ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

Posted On August - 20 - 2019

ਵਾਸ਼ਿੰਗਟਨ/ਕਾਬੁਲ, 19 ਅਗਸਤ
ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ਸਫ਼ੀਰ ਅਸਦ ਮਜੀਦ ਖ਼ਾਨ ਨੇ ਪਿਛਲੇ ਹਫ਼ਤੇ ‘ਦਿ ਨਿਊ ਯਾਰਕ ਟਾਈਮਜ਼’ ਨੂੰ ਕਿਹਾ ਸੀ ਕਿ ਗੁਆਂਂਢੀ ਮੁਲਕ ਭਾਰਤ ਨਾਲ ਸਬੰਧਾਂ ’ਚ ਜਾਰੀ ਤਲਖੀ ਕਰਕੇ ਪਾਕਿਸਤਾਨ ਅਫ਼ਗ਼ਾਨ ਸਰਹੱਦ ’ਤੇ ਤਾਇਨਾਤ ਸਲਾਮਤੀ ਦਸਤਿਆਂ ਨੂੰ ਕਸ਼ਮੀਰ ਫਰੰਟ ’ਤੇ ਤਾਇਨਾਤ ਕਰ ਸਕਦਾ ਹੈ।
ਪਾਕਿਸਤਾਨੀ ਸਫ਼ੀਰ ਦੇ ਇਸ ‘ਗੁੰਮਰਾਹਕੁਨ’ ਬਿਆਨ ਨੂੰ ਸਿਰੇ ਤੋਂ ਖਾਰਜ ਕਰਦਿਆਂ ਅਫ਼ਗਾਨਿਸਤਾਨ ਦੇ ਅਮਰੀਕਾ ਵਿੱਚ ਸਫ਼ੀਰ ਰੋਯਾ ਰਹਿਮਾਨੀ ਨੇ ਕਿਹਾ, ‘ਅਜਿਹਾ ਕੋਈ ਵੀ ਬਿਆਨ ਜੋ ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਦਾ ਹੈ, ਉਹ ਲਾਪ੍ਰਵਾਹੀ ਵਾਲਾ, ਅਣਉੱਚਿਤ ਤੇ ਗੈਰਜ਼ਿੰਮੇਵਾਰਾਨਾ ਹੈ।’ ਰਹਿਮਾਨੀ ਨੇ ਕਿਹਾ, ‘ਅਫ਼ਗ਼ਾਨਿਸਤਾਨ ਅਜਿਹੇ ਕਿਸੇ ਵੀ ਬਿਆਨ ਦੀ ਨਿਖੇਧੀ ਕਰਦਾ ਹੈ।’ ਅਫ਼ਗ਼ਾਨ ਸਫ਼ੀਰ ਨੇ ਕਿਹਾ ਕਿ ਕਸ਼ਮੀਰ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਦਾ ‘ਦੁਵੱਲਾ ਮਸਲਾ’ ਹੈ ਤੇ ਪਾਕਿਸਤਾਨ ਅਜਿਹੇ ਬਿਆਨ ਦੇ ਕੇ ਅਫ਼ਗ਼ਾਨ ਸਰਜ਼ਮੀਨ ’ਤੇ ਹਿੰਸਾ ਦੀਆਂ ਕਾਰਵਾਈਆਂ ਨੂੰ ਲਮਕਾਉਣ ਦੇ ਇਰਾਦੇ ਨੂੰ ਭਲੀਭਾਂਤ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਹਿਸ਼ਤੀ ਜੱਥੇਬੰਦੀ (ਤਾਲਿਬਾਨ) ਖ਼ਿਲਾਫ਼ ਫੈਸਲਾਕੁੰਨ ਕਾਰਵਾਈ ਤੋਂ ਬਚਣ ਲਈ ਕਸ਼ਮੀਰ ਜਿਹੇ ਬਹਾਨੇ ਘੜ ਰਿਹੈ।

-ਪੀਟੀਆਈ

ਅਫ਼ਗ਼ਾਨਿਸਤਾਨ ਨੂੰ ‘ਦਹਿਸ਼ਤੀਆਂ ਦੀ ਪ੍ਰਯੋਗਸ਼ਾਲਾ’ ਨਹੀਂ ਬਣਨ ਦਿਆਂਗੇ: ਟਰੰਪ

ਵਾਸ਼ਿੰਗਟਨ: ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲਣ ਮਗਰੋਂ ਉਹ ਇਸ ਮੁਲਕ ਵਿੱਚ ‘ਅਹਿਮ ਇੰਟੈਲੀਜੈਂਸ’ ਅਸਾਸੇ ਛੱਡ ਕੇ ਜਾਣ ’ਤੇ ਵਿਚਾਰ ਕਰ ਰਹੇ ਹਨ। ਮੁਲਕ ਦੇ ਸਿਖਰਲੇ ਕੌਮੀ ਸੁਰੱਖਿਆ ਸਲਾਹਕਾਰਾਂ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਕਿਹਾ ਕਿ ਉਹ ਜੰਗ ਦੇ ਝੰਬੇ ਅਫ਼ਗਾਨਿਸਤਾਨ ਨੂੰ ‘ਦਹਿਸ਼ਤਗਰਦਾਂ ਦੀ ਪ੍ਰਯੋਗਸ਼ਾਲਾ’ ਨਹੀਂ ਬਣਨ ਦੇਣਗੇ।

-ਏਜੰਸੀ

‘ਪਾਕਿ ਵੱਲ ਰਣਨੀਤਕ ਝੁਕਾਅ ਅਮਰੀਕਾ ਦੀ ਮੂਰਖਤਾ’

ਵਾਸ਼ਿੰਗਟਨ: ਕਸ਼ਮੀਰ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਅਤੇ ਅਫ਼ਗ਼ਾਨ ਵਿੱਚ ਚੱਲ ਰਹੇ ਸ਼ਾਂਤੀ ਅਮਲ ਦਰਮਿਆਨ ਅਮਰੀਕੀ ਵਿਦੇਸ਼ ਨੀਤੀ ਦੇ ਮਾਹਿਰ ਨੇ ਟਰੰਪ ਪ੍ਰਸ਼ਾਸਨ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਛੱੱਡ ਕੇ ਪਾਕਿਸਤਾਨ ਵੱਲ ਰਣਨੀਤਕ ਝੁਕਾਅ ਵਿੱਚ ਕੋਈ ਸਿਆਣਪ ਨਹੀਂ ਹੈ। ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਦੇ ਪ੍ਰਧਾਨ ਰਿਚਰਡ ਐੱਨ.ਹਾਸ ਨੇ ਪਿਛਲੇ ਹਫ਼ਤੇ ਪ੍ਰਾਜੈਕਟ ਸਿੰਡੀਕੇਟ ਵਿੱਚ ਪ੍ਰਕਾਸ਼ਿਤ ਲੇਖ ’ਚ ਇਹ ਰਾਇ ਜ਼ਾਹਰ ਕੀਤੀ ਸੀ। ਹਾਸ ਨੇ ਕਿਹਾ ਕਿ ਜਮਹੂਰੀ ਭਾਰਤ ਜਲਦੀ ਹੀ ਆਬਾਦੀ ਪੱਖੋਂ ਚੀਨ ਨੂੰ ਪਿਛਾਂਹ ਧੱਕ ਦੇਵੇਗਾ ਤੇ ਵਿਸ਼ਵ ਦੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਨਾਲ ਭਵਿੱਖ ਵਿੱਚ ਚੰਗੇ ਰਿਸ਼ਤਿਆਂ ਦਾ ਲਾਹਾ ਮਿਲ ਸਕਦਾ ਹੈ।

-ਪੀਟੀਆਈ


Comments Off on ‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.