ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

Posted On August - 11 - 2019

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਟੋਨੀ ਮੌਰੀਸਨ ਦੀ ਮੌਤ ’ਤੇ ਪਹਿਲੀ ਪ੍ਰਤੀਕਿਰਿਆ ਸੀ: ‘‘ਟੋਨੀ ਮੌਰੀਸਨ ਦਾ ਚਲਾਣਾ ਸਾਹਿਤ ਦੀ ਸਿਆਹਫਾਮ ਤਾਕਤ ਦਾ ਘਾਟਾ ਹੈ।’’ ਸਾਹਿਤ ਦਾ ਨੋਬੇਲ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਲੇਖਕ ਟੋਨੀ ਮੌਰੀਸਨ 88 ਵਰ੍ਹਿਆਂ ਦੀ ਉਮਰ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। ਮੌਰੀਸਨ ਵਿਸ਼ਵ ਅੰਗਰੇਜ਼ੀ ਸਾਹਿਤ ਦੀ ਉਹ ਭਾਵਪੂਰਨ ਆਵਾਜ਼ ਸੀ ਜਿਸ ਨੇ ਆਪਣੀ ਲੇਖਣੀ ਰਾਹੀਂ ਉਸ ਸੰਘਰਸ਼ ਦੀ ਸੱਤਾ ਦਾ ਵਰਨਣ ਕੀਤਾ ਹੈ ਜੋ ਸਿਆਹਫਾਮ ਲੋਕਾਂ ’ਤੇ ਗੋਰਿਆਂ ਦੇ ਜ਼ੁਲਮਾਂ ਨੂੰ ਬਿਆਨ ਕਰਦੀ ਹੈ। ਅਫ਼ਰੀਕੀ-ਅਮਰੀਕੀ ਲੋਕਾਂ ਦੀ ਨੁਮਾਇੰਦੀ ਕਰਨ ਵਾਲੀ ਇਸ ਬੇਬਾਕ ਲੇਖਿਕਾ ਨੇ ਅਦਭੁੱਤ ਜੁਰੱਅਤ ਨਾਲ ਸ਼ਬਦਾਂ ਨੂੰ ਆਪਣੀ ਲੇਖਣੀ ਵਿਚ ਪੇਸ਼ ਕੀਤਾ ਹੈ।
ਜਦੋਂ 1993 ਵਿਚ ਉਸ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਿਆ ਤਾਂ ਉਸ ਨੇ ਕਿਹਾ ਸੀ, ‘‘ਇਹ ਮੇਰਾ ਸਨਮਾਨ ਨਹੀਂ, ਇਹ ਉਨ੍ਹਾਂ ਅੱਖਰਾਂ ਦਾ ਸਨਮਾਨ ਹੈ ਜਿਸ ਵਿਚ ਮੇਰੇ ਸਿਆਹਫਾਮ ਲੋਕਾਂ ਦੀ ਸ਼ਹਾਦਤ ਦਾ ਵਰਨਣ ਹੈ।’’ ‘ਸੌਂਗ ਔਫ ਸੋਲੋਮਨ’ ਵਰਗੀ ਰਚਨਾ ਸਿਰਫ਼ ਟੋਨੀ ਮੌਰੀਸਨ ਹੀ ਲਿਖ ਸਕਦੀ ਸੀ। ਇਸ ਵਿਚ ਉਹ ਲਿਖਦੀ ਹੈ: ‘‘ਮੈਂ ਪਹਿਲਾਂ ਉਸ ਨੂੰ ਵੇਖਿਆ, ਉਹ ਜ਼ਿੰਦਾ ਸੀ, ਪਰ ਪਰਤ ਕੇ ਵੇਖਿਆ ਤਾਂ ਉਹ ਲਾਸ਼ ਸੀ। ਇਹ ਧਰਤੀ ਜ਼ਿੰਦਾ ਲਾਸ਼ਾਂ ਨਾਲ ਭਰੀ ਹੋਈ ਹੈ।’’
ਪਿਛਲੇ ਵੀਹ ਵਰ੍ਹਿਆਂ ਵਿਚ ਉਸ ਦੀਆਂ ਲਿਖਤਾਂ ਪੜ੍ਹਦਿਆਂ ਤੇ ਈ-ਮੇਲ ’ਤੇ ਉਸ ਨਾਲ ਗੱਲਬਾਤ ਦਾ ਸਿਲਸਿਲਾ ਚੱਲਣ ਸਦਕਾ ਮੈਂ ਆਖ ਸਕਦਾ ਹਾਂ ਕਿ ਉਸ ਵਰਗੀ ਸ਼ਬਦ ਸ਼ਕਤੀ ਤੇ ਸੰਘਰਸ਼ ਦਾ ਲੇਖਣ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਸਿਆਹਫਾਮ ਲੋਕਾਂ ਦੀ ਤ੍ਰਾਸਦੀ ਨੂੰ ‘ਸਿਆਹਫਾਮ ਸਾਹਿਤ’ ਦੀ ਤਾਕਤ ਕਿਹਾ ਜਾਂਦਾ ਹੈ। ਅੱਜ ਇਸ ਸਾਹਿਤ ਦਾ ਬੋਲਬਾਲਾ ਹੈ ਤੇ ਉਸ ਵਿਚ ਟੋਨੀ ਮੌਰੀਸਨ ਦਾ ਵਿਲੱਖਣ ਸਥਾਨ ਹੈ। ਪਿਛਲੇ ਵੀਹ ਵਰ੍ਹਿਆਂ ਵਿਚ ਮੈਂ ਉਸ ਦੀਆਂ ਡਾਇਰੀਆਂ, ਕਵਿਤਾਵਾਂ ਤੇ ਕਈ ਮੁਲਾਕਾਤਾਂ ਨੂੰ ਹਿੰਦੀ ਤੇ ਪੰਜਾਬੀ ਵਿਚ ਅਨੁਵਾਦ ਕਰਦਿਆਂ ਵੇਖਿਆ ਹੈ ਕਿ ਟੋਨੀ ਮੌਰੀਸਨ ਦਾ ਸਮੁੱਚਾ ਰਚਨਾ ਸੰਸਾਰ ਤ੍ਰਾਸਦੀ ਤੇ ਦੁੱਖ ਦੀ ਪੇਸ਼ਕਾਰੀ ਦੀ ਬੁਲੰਦ ਆਵਾਜ਼ ਹੈ।
1988 ਵਿਚ ਉਸ ਨੂੰ ‘ਅਮੈਰੀਕਨ ਬੁੱਕ ਐਵਾਰਡ’ ਅਤੇ ਪੁਲਿਟਜ਼ਰ ਪੁਰਸਕਾਰ ਮਿਲਿਆ ਤਾਂ ਉਸ ਦੇ ਨਾਵਲ ‘ਬਿਲਵਡ’ ਬਾਰੇ ਚਰਚਾ ਹੋਈ ਸੀ। ਇਸ ਵਿਚ ਇਕ ਐਸੀ ਮਾਂ ਦੀ ਕਹਾਣੀ ਹੈ ਜੋ ਜਿਸਮਫਰੋਸ਼ੀ ਦੇ ਧੰਦੇ ਤੋਂ ਬਚਾਉਣ ਲਈ ਆਪਣੀ ਬੇਟੀ ਦਾ ਕਤਲ ਕਰਦੀ ਹੈ।

ਪ੍ਰੋ. ਕਿ੍ਸ਼ਨ ਕੁਮਾਰ ਰੱਤੂ

ਟੋਨੀ ਮੌਰੀਸਨ ਨੇ ਆਪਣੇ ਪਰਿਵਾਰ ਵਿਚ ਲਿਚਿੰਗ ਦਾ ਸੰਤਾਪ ਵੀ ਹੰਡਾਇਆ, ਜਦੋਂ ਉਸ ਦੇ ਪਰਿਵਾਰ ਦੇ ਕਈ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਦਰਅਸਲ, ਉਸ ਦਾ ਸਾਰਾ ਰਚਨਾ ਸੰਸਾਰ ਵਿਦਰੋਹੀ ਸੁਰ ਵਾਲਾ ਹੈ। ਆਪਣੀ ਇਕ ਡਾਇਰੀ ਵਿਚ ਉਹ ਕਹਿੰਦੀ ਹੈ, ‘‘ਇਸ ਦੁਨੀਆਂ ਵਿਚ ਨਿਆਂ ਲਈ ਕੋਈ ਥਾਂ ਨਹੀਂ! ਇੱਥੇ ਸਿਰਫ਼ ਰੰਗ-ਭੇਦ, ਨਸਲੀ ਵਿਤਕਰਾ ਹੀ ਨਹੀਂ ਸਗੋਂ ਅੱਖਰਾਂ ਨਾਲ, ਭਾਸ਼ਾ ਨਾਲ ਵੀ ਨਫ਼ਰਤ ਕੀਤੀ ਜਾਂਦੀ ਹੈ। ਮੈਂ ਜਾਣਦੀ ਹਾਂ ਸਾਹਿਤ ਤੇ ਭਾਸ਼ਾ ਦੀ ਸਮਾਜ ਲਈ ਕੀ ਭੂਮਿਕਾ ਹੈ, ਪਰ ਉਹ ਆਵਾਜ਼ ਨੂੰ ਉੱਥੇ ਤੀਕ ਪਹੁੰਚਣ ਤਾਂ ਦੇਣ।’’
ਆਪਣੇ ਛੇ ਦਹਾਕਿਆਂ ਦੇ ਰਚਨਾ ਕਾਲ ਵਿਚ ਉਸ ਨੇ 11 ਨਾਵਲ, ਦੋ ਨਾਟਕ ਤੇ ਪੰਜ ਬਾਲ ਸਾਹਿਤ ਪੁਸਤਕਾਂ ਲਿਖੀਆਂ। ਸਿਆਹਫਾਮ ਲੋਕਾਂ ਦੀ ਦਾਸਤਾਨ ਤੇ ਸੰਘਰਸ਼ ਗਾਥਾ ਉਸ ਦੇ ਮਨਪਸੰਦ ਵਿਸ਼ੇ ਰਹੇ ਹਨ।
ਮਾਰੀਸਨ ਦਾ ਜਨਮ 1931 ਵਿਚ ਓਹਾਈਓ ਦੇ ਲੌਰੇਨ ਵਿਚ ਹੋਇਆ। ਉਸ ਨੇ ਅਧਿਆਪਨ ਦਾ ਕਿੱਤਾ ਚੁਣਿਆ ਤੇ ਟੈਕਸਾਸ ਯੂਨੀਵਰਸਿਟੀ ’ਚ ਪੜ੍ਹਾਇਆ। ਇੱਥੇ ਹੀ ਉਸ ਨੇ ਆਪਣਾ ਪਹਿਲਾ ਨਾਵਲ ‘ਦਿ ਬਲੂਐਸਟ ਆਈ’ ਲਿਖਿਆ। ਉਸ ਨੇ ਇਕ ਮੁਲਾਕਾਤ ਵਿਚ ਕਿਹਾ ਸੀ, ‘‘ਮੇਰੀ ਕੋਸ਼ਿਸ਼ ਰਹੀ ਹੈ ਕਿ ਮੇਰੀ ਲੇਖਣੀ ਵਿਚ ਕੋਈ ਵਰਗ ਹਾਵੀ ਨਾ ਹੋਵੇ, ਪਰ ਸੱਚ ਤਾਂ ਇਹ ਹੈ ਕਿ ਜ਼ੁਲਮ ਦੀ ਜ਼ੁਬਾਨ ਨੂੰ ਕੀ ਨਾਂ ਦੇਵਾਂ। ਜ਼ਾਲਮਾਂ ਦਾ ਸੱਚ ਤਾਂ ਸਾਹਮਣੇ ਆਉਣਾ ਹੀ ਚਾਹੀਦਾ ਹੈ।’’
ਉਹ ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਦੇ ਉਨ੍ਹਾਂ ਲੇਖਕਾਂ ਦੀ ਸ਼੍ਰੇਣੀ ਵਿਚ ਗਿਣੀ ਜਾਂਦੀ ਹੈ ਜੋ ਸਾਹਿਤ ਤੇ ਕਮਰਸ਼ੀਅਲ ਦੋਵਾਂ ਮੰਚਾਂ ’ਤੇ ਪਛਾਣੇ ਤੇ ਪੜ੍ਹੇ ਜਾਂਦੇ ਰਹੇ ਹਨ। ਉਹ ਟੀ.ਵੀ. ਪ੍ਰੋਗਰਾਮਾਂ ’ਚ ਅਕਸਰ ਦਿਖਾਈ ਦਿੰਦੀ ਸੀ।
ਆਪਣੀ ਇਕ ਡਾਇਰੀ ਵਿਚ ਉਸ ਨੇ ਜੋ ਲਿਖਿਆ ਸੀ, ਆਪਣੇ ਮਿੱਤਰਾਂ ਨੂੰ ਭੇਜਿਆ। ਇਸ ਛੋਟੀ ਜਿਹੀ ਵਾਰਤਕ ਰਚਨਾ ਵਿਚ ਟੋਨੀ ਦਾ ਫਲਸਫ਼ਾਨਾ ਅੰਦਾਜ਼ ਇਸ ਕਦਰ ਬੇਬਾਕ ਹੈ ਕਿ ਤੁਸੀਂ ਰਸ਼ਕ ਕਰ ਸਕੋ।
ਉਹ ਲਿਖਦੀ ਹੈ: ‘‘ਜ਼ਿੰਦਗੀ ਦੇ ਅਰਥ ਹੋ ਸਕਦੇ ਹਨ ਕਿ ਤੁਸੀਂ ਮਰ ਜਾਓਗੇ, ਪਰ ਅਸੀਂ ਭਾਸ਼ਾ ਨਾਲ ਮਰ ਕੇ ਵੀ ਜ਼ਿੰਦਾ ਰਹਾਂਗੇ।’’ ਉਹ ਅੱਗੇ ਕਹਿੰਦੀ ਹੈ, ‘‘ਆਪਣੇ ਬਾਰੇ ਮਹਿਸੂਸ ਕਰਨਾ ਅਲੱਗ ਚੀਜ਼ ਹੈ ਤੇ ਆਪਣੇ ਆਪ ਨੂੰ ਆਜ਼ਾਦ ਸਵੀਕਾਰਨਾ ਦੂਜੀ। ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪਸੰਦ ਕਰਦੇ ਹੋ ਜੋ ਤੁਹਾਨੂੰ ਥੱਲੇ ਸੁੱਟ ਦੇਣ। ਘਰ ਚਲਾਉਣਾ ਇਕ ਔਰਤ ਵਾਸਤੇ ਮੁਸ਼ਕਿਲ ਨਹੀਂ ਹੈ, ਪਰ ਘਰ ਤੋੜਨਾ ਇਕ ਆਦਮੀ ਦੀ ਆਦਤ ਹੈ।
ਪਿਆਰ ਇਕ ਪਿਆਰ ਕਰਨ ਵਾਲੇ ਤੋਂ ਵੱਡਾ ਨਹੀਂ ਹੈ। ਮੈਂ ਹਮੇਸ਼ਾ ਉਹ ਕਿਤਾਬ ਪੜ੍ਹਨੀ ਚਾਹੀ ਹੈ ਜੋ ਅਜੇ ਲਿਖੀ ਹੀ ਨਹੀਂ ਗਈ।
ਉਸ ਦੀ ਸਪਸ਼ਟ ਬਿਆਨੀ ਵੇਖੋ, ਉਸ ਨੇ ਲਿਖਿਆ: ‘‘ਮੈਂ ਆਪਣੀ ਸਾਰੀ ਉਮਰ ’ਚ ਇਕ ਵੀ ਗੋਰਾ ਪੁਲੀਸ ਵਾਲਾ ਨਹੀਂ ਵੇਖਿਆ ਜਿਸ ਨੂੰ ਸਿਆਹਫਾਮ ਔਰਤ ਨਾਲ ਜਬਰ-ਜਨਾਹ ਦੇ ਕੇਸ ’ਚ ਸਜ਼ਾ ਹੋਈ ਹੋਵੇ। ਦੁਨੀਆਂ ’ਚੋਂ ਨਸਲਵਾਦ ਕਦੋਂ ਖ਼ਤਮ ਹੋਵੇਗਾ, ਕਿਸੇ ਨੂੰ ਪਤਾ ਨਹੀਂ।’’
ਉਸ ਨੂੰ ਸਾਹਿਤ ਦੇ ਸਰਵੋਤਮ ਇਨਾਮ ਨੋਬੇਲ ਤੋਂ ਇਲਾਵਾ ਪ੍ਰੈਜ਼ੀਡੈਂਸ਼ੀਅਲ ਐਵਾਰਡ ਵੀ ਮਿਲਿਆ। ਰੰਗ-ਭੇਦ ਨੂੰ ਤਾਉਮਰ ਝੱਲਣ ਵਾਲੀ ਉਸ ਬਹਾਦਰ ਔਰਤ ਦੇ ਚਲੇ ਜਾਣ ’ਤੇ ਮਹਿਸੂਸ ਹੋਇਆ ਹੈ ਕਿ ਇਕ ਤਾਕਤਵਰ ਕਲਮ ਦੀ ਲੇਖਣੀ ਦਾ ਜਾਦੂ ਕੀ ਹੁੰਦਾ ਹੈ।
ਵੀਹਵੀਂ ਸਦੀ ਦੇ ਅਮਰੀਕੀ ਅੰਗਰੇਜ਼ੀ ਸਾਹਿਤ ਦੀ ਗੱਲ ਆਉਣ ’ਤੇ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਆਦਮੀ ਗਾਇਬ ਹੋ ਜਾਵੇਗਾ, ਪਰ ਨਸਲਭੇਦ ਤੇ ਤਸ਼ੱਦਦ ਦਾ ਬੋਲਬਾਲਾ ਹੋਵੇਗਾ, ਇਸ ਦੇ ਬਾਵਜੂਦ ਜਿੱਤ ਹਮੇਸ਼ਾਂ ਸੰਘਰਸ਼ ਦੀ ਹੋਵੇਗੀ। ਟੋਨੀ ਦੇ ਰਚਨਾ ਸੰਸਾਰ ਵਿਚੋਂ ਗੁਜ਼ਰਦਿਆਂ ਸਦਾ ਇਹ ਮਹਿਸੂਸ ਹੁੰਦੇ ਹੈ ਜਿਵੇਂ ਉਸ ਦੇ ਸਾਰੇ ਕਿਰਦਾਰ ਇਤਿਹਾਸ ਰਚਦੇ ਹਨ। ਉਸ ਦੇ ਨਾਵਲਾਂ ਵਿਚ ਅਮਰੀਕੀ ਸਮਾਜ ਦੀ ਨਫ਼ਰਤ ਤੇ ਸੱਚਾਈ ਭਰੀ ਹੋਈ ਹੈ। ਉਹ ਕਈ ਵਾਰੀ ਆਪਣੀ ਇੰਟਰਵਿਊ ’ਚ ਕਹਿੰਦੀ ਸੀ, ‘‘ਮੈਂ ਜੋ ਲਿਖਿਆ- ਉਹ ਸਚਾਈ ਸੀ। ਜੋ ਬੋਲਿਆ- ਉਹ ਸੱਚ ਸੀ ਤੇ ਜੋ ਲਿਖਾਂਗੀ- ਉਹ ਇਤਿਹਾਸ ਹੋਵੇਗਾ।’’ ਵਾਰਤਕ ਨੂੰ ਕਵਿਤਾ ’ਚ ਲਿਖਣਾ, ਉਸ ਦੀ ਪਛਾਣ ਰਹੇਗੀ। ਆਪਣੀ ਇਕ ਕਵਿਤਾ ਵਿਚ ਉਹ ਲਿਖਦੀ ਹੈ:
‘‘ਸਾਰੇ ਰਿਸ਼ਤੇ ਮੈਂ ਛੱਡ ਆਈ
ਸਾਰੇ ਚਿਹਰੇ ਬੇਗ਼ਾਨੇ ਹੋ ਗਏ
ਮੌਤ ਨੇ ਚਿਹਰਿਆਂ ਦੇ ਰੰਗ ਬਦਲ ਦਿੱਤੇ
ਇਸ ਚੌਰਾਹੇ ’ਤੇ ਵੀ
ਤੈਨੂੰ ਤਲਾਸ਼ ਸਕੀ
ਬੇਬਾਕ ਤੇ ਖੁਦਦਾਰ ਮੈਂ
ਜੀਵਾਂਗੀ
ਇਕ ਵਾਰੀ ਫਿਰ…।’’
ਟੋਨੀ ਮੌਰੀਸਨ ਦਾ ਇਸ ਜਗਤ ਤੋਂ ਵਿਦਾ ਹੋਣਾ ਅਜਿਹਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਆਪਣੇ ਨਿਵੇਕਲੇ ਅੰਦਾਜ਼ ’ਚ ਕਲਮ ਦੀ ਧਨੀ ਨੇ ਆਪਣੀ ਸਾਰੀ ਉਮਰ ਉਨ੍ਹਾਂ ਜਜ਼ਬਾਤ ਦੀ ਤਰਜਮਾਨੀ ਕੀਤੀ ਜੋ ਸ਼ਾਇਦ ਕੋਈ ਕਰ ਹੀ ਨਹੀਂ ਸਕਿਆ। ਉਹ ਆਪਣੀ ਮਿਸਾਲ ਆਪ ਸੀ।
ਆਪਣੇ ਆਖ਼ਰੀ ਸਾਹਾਂ ਤੀਕ ਉਸ ਨੂੰ ਕਈ ਸਦਮੇ ਸਹਿਣੇ ਪਏ ਜਿਸ ਵਿਚ ਉਸ ਦੇ ਬੇਟੇ ਦੀ ਮੌਤ ਵੀ ਸ਼ਾਮਲ ਸੀ। ਅਜੇ ਉਹ ਆਪਣਾ ਨਾਵਲ ‘ਹੋਮ’ ਲਿਖ ਰਹੀ ਸੀ ਕਿ ਅਚਾਨਕ ਵਿਦਾ ਹੋ ਗਈ। ਅਸਲ ਵਿਚ ਟੋਨੀ ਮੌਰੀਸਨ ਸਿਆਹਫਾਮ ਲੋਕਾਂ ਤੇ ਅੰਗਰੇਜ਼ੀ ਸਾਹਿਤ ਦੀ ਅਜਿਹੀ ਲੇਖਿਕਾ ਸੀ ਜਿਸ ਨੇ ਹਰ ਮੋੜ ’ਤੇ ਕੁਝ ਨਵਾਂ ਕੀਤਾ। ਭਾਵੇਂ ਉਹ ਅੱਖਰਾਂ ਦੀ ਇਬਾਰਤ ਹੋਵੇ ਤੇ ਚਾਹੇ ਜ਼ਿੰਦਗੀ ਦਾ ਸੰਘਰਸ਼।


Comments Off on ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.