ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਔਰਤ ਦੇ ਸੰਘਰਸ਼ ਦੀ ਗਾਥਾ

Posted On August - 4 - 2019

ਕੇ.ਐਲ. ਗਰਗ
ਭੋਲਾ ਸਿੰਘ ਸੰਘੇੜਾ ਪੰਜਾਬੀ ਸਾਹਿਤ ਵਿਚ ਸਿੱਕੇਬੰਦ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਪੰਜਾਬ ਦੀ ਕਿਰਸਾਨੀ ਦੇ ਕੌੜੇ ਯਥਾਰਥ ਦੀ ਬਾਤ ਪਾਉਂਦੀਆਂ ਹਨ। ਪੁਸਤਕ ‘ਬਲਦੀ ਰੁੱਤ’ (ਕੀਮਤ: 200 ਰੁਪਏ, ਲੋਕ ਰੰਗ ਪ੍ਰਕਾਸ਼ਨ, ਬਰਨਾਲਾ) ਰਾਹੀਂ ਉਸ ਨੇ ਨਾਵਲ ਰਚਨਾ ਵੱਲ ਮੋੜਾ ਕੱਟਿਆ ਹੈ। ਇਸ ਨਾਵਲ ਦੀ ਕਥਾ ਉਸ ਦੇ ਸਾਹਮਣੇ ਵਾਪਰੀ ਹੋਈ ਹੈ ਜਿਸ ਦੀ ਪਾਤਰ ਉਸ ਨੂੰ ਨਾਵਲ ਲਿਖਣ ਲਈ ਵਾਰ ਵਾਰ ਪ੍ਰੇਰਦੀ ਦਿਖਾਈ ਦਿੰਦੀ ਹੈ। ਸ਼ਰੀਕੇ ’ਚੋਂ ਲੱਗਦੀ ਉਸ ਦੀ ਭਰਜਾਈ ਦੇ ਬੋਲ ਨਾਵਲ ਲਿਖਣ ਲਈ ਉਸ ਵਾਸਤੇ ਇਕ ਵੰਗਾਰ ਵਾਂਗ ਆਉਂਦੇ ਹਨ।
ਇਸ ਨਾਵਲ ਵਿਚ ਉਹ ਪੇਂਡੂ ਜੀਵਨ ਦੇ ਯਥਾਰਥ ਵਿਚ ਪਨਪ ਰਹੇ ਔਰਤ-ਮਰਦ ਦੇ ਰਿਸ਼ਤਿਆਂ ਦੀ ਗੱਲ ਤਾਂ ਕਰਦਾ ਹੀ ਹੈ। ਨਾਲ ਹੀ ਮਾਪਿਆਂ ਵੱਲੋਂ ਧੀਆਂ ਦੇ ਆਰਥਿਕ ਸੰਤੁਲਨ ਬਾਰੇ ਵੀ ਫ਼ਿਕਰਮੰਦੀ ਜ਼ਾਹਿਰ ਕਰਦਾ ਹੈ। ਪੰਜਾਬੀ ਸਭਿਆਚਾਰ ਵਿਚ ਮੁੰਡੇ ਦੀ ਸਿੱਕ ਵੀ ਇਕ ਤਰ੍ਹਾਂ ਨਾਲ ਅਜਿਹੀ ਲੋੜ ਹੈ ਜਿਸ ਦੀ ਅਣਹੋਂਦ ਵਿਚ ਪਰਿਵਾਰ ਦੀ ਪੀੜ੍ਹੀ ਤੇ ਕਾਰ-ਵਿਹਾਰ ਅਗਾਂਹ ਨਹੀਂ ਤੁਰਦਾ। ਧੀਆਂ ਦੀ ਆਰਥਿਕਤਾ ਦੀ ਪਰਪੱਕਤਾ ਲਈ ਕਈ ਵਾਰੀ ਮਾਪਿਆਂ ਨੂੰ ਉਨ੍ਹਾਂ ਦੇ ਵਿਆਹ ਵੇਲੇ ਕੁਝ ਅਣਚਾਹੇ ਫ਼ੈਸਲੇ ਵੀ ਲੈਣੇ ਪੈਂਦੇ ਹਨ। ਇਸ ਨਾਵਲ ਵਿਚ ਔਰਤ ਦੀ ਆਜ਼ਾਦੀ ਦੀ ਤਾਂਘ ਦਾ ਮਸਲਾ ਵੀ ਉਠਾਇਆ ਗਿਆ ਹੈ। ਔਰਤ ਆਜ਼ਾਦੀ ਲਈ ਸੰਘਰਸ਼ ਕਰਦੀ ਹੈ ਤੇ ਉਸ ਵਿਚ ਸਫ਼ਲਤਾ ਵੀ ਪ੍ਰਾਪਤ ਕਰਦੀ ਹੈ। ਇਸ ਨਾਵਲ ਦੀ ਮੁੱਖ ਪਾਤਰ ਸ਼ਰਨਜੀਤ ਮਰਦ ਸ਼ਾਵਨਵਾਦ ਵਿਰੁੱਧ ਝੰਡਾ ਚੁੱਕ ਕੇ ਆਪਣਾ ਮਨਚਾਹਿਆ ਟੀਚਾ ਪ੍ਰਾਪਤ ਕਰਦੀ ਹੈ। ਨਾਵਲ ਇਹ ਵੀ ਸਿੱਧ ਕਰਦਾ ਹੈ ਕਿ ਜਦੋਂ ਔਰਤ ਕੁਝ ਕਰਨ ਦੀ ਧਾਰ ਲਵੇ ਤਾਂ ਉਹ ਸਮਾਜਿਕ ਤਾਣੇ-ਬਾਣੇ, ਉਸ ਦੀ ਬੋਲ-ਬਾਣੀ ਤੇ ਨੁਕਤਾਚੀਨੀ ਦੀ ਪ੍ਰਵਾਹ ਨਹੀਂ ਕਰਦੀ। ਉਦੋਂ ਉਹ ਨੰਗੇ ਧੜ ਲੜਾਈ ਲੜਦੀ ਦਿਖਾਈ ਦਿੰਦੀ ਹੈ। ਵੱਡੀ ਤੋਂ ਵੱਡੀ ਕੁਰਬਾਨੀ ਨੂੰ ਵੀ ਉਹ ਹੇਚ ਸਮਝਦੀ ਹੈ।
ਇਹ ਨਾਵਲ ਇਕ ਅਜਿਹੀ ਔਰਤ ਸ਼ਰਨਜੀਤ ਦੀ ਕਹਾਣੀ ਕਹਿੰਦਾ ਹੈ ਜੋ ਸੌਤਣ ਦੇ ਹੁੰਦਿਆਂ ਉਜਾਗਰ ਨਾਲ ਵਿਆਹੀ ਜਾਂਦੀ ਹੈ। ਸੌਤਣ ਅਮਰੋ ਨੂੰ ਤਪਦਿਕ ਦੀ ਬਿਮਾਰੀ ਹੈ, ਪਰ ਉਸ ਦੀ ਹਿੰਮਤ ਤੇ ਹੱਲਾਸ਼ੇਰੀ ਕਾਰਨ ਉਹ ਨੌਂ-ਬਰ-ਨੌਂ ਹੋ ਜਾਂਦੀ ਹੈ ਤੇ ਮੁੜ ਉਜਾਗਰ ਦਾ ਧਿਆਨ ਖਿੱਚਣ ਵਿਚ ਕਾਮਯਾਬ ਹੋ ਜਾਂਦੀ ਹੈ। ਸ਼ਰਨਜੀਤ ਨਿਆਸਰੀ ਹੋ ਜਾਣ ’ਤੇ ਆਪਣਾ ਹੱਕ ਪ੍ਰਾਪਤ ਕਰਨ ਲਈ ਪੂਰੀ ਤਾਕਤ ਨਾਲ ਲੜਦੀ ਹੈ ਤੇ ਆਖ਼ਰ ਮਲਕੀਤ ਰਾਹੀਂ ਆਪਣਾ ਮਨਇੱਛਤ ਫਲ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਕਹਾਣੀ ਤੋਂ ਨਾਵਲ ਵੱਲ ਜਾਣ ਕਾਰਨ ਕਹਾਣੀ ਇਕਹਿਰੀ ਤੋਰ ਤੁਰਦੀ ਹੈ। ਕਹਾਣੀ ਵੀ ਮੁੱਖ ਪਾਤਰ ਮੂੰਹੋਂ ਹੀ ਕਹਾਈ ਜਾਂਦੀ ਹੈ। ਔਰਤ ਦੀ ਦਰਦ ਭਰੀ ਕਹਾਣੀ ਨੂੰ ਬਗੈਰ ਕਿਸੇ ਭਾਵੁਕਤਾ ਦੇ ਬਿਆਨ ਕੀਤਾ ਗਿਆ ਹੈ। ਠੁੱਕਦਾਰ ਮਲਵਈ ਬੋਲੀ ਇਸ ਨਾਵਲ ਦੀ ਜਿੰਦ-ਜਾਨ ਹੈ।
ਸੰਪਰਕ: 94635-37050


Comments Off on ਔਰਤ ਦੇ ਸੰਘਰਸ਼ ਦੀ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.