ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਕਾਂਗਰਸ ਦਾ ਸੰਕਟ

Posted On August - 12 - 2019

ਕਾਂਗਰਸ ਦਾ ਅੰਦਰੂਨੀ ਸੰਕਟ ਅਜੇ ਵੀ ਬਰਕਰਾਰ ਹੈ। ਰਾਹੁਲ ਗਾਂਧੀ ਨੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਕਿਹਾ ਸੀ ਕਿ ਪਾਰਟੀ ਦਾ ਅਗਲਾ ਪ੍ਰਧਾਨ ਨਹਿਰੂ ਗਾਂਧੀ ਪਰਿਵਾਰ ਵਿਚੋਂ ਨਹੀਂ ਹੋਵੇਗਾ। ਕਾਂਗਰਸ ਏਨਾ ਲੰਮਾ ਸਮਾਂ ਨਹਿਰੂ ਗਾਂਧੀ ਪਰਿਵਾਰ ’ਤੇ ਨਿਰਭਰ ਰਹੀ ਹੈ ਕਿ ਕੇਂਦਰੀ ਲੀਡਰਸ਼ਿਪ ਵਿਚ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਪਾਰਟੀ ਵਿਚ ਬਿਖਰਾਓ ਆ ਸਕਦਾ ਹੈ। ਕਾਂਗਰਸ ਵਿਚ ਤਾਕਤ ਦੇ ਕੇਂਦਰੀਕਰਨ ਦੇ ਰੁਝਾਨ ਇੰਦਰਾ ਗਾਂਧੀ ਦੇ ਸਮਿਆਂ ਵਿਚ ਉੱਭਰੇ। ਇੰਦਰਾ ਦੀ ਪਾਰਟੀ ਜਥੇਬੰਦੀ ’ਤੇ ਪਕੜ ਬਹੁਤ ਮਜ਼ਬੂਤ ਸੀ ਅਤੇ ਕੋਈ ਵੀ ਆਗੂ ਉਸ ਨਾਲ ਅਸਹਿਮਤ ਹੋ ਕੇ ਪਾਰਟੀ ਵਿਚ ਨਹੀਂ ਸੀ ਰਹਿ ਸਕਦਾ। ਬੈਂਕਾਂ ਦੇ ਰਾਸ਼ਟਰੀਕਰਨ ਅਤੇ ਰਾਜਿਆਂ ਦੇ ਖ਼ਾਸ ਅਧਿਕਾਰਾਂ ਅਤੇ ਪ੍ਰੀਵੀ ਪਰਸਾਂ ਨੂੰ ਖ਼ਤਮ ਕਰਨ ਤੋਂ ਬਾਅਦ ਉਸ ਨੇ ਪਾਕਿਸਤਾਨ ਵਿਰੁੱਧ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ਕਾਰਨ ਉਹ ਲੋਕਾਂ ਦੀ ਹਰਮਨਪਿਆਰੀ ਆਗੂ ਬਣ ਗਈ। ਇਹ ਉਹੀ ਸਮਾਂ ਸੀ ਜਦੋਂ ਡੀਕੇ ਬਰੂਆ ਵਰਗੇ ਚਾਪਲੂਸ ਆਗੂ ਨੇ ਦੇਸ਼ ਅਤੇ ਇੰਦਰਾ ਗਾਂਧੀ ਨੂੰ ਸਮਰੂਪ ਕਰਕੇ ਵੇਖਦਿਆਂ ਕਿਹਾ, ‘ਭਾਰਤ ਇੰਦਰਾ ਹੈ ਤੇ ਇੰਦਰਾ ਭਾਰਤ ਹੈ’ (ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ)।
ਇੰਦਰਾ ਗਾਂਧੀ ਦੇ ਸਮਿਆਂ ਤੋਂ ਪੈਦਾ ਹੋਏ ਅਜਿਹੇ ਵਿਗਾੜਾਂ ਕਾਰਨ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਖ਼ਤਮ ਹੁੰਦੀ ਗਈ। ਐਮਰਜੈਂਸੀ ਦੇ ਸਮਿਆਂ ਵਿਚ ਇੰਦਰਾ ਗਾਂਧੀ ਦਾ ਛੋਟਾ ਪੁੱਤਰ ਸੰਜੇ ਗਾਂਧੀ ਵੱਖਰੀ ਅਸੰਵਿਧਾਨਕ ਤਾਕਤ ਬਣ ਕੇ ਉੱਭਰਿਆ ਅਤੇ ਉਸ ਦੇ ਨਾਲ ਕਾਂਗਰਸ ਵਿਚ ਅਜਿਹੇ ਆਗੂ ਵੀ ਆਏ ਜਿਨ੍ਹਾਂ ਵਿਚੋਂ ਬਹੁਤੇ ਮੌਕਾਪ੍ਰਸਤ ਸਨ ਅਤੇ ਉਨ੍ਹਾਂ ਦੀ ਕਾਂਗਰਸ ਦੀ ਵਿਚਾਰਧਾਰਾ ਨਾਲ ਕੋਈ ਸਾਂਝ ਨਹੀਂ ਸੀ। 1977 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਹਾਰ ਹੋਈ ਪਰ ਜਨਤਾ ਪਾਰਟੀ ਦੀ ਸਰਕਾਰ ਲੰਮੇ ਸਮੇਂ ਤਕ ਨਾ ਚੱਲ ਸਕੀ। ਜਨਤਾ ਪਾਰਟੀ ਨੂੰ ਹਰਾ ਕੇ ਇੰਦਰਾ ਗਾਂਧੀ ਮੁੜ ਤਾਕਤ ਵਿਚ ਆਈ ਅਤੇ ਇਸ ਵਾਰ ਉਸ ਨੇ ਸੱਤਾ ਅਤੇ ਪਾਰਟੀ ਜਥੇਬੰਦੀ ’ਤੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ। 1984 ਵਿਚ ਉਸ ਦੀ ਹੱਤਿਆ ਤੋਂ ਬਾਅਦ ਕਾਂਗਰਸ ਨੂੰ ਫਿਰ ਵੱਡੀ ਜਿੱਤ ਪ੍ਰਾਪਤ ਹੋਈ ਅਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ। 1996ਵਿਆਂ ਵਿਚ ਨਰਸਿਮ੍ਹਾ ਰਾਓ ਦੀ ਸਰਕਾਰ ਕਾਂਗਰਸ ਨੂੰ ਜਿੱਤ ਨਾ ਦਿਵਾ ਸਕੀ ਅਤੇ ਸੀਤਾਰਾਮ ਕੇਸਰੀ ਦੀ ਅਗਵਾਈ ਵਿਚ ਕਾਂਗਰਸ ਦੀ ਬੇੜੀ ਹੋਰ ਡਾਵਾਂਡੋਲ ਹੁੰਦੀ ਗਈ। ਉਨ੍ਹਾਂ ਸਮਿਆਂ ਵਿਚ ਹੀ ਸੋਨੀਆ ਗਾਂਧੀ ਨੇ ਕਾਂਗਰਸ ਦੀ ਅਗਵਾਈ ਕੀਤੀ ਅਤੇ 2004 ਤੇ 2009 ਵਿਚ ਕਾਂਗਰਸ ਫਿਰ ਜੇਤੂ ਬਣੀ ਪਰ 2014 ਅਤੇ 2019 ਦੀ ਲੋਕ ਸਭਾ ਚੋਣਾਂ ਵਿਚ ਹੋਈਆਂ ਹਾਰਾਂ ਕਾਰਨ ਕਾਂਗਰਸ ਦਾ ਮਨੋਬਲ ਬਹੁਤ ਹੇਠਾਂ ਡਿੱਗ ਗਿਆ ਹੈ।
ਇਸ ਵੇਲੇ ਕਾਂਗਰਸ ਵਿਚ ਦੋ ਤਰ੍ਹਾਂ ਦੇ ਆਗੂ ਹਨ। ਪਹਿਲੀ ਸ਼੍ਰੇਣੀ ਵਿਚ ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਹਿਲੋਤ, ਕਮਲ ਨਾਥ, ਸਿੱਧਾਰਮੱਈਆ ਅਤੇ ਤਰੁਣ ਗਗੋਈ ਜਿਹੇ ਆਗੂ ਆਉਂਦੇ ਹਨ ਜਿਨ੍ਹਾਂ ਦਾ ਆਧਾਰ ਆਪੋ-ਆਪਣੇ ਸੂਬੇ ਵਿਚ ਹੈ। ਦੂਜੀ ਸ਼੍ਰੇਣੀ ਵਿਚ ਕਪਿਲ ਸਿੱਬਲ, ਜੈ ਰਾਮ ਰਮੇਸ਼ ਤੇ ਪੀ ਚਿਦੰਬਰਮ ਜਿਹੇ ਆਗੂ ਹਨ, ਜਿਨ੍ਹਾਂ ਨੂੰ ਸਾਰੇ ਦੇਸ਼ ਵਿਚ ਤਾਂ ਜਾਣਿਆ ਜਾਂਦਾ ਹੈ ਪਰ ਜਥੇਬੰਦੀ ਅਤੇ ਲੋਕਾਂ ਵਿਚ ਉਨ੍ਹਾਂ ਦਾ ਕੋਈ ਆਧਾਰ ਨਹੀਂ। ਸੂਬਿਆਂ ਦੇ ਸ਼ਕਤੀਸ਼ਾਲੀ ਮੁੱਖ ਮੰਤਰੀ ਸੂਬਿਆ ਵਿਚਲੀ ਸੱਤਾ ਛੱਡ ਕੇ ਪਾਰਟੀ ਦੀ ਅਗਵਾਈ ਕਰਨ ਦੇ ਚਾਹਵਾਨ ਨਹੀਂ। ਇਹੋ ਜਿਹੇ ਹਾਲਾਤ ਵਿਚ ਮੁਕਲ ਵਾਸਨਿਕ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਮਲਿਕ ਅਰਜੁਨਖੜਗੇ ਜਿਹੇ ਨਾਂ ਸਾਹਮਣੇ ਆਏ ਪਰ ਇਉਂ ਲੱਗਦਾ ਹੈ ਕਿ ਉਨ੍ਹਾਂ ’ਤੇ ਸਰਬਸੰਮਤੀ ਨਹੀਂ ਬਣ ਸਕੀ। ਕੁਝ ਆਗੂਆਂ ਨੇ ਜਯੋਤਿਰਦਿਤਿਆ ਸਿੰਧੀਆ ਨੂੰ ਪ੍ਰਧਾਨ ਬਣਾਉਣ ਦੀ ਤਜਵੀਜ਼ ਵੀ ਰੱਖੀ ਪਰ ਪਾਰਟੀ ਦੇ ਆਗੂਆਂ ਵਿਚ ਸ਼ਖ਼ਸੀ ਟਕਰਾਓ ਇਹੋ ਜਿਹਾ ਹੈ ਕਿ ਕੋਈ ਵੀ ਦੂਸਰੇ ਨੂੰ ਪਾਰਟੀ ਪ੍ਰਧਾਨ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ। ਅਜਿਹੇ ਹਾਲਾਤ ਵਿਚ ਸੋਨੀਆ ਗਾਂਧੀ ਨੂੰ ਦੁਬਾਰਾ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ। ਇਸ ਵੇਲੇ ਦੇਸ਼ ਬੜੀ ਨਾਜ਼ੁਕ ਸਥਿਤੀ ਵਿਚੋਂ ਲੰਘ ਰਿਹਾ ਹੈ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੋਨੀਆ ਗਾਂਧੀ ਸਮਰੱਥ ਆਗੂ ਵਜੋਂ ਉੱਭਰੀ ਹੈ ਜਿਸ ਨੇ ਮਗਨਰੇਗਾ ਜਿਹੀ ਸਕੀਮ ਅਤੇ ਆਰਟੀਆਈ ਜਿਹੇ ਕਾਨੂੰਨ ਪਾਸ ਕਰਵਾਏ। ਜੇਕਰ ਪਾਰਟੀ ਕੋਈ ਫ਼ੈਸਲਾ ਨਹੀਂ ਕਰਦੀ ਤਾਂ ਹੋ ਸਕਦਾ ਹੈ ਕਿ ਇਹ ਜ਼ਿੰਮੇਵਾਰੀ ਉਸ ਨੂੰ ਹੀ ਕਾਫ਼ੀ ਸਮੇਂ ਤਕ ਸੰਭਾਲਣੀ ਪਵੇ।


Comments Off on ਕਾਂਗਰਸ ਦਾ ਸੰਕਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.