ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਕਵੀਸ਼ਰੀ ਦੀ ਜਿੰਦ ਜਾਨ ਮੋਹਨ ਸਿੰਘ ਰੋਡੇ

Posted On August - 24 - 2019

ਹਰਵਿੰਦਰ ਸਿੰਘ ਰੋਡੇ

ਭਾਦੋਂ ਦਾ ਤਿੱਖੜ ਦੁਪਹਿਰਾ ਢਲਿਆ ਹੀ ਸੀ ਕਿ ਮੋਗੇ ’ਚ ਪੈਂਦੇ ਪਿੰਡ ਰਾਮੂੰਵਾਲੇ ਦੇ ਖੇਤਾਂ ਵਿਚ ਚਲਦੀ ਮੋਟਰ ਦੀ ਧਾਰ ਥੱਲੇ ਮੁੰਡੇ ਨਹਾ ਰਹੇ ਸਨ। ਇਕ ਭਾਰੀ ਦੇਹ ਵਾਲਾ ਚਿੱਟ ਕੱਪੜੀਆ ਬਜ਼ੁਰਗ ਆਪਣਾ ਸਾਈਕਲ ਬੈਠਕ ਦੀ ਕੰਧ ਨਾਲ ਲਾ ਕੇ ਬੈਠਕ ਦੇ ਸਾਹਮਣੇ ਪਏ ਮੰਜੇ ’ਤੇ ਬੈਠ ਮੁੰਡਿਆਂ ਨੂੰ ਪੁੱਛਣ ਲੱਗਾ, “ਕਰਨੈਲ ਦਾ ਮੁੰਡਾ ਕਿਹੜੈ ਥੋਡੇ ’ਚੋਂ?”
“ਮੈਂ ਆਂ ਬਾਬਾ ਜੀ।” ਇਕਬਾਲ ਸਿੰਘ ਰਾਮੂੰਵਾਲੀਆ ਨੇ ਸਿਰ ਚੁੱਕਦਿਆਂ ਕਿਹਾ।
“ਜਾਓ ਫਿਰ, ਥੋਡੇ ’ਚੋਂ ਇਕ ਜਣਾ ਘਰੇ ਜਾਓ ਤੇ ਕਰਨੈਲ ਨੂੰ ਆਖੋ ਬਈ ਇਕ ਬਜ਼ੁਰਗ ਮਿਲਣ ਆਇਐ।” ਹਾਲੇ ਬਜ਼ੁਰਗ ਨੇ ਕਿਹਾ ਹੀ ਸੀ ਕਿ ਪਰਲੇ ਪਾਸੇ ਕੱਦਾਵਰ ਮੱਕੀਆਂ ਤੇ ਚਰ੍ਹੀਆਂ ’ਚ ਘਿਰੀ ਪਹੀ ਤੋਂ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਨੇ ਆਪਣੇ ਸਾਈਕਲ ਦੀ ਘੰਟੀ ਖੜਕਾਈ। “ਬੱਲੇ,ਬੱਲੇ,ਬੱਲੇ…ਚਾਚਾ ਤੂੰ ਕਿੱਧਰੋਂ?” ਆਖ ਪਾਰਸ ਨੇ ਬਜ਼ੁਰਗ ਦੇ ਪੈਰੀਂ ਹੱਥ ਲਾਏ ਤੇ ਮੁੰਡਿਆਂ ਨੂੰ “ਐਧਰ ਆਓ ਓਏ ਮੁੰਡਿਓ” ਕਹਿੰਦਿਆਂ ਕੋਲ ਬੁਲਾਇਆ ਤੇ ਪੁੱਛਿਆ, “ਜਾਣਦੇ ਓ ਇਹ ਬਾਬਾ ਜੀ ਕੌਣ ਐ?” ਮੁੰਡੇ ਖਾਮੋਸ਼ ਖਲੋਤੇ ਵੇਖ ਪਾਰਸ ਫਿਰ ਬੋਲਿਆ, “ਇਹ ਮੇਰਾ ਭਾਖੜਾ ਡੈਮ ਐ, ਭਾਖੜਾ ਡੈਮ।” ਏਨਾ ਆਖਦਿਆਂ ਹੀ ਕਰਨੈਲ ਸਿੰਘ ਪਾਰਸ ਦੀਆਂ ਨਮ ਹੋਈਆਂ ਅੱਖਾਂ ਵਾਰ ਵਾਰ ਝਮਕਣ ਲੱਗ ਪਈਆਂ। ਉਸ ਨੇ ਆਪਣੇ ਭਰ ਆਏ ਗਲੇ ਨੂੰ ਸਾਫ਼ ਕਰਨ ਲਈ ਖੰਘੂਰਾ ਮਾਰਿਆ।
ਉਹ ਬਜ਼ੁਰਗ ਸੱਚਮੁੱਚ ਹੀ ਭਾਖੜਾ ਡੈਮ ਸੀ, ਇਕੱਲੇ ਪਾਰਸ ਲਈ ਨਹੀਂ ਸਗੋਂ ਪੂਰੇ ਕਵੀਸ਼ਰੀ ਜਗਤ ਲਈ। ਕਵੀਸ਼ਰੀ ਜਗਤ ਵਿਚ ਕਵੀਸ਼ਰ ਮੋਹਨ ਸਿੰਘ ਰੋਡੇ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸਦਾ ਜਨਮ 25 ਅਗਸਤ 1898 ਨੂੰ ਮਾਲਵੇ ਦੇ ਉੱਘੇ ਪਿੰਡ ਰੋਡੇ ਵਿਚ ਸ. ਨਿਧਾਨ ਸਿੰਘ ਬਰਾੜ ਤੇ ਮਾਤਾ ਇੰਦ ਕੌਰ ਦੇ ਘਰ ਹੋਇਆ। ਉਸਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰਮੁਖੀ ਦੀ ਸਿੱਖਿਆ ਲਈ। ਖੇਤੀਬਾੜੀ ਕਰਨੀ ਸ਼ੁਰੂ ਕੀਤੀ ਤਾਂ ਆਪਣੇ ਖੇਤਾਂ ਵਿਚ ਕੰਮ ਕਰਦੇ ਸੀਰੀ ਤੋਂ ਕਵੀਸ਼ਰੀ ਸੁਣ-ਸੁਣ ਕੇ ਕਵੀਸ਼ਰੀ ਦੀ ਚੇਟਕ ਲੱਗ ਪਈ। ਮਾਲਵੇ ਦੇ ਪ੍ਰਸਿੱਧ ਕਵੀਸ਼ਰ ਪੰਡਿਤ ਕਿਸ਼ੋਰ ਚੰਦ ਨੂੰ ਉਸਤਾਦ ਧਾਰ ਕੇ ਉਸਨੇ ਕਵੀਸ਼ਰੀ ਦੀਆਂ ਬਾਰੀਕੀਆਂ ਸਿੱਖੀਆਂ ਤੇ ਉਸਤੋਂ ਬਾਅਦ ਪੂਰੇ ਪੰਜਾਬ ਵਿਚ ਕਵੀਸ਼ਰੀ ਦੀਆਂ ਧੁੰਮਾਂ ਪੈ ਗਈਆਂ।
ਉਹ ਸਿੱਖੀ ਨੂੰ ਪ੍ਰਣਾਇਆ ਕਵੀ ਸੀ। ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਾ, ਉਸਦੀ ਕਵਿਤਾ ਲੋਕਾਂ ਦੀ ਕਵਿਤਾ ਸੀ। ਛੋਟੇ ਹੁੰਦਿਆਂ ਹੀ ਉਸਨੇ ਸ਼ਹੀਦੀ ਜੱਥਿਆਂ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ। ਜੈਤੋ ਦਾ ਮੋਰਚਾ,ਕਿਸਾਨ ਮੋਰਚਾ,ਪੰਜਾਬੀ ਸੂਬੇ ਦਾ ਮੋਰਚਾ ਆਦਿ ਵਿਚ ਉਹ ਸਰਗਰਮ ਹੋ ਕੇ ਹਿੱਸਾ ਲੈਂਦਾ ਸੀ। ਇਨ੍ਹਾਂ ਵਿਚ ਕਈ ਵਾਰੀ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਛੇ-ਛੇ, ਸੱਤ-ਸੱਤ ਮਹੀਨੇ ਦੀ ਜੇਲ੍ਹ ਕੱਟ ਕੇ ਬਾਹਰ ਆਉਣ ਉਪਰੰਤ ਫਿਰ ਆਪਣੇ ਅਖਾੜੇ ਗਰਮ ਕਰ ਦਿੰਦਾ। ਉਂਜ ਜੇਲ੍ਹ ਵਿਚ ਵੀ ਉਹ ਆਪਣੇ ਆਪ ਨੂੰ ਕੈਦੀ ਨਹੀਂ ਸੀ ਸਮਝਦਾ, ਕਵੀਸ਼ਰੀ ਉਸਨੂੰ ਹਮੇਸ਼ਾਂ ਸੁਤੰਤਰ ਰੱਖਦੀ ਸੀ। ਉਹ ਹਾਸੇ-ਹਾਸੇ ਵਿਚ ਕਹਿ ਦਿੰਦਾ ਸੀ:
“ਜਦੋਂ ਦਾ ਮੈਂ ਪਾਇਆ ਕਿਰਪਾਨ ਗਾਤਰਾ।
ਉਦੋਂ ਦੀ ਨਾ ਬੰਦ ਹੋਈ ਜੇਲ੍ਹ ਯਾਤਰਾ।”
ਉਹ ਜਿੱਥੇ ਵੀ ਜਾਂਦਾ ਲੋਕ ਸਾਹ ਰੋਕ ਕੇ ਉਸਨੂੰ ਸੁਣਦੇ। ਸਰੋਤਾ ਇਕ ਹੋਵੇ ਜਾਂ ਲੱਖ, ਉਸ ਦੀ ਜ਼ੁਬਾਨ ’ਚੋਂ ਓਹੀ ਮਿਠਾਸ ਆਉਂਦੀ। ਉਸ ਦੇ ਉਮਾਹ ਤੇ ਊਰਜਾ ਨੂੰ ਸਰੋਤਿਆਂ ਦੀ ਗਿਣਤੀ ਕਦੇ ਵਧਾ ਘਟਾ ਨਹੀਂ ਸਕੀ। ਬਿਨਾਂ ਲਾਊਡ ਸਪੀਕਰ ਤੋਂ ਹੀ ਉਹ ਕੋਹ ਵਾਟ ਤਕ ਸੁਣਦਾ ਸੀ। ਮੋਹਨ ਸਿੰਘ ਦੇ ਦੀਵਾਨ ਲਾਉਣ ਦੀ ਵਿਲੱਖਣਤਾ ਇਹ ਸੀ ਕਿ ਉਹ ਚਾਰ ਪੋਹ ਨੂੰ ਆਨੰਦਪੁਰ ਸਾਹਿਬ ਤੋਂ ਦੀਵਾਨ ਲਾਉਣੇ ਸ਼ੁਰੂ ਕਰਦਾ ਤੇ ਜਿਸ ਰਸਤੇ ਗੁਰੂ ਗੋਬਿੰਦ ਸਿੰਘ ਮੁਕਤਸਰ ਪਹੁੰਚੇ ਸਨ, ਉਸੇ ਗਾਡੀ ਰਾਹ ਚੱਲ ਕੇ ਹੀ ਸਾਰਾ ਪੋਹ ਦੀਵਾਨ ਸਜਾ ਕੇ ਮਾਘੀ ਵਾਲੇ ਦਿਨ ਮੁਕਤਸਰ ਸਾਹਿਬ ਆ ਪਹੁੰਚਦਾ ਸੀ। ਬਾਬੂ ਰਜ਼ਬ ਅਲੀ ਨੇ ਮੋਹਨ ਸਿੰਘ ਦੀ ਆਵਾਜ਼, ਲਹਿਜ਼ੇ ਤੇ ਬਾਰੀਕ ਬੁੱਧ ਤੋਂ ਪ੍ਰਭਾਵਿਤ ਹੁੰਦਿਆਂ ਉਸ ਨੂੰ ਆਪਣੇ ਮੁਸਲਮਾਨ ਅਕੀਦੇ ਨਾਲ ਸਲਾਮ ਲਿਖੀ ਹੈ। ਬਾਬੂ ਰਜ਼ਬ ਅਲੀ ਲਿਖਦਾ ਹੈ ਕਿ ਮੋਹਨ ਸਿੰਘ ਵਾਂਗ ਕੋਈ ਸਾਕਾ ਸਰਹੰਦ ਗਾ ਨਹੀਂ ਸਕਦਾ।
ਮੋਹਨ ਸਿੰਘ ਵਿਚ ਸੇਵਾ ਦੀ ਭਾਵਨਾ ਐਨੀ ਪ੍ਰਬਲ ਸੀ ਕਿ ਉਹ ਜਦ ਵੀ ਕਿਸੇ ਗੁਰੂ ਘਰ ਦੀਵਾਨ ਲਾਉਂਦੇ ਤਾਂ ਪ੍ਰਬੰਧਕਾਂ ਨੂੰ ਕਹਿੰਦੇ, “ਮੈਨੂੰ ਕਿਰਾਇਆ ਦੇ ਦੇਵੋ ਤੇ ਬਾਕੀ ਦੀ ਮਾਇਆ ਗੁਰੂ ਘਰ ’ਤੇ ਲਾ ਦੇਵੋ।” ਉਨ੍ਹਾਂ ਦੀ ਅਜਿਹੀ ਸ਼ਰਧਾ ਨਾਲ ਹੀ ਗੁਰਦੁਆਰਾ ਆਲਮਗੀਰ ਅੱਜ ਆਲੀਸ਼ਨ ਇਮਾਰਤ ਵਿਚ ਸੋਭਦਾ ਹੈ। ਮੋਹਨ ਸਿੰਘ ਰੋਡੇ ਨੇ ਕਵੀਸ਼ਰੀ ਦੇ ਇਤਿਹਾਸ ਵਿਚ ਪਹਿਲੀ ਵਾਰ ਸਟੇਜ ’ਤੇ ਖੜ੍ਹ ਕੇ ਕਵੀਸ਼ਰੀ ਕਰਨ ਦੀ ਪਿਰਤ ਪਾਈ। ਇਸਤੋਂ ਪਹਿਲਾਂ ਕਵੀਸ਼ਰੀ ਖਾੜਿਆਂ ਵਿਚ ਗੋਲ ਦਾਇਰਾ ਬਣਾ ਕੇ ਘੁੰਮਦੇ ਹੋਏ ਗਾਉਂਦੇ ਸਨ। ਕੁਝ ਲੋਕਾਂ ਦਾ ਖਿਆਲ ਹੈ ਕਿ ਇਹ ਪਿਰਤ ਕਰਨੈਲ ਸਿੰਘ ਪਾਰਸ ਨੇ ਪਾਈ ਹੈ, ਪਰ ਅਸਲ ਵਿਚ ਉਦੋਂ ਕਰਨੈਲ ਸਿੰਘ ਪਾਰਸ, ਮੋਹਨ ਸਿੰਘ ਰੋਡੇ ਤੋਂ ਕਵੀਸ਼ਰੀ ਸਿੱਖਦਾ ਸੀ ਤੇ ਉਨ੍ਹਾਂ ਦੇ ਜੱਥੇ ਵਿਚ ਗਾਉਂਦਾ ਸੀ। ਸਟੇਜ ’ਤੇ ਉਨ੍ਹਾਂ ਸਭ ਤੋਂ ਪਹਿਲਾਂ ਦੁਆਬੇ ਵਿਚ ਗਾਇਆ ਸੀ। ਫਿਰ ਹੌਲੀ-ਹੌਲੀ ਇਹ ਪਿਰਤ ਪੂਰੇ ਪੰਜਾਬ ਵਿਚ ਫੈਲ ਗਈ। ਪੰਜਾਬ ਤੋਂ ਬਾਹਰ ਉਨ੍ਹਾਂ ਸਮਿਆਂ ਵਿਚ ਮੋਹਨ ਸਿੰਘ ਨੇ ਸਿੰਘਾਪੁਰ ਵਿਚ ਵੀ ਕਵੀਸ਼ਰੀ ਗਾਈ। ਮੋਹਨ ਸਿੰਘ ਆਪ ਦੱਸਦੇ ਹੁੰਦੇ ਸਨ ਕਿ ਜਦੋਂ ਉਹ ਪਹਿਲੀ ਵਾਰ ਆਲਮਗੀਰ ਦੀਵਾਨ ਲਾਉਣ ਲਈ ਗਿਆ ਤਾਂ ਉੱਥੇ ਵਾਜੇ ਵਾਲੇ ਰਾਗੀਆਂ ਦਾ ਬੋਲਬਾਲਾ ਸੀ। ਉਹ ਸਾਨੂੰ ਸਟੇਜ ਦੇ ਨੇੜੇ ਨਾ ਲੱਗਣ ਦੇਣ। ਕਹਿਣ ਕਵੀਸ਼ਰੀ ਕੱਚੀ ਬਾਣੀ ਹੈ। ਅਖੀਰ ਸਾਨੂੰ ਸਮਾਂ ਮਿਲਿਆ ਤਾਂ ਪੂਰਾ ਸੱਤ ਸੌ ਰੁਪਿਆ ਚਾਂਦੀ ਦਾ ਹੋਇਆ। ਸੰਗਤ ਹਟਣ ਨਾ ਦੇਵੇ। ਦੀਵਾਨ ਖ਼ਤਮ ਹੋਣ ’ਤੇ ਅਸੀਂ ਪ੍ਰਬੰਧਕਾਂ ਨੂੰ ਕਿਹਾ ਕਿ ਸਾਨੂੰ ਰੋਡਿਆਂ ਤਕ ਦਾ ਕਿਰਾਇਆ ਦੇ ਦੇਵੋ, ਬਾਕੀ ਨਾਲ ਗੁਰੂ ਸਾਹਿਬਾਨ ਵਾਸਤੇ ਪੱਕਾ ਕਮਰਾ ਤਿਆਰ ਕਰੋ। ਉਨ੍ਹਾਂ ਨੇ ਮੋਹਨ ਸਿੰਘ ਤੋਂ ਬਚਨ ਲਿਆ ਕਿ ਜੇ ਤੁਸੀਂ ਹਰ ਸਾਲ ਇੱਥੇ ਦੀਵਾਨ ਲਾਇਆ ਕਰੋਗੇ ਤਾਂ ਅਸੀਂ ਇਹ ਕਾਰ ਸੇਵਾ ਸ਼ੁਰੂ ਕਰ ਦਿੰਦੇ ਹਾਂ। ਇਉਂ ਮੋਹਨ ਸਿੰਘ ਨੇ ਪੰਦਰਾਂ ਸਾਲ ਗੁਰੂ ਘਰ ਆਲਮਗੀਰ ਦੀ ਸੇਵਾ ਕੀਤੀ।
ਉਨ੍ਹਾਂ ਦੇ ਬਹੁਤ ਸਾਰੇ ਸ਼ਾਗਿਰਦ ਸਨ, ਕਰਨੈਲ ਸਿੰਘ ਪਾਰਸ ਉਨ੍ਹਾਂ ਦਾ ਚਹੇਤਾ ਚੇਲਾ ਸੀ ਕਿਉਂਕਿ ਯਤੀਮ ਕਰਨੈਲ ਸਿੰਘ ਨੂੰ ਮੋਹਨ ਸਿੰਘ ਨੇ ਆਪਣੇ ਘਰ ਰੱਖ ਬੱਚਿਆਂ ਵਾਂਗ ਪਾਲ ਕੇ ਪਾਰਸ ਬਣਾਇਆ ਸੀ। ਮੋਹਨ ਸਿੰਘ ਦੇ ਧੀਆਂ-ਪੁੱਤਰ ਤਾਂ ਕਹਿੰਦੇ ਰਹੇ ਨੇ ਕਿ ਉਹ ਸਾਡੇ ਨਾਲੋਂ ਵੀ ਵੱਧ ਪਿਆਰ ਕਰਨੈਲ ਸਿੰਘ ਨੂੰ ਕਰਦਾ ਸੀ ਕਿਉਂਕਿ ਕਰਨੈਲ ਸਿੰਘ ਨੂੰ ਕਵਿਤਾ ਬਣਾਉਣੀ ਆਉਂਦੀ ਸੀ।
ਉਸਦੀ ਕਵੀਸ਼ਰੀ ਇਉਂ ਜਾਪਦਾ ਹੈ ਜਿਵੇਂ ਉਸਦੇ ਨਾਲ ਹੀ ਗੁਆਚ ਗਈ ਹੋਵੇ। ਉਸਦਾ ਸਿਰਫ਼ ਇਕੋ ਕਿੱਸਾ ‘ਰਾਣੀ ਜ਼ਿੰਦਾ’ ਰਿਕਾਰਡ ਹੋਇਆ ਜਿਸਨੇ ਦੇਸ਼-ਵਿਦੇਸ਼ ਦੇ ਸਰੋਤਿਆਂ ਦੇ ਅੱਖੋਂ ਨੀਰ ਵਗਾ ਛੱਡਿਆ। ਅੱਜ ਉਸ ਰਿਕਾਰਡ ਵਿਚੋਂ ਵੀ ਦੋ ਛੰਦ ਹੀ ਮਿਲਦੇ ਹਨ। ਸਿਰਫ਼ ਦੋ ਕਿੱਸੇ ‘ਸਾਕਾ ਜੰਗ ਚਮਕੌਰ’ ਤੇ ‘ਜੀਜਾ ਸਾਲੀ’ ਪ੍ਰਕਾਸ਼ਿਤ ਹੋਏ। ਬਾਕੀ ਏਨੀ ਕਵੀਸ਼ਰੀ ਕਿੱਧਰ ਗਈ ਜਾਂ ਕਿਸਦੇ ਨਾਂ ਹੇਠ ਆ ਗਈ, ਕੋਈ ਉੱਘ ਸੁੱਘ ਨਹੀਂ ਨਿਕਲੀ। ਪਿੱਛੇ ਜਿਹੇ ਨਵਤੇਜ ਭਾਰਤੀ ਨੇ ਚੰਗਾ ਉੱਦਮ ਜਟਾਉਂਦਿਆਂ ਉਸ ਦੀਆਂ ਲਿਖਤਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿੰਨੀਆਂ ਕੁ ਰਚਨਾਵਾਂ ਉਸਨੂੰ ਉਸਦੇ ਸ਼ਾਗਿਰਦਾਂ ਤੇ ਚਾਹੁਣ ਵਾਲਿਆਂ ਤੋਂ ਮਿਲੀਆਂ ਉਸ ਨੇ ਸੰਕਲਨ ਕਰਕੇ ਉਨ੍ਹਾਂ ਨੂੰ ਕਿਤਾਬ ਦਾ ਰੂਪ ਦਿੱਤਾ,ਪਰ ਇਹ ਰਚਨਾਵਾਂ ਸਾਗਰ ਵਿਚੋਂ ਚੂਲੀ ਸਮਾਨ ਹੀ ਕਹੀਆਂ ਜਾ ਸਕਦੀਆਂ ਹਨ।
ਅੰਤਲੇ ਸਮੇਂ ਅਖਾੜੇ ਵਿਚ ਛੰਦ ਲਾਉਂਦੇ ਮੋਹਨ ਸਿੰਘ ਨੂੰ ਅਧਰੰਗ ਦਾ ਦੌਰਾ ਪਿਆ,ਛੰਦ ਵਿਚੇ ਹੀ ਰਹਿ ਗਿਆ। ਜਿਹੜੀ ਆਵਾਜ਼ ਬਾਹਰ ਗਈ,ਮੁੜ ਕੇ ਉਹੋ ਜਿਹੀ ਨਹੀਂ ਆਈ। ਉਨ੍ਹਾਂ ਦਾ ਸਪੁੱਤਰ ਅਵਤਾਰ ਸਿੰਘ ਬਰਾੜ ਕਹਿੰਦਾ ਕਿ ਉਹ ਦੌਰਾ ਪੈਣ ਮਗਰੋਂ ਬਚ ਤਾਂ ਗਏ, ਪਰ ਉਨ੍ਹਾਂ ਵਿਚਲਾ ਕਵੀਸ਼ਰ ਨਹੀਂ ਬਚਿਆ। ਡਾਕਟਰ ਨੇ ਕਹਿ ਦਿੱਤਾ ‘ਕਵੀਸ਼ਰੀ ਨਹੀਂ ਕਰਨੀ’। ਕਵੀਸ਼ਰੀ ਉਸਦੀ ਜਾਨ ਸੀ। ਭਲਾ ਜਾਨ ਤੋਂ ਬਿਨਾਂ ਕੋਈ ਕਿਵੇਂ ਜਿਉਂ ਸਕਦੈ। ਅੰਤ ਪੂਰੇ ਪੰਜਾਬ ਵਿਚ ਕਵੀਸ਼ਰੀ ਦੇ ਲਾਟੂ ਜਗਾਉਣ ਵਾਲਾ ਪਾਰਸ ਦਾ ਭਾਖੜਾ ਡੈਮ 28 ਨਵੰਬਰ 1983 ਨੂੰ ਕਈ ਛੰਦ ਕ੍ਰਿਤੀ ਛੰਦ, ਪ੍ਰਕ੍ਰਿਤੀ ਛੰਦ, ਆਨੰਦਾ ਛੰਦ, ਤ੍ਰਭੰਗੀ ਛੰਦ, ਭਗਵਤੀ ਛੰਦ ਆਦਿ ਆਪਣੇ ਨਾਲ ਹੀ ਲੈ ਕੇ ਤੁਰ ਗਿਆ,ਜਿਹੜੇ ਉਸ ਤੋਂ ਬਾਅਦ ਕਿਸੇ ਕਵੀਸ਼ਰ ਨੇ ਨਹੀਂ ਰਚੇ।

ਸੰਪਰਕ: 98889-79308


Comments Off on ਕਵੀਸ਼ਰੀ ਦੀ ਜਿੰਦ ਜਾਨ ਮੋਹਨ ਸਿੰਘ ਰੋਡੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.