ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਔਰਤਾਂ ਦੀ ਤ੍ਰਾਸਦੀ ਦੀ ਕਹਾਣੀ ‘ਪਿੰਜਰ’

Posted On August - 31 - 2019

ਦੇਸ਼ ਵੰਡ ਨਾਲ ਸਬੰਧਿਤ ਨਾਵਲ ‘ਪਿੰਜਰ’ ਅੰਮ੍ਰਿਤਾ ਪ੍ਰੀਤਮ ਦੀ ਗਲਪੀ ਪ੍ਰਤਿਭਾ ਦਾ ਪ੍ਰਤੀਕ ਹੈ। ਇਹ ਨਾਵਲ ਬੇਸ਼ੱਕ ਦੇਸ਼ ਦੀ ਵੰਡ ਦੇ ਸੰਦਰਭ ਵਿਚ ਚਰਚਾ ਦਾ ਵਿਸ਼ਾ ਬਣਿਆ, ਪਰ ਅਸਲ ਵਿਚ ਇਹ ਔਰਤ ਦੀ ਉਸ ਗ਼ੁਲਾਮੀ ਦਾ ਮਾਰਮਿਕ ਜ਼ਿਕਰ ਕਰਦਾ ਹੈ ਜੋ ਪੁਰਸ਼ ਪ੍ਰਧਾਨ ਸਮਾਜ ਦੀਆਂ ਪਰੰਪਰਾਵਾਂ ਦੀ ਦੇਣ ਹੈ। ਇਹ ਪਰੰਪਰਾਵਾਂ ਉਸਨੂੰ ਚੂਸ ਕੇ ਇਕ ਪਿੰਜਰ ਬਣਾ ਦਿੰਦੀਆਂ ਹਨ। 1950 ਵਿਚ ਲਿਖੇ ਇਸ ਨਾਵਲ ’ਤੇ 2003 ਵਿਚ ਹਿੰਦੀ ਫ਼ਿਲਮ ‘ਪਿੰਜਰ’ ਬਣਾਈ ਗਈ। ਨਾਵਲ ਦੀ ਤਰ੍ਹਾਂ ਇਹ ਫ਼ਿਲਮ ਵੀ ਬੇਹੱਦ ਮਕਬੂਲ ਹੋਈ। ਇਸ ਪੰਨੇ ਉਤਲੇ ਲੇਖ ‘ਪਿੰਜਰ’ ਨਾਵਲ ਅਤੇ ਫ਼ਿਲਮ ਬਾਰੇ ਚਰਚਾ ਕਰਦੇ ਹਨ।

ਡਾ. ਸੁਤਿੰਦਰ ਸਿੰਘ ਨੂਰ

ਅੰਮ੍ਰਿਤਾ ਪ੍ਰੀਤਮ ਇਕ ਸਮਾਗਮ ਦੌਰਾਨ। (ਫੋਟੋ; ਪੰਜਾਬੀ ਅਕਾਦਮੀ, ਦਿੱਲੀ)

ਅੰਮ੍ਰਿਤਾ ਪ੍ਰੀਤਮ ਦਾ ਸ਼ਾਹਕਾਰ ਨਾਵਲ ‘ਪਿੰਜਰ’ 1950 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਮੂਲ ਤੌਰ ’ਤੇ ਪੰਜਾਬ/ਦੇਸ਼ ਦੀ ਵੰਡ ਨਾਲ ਸਬੰਧਿਤ ਹੈ। ਦੇਸ਼ ਦੀ ਵੰਡ ਬਾਰੇ ਪੰਜਾਬੀ ਵਿਚ ਹੋਰ ਵੀ ਗ਼ਲਪ ਲਿਖਿਆ ਗਿਆ ਹੈ, ਪਰ ਇਸ ਸਮੁੱਚੇ ਗ਼ਲਪ ਵਿਚ ‘ਪਿੰਜਰ’ ਦਾ ਚਰਚਾ ਸਭ ਤੋਂ ਵੱਧ ਹੋਇਆ ਹੈ। ਇਸ ਦਾ ਕਾਰਨ ਕੇਵਲ ਇਸ ਨਾਵਲ ਦੀ ਕਹਾਣੀ ਨਹੀਂ ਸਗੋਂ ਯਥਾਰਥਕ ਮਨੋਵਿਗਿਆਨ ਦੀਆਂ ਬਹੁਤ ਡੂੰਘੀਆਂ ਪਰਤਾਂ ਹਨ। ‘ਪੂਰੋ’ ਨਾਵਲ ਦੀ ਨਾਇਕਾ ਹੈ ਉਸਦੇ ਮਾਪੇ ਪੂਰੋ ਦਾ ਵਿਆਹ ਰਾਮ ਚੰਦ ਨਾਲ ਕਰਨ ਲਈ ਗੁਜਰਾਤ ਤੋਂ ਆਪਣੇ ਪਿੰਡ ਆਏ ਹਨ, ਪਰ ਪਿੰਡ ਦੇ ਸ਼ੇਖਾਂ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਹੈ ਤੇ ਸ਼ੇਖਾਂ ਦਾ ਮੁੰਡਾ ਰਸ਼ੀਦਾ ਪੂਰੋ ਨੂੰ ਚੁੱਕ ਕੇ ਲੈ ਜਾਂਦਾ ਹੈ। ‘ਪੂਰੋ’ ਇਕ ਦਿਨ ਉਸ ਤੋਂ ਚੋਰੀ ਆਪਣੇ ਘਰਦਿਆਂ ਨੂੰ ਮਿਲਣ ਜਾਂਦੀ ਹੈ, ਪਰ ਉਸ ਦੇ ਘਰ ਦੇ ਉਸ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਦੇ ਖਿਆਲ ਅਨੁਸਾਰ ‘ਪੂਰੋ’ ਹੁਣ ਦਾਗ਼ੀ ਹੋ ਚੁੱਕੀ ਹੈ। ਉਂਜ ਵੀ ਉਸ ਨੂੰ ਇਕ ਮੁਸਲਮਾਨ ਮੁੰਡਾ ਚੁੱਕ ਕੇ ਲੈ ਗਿਆ ਹੈ, ਇਸ ਲਈ ਧਰਮ ਦੀ ਦ੍ਰਿਸ਼ਟੀ ਤੋਂ ਵੀ ਸਵੀਕਾਰੀ ਨਹੀਂ ਜਾ ਸਕਦੀ। ਸਮਾਜਿਕ ਤੌਰ ’ਤੇ ਹੁਣ ਉਹ ਉਧਾਲੀ ਹੋਈ ਔਰਤ ਹੈ। ਇਸ ਲਈ ਪੂਰੋ ਹੁਣ ਰਸ਼ੀਦੇ ਕੋਲ ਰਹਿਣ ਲਈ ਮਜਬੂਰ ਹੈ। ਰਸ਼ੀਦਾ ਉਸ ਨੂੰ ਹੌਲੀ ਹੌਲੀ ਵਿਸ਼ਵਾਸ ਦਿੰਦਾ ਹੈ ਅਤੇ ਪੂਰੋ ਦਾ ਮਨ ਬਦਲ ਜਾਂਦਾ ਹੈ। ਉਹ ਨਵੇਂ ਹਾਲਾਤ ਨਾਲ ਸਮਝੌਤਾ ਕਰ ਲੈਂਦੀ ਹੈ। ਰਸ਼ੀਦੇ ਨੂੰ ਵੀ ਹੌਲੀ ਹੌਲੀ ਸਮਝਣ ਦਾ ਯਤਨ ਕਰਦੀ ਹੈ। ਇਸ ਦੇ ਨਾਲ ਨਾਲ ਹੀ ਅੰਮ੍ਰਿਤਾ ਨੇ ਇਸ ਨਾਵਲ ਵਿਚ ਕੇਵਲ ਪੂਰੋ ਨੂੰ ਹੀ ਬਿਆਨ ਨਹੀਂ ਕੀਤਾ, ਸਗੋਂ ਉਧਾਲੀਆਂ ਹੋਈਆਂ ਹੋਰ ਵੀ ਕਈ ਕੁੜੀਆਂ ਨੂੰ ਬਿਆਨ ਕੀਤਾ ਹੈ। ਜਿਸ ਤ੍ਰਾਸਦਿਕ ਸਥਿਤੀ ਵਿਚ ਪੂਰੋ ਜਕੜੀ ਗਈ ਅਤੇ ਪਿੰਜਰ ਵਾਂਗ ਖੋਖਲੀ ਹੋ ਗਈ, ਇਹ ਪਿੰਜਰ ਕੇਵਲ ਉਸ ਦੀ ਹੋਂਦ ਦਾ ਹੀ ਨਹੀਂ ਸਗੋਂ ਸਮਾਜ ਅਤੇ ਧਰਮ ਦੀਆਂ ਬੋਦੀਆਂ ਕੀਮਤਾਂ ਦਾ ਵੀ ਪਿੰਜਰ ਹੈ। ਇਉਂ ਇਹ ਨਾਵਲ ਸਮੁੱਚੀ ਸਮਾਜਿਕ ਤ੍ਰਾਸਦੀ ਦਾ ਯਥਾਰਥਕ ਬਿਆਨ ਵੀ ਹੈ। ਅੰਮ੍ਰਿਤਾ ਉਸ ਇਲਾਕੇ ਦੀ ਆਰਥਿਕਤਾ ਅਤੇ ਹੋਰ ਸਮਾਜਿਕ ਸੰਰਚਨਾ ਦਾ ਬਿਆਨ ਵੀ ਦਿੰਦੀ ਹੈ। ਉਸ ਇਲਾਕੇ ਵਿਚ ਉਸ ਇਲਾਕੇ ਦੇ ਰਸਮੋਂ ਰਿਵਾਜ ਜਾਂ ਯਥਾਰਥ ਕਿਹੋ ਜਿਹਾ ਹੈ। ਉਸ ਦਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਜਦੋਂ ‘ਪੂਰੋ’ ਉਧਾਲੀ ਜਾਂਦੀ ਹੈ ਤਾਂ ਉਸ ਦੇ ਮੰਗੇਤਰ ਰਾਮਚੰਦਰ ਦਾ ਵਿਆਹ ਪੂਰੋ ਦੀ ਛੋਟੀ ਭੈਣ ਨਾਲ ਹੋ ਜਾਂਦਾ ਹੈ ਅਤੇ ਰਾਮਚੰਦ ਦੀ ਭੈਣ ਲਾਜੋ ਦਾ ਵਿਆਹ ਪੂਰੋ ਦੇ ਛੋਟੇ ਭਰਾ ਨਾਲ ਹੁੰਦਾ ਹੈ। ਇਹੋ ਜਿਹਾ ਵਟਾਂਦਰਾ ਉੱਥੋਂ ਦਾ ਰਿਵਾਜ ਸੀ ਤੇ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਹੋ ਜਾਂਦੇ ਸਨ। ਅੰਮ੍ਰਿਤਾ ਨੇ ਉਸ ਸਮਾਜ ਦੇ ਵਹਿਮਾਂ, ਭਰਮਾਂ, ਔਰਤ ਬਾਰੇ ਦ੍ਰਿਸ਼ਟੀਕੋਣ, ਆਲੇ ਦੁਆਲੇ ਦਾ ਪੰਜਾਬੀ ਸੱਭਿਆਚਾਰ ਇਨ੍ਹਾਂ ਸਭ ਗੱਲਾਂ ਨੂੰ ਬਿਆਨ ਕਰਕੇ ਉੱਥੋਂ ਦੇ ਯਥਾਰਥ ਨੂੰ ਪੇਸ਼ ਕੀਤਾ ਹੈ। ਉਸ ਸਮਾਜ ਵਿਚ ਔਰਤ ਬਾਰੇ ਕਿਵੇਂ ਸੋਚਿਆ ਜਾਂਦਾ ਹੈ ਤੇ ਪੂਰੋ ਉਸ ਸਥਿਤੀ ਵਿਚ ਕਿਵੇਂ ਘਿਰੀ ਹੋਈ ਹੈ, ਉਸਦੇ ਆਲੇ ਦੁਆਲੇ ਕਿਹੋ ਜਿਹੇ ਖ਼ੌਫ਼ ਹਨ, ਇਸ ਨੂੰ ਅੰਮ੍ਰਿਤਾ ਨੇ ਕਰੁਣਾਮਈ ਸ਼ੈਲੀ ਵਿਚ ਜਿਵੇਂ ਬਿਆਨ ਕੀਤਾ, ਇਹ ਬਿਆਨ ਹੀ ਇਸ ਨਾਵਲ ਦੇ ਮਕਬੂਲ ਹੋਣ ਦਾ ਕਾਰਨ ਹੈ। ਇਸ ਬਿਆਨ ਦੀ ਇਕ ਉਦਾਹਰਨ ਹੈ ਜਦੋਂ ਪੂਰੋ ਰਸ਼ੀਦੇ ਦੇ ਘਰੋਂ ਚੋਰੀ ਚੋਰੀ ਆਪਣੇ ਮਾਪਿਆਂ ਨੂੰ ਮਿਲਣ ਆਉਂਦੀ ਹੈ ਤਾਂ ਉਹ ਆਖਦੇ ਹਨ:
‘‘ਅਸੀਂ ਤੈਨੂੰ ਕਿੱਥੇ ਰੱਖਾਂਗੇ। ਕੌਣ ਤੈਨੂੰ ਵਿਆਹ ਕੇ ਖੜੇਗਾ? ਤੇਰਾ ਧਰਮ ਗਿਆ, ਤੇਰਾ ਜਨਮ ਗਿਆ। ਅਸੀਂ ਜੇ ਥਿਰਕੀਏ ਤਾਂ ਸਾਡੀ ਏਥੇ ਲਹੂ ਦੀ ਛਿੱਟ ਵੀ ਨਹੀਂ ਲੱਭਣੀ।’’

ਡਾ. ਸੁਤਿੰਦਰ ਸਿੰਘ ਨੂਰ

‘‘ਹਾਏ ਮੈਨੂੰ ਆਪਣੇ ਹੱਥੀਂ ਮਾਰ ਛੱਡੋ।’’ ਪੂਰੋ ਨੇ ਤੜਪ ਕੇ ਆਖਿਆ।
‘‘ਧੀਏ! ਜੰਮਦੀ ਹੀ ਮਰ ਜਾਂਦੀਓ! ਹੁਣ ਏਥੋਂ ਟੁਰ ਜਾ। ਹੁਣੇ ਸ਼ੇਖ ਆਉਂਦੇ ਹੋਣਗੇ, ਤੇਰੇ ਪਿਓ ਭਰਾ ਦਾ ਕਿਤੇ ਬੀ ਨਹੀਂ ਲੱਭਦਾ, ਉਹ ਸਾਰਿਆਂ ਨੂੰ ਮਾਰ ਛੱਡਣਗੇ।’’
ਮਾਂ ਨੇ ਖ਼ੌਰੇ ਕਿਹੜਾ ਪੱਥਰ ਦਿਲ ਉੱਤੇ ਰੱਖ ਕੇ ਇਹ ਗੱਲ ਆਖੀ।
ਇਉਂ ਸਮਾਜ ਪੂਰੋ ਨੂੰ ਦੂਜੀ ਸਥਿਤੀ ਵਿਚ ਧੱਕ ਦਿੰਦਾ ਹੈ। ਜਿਸ ’ਚ ਉਸਦੀ ਆਪਣੀ ਕੋਈ ਮਰਜ਼ੀ ਨਹੀਂ। ਉਸ ਦਾ ਰਸ਼ੀਦੇ ਨਾਲ ਨਿਕਾਹ ਹੁੰਦਾ ਹੈ, ਉਹ ਗਰਭਵਤੀ ਹੋ ਜਾਂਦੀ ਹੈ, ਪਰ ਉਸਨੇ ਅੰਦਰੋਂ ਅਜੇ ਵੀ ਆਪਣੀ ਨਵੀਂ ਸਥਿਤੀ ਨਾਲ ਸਮਝੌਤਾ ਨਹੀਂ ਕੀਤਾ ਹੋਇਆ। ਉਹ ਆਪਣੇ ਆਪ ਨੂੰ ਅਜੇ ਵੀ ਰਾਮਚੰਦ ਦੀ ਅਮਾਨਤ ਮੰਨਦੀ ਹੈ। ਉਸ ਦਾ ਆਪਣੇ ਅੰਦਰਲੇ ਗਰਭ ਨਾਲ ਕੋਈ ਮੋਹ ਨਹੀਂ।
ਅੰਮ੍ਰਿਤਾ ਪੂਰੋ ਦੀ ਸਥਿਤੀ ਦੇ ਨਾਲ ਨਾਲ ਹੋਰ ਔਰਤਾਂ ਦੀ ਤ੍ਰਾਸਦਿਕ ਸਥਿਤੀ ਨੂੰ ਵੀ ਬਿਆਨ ਕਰਦੀ ਹੈ। ਉਸ ਦੇ ਆਲੇ-ਦੁਆਲੇ ਜੋ ਔਰਤਾਂ ਰਹਿੰਦੀਆਂ ਹਨ, ਉਸ ’ਚ ਕੰਮੋ ਜਿਸ ਦੇ ਪਿਉ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਹੈ। ਉਹ ਆਪਣੇ ਚਾਚੇ ਚਾਚੀ ਕੋਲ ਰਹਿੰਦੀ ਹੈ। ਕੰਮੋ 12-13 ਵਰ੍ਹਿਆਂ ਦੀ ਹੈ, ਪਰ ਚਾਚੇ-ਚਾਚੀ ਦੇ ਸਾਰੇ ਕੰਮ ਕਰਦੀ ਹੈ। ਪੂਰੋ ਨੂੰ ਉਸ ਨਾਲ ਹਮਦਰਦੀ ਹੈ, ਪਰ ਪੂਰੋ ਦੀ ਸਥਿਤੀ ਨੂੰ ਜਾਣਦਿਆਂ ਕੰਮੋ ਨੂੰ ਉਸ ਦੇ ਕੋਲ ਆਉਣੋਂ ਰੋਕ ਦਿੱਤਾ ਜਾਂਦਾ ਹੈ। ਪੂਰੋ ਦੇ ਗੁਆਂਢ ਇਕ ਵਿਆਹੀ ਕੁੜੀ ‘ਤਾਰੋ’ ਹੈ ਜਿਸ ਨੂੰ ਪਾਗ਼ਲਪਣ ਦੇ ਦੌਰੇ ਪੈਂਦੇ ਹਨ, ਪਰ ਜਦੋਂ ਉਹ ਪੇਕੇ ਆਉਂਦੀ ਹੈ ਤਾਂ ਉਸਦੀ ਹਾਲਤ ਕੁਝ ਠੀਕ ਹੋ ਜਾਂਦੀ ਹੈ। ‘ਤਾਰੋ’ ਦੇ ਘਰਵਾਲੇ ਨੇ ਕਿਸੇ ਹੋਰ ਔਰਤ ਨੂੰ ਆਪਣੇ ਘਰ ਰੱਖਿਆ ਹੋਇਆ ਹੈ। ਤਾਰੂ ਨੂੰ ਦੌਰੇ ਵੀ ਇਸੇ ਲਈ ਹੀ ਪੈਂਦੇ ਹਨ। ਇਉਂ ਅੰਮ੍ਰਿਤਾ ਉਨ੍ਹਾਂ ਔਰਤਾਂ ਦੀ ਤ੍ਰਾਸਦਿਕ ਸਥਿਤੀ ਨੂੰ ਬਿਆਨ ਕਰਦੀ ਹੈ ਜੋ ਇਸ ਸਮਾਜ ਵਿਚ ਪਿੰਜਰ ਤੋਂ ਵੱਧ ਕੁਝ ਨਹੀਂ। ਉਹ ਇਸ ਅਧਿਆਇ ਦਾ ਨਾਂ ਵੀ ਇਕ ਹੋਰ ਪਿੰਜਰ ਰੱਖਦੀ ਹੈ। ਜਦੋਂ ਅਜਿਹੀ ਕਿਸੇ ਪਿੰਜਰ ਦੀ ਕੁੜੀ ਨੂੰ ਬਿਆਨ ਕਰਦੀ ਹੈ ਤਾਂ ਆਖਦੀ ਹੈ:
‘‘ਜਿਸ ਦੇ ਪੱਲੇ ਨਾ ਹੁਸਨ ਸੀ, ਨਾ ਜਵਾਨੀ ਸੀ। ਮਾਸ ਦਾ ਇਕ ਬੁੱਤ ਵੀ ਹੋਸ਼ ਵਿਚ ਨਹੀਂ ਸੀ। ਸਿਰਫ਼ ਜਿਉਂਦੀਆਂ ਹੱਡੀਆਂ ਦਾ ਇਕ ਪਿੰਜਰ..ਇਕ ਝੱਲਾ ਪਿੰਜਰ…ਚੀਲਾਂ ਨੇ ਉਸ ਨੂੰ ਵੀ ਚੂੰਡ-ਚੂੰਡ ਕੇ ਖਾ ਲਿਆ…।’ ਅਤੇ ਇਸ ਤੋਂ ਪਿੱਛੋਂ ਦੇ ਕਾਂਡ ਦਾ ਨਾਂ ਹੈ ਪਿੰਜਰ ਵਿਚ ਪਿੰਜਰ। ਇਉਂ ਪੂਰੋ ਦੇ ਪਿੰਜਰ ਦੀ ਕਹਾਣੀ, ਹੋਰ ਔਰਤਾਂ ਦੇ ਪਿੰਜਰ ਦੀ ਕਹਾਣੀ ਤੇ ਉਨ੍ਹਾਂ ਨਾਲ ਵਾਪਰੀ ਤ੍ਰਾਸਦੀ ਦੀ ਡੂੰਘੀ ਕਹਾਣੀ।
ਇਸ ਪਿੱਛੋਂ ਨਾਵਲ ਫਿਰ ਇਕ ਮੋੜ ਕੱਟਦਾ ਹੈ, ਪੂਰੋ ਦਾ ਪੁੱਤਰ ‘ਜਾਵੇਦ’ ਦਸ- ਗਿਆਰਾਂ ਵਰ੍ਹਿਆਂ ਦਾ ਹੋ ਗਿਆ ਹੈ। ਜਿਸ ਔਰਤ ਨੂੰ ਇਸ ਨਾਵਲ ਵਿਚ ਝੱਲੀ ਔਰਤ ਆਖਿਆ ਗਿਆ ਸੀ, ਉਸ ਦੇ ਪੁੱਤਰ ਨੂੰ ਵੀ ਪੂਰੋ ਹੀ ਪਾਲਦੀ ਹੈ, ਇਕ ਵਾਰ ਉਹ ਆਪਣੇ ਰਿਸ਼ਤੇ ਵਿਚ ਲੱਗਦੇ ਦਿਉਰ ਦੀ ਬੁੱਢੀ ਮਾਂ ਨਾਲ ਰਾਮਚੰਦ ਦੇ ਪਿੰਡ ਰੱਤੋਵਾਲ ਜਾਂਦੀ ਹੈ ਜਿੱਥੇ ਉਨ੍ਹਾਂ ਨੇ ਉਸ ਬੁੱਢੀ ਮਾਂ ਦੇ ਇਲਾਜ ਲਈ ਇਕ ਸਾਈਂ ਬਾਬੇ ਨੂੰ ਮਿਲਣਾ ਹੁੰਦਾ ਹੈ। ਉਸ ਦੇ ਮਨ ’ਚ ਰਾਮ ਲਾਲ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ, ਉਨ੍ਹਾਂ ਦਾ ਮੇਲ ਵੀ ਹੋ ਜਾਂਦਾ ਹੈ, ਪਰ ਪੂਰੋ ਜਾਂ ‘ਹਮੀਦਾ’ ਉਸ ਨੂੰ ਆਪਣੇ ਬਾਰੇ ਕੁਝ ਨਹੀਂ ਦੱਸਦੀ।
ਇਸ ਪਿੱਛੋਂ ਇਹ ਨਾਵਲ ਉਹ ਮੋੜ ਮੁੜਦਾ ਹੈ ਜਿਸ ਕਾਰਨ ਇਸ ਨੂੰ ਵੰਡ ਨਾਲ ਸਬੰਧਿਤ ਕੀਤਾ ਗਿਆ ਹੈ। ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ ਹੈ। ਲੁੱਟਾਂ, ਖੋਹਾਂ, ਸਾੜ-ਫੂਕ, ਕਤਲੇਆਮ, ਬਲਾਤਕਾਰ ਇਹ ਸਭ ਕੁਝ ਵਾਪਰ ਰਿਹਾ ਹੈ। ਪੂਰੋ ਦਾ ਪਿੰਡ ਸਕੜਆ ਕਿਉਂਕਿ ਗੁਜਰਾਤ ਵਿਚ ਸੀ, ਇਸ ਲਈ ਉਹ ਤਾਂ ਪਾਕਿਸਤਾਨ ਵਿਚ ਹੀ ਸੀ, ਪਰ ਹਿੰਦੂ-ਸਿੱਖ ਆਪਣਾ ਘਰ ਘਾਟ ਛੱਡ ਕੇ ਹਿੰਦੋਸਤਾਨ ਜਾ ਰਹੇ ਸਨ। ਕਈਆਂ ਨੂੰ ਕਤਲ ਕਰ ਦਿੱਤਾ ਗਿਆ ਸੀ। ਪੂਰੋ ਦੀ ਭਾਬੀ ਨੂੰ ਮੁਸਲਮਾਨਾਂ ਨੇ ਅਗਵਾ ਕਰ ਲਿਆ ਸੀ। ਰਾਮਚੰਦ ਦੇ ਘਰ ਵਾਲੇ ਵੀ ਹਿੰਦੋਸਤਾਨ ਵੱਲ ਰਵਾਨਾ ਹੋ ਗਏ। ਅੱਧ ਨੰਗੀਆਂ ਔਰਤਾਂ ਦੇ ਜਲੂਸ ਕੱਢੇ ਜਾ ਰਹੇ ਸਨ। ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਪੂਰੋ ਇਕ ਹਿੰਦੂ ਕੁੜੀ ਜੋ ਕਮਾਦਾਂ ਵਿਚ ਲੁਕੀ ਸੀ, ਨੂੰ ਘਰ ਲੈ ਆਉਂਦੀ ਹੈ। ਇਕ ਦਿਨ ਹਿੰਦੂ ਸਿੱਖਾਂ ਦਾ ਇਕ ਕਾਫ਼ਲਾ ਜੋ ਹਿੰਦੋਸਤਾਨ ਜਾ ਰਿਹਾ ਸੀ, ਉਹ ਉਸ ਕੁੜੀ ਨੂੰ ਉਨ੍ਹਾਂ ਨੂੰ ਸੌਂਪ ਦਿੰਦੀ ਹੈ। ਰਾਮਚੰਦਰ ਦਾ ਪਰਿਵਾਰ ਵੀ ਇਸ ਕਾਫ਼ਲੇ ਵਿਚ ਸੀ। ਹੁਣ ਪੂਰੋ ਆਪਣੀ ਭਾਬੀ ਜਾਂ ਰਾਮਚੰਦ ਦੀ ਭੈਣ ਨੂੰ ਲੱਭਣਾ ਚਾਹੁੰਦੀ ਹੈ ਤੇ ਉਹ ਅਗਵਾ ਕਰਨ ਬਾਅਦ ਕਿੱਥੇ ਹੈ। ਉਹ ਸਾਰੀ ਗੱਲ ਰਸ਼ੀਦੇ ਨਾਲ ਸਾਂਝੀ ਕਰਦੀ ਹੈ। ਉਸਨੂੰ ਯਕੀਨ ਹੈ ਕਿ ਉਹ ਜ਼ਰੂਰ ਰੱਤੋਵਾਲ ਵਿਚ ਹੀ ਹੈ। ਪੂਰੋ ਖੇਸ ਵੇਚਣ ਦਾ ਸੁਆਂਗ ਰਚਾਉਂਦੀ ਹੈ ਤੇ ਇਕ ਘਰ ਵਿਚ ਲਾਜੋ ਨੂੰ ਲੱਭ ਲੈਂਦੀ ਹੈ। ਲਾਜੋ ਅੱਧੀ ਰਾਤ, ਪਿੰਡ ਦੇ ਖੂਹ ’ਤੇ ਆਉਂਦੀ ਹੈ ਤੇ ਰਸ਼ੀਦਾ ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ। ਉਹ ਪੁਲੀਸ ਦੀ ਸਹਾਇਤਾ ਨਾਲ ਲਾਜੋ ਨੂੰ ਲੈਣ ਆਉਂਦਾ ਹੈ। ਪੂਰੋ ਦਾ ਭਰਾ ਵੀ ਨਾਲ ਆਉਂਦਾ ਹੈ। ਹੁਣ ਪੂਰੋ ਦਾ ਭਰਾ ਉਸ ਨੂੰ ਨਾਲ ਲੈ ਜਾਣਾ ਚਾਹੁੰਦਾ ਹੈ, ਪਰ ਉਹ ਨਾਂਹ ਕਰ ਦਿੰਦੀ ਹੈ ਅਤੇ ਆਖਦੀ ਹੈ ਕਿ ਹੁਣ ਉਸ ਦਾ ਵਤਨ ਪਾਕਿਸਤਾਨ ਹੀ ਹੈ, ਉਸਦੇ ਬੱਚੇ ਇੱਥੇ ਹਨ।
ਇਉਂ ਇਹ ਨਾਵਲ 1935 ਤੋਂ ਸ਼ੁਰੂ ਹੋਇਆ ਸੀ ਤੇ 1947 ਦੀਆਂ ਇਨ੍ਹਾਂ ਘਟਨਾਵਾਂ ਤਕ ਫੈਲਿਆ ਹੋਇਆ ਹੈ। ਪੂਰੋ ਇਸ ਦੀ ਨਾਇਕਾ ਹੈ। ਉਹ ਕਈ ਯਥਾਰਥਕ ਸਥਿਤੀਆਂ ਭੋਗਦੀ ਹੈ, ਪਰ ਹਾਰ ਨਹੀਂ ਮੰਨਦੀ। ਉਹ ਆਪਣੇ ਆਪ ਨੂੰ ਪਛਾਣਦੀ ਹੈ ਤੇ ਆਲੇ ਦੁਆਲੇ ਦੀਆਂ ਸਥਿਤੀਆਂ ਉੱਤੇ ਜਿੱਤ ਪ੍ਰਾਪਤ ਕਰਦੀ ਹੈ। ਆਪਣੇ ਵਿਚਲੀ ਇਨਸਾਨੀਅਤ ਦੀ ਜੜ ਲਾਉਂਦੀ ਹੈ। ਸਮਾਜਿਕ ਕਦਰਾਂ ਕੀਮਤਾਂ ਅਤੇ ਰਾਜਨੀਤੀ ’ਤੇ ਵਿਅੰਗ ਕਰਦੀ ਹੈ ਅਤੇ ਅੰਤ ’ਤੇ ਆਦਰਸ਼ਵਾਦੀ ਦ੍ਰਿਸ਼ਟੀ ਨਾਲ ਮਾਨਵਵਾਦੀ ਕੀਮਤਾਂ ਦਾ ਸੰਚਾਰ ਕਰਦੀ ਹੈ।
ਭਾਵੇਂ ਇਹ ਨਾਵਲ ਦੇਸ਼ ਦੀ ਵੰਡ ਦੇ ਸੰਦਰਭ ਵਿਚ ਚਰਚਾ ਵਿਚ ਆਇਆ ਹੈ, ਪਰ ਮੂਲ ਤੌਰ ’ਤੇ ਪੁਰਸ਼ ਪ੍ਰਧਾਨ ਸਮਾਜ ਦੀਆਂ ਪਰੰਪਰਾਵਾਂ ਜਿਵੇਂ ਔਰਤ ਨੂੰ ਗ਼ੁਲਾਮ ਬਣਾਉਂਦੀਆਂ ਹਨ, ਉਸ ਨੂੰ ਚੂਸ ਕੇ ਪਿੰਜਰ ਬਣਾ ਦਿੰਦਾ ਹੈ, ਉਸ ਤ੍ਰਾਸਦਿਕ ਸਥਿਤੀ ਨੂੰ ਪੇਸ਼ ਕਰਦਾ ਹੈ। ਹਾਲਾਂਕਿ ਇਹ ਨਾਵਲ ਆਕਾਰ ਵਿਚ ਬਹੁਤ ਵੱਡਾ ਨਹੀਂ। ਇਸ ਦੇ ਛੋਟੇ ਛੋਟੇ ਕਾਂਡ ਹਨ, ਪਰ ਅੰਤਰੀਵ ਤੌਰ ’ਤੇ ਇਹ ਨਾਵਲ ਇਕ ਮਹਾਂਕਾਵਿ ਵਾਂਗ ਵਿਸਤ੍ਰਿਤ ਹੈ। ਇਤਿਹਾਸ, ਧਰਮ, ਰਾਜਨੀਤੀ ਤੇ ਸਮਾਜ ਦੇ ਸੰਦਰਭ ਵਿਚ ਮਨੁੱਖ ਖ਼ਾਸ ਤੌਰ ’ਤੇ ਔਰਤ ਦੀ ਹੋਣੀ ਅਤੇ ਤ੍ਰਾਸਦੀ ਇਸ ਨਾਵਲ ਵਿਚ ਪ੍ਰਭਾਵਸ਼ਾਲੀ ਰੂਪ ਵਿਚ ਚਿਤਰੇ ਗਏ ਹਨ। ਇਸੇ ਲਈ ਇਹ ਨਾਵਲ ਅੰਮ੍ਰਿਤਾ ਦੀ ਗਲਪੀ ਪ੍ਰਤਿਭਾ ਦਾ ਪ੍ਰਤੀਕ ਬਣ ਗਿਆ।


Comments Off on ਔਰਤਾਂ ਦੀ ਤ੍ਰਾਸਦੀ ਦੀ ਕਹਾਣੀ ‘ਪਿੰਜਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.