾ ਹੈ ਤੇ ਫ਼ੌਜਾਂ ਕਾਰਗਿਲ ਬਣਾਉਂਦੀਆਂ ਹਨ।
ਅੱਜ ਸਾਡੇ ਮੁਲਕ ਵਿਚ ਵੀ ਫ਼ੌਜ ਨੂੰ ਨੁਕਤਾਚੀਨੀਆਂ ਤੋਂ ਉੱਪਰ ਇਕ ਮਹਾਂਸ਼ਕਤੀ ਬਣਾਇਆ ਜਾ ਰਿਹਾ ਹੈ। ਫ਼ੌਜ ਦੇ ਕਿਸੇ ਕੰਮ ਉੱਪਰ ਕਿੰਤੂ ਪ੍ਰੰਤੂ ਕਰਨਾ ਜਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨ ਨੂੰ ਵੀ ਧਾਰਮਿਕ ਬੇ ਹੁਰਮਤੀ ਦਾ ਦਰਜਾ ਦਿੱਤਾ ਜਾਂਦਾ ਹੈ। ਫ਼ੌਜ ਨੂੰ ਦਿੱਤੇ ਸਰਕਾਰੀ ਹੁਕਮਾਂ ਦੀ ਨੁਕਤਾਚੀਨੀ ਨੂੰ ਵੀ ਫ਼ੌਜ ਦੀ ਨੁਕਤਾਚੀਨੀ ਦਾ ਦਰਜਾ ਦੇ ਕੇ ਭੰਡਿਆ ਜਾ ਰਿਹਾ ਹੈ। ਜਿਹੜੇ ਸਰਕਾਰ ਤੋਂ ਕਿਸੇ ਦਾਅਵੇ ਦਾ ਸਬੂਤ ਮੰਗਣ, ਉਨ੍ਹਾਂ ਬਾਰੇ ਵੀ ਸ਼ੋਰ ਮਚਾਇਆ ਜਾਂਦਾ ਹੈ। ਇਹ ਰੁਝਾਨ ਬਹੁਤ ਖ਼ਤਰਨਾਕ ਹੈ।
ਕਾਰਗਿਲ ਦੀ ਜੰਗ ਵਿਚ ਆਪਣੀਆਂ ਜਾਨਾਂ ਗਵਾਉਣ ਵਾਲੇ ਸਭ ਲੋਕ, ਇਸ ਮੁਲਕ ਦੇ ਜਾਂ ਉਸ ਮੁਲਕ ਦੇ, ਫ਼ੌਜੀ ਜਾਂ ਗ਼ੈਰ ਫ਼ੌਜੀ ਸਭਨਾਂ ਦੀਆਂ ਰੂਹਾਂ ਨਾਲ ਸਾਡਾ ਇਕਰਾਰ ਕਰਨਾ ਬਣਦਾ ਹੈ ਕਿ ਅਜਿਹਾ ਮਾਹੌਲ ਨਾ ਬਣਨ ਦਿੱਤਾ ਜਾਵੇ, ਨਫ਼ਰਤਾਂ ਨਾ ਫੈਲਣ ਦਿੱਤੀਆਂ ਜਾਣ, ਹੋਰ ਕਾਰਗਿਲ ਨਾ ਬਣਨ ਦਿੱਤਾ ਜਾਵੇ।

ਸੰਪਰਕ: 98783-75903


Comments Off on ਕਾਰਗਿਲ ਯੁੱਧ ਦੇ ਸਬਕ ਤਲਾਸ਼ਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.