ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਔਂਦੀ ਯਾਦ ਵਤਨ ਦੀ ਖਾਕ ਹੈ

Posted On August - 11 - 2019

ਅਗਸਤ 1947 ਵਿਚ ਦੇਸ਼ ਨੂੰ ਆਜ਼ਾਦੀ ਮਿਲੀ, ਪਰ ਪੰਜਾਬ ਤੇ ਬੰਗਾਲ ਵੰਡੇ ਗਏ। ਇਸ ਵੰਡ ਵਿਚ ਦਸ ਲੱਖ ਪੰਜਾਬੀਆਂ ਦਾ ਘਾਣ ਹੋਇਆ। ਲੱਖਾਂ ਲੋਕਾਂ ਨੂੰ ਉਹ ਸ਼ਹਿਰ, ਪਿੰਡ ਤੇ ਕਸਬੇ ਛੱਡਣੇ ਪਏ ਜਿੱਥੇ ਉਨ੍ਹਾਂ ਦੇ ਪਰਿਵਾਰ ਸਦੀਆਂ ਤੋਂ ਵਸਦੇ ਸਨ। ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀ ਹਿਜਰਤ ਸੀ।

ਗੁਰਦੇਵ ਸਿੰਘ ਸਿੱਧੂ
ਹੇਰਵਾ

ਪੰਦਰਾਂ ਅਗਸਤ 1947 ਨੂੰ ਦਿੱਲੀ ਦੇ ਲਾਲ ਕਿਲ੍ਹੇ ਉੱਤੋਂ ਬਰਤਾਨਵੀ ਸਾਮਰਾਜ ਦਾ ਚਿੰਨ੍ਹ ‘ਯੂਨੀਅਨ ਜੈਕ’ ਉਤਾਰ ਕੇ ਸੁਤੰਤਰ ਭਾਰਤ ਦਾ ਆਪਣਾ ਕੌਮੀ ਝੰਡਾ ‘ਤਿਰੰਗਾ’ ਲਹਿਰਾਏ ਜਾਣ ਨਾਲ ਗੁਲਾਮੀ ਦੇ ਯੁੱਗ ਦਾ ਅੰਤ ਹੋ ਗਿਆ। ਆਜ਼ਾਦੀ ਪ੍ਰਾਪਤੀ ਦੀ ਖ਼ੁਸ਼ੀ ਵਿਚ ਮੁਲਕ ਭਰ ਵਿਚ ਜਸ਼ਨ ਮਨਾਏ ਜਾਣ ਲੱਗੇ, ਪਰ ਪੰਜਾਬੀਆਂ ਲਈ ਖ਼ੁਸ਼ੀ ਦਾ ਇਹ ਅਵਸਰ ਵੰਡ ਦਾ ਸੰਤਾਪ ਲੈ ਕੇ ਆਇਆ। ਲੱਖਾਂ ਪੰਜਾਬੀਆਂ ਨੂੰ ਨਾ ਚਾਹੁੰਦਿਆਂ ਵੀ ਆਪਣਾ ਘਰ ਘਾਟ ਛੱਡ ਕੇ ਇਧਰੋਂ ਉਧਰ ਅਤੇ ਉਧਰੋਂ ਇਧਰ ਆਉਣਾ ਪਿਆ। ਵੱਡੇ ਪੱਧਰ ਉੱਤੇ ਹੋਏ ਆਬਾਦੀ ਦੇ ਤਬਾਦਲੇ ਦੇ ਨਾਲ ਹੋਏ ਜਾਨੀ ਮਾਲੀ ਨੁਕਸਾਨ ਨੇ ਇਸ ਘਟਨਾ ਨੂੰ ਸੰਸਾਰ ਦੀ ਅਜਿਹੀ ਦੁਖਦਾਈ ਘਟਨਾ ਬਣਾ ਦਿੱਤਾ, ਜਿਹੋ ਜਿਹੀ ਘਟਨਾ ਪਹਿਲਾਂ ਕਦੇ ਨਹੀਂ ਸੀ ਵਾਪਰੀ।
ਇਸ ਤਰ੍ਹਾਂ ਦਾ ਹਿਰਦੇਵੇਧਕ ਸੰਤਾਪ ਭੋਗਣ ਵਾਲਾ ਸੰਵੇਦਨਸ਼ੀਲ ਵਿਅਕਤੀ ਸੀ ਬਾਬੂ ਰਜਬ ਅਲੀ। ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਉਸ ਵੇਲੇ ਦੇ ਜ਼ਿਲ੍ਹੇ ਫੀਰੋਜ਼ਪੁਰ (ਵਰਤਮਾਨ ਜ਼ਿਲ੍ਹਾ ਮੋਗਾ) ਦੇ ਇਕ ਪਿੰਡ ਸਾਹੋਕੇ ਵਿਚ ਇਕ ਰੱਜੇ ਪੁੱਜੇ ਮੁਸਲਮਾਨ ਪਰਿਵਾਰ ਵਿਚ ਹੋਇਆ। ਮੈਟ੍ਰਿਕ ਤੋਂ ਪਿੱਛੋਂ ਓਵਰਸੀਅਰ ਦੀ ਟ੍ਰੇਨਿੰਗ ਲੈ ਕੇ ਉਸ ਨੇ ਪੰਜਾਬ ਦੇ ਸਿੰਚਾਈ ਵਿਭਾਗ ਵਿਚ ਨੌਕਰੀ ਕੀਤੀ ਜਿਸ ਕਾਰਨ ਉਹ ‘ਬਾਬੂ’ ਵਜੋਂ ਜਾਣਿਆ ਜਾਣ ਲੱਗਾ। ਆਪਣੇ ਪਿਤਾ ਪਾਸੋਂ ਪ੍ਰਾਪਤ ਕਾਵਿ-ਚੇਟਕ ਉਸ ਨੂੰ ਉਸ ਸਮੇਂ ਦੇ ਪ੍ਰਸਿੱਧ ਕਿੱਸਾਕਾਰ ਮਾਨ ਸਿੰਘ ਕਾਨ੍ਹ ਸਿੰਘ ਵਾਲਾ ਕੋਲ ਲੈ ਗਈ ਅਤੇ ਉਸ ਨੇ ਮਾਨ ਸਿੰਘ ਤੋਂ ਪਿੰਗਲ ਦੀ ਸਿੱਖਿਆ ਪ੍ਰਾਪਤ ਕੀਤੀ। ਥੋੜ੍ਹੇ ਸਮੇਂ ਵਿਚ ਹੀ ਉਹ ਵਧੀਆ ਕਵਿਤਾ ਲਿਖਣ ਦੇ ਸਮਰੱਥ ਹੋ ਗਿਆ ਤਾਂ ਕਵੀਸ਼ਰੀ ਦੇ ਸ਼ੌਂਕੀ ਉਸ ਦੇ ਗਿਰਦ ਮੰਡਰਾਉਣ ਲੱਗੇ। ਉਸ ਦੀ ਨਹਿਰੀ ਕੋਠੀ ਕਾਵਿ-ਰਸੀਆਂ ਦਾ ਟਿਕਾਣਾ ਬਣ ਗਈ।
ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਉਹ ਸਵੈ-ਇੱਛਤ ਸੇਵਾਮੁਕਤੀ ਲੈਣ ਉਪਰੰਤ ਕਵੀਸ਼ਰੀ ਖੇਤਰ ਵਿਚ ਆਪਣੇ ਚੇਲਿਆਂ-ਚਾਟੜਿਆਂ ਵਿਚਕਾਰ ਵਿਚਰਦਿਆਂ ਖੁਸ਼ਹਾਲ ਸਰਗਰਮ ਜੀਵਨ ਜਿਊਂ ਰਿਹਾ ਸੀ। ਪਿੰਡ ਵਿਚ ਹੀ ਨਹੀਂ, ਸਾਰੇ ਇਲਾਕੇ ਵਿਚ ਉਸ ਦੀ ਹਰਮਨ ਪਿਆਰਤਾ ਅਤੇ ਅਸਰ ਰਸੂਖ ਦਾ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ ਕਿ ਦੇਸ਼ ਵੰਡ ਦੇ ਫਲਸਰੂਪ ਹੋ ਰਹੇ ਆਬਾਦੀ ਦੇ ਤਬਾਦਲੇ ਕਾਰਨ ਜਦੋਂ ਉਸ ਨੇ ਆਪਣੀ ਜਨਮ ਭੋਇੰ ਸਾਹੋਕੇ ਛੱਡ ਕੇ ਜਾਣ ਦਾ ਫ਼ੈਸਲਾ ਕੀਤਾ ਤਾਂ ਵੱਡੀ ਗਿਣਤੀ ਵਿਚ ਜਨ ਸਮੂਹ ਸਰਹੱਦ ਤੱਕ ਉਸ ਨੂੰ ਵਿਦਾ ਕਰਨ ਗਿਆ। ਪਿਆਰ ਸਤਿਕਾਰ ਅਤੇ ਅਪਣੱਤ ਦੀ ਇਸ ਨਿੱਘੀ ਭਾਵਨਾ ਦਾ ਹੀ ਫਲ ਸੀ ਕਿ ਉਸ ਦਾ ਭਰਿਆ ਭਕੁੰਨਿਆ ਘਰ ਹੀ ਜਿਉਂ ਦਾ ਤਿਉਂ ਨਾ ਰਿਹਾ ਸਗੋਂ ਸਾਹੋਕੇ ਵਾਸੀਆਂ ਨੇ ਉਸ ਦੀ ਘੋੜੀ ਅਤੇ ਚਾਰ ਮੱਝਾਂ ਦੀ ਸਾਂਭ ਸੰਭਾਲ ਵੀ ਉਦੋਂ ਤੱਕ ਨਿਰੰਤਰਤਾ ਨਾਲ ਕੀਤੀ ਜਦ ਤੱਕ ਉਸ ਦਾ ਪੁੱਤਰ ਇਧਰ ਆ ਕੇ ਇਹ ਮਾਲ ਡੰਗਰ ਅਤੇ ਹੋਰ ਕੀਮਤੀ ਸਾਮਾਨ ਨਹੀਂ ਲੈ ਗਿਆ।
ਪਾਕਿਸਤਾਨ ਜਾ ਕੇ ਬਾਬੂ ਰਜਬ ਅਲੀ ਨੂੰ ਆਪਣੇ ਪੈਰ ਜਮਾਉਣ ਵਿਚ ਬਹੁਤਾ ਸਮਾਂ ਨਹੀਂ ਲੱਗਾ। ਇਧਰਲੀ ਅਚੱਲ ਜਾਇਦਾਦ ਦੇ ਇਵਜ਼ ਵਿਚ ਉਸ ਨੂੰ ਔਕਾੜੇ ਨੇੜੇ ਚੱਕ ਨੰਬਰ 32/2 ਐੱਲ ਵਿਚ ਜ਼ਮੀਨ ਅਲਾਟ ਹੋ ਗਈ। ਉਸ ਦੇ ਵੱਡੇ ਦੋ ਪੁੱਤਰਾਂ ਨੇ ਖੇਤੀ ਵਾਹੀ ਦਾ ਕੰਮ ਸੰਭਾਲ ਲਿਆ ਅਤੇ ਛੋਟਾ ਪੁੱਤਰ ਲਾਹੌਰ ਜਾ ਕੇ ਪੜ੍ਹਾਈ ਕਰਨ ਲੱਗਾ। ਇਉਂ ਪਰਿਵਾਰਕ ਗੱਡੀ ਲੀਹ ਉੱਤੇ ਚੱਲ ਪੈਣ ਦੇ ਫਲਸਰੂਪ ਬਾਬੂ ਰਜਬ ਅਲੀ ਸੰਸਾਰਕ ਝਮੇਲਿਆਂ ਤੋਂ ਚਿੰਤਾ ਮੁਕਤ ਹੋ ਕੇ ਕਾਵਿ ਰਚਨਾ ਵਿਚ ਰੁੱਝ ਗਿਆ। ਬਾਬੂ ਰਜਬ ਅਲੀ ਕਿੱਸਾਕਾਰੀ ਤਾਂ ਪਹਿਲਾਂ ਵੀ ਕਰਦਾ ਸੀ ਅਤੇ ਉਹ ਇਸ਼ਕੀਆ ਕਿੱਸਿਆਂ ਦੇ ਨਾਲ ਨਾਲ ਹਿੰਦੂ ਮਿਥਿਹਾਸ ਅਤੇ ਸਿੱਖ ਇਤਿਹਾਸ ਵਿਚੋਂ ਚੋਣਵੀਂਆਂ ਘਟਨਾਵਾਂ ਨੂੰ ਕਾਵਿ ਰੂਪ ਦੇ ਕੇ ਆਪਣੀ ਧਰਮ ਨਿਰਪੇਖ ਸੋਚਣੀ ਦਾ ਪਰਮਾਣ ਦੇ ਚੁੱਕਾ ਸੀ, ਪਰ ਦੇਸ਼ ਵੰਡ ਪਿੱਛੋਂ ਪਾਕਿਸਤਾਨ ਵਿਚ ਜਾ ਵਸਣ ਦੇ ਨਤੀਜੇ ਵਜੋਂ ਉਸ ਦੀਆਂ ਲਿਖਤਾਂ ਵਿਚ ਇਕ ਨਵਾਂ ਵਿਸ਼ਾ ਜੁੜਿਆ। ਇਹ ਵਿਸ਼ਾ ਸੀ ਰਾਜਨੀਤਿਕ ਘਟਨਾਵਾਂ ਦੇ ਫਲਸਰੂਪ ਮਜਬੂਰਨ ਛੱਡਣੀ ਪਈ ਜਨਮ ਭੂਮੀ ਤੋਂ ਵਿੱਛੜ ਜਾਣ ਦਾ ਹੇਰਵਾ।

ਬਾਬੂ ਰਜਬ ਅਲੀ ਦੀ ਹੱਥ ਲਿਖਤ।

ਬਾਬੂ ਰਜਬ ਅਲੀ ਨੇ ਜੜ੍ਹਾਂ ਨਾਲੋਂ ਟੁੱਟਣ ਦੇ ਕਰਮ ਨੂੰ ਆਪਣੇ ਹੱਡੀਂ ਹੰਢਾਇਆ ਸੀ ਅਤੇ ਇਸ ਦਾ ਕਾਵਿ-ਵਰਨਣ ਕਰਨ ਨਾਲ ਉਸ ਦੀ ਆਤਮਾ ਨੂੰ ਠੰਢ ਪੈਂਦੀ ਸੀ। ਇਸ ਲਈ ਜਦ ਵੀ ਉਹ ਕੋਈ ਕਿੱਸਾ ਕਹਾਣੀ ਲਿਖਣੀ ਸ਼ੁਰੂ ਕਰਦਾ, ਉਸ ਦੇ ਅੰਦਰਲਾ ਦਰਦ ਆਪਮੁਹਾਰੇ ਕਲਮ ਦੀ ਨੋਕ ਉੱਤੇ ਆ ਜਾਂਦਾ ਅਤੇ ਸ਼ਬਦਾਂ ਦਾ ਰੂਪ ਧਾਰ ਚੱਲਦੇ ਪ੍ਰਸੰਗ ਵਿਚ ਅੰਕਿਤ ਹੋ ਜਾਂਦਾ। ਅਜਿਹੀ ਮਨੋ ਅਵਸਥਾ ਵਿਚ ਹੀ ਉਸ ਨੇ ‘ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ’, ‘ਰਜਬਲੀ ਕਵੀਸ਼ਰ ਦੀ, ਸਦਾ ਰਹੇ ਨਗਰੀ ਰੰਗਾਂ ਵਿਚ ਵਸਦੀ’ ਅਤੇ ‘ਮੈਨੂੰ ਉਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ’ ਪੰਕਤੀਆਂ ਦੀ ਰਚਨਾ ਕੀਤੀ। ਉਸ ਨੇ ਵੰਡ ਦੇ ਫਲਸਰੂਪ ਸਾਹੋਕਿਆਂ ਤੋਂ ਪਾਕਿਸਤਾਨ ਵਿਚ ਕਿਸੇ ਅਣਦੱਸੀ ਅਣਦੇਖੀ ਥਾਂ ਲਈ ਚੱਲਣ ਸਮੇਂ ਮਨ ਹੀ ਮਨ ਪਾਏ ਵੈਣਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਢਾਲਿਆ:
ਮੈਨੂੰ ਰੱਖ ਲੋ ਨਗਰ ਮੇਂ ਜੀ,
ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
ਬਾਬੂ ਜਾਣ ਦੇਵਣਾ ਨਾ,
ਦਾਸ ਦੀ ਕਬਰ ਬਣਾ ਲੋ ਸਾਹੋ।
ਲਾਸ਼ ਦੱਬ ਦਿਓ ਗਾਮ ਮੇਂ ਜੀ,
ਸੱਚੇ ਕੋਲ ਭੌਰ ਪਹੁੰਚ ਜੂ ਗ੍ਹਾਂ ਗ੍ਹਾਂ।
ਮੈਨੂੰ ਉਠਦੇ ਬੈਠਦੇ ਨੂੰ,
ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।
ਬਾਬੂ ਰਜਬ ਅਲੀ ਨੇ ਵਸੋਂ ਤਬਾਦਲੇ ਨੂੰ ਵਕਤੀ ਤੌਰ ਉੱਤੇ ਤਾਂ ਰੱਬ ਦਾ ਭਾਣਾ ਮੰਨ ਕੇ ਦਿਲ ਸਮਝਾ ਲਿਆ, ਪਰ ਸੰਗੀਆਂ ਸਾਥੀਆਂ ਦੇ ਵਿਛੋੜੇ ਦਾ ਦਰਦ ਸਦਾ ਸਦਾ ਲਈ ਉਸ ਦੇ ਪੱਲੇ ਬੱਝ ਗਿਆ। ਉਸ ਨੇ ਆਪਣੀ ਅਜਿਹੀ ਮਨੋ ਅਵਸਥਾ ਦਾ ਚਿਤਰਣ ਇਉਂ ਕੀਤਾ ਹੈ:
ਮੰਨ ਲੀ ਜੋ ਕਰਦਾ ਰੱਬ ਪਾਕ ਐ,
ਔਂਦੀ ਯਾਦ ਵਤਨ ਦੀ ਖਾਕ ਐ,
ਟੁਟ ਫੁਟ ਟੁਕੜੇ ਬਣ ਗੇ ਦਿਲ ਦੇ,
ਹਾਇ ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ,
ਬੱਜਰ ਬਣ ਗੀ ਦੇਹੀ ਐ,
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ।
ਇਹ ਹੀ ਕਾਰਨ ਸੀ ਕਿ ਭਾਵੇਂ ਨਵੇਂ ਵਸੇਬੇ ਉੱਤੇ ਵੀ ਬਾਬੂ ਰਜਬ ਅਲੀ ਦੇ ਉਦਾਲੇ ਸ਼ਾਗਿਰਦ ਮੰਡਲੀ ਦਾ ਪਰਿਵਾਰ ਬਣ ਗਿਆ, ਪਰ ਉਸ ਦੀ ਧੁਰ ਅੰਦਰ ਦੀ ਤਾਰ ਇਧਰਲੇ ਪੰਜਾਬ ਵਿਚਲੇ ਉਨ੍ਹਾਂ ਚੇਲਿਆਂ ਨਾਲ ਹੀ ਜੁੜੀ ਰਹੀ ਜਿਨ੍ਹਾਂ ਨੂੰ ਉਸ ਨੇ ‘‘ਬਾਬੂ ਕਹੇ ਜਗਮੇਲ, ਬਸੰਤ, ਠਾਣਾ, ਪਿਆਰੇ ਸ਼ਿਸ਼ ਕੁਰਾਨ ਦੀ ਆਇਤ ਮੇਰੀ’’ ਕਹਿੰਦਿਆਂ ਮੋਹ ਭਿੱਜੇ ਮਾਣ ਸਤਿਕਾਰ ਨਾਲ ਯਾਦ ਕੀਤਾ।

ਗੁਰਦੇਵ ਸਿੰਘ ਸਿੱਧੂ

ਲੋਕ ਬੋਲੀ ਤਾਂ ਕਹਿੰਦੀ ਹੈ, ‘‘ਰੂਹ ਲੈ ਗਿਆ ਦਿਲਾਂ ਦਾ ਜਾਨੀ, ਬੁੱਤ ਸਾਡਾ ਪਿੱਛੇ ਰਹਿ ਗਿਆ’’ ਪਰ ਬਾਬੂ ਰਜਬ ਅਲੀ ਦੀ ਸਥਿਤੀ ਵਿਚ ਇਸ ਤੋਂ ਉਲਟ ਵਾਪਰਿਆ। ਦੇਸ਼ ਵੰਡ ਦੇ ਫਲਸਰੂਪ ਹੋਏ ਵਸੋਂ ਦੇ ਤਬਾਦਲੇ ਕਾਰਨ ਮਜਬੂਰ ਹੋਏ ਬਾਬੂ ਰਜਬ ਅਲੀ ਦੇ ਪਾਕਿਸਤਾਨ ਜਾਣ ਸਮੇਂ ਉਸ ਦੇ ਨਾਲ ਕੇਵਲ ਖਾਕੀ ਸਰੀਰ ਹੀ ਪਾਕਿਸਤਾਨ ਗਿਆ, ਉਸ ਦੀ ਰੂਹ ਆਪਣੀ ਮੁੱਢਲੀ ਕਰਮ ਭੂਮੀ ਵਿਚ ਹੀ ਭਟਕਦੀ ਰਹੀ। ਇਹੋ ਕਾਰਨ ਸੀ ਕਿ ਸਰਹੱਦ ਤੋਂ ਓਸ ਪਾਰ ਬੈਠਿਆਂ ਵੀ ਉਸ ਨੂੰ ਸਰਹੱਦ ਦੇ ਇਸ ਪਾਸੇ ਪੈਂਦੀਆਂ ਰਾਸਾਂ, ਗਾਉਂਦੇ ਕਵੀਸ਼ਰ, ਵੱਜਦੀਆਂ ਢੱਡਾਂ ਅਤੇ ਛਣਕਦੇ ਛੈਣੇ ਸੁਣਾਈ ਦਿੰਦੇ। ਤਾਂ ਹੀ ਉਸ ਨੇ ਲਿਖਿਆ:
ਰਾਸਾਂ ਪੈਂਦੀਆਂ ਵਾਂਗ ਕ੍ਰਿਸ਼ਨ ਦੇ ਜੀ,
ਕਰਦੇ ਨਾਚ ਹਮੇਸ਼ਾ ਨਚਾਰ ਰਹਿੰਦੇ।
ਸ਼ਬਦ ਪੜ੍ਹਨ ਖੜ੍ਹੇ ਜਥੇ ਢਾਡੀਆਂ ਦੇ,
ਵਜਦੇ ਛੈਣਿਆਂ ਨਾਲ ਸਿਤਾਰ ਰਹਿੰਦੇ।
ਆਪਣੀ ਇਸ ਭਟਕਣਾ, ਇਸ ਵੇਦਨਾ ਦਾ ਬਿਆਨ ਉਸ ਨੇ ਪਾਕਿਸਤਾਨ ਤੋਂ ਇਧਰਲੇ ਜਾਣੂੰਆਂ ਨੂੰ ਲਿਖੇ ਖ਼ਤ ਵਿਚ ਇਨ੍ਹਾਂ ਸ਼ਬਦਾਂ ਵਿਚ ਕੀਤਾ:
ਦੇਵਾਂ ਤਿਫਲ ਤਸੱਲੀਆਂ ਮੈਂ, ਨਹੀਂ ਦਿਲ ਵਿਰਦਾ,
ਨਹੀਂ ਦਿਲ ਵਿਰਦਾ।
ਮੂੰਹੋਂ ਆਹਾਂ ਨਿਕਲਦੀਆਂ,
ਲੋਕ ਕਹਿਣ ਕਮਲ ਮਾਰਦਾ ਫਿਰਦਾ।
ਰਹੇ ਦਰਦ ਮੱਠਾ ਜਿਹਾ ਜੀ,
ਫਰਕ ਨਾ ਵਾਲ ਬਰਾਬਰ ਪੈਂਦਾ।
ਰਿਹਾ ਭੇਜ ਸਲਾਮਾਂ ਨੂੰ,
ਐਸ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ।
ਜਿਸ ਦੇ ਦਿਲ ਵਿਚ ਅਜਿਹੇ ਦਰਦ ਦਾ ਨਾਸੂਰ ਹੋਵੇ, ਜਿਸ ਦਾ ਇਲਾਜ ਕੇਵਲ ਅਤੇ ਕੇਵਲ ਆਪਣੀ ਜਨਮ ਭੋਇੰ ਦੀ ਮਿੱਟੀ ਚੁੰਮਣਾ ਅਤੇ ਉੱਥੋਂ ਦੀ ਹਵਾ ਵਿਚ ਸਾਹ ਲੈਣਾ ਹੀ ਹੋਵੇ, ਉਹ ਅਜਿਹਾ ਅਵਸਰ, ਜੋ ਉਸ ਦੀ ਮਰਜ਼ ਦੀ ਦਵਾ ਬਣ ਸਕੇ, ਭਾਲਣ ਲਈ ਪਲ ਪਲ ਤਾਂਘਦਾ ਹੈ, ਸੋ ਬਾਬੂ ਰਜਬ ਅਲੀ ਨੇ ਵੀ ਆਪਣੇ ਪਿੰਡ ਸਾਹੋਕਿਆਂ ਦੀ ਪੰਚਾਇਤ ਦੇ ਸੱਦੇ ਉੱਤੇ 1964 ਵਿਚ ਇਧਰ ਆਉਣ ਵਾਸਤੇ ਵੀਜ਼ਾ ਪ੍ਰਾਪਤੀ ਲਈ ਦਰਖਾਸਤ ਦਿੱਤੀ। ਬਦਕਿਸਮਤੀ ਨੂੰ ਵੀਜ਼ਾ ਨਾ ਮਿਲਿਆ ਤਾਂ ਵੀਜ਼ਾ ਅਫ਼ਸਰ ਲਈ ਇਹ ਸਵਾਲ ਵਾਰ ਵਾਰ ਬਾਬੂ ਰਜਬ ਅਲੀ ਦੀ ਜ਼ੁਬਾਨ ਉੱਤੇ ਆਉਂਦਾ ਰਿਹਾ, ‘‘ਸਾਈਨ ਕਰਦਿਆਂ ਦੱਸ ਤਕਲੀਫ਼ ਕੀ ਸੀ, ਬੜਾ ਕਰੇ ਅਫਸੋਸ ਪਚੈਂਤ ਮੇਰੀ।’’ ਅਤੇ ਜਦ ਅਗਲੇ ਸਾਲ ਦੇ ਸ਼ੁਰੂ ਵਿਚ ਹਿੰਦੁਸਤਾਨ ਆਉਣ ਦੀ ਵਿਧ ਬਣ ਵੀ ਗਈ ਤਾਂ ਉਸ ਦੇ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਉਸ ਦੇ ਚੇਲਿਆਂ ਦੀਆਂ ਆਪਣੇ ਕਾਵਿ-ਗੁਰੂ ਦਾ ਸ਼ਾਨਦਾਰ ਮਾਣ ਸਤਿਕਾਰ ਕਰਨ ਲਈ ਬਣਾਈਆਂ ਯੋਜਨਾਵਾਂ ਉਦੋਂ ਧਰੀਆਂ ਧਰਾਈਆਂ ਰਹਿ ਗਈਆਂ ਜਦ ਹਿੰਦ-ਪਾਕ ਜੰਗ ਦੇ ਦੈਂਤ ਦੇ ਪਰਗਟ ਹੋ ਜਾਣ ਕਾਰਨ ਉਸ ਨੂੰ ਗਿਣਤੀ ਦੇ ਦਿਨ ਇੱਥੇ ਗੁਜ਼ਾਰਨ ਪਿੱਛੋਂ ਹੀ ਵਾਪਸ ਮੁੜਨਾ ਪਿਆ। ਇਸ ਘਟਨਾ ਪਿੱਛੋਂ ਬਾਬੂ ਰਜਬ ਅਲੀ ਨੇ ਲਗਭਗ ਇਕ ਦਹਾਕਾ ਹੋਰ ਜੀਵਨ ਭੋਗਿਆ। ਇਸ ਅਰਸੇ ਦੌਰਾਨ ਭਾਵੇਂ ਉਹ ਮੁੜ ਏਧਰ ਆਉਣ ਦਾ ਹੌਸਲਾ ਨਾ ਕਰ ਸਕਿਆ, ਪਰ ਉਹ ਹਰ ਸਾਹ ਨਾਲ ਆਪਣੇ ਜਨਮ ਪਿੰਡ ਸਾਹੋਕੇ, ਆਪਣੇ ਕਾਵਿ-ਸੇਵਕਾਂ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਯਾਦ ਕਰਦਾ ਰਿਹਾ। ਉਸ ਦੇ ਇਕ ਪਾਕਿਸਤਾਨੀ ਸ਼ਾਗਿਰਦ ਅਲੀ ਨਿਵਾਜ਼, ਜੋ ਬਾਬੂ ਹੋਰਾਂ ਦੇ ਆਖ਼ਰੀ ਪਲਾਂ ਸਮੇਂ ਉਸ ਦੇ ਕੋਲ ਸੀ, ਨੇ ਇਨ੍ਹਾਂ ਅੰਤਿਮ ਘੜੀਆਂ ਦੀ ਬਿਰਹੋਂ ਵੇਦਨਾ ਨੂੰ ਬੜੇ ਦਰਦ ਭਿੱਜੇ ਸ਼ਬਦਾਂ ਵਿਚ ਬਿਆਨ ਕੀਤਾ ਹੈ। ਅਲੀ ਨਿਵਾਜ਼ ਮੁਤਾਬਿਕ ਬਾਬੂ ਜੀ ਨੇ ਮੌਤ ਦੇ ਫਰਿਸ਼ਤੇ ਨੂੰ ਇਹ ਸਿਫਾਰਸ਼ ਕੀਤੀ:
ਕਹਿਣ ਲੱਗੇ ਫਰਿਸ਼ਤੇ ਨੂੰ,
ਮੇਰੀ ਰੂਹ ਲੈ ਜਾ ਜਿਧਰ ਜੀ ਤੇਰਾ।
ਪਰ ਸੱਜਣ ਮਿਲਾ ਦੇਵੀਂ, ਮੰਨ ਲੈ ਰੱਬ ਦਾ ਵਾਸਤਾ ਮੇਰਾ।
ਫੇਰ ਲੈ ਜਾਵੀਂ ਅਰਸ਼ਾਂ ਤੇ, ਕੇਰਾਂ ਤੂੰ ‘ਸਾਹੋ’ ਸੈਰ ਕਰਾ ਕੇ।
ਵੀਰ! ਬਾਰਡਰ ਲੰਘ ਕੇ ਤੇ, ਵੇਖ ਲੋ ਕਬਰ ਗੁਰੂ ਦੀ ਆ ਕੇ।
ਜਦ ਪ੍ਰਾਣ ਪੰਖੇਰੂ ਉਡਾਰੀ ਮਾਰਨ ਲੱਗੇ ਤਾਂ ਵੀ:
ਭੌਰ ਉਡਿਆ ਜਾਂਦਾ ਵੀ,
ਕਰਦਾ ਜਾਂਦਾ ‘ਸਾਹੋ’ ‘ਸਾਹੋ’।
ਕਹੇ ਜਨਮ ਭੂਮਕਾ ਮੇਂ,
ਮੇਰੀ ਅਰਥੀ ਮੋੜ ਲਿਆਓ।
ਬਿਨਾਂ ਸੱਜਣ ਪਿਆਰਿਆਂ ਦੇ,
ਕਰੂੰ ਕੀ ਮੈਂ ਸੁਰਗਾਂ ਵਿਚ ਜਾ ਕੇ।
ਵੀਰ! ਬਾਰਡਰ ਲੰਘ ਕੇ ਤੇ,
ਵੇਖ ਲੋ ਕਬਰ ਗੁਰੂ ਦੀ ਆ ਕੇ।
ਆਪਣੇ ਜਨਮ ਸਥਾਨ ‘ਸਾਹੋ’, ਜਿੱਥੋਂ ਦੀ ਪਾਕ ਪਵਿੱਤਰ ਮਿੱਟੀ ਵਿਚ ਖੇਡਦਿਆਂ-ਮੱਲਦਿਆਂ, ਤੁਰਦਿਆਂ-ਫਿਰਦਿਆਂ ਅਤੇ ਜਿੱਥੋਂ ਦੀ ਸੁਗੰਧੀਆਂ ਭਰੀ ਪੌਣ ਵਿਚ ਸਾਹ ਲੈਂਦਿਆਂ ਉਸ ਨੇ ਜ਼ਿੰਦਗੀ ਦੇ ਪੰਜ ਦਹਾਕੇ ਪੂਰੇ ਕੀਤੇ, ਨੂੰ ਨਤਮਸਤਕ ਹੋਣ ਦੀ ਤਾਂਘ ਅਧੂਰੀ ਰਹਿਣ ਦਾ ਬਦਲ ਬਾਬੂ ਰਜਬ ਅਲੀ ਦੀ ਨਿਗਾਹ ਵਿਚ ਇਹੋ ਸੀ ਕਿ ਉਸ ਦੇ ਸੱਜਣ-ਮਿੱਤਰ ਅਤੇ ਚੇਲੇ-ਬਾਲਕੇ ਪਾਕਿਸਤਾਨ ਆ ਕੇ ਉਸ ਦੀ ਕਬਰ ਨੂੰ ਸਿਜਦਾ ਕਰ ਜਾਣ। ਤਦੇ ਹੀ ਤਾਂ ਅਲੀ ਨਿਵਾਜ਼ ਦੇ ਸ਼ਬਦਾਂ ਰਾਹੀਂ ਉਹ ਵਾਰ ਵਾਰ ਕੂਕਦਾ ਹੈ, ‘‘ਵੀਰ! ਬਾਰਡਰ ਲੰਘ ਕੇ ਤੇ, ਵੇਖ ਲੋ ਕਬਰ ਗੁਰੂ ਦੀ ਆ ਕੇ।’’
ਰੁਦਨ ਦੇ ਇਹ ਸ਼ਬਦ ਕੇਵਲ ਬਾਬੂ ਰਜਬ ਅਲੀ ਦੀ ਹੀ ਨਹੀਂ, ਆਪਣੀ ਜਨਮ ਭੋਇੰ ਤੋਂ ਟੁੱਟੇ ਸਾਰੇ ਲੋਕਾਂ ਦੀ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਹਨ।

ਸੰਪਰਕ: 94170-49417

ਕਾਲ਼ੇਪਾਣੀ ਦੇ ਗੁਰਭਾਈਆਂ ਦਾ ਮੇਲ਼

ਅਮਰਜੀਤ ਚੰਦਨ

ਤਸਵੀਰਾਂ: ਅਮਰਜੀਤ ਚੰਦਨ ਤੋਂ

ਸੰਨ 1955 ਦੀ ਗੱਲ ਹੈ; ਓਦੋਂ ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਦੀ ਕਮਰ ਕਮਾਨ ਵਾਂਙ ਮੁੜ ਚੁੱਕੀ ਸੀ। ਇਸ ਹਾਲਤ ਵਿਚ ਇਹ ਅਪਣੇ ਪਿੰਡ ਭਕਨਿਓਂ ਇਕੱਲੇ ਚਲਕੇ ਲੁਧਿਆਣੇ ਲਲਤੋਂ ਵਾਲ਼ੇ ਅਪਣੇ ਗ਼ਦਰੀ ਗੁਰਭਾਈ ਗੁਰਮੁਖ ਸਿੰਘ ਕੋਲ਼ ਪੁੱਜੇ। ਅਗਾਂਹ ਇਨ੍ਹਾਂ ਗ਼ਦਰੀ ਰੂੜ ਸਿੰਘ ਦੇ ਪਿੰਡ ਚੂਹੜਚੱਕ ਉਹਦੀ ਯਾਦ ਵਿਚ ਹੋਣ ਵਾਲ਼ੇ ਕੱਠ ’ਤੇ ਜਾਣਾ ਸੀ। ਗੁਰਮੁਖ ਸਿੰਘ ਜੀ ਪਹਿਲਾਂ ਹਿਰਖੇ ਕਿ ਦਸ ਦਿੰਦੇ; ਕੋਈ ਜਾ ਕੇ ਲੈ ਆਉਂਦਾ। ਫੇਰ ਝੱਟ ਪਾਣੀ ਤੱਤਾ ਕਰ ਕੇ ਲਿਆਏ ਤੇ ਉਨ੍ਹਾਂ ਦੇ ਪੈਰ ਧੋਣ ਲੱਗੇ। (ਧਿਆਨਜੋਗ: ਸਾਰੇ ਗ਼ਦਰੀ ਇਕ ਦੂਜੇ ਨੂੰ ‘ਭਾਈ ਜੀ’ ਕਹਿ ਕੇ ਬੁਲਾਉਂਦੇ ਹੁੰਦੇ ਸਨ।)
ਸੰਤਨ ਕੇ ਪਾਸ ਸੰਤ ਚਲ ਕਰ ਆਵੈ।
ਗਲ਼ ਲੱਗ ਘੁੱਟ ਕੇ ਫ਼ਤਹ ਗਜਾਵੈ॥
ਅੱਖ ਭਰ ਆਈ ਨੀਵੀਂ ਪਾਈ।
ਜੋ ਮਨ ਆਈ ਕਹੀ ਨਾ ਜਾਈ॥
ਸੰਤ ਜਨਾਂ ਕੀ ਸੰਗਤ ਸੋਹਬੈ।
ਸੰਤ ਸੰਤਨ ਕੇ ਚਰਣ ਕੋ ਛੋਹਬੈ॥
ਜਗ ਕਹਾਵੈ ਸੰਤ ਸਿਪਾਈ।
ਇਕ ਦੂਜੇ ਨੂੰ ਆਖਣ ਭਾਈ॥
ਦਿਲ ਦਾ ਸੋਹਣਾ ਗੁਰਮੁਖ ਜਾਨੀ।
ਸਭ ਜਗ ਢੂੰਡਾ ਕੋਈ ਨਾ ਸਾਨੀ॥
ਪੈਰ ਸੁ ਹੰਭੇ ਦੁਨੀਆ ਝਾਖੀ।
ਬੇੜੀਆਂ ਸੰਗਲ਼ ਦੇਸ ਦੀ ਰਾਖੀ॥
ਕਰ ਤੱਤਾ ਜਲ ਚਿਲਮਚੀ ਰਾਖੀ।
ਧੂੜ ਪੈਰਾਂ ਦੀ ਸਫ਼ਰ ਦੀ ਸਾਖੀ॥
ਜਲ ਸੁਭਾਗਾ ਪੈਰ ਪਲ਼ੋਸੇ।
ਰੱਬ ਦਾ ਬੰਦਾ ਮਨ ਮਸੋਸੇ॥
ਕੌਣ ਕ੍ਰਿਸ਼ਣ ਹੈ ਕੌਣ ਸੁਦਾਮਾ।
ਧੀ ਨਾ ਪੁੱਤਾ ਜਗਤ ਪਿਤਾਮਾ॥
ਨਾਨਕ ਪੰਥੀ ਲੋਕਾਂ ਜਾਏ।
ਘੋਰ ਉਦਾਸੀ ਘਰ ਨੂੰ ਆਏ॥
ਉਠ ਕਰ ਚਲ ਪੇ ਸੁਬਹ ਸਵੇਰੇ।
ਵਾਟ ਨ ਮੁੱਕੀ ਪੰਧ ਲੰਮੇਰੇ॥ (1/8/2019)
* * *

ਕਲਾਮ ਮੂਲ਼ਾ ਸਿੰਘ ਗ਼ਦਰੀ ਦੀ ਧੀ ਛੀਤੋ ਦਾ

ਭਾਈ ਮੂਲ਼ਾ ਸਿੰਘ ਬਾਹੋਵਾਲ਼ (ਖੱਬੇ) ਤੇ ਭਾਈ ਦਲੀਪ ਸਿੰਘ ਰੁੜਕੀ. ਸੰਨ 1940 ਦੇ ਨੇੜੇ

‘‘ਸਾਡੇ ਵਿਹੜੇ ਵਿਚ ਕਲੀਆਂ ਦਾ ਬਹੁਤ ਵੱਡਾ ਬੂਟਾ ਸੀ। ਬਰਸਾਤ ਦੇ ਦਿਨੀਂ ਕਲੀਆਂ ਦੇ ਢੇਰ ਲਗ ਜਾਣੇ। ਮਹਿਕਦੀਆਂ ਕਲੀਆਂ – ਚਿੱਟੀਆਂ-ਚਟਾਰ, ਫਿੱਕੀ ਗੰਦਮੀ ਭਾੱ ਮਾਰਦੀਆਂ। ਪਿਤਾ ਜੀ ਨੇ ਥਾਲ਼ ਭਰਕੇ ਕਹਿਣਾ: ਭਾਈਚਾਰੇ ਸ਼ਰੀਕੇ ਕਬੀਲੇ ਚ ਵੰਡ ਆਓ। ਵਿਹੜੇ ਸੱਥੀਂ ਰਖ ਆਓ। ਸੁਗੰਧ ਨਾਲ਼ ਸੋਚ ਵੀ ਬਦਲਦੀ ਹੈ।’’ ਹਰਜੀਤ ਕੌਰ, ਜਰਨੈਲ ਮੂਲ਼ਾ ਸਿੰਘ ਬਾਹੋਵਾਲ਼ ਦੀ ਜੀਵਨੀ ਧਰਤੀ ਪੁੱਤਰ (2004).
ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ਼ ਦੇ ਮੂਲ਼ਾ ਸਿੰਘ (1896-1981) ਅਪਣੇ ਵੇਲੇ ਦੇ ਮਸ਼ਹੂਰ ਢਾਡੀ ਸਨ। ਇਹ ਗ਼ਦਰੀ ਸ਼ਹੀਦ ਮਥਰਾ ਸਿੰਘ ਦੀ ਦਿੱਤੀ ਨਿਸ਼ਾਨੀ ਛੋਟੀ ਕਿਰਪਾਨ ਹਮੇਸ਼ਾ ਪਾ ਕੇ ਰੱਖਦੇ ਸਨ। ਇਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਫਿਰ ਕਮਿਉਨਿਸਟ ਲਹਿਰ ਵਿਚ ਅੱਠ ਸਾਲ ਕੈਦ ਕੱਟੀ।
ਸਾਡੇ ਤੇ ਵਿਹੜੇ ਜੀ ਕਲੀਆਂ ਦਾ ਬੂਟਾ।
ਸਾਰਾ ਹੀ ਭਰਿਆ ਸਾਵਣ ਮਹੀਨਾ।
ਅੰਬਾਂ ਦੀ ਪੀਂਘ ਤੇ ਸੁਰਗਾਂ ਦਾ ਝੂਟਾ॥
ਸਾਡੇ ਤੇ ਵਿਹੜੇ ਜੀ ਰਾਤਾਂ ਦੀ ਰਾਣੀ।
ਪੱਤਣਾਂ ਦੇ ਤਾਰੂ ਲੰਮੀ ਤਾਣ ਸੁੱਤੇ।
ਜੁੱਗਾਂ ਨੂੰ ਪਲਟਣ ਦੀ ਪਾਵੇ ਕਹਾਣੀ॥
ਸਾਡੇ ਤੇ ਵਿਹੜੇ ਜੀ ਪਈ ਪਈ ਗਾਵੇ।
ਢੱਡ ਸਰੰਗੀ ਦੀ ਦੋ ਗਿੱਠ ਲੱਕੜੀ।
ਨਾਲ਼ ਜ੍ਹਿਦੇ ਬਾਬਲ ਫ਼ਰੰਗੀ ਨਸਾਵੇ॥
ਸਾਡੇ ਤੇ ਵਿਹੜੇ ਜੀ ਕੁਦਰਤ ਦੇ ਮੇਵੇ।
ਕਣਕ ਦੀ ਬੱਲੀਆਂ, ਛੱਲੀਆਂ ਦੀਆਂ ਪੂਣਾ।
ਦਾਤਾਰ ਸੱਚਾ ਸਭਨਾਂ ਨੂੰ ਦੇਵੇ॥
ਸਾਡੇ ਤੇ ਵਿਹੜੇ ਜੀ ਝੰਡਾ ਝੁਲੇਂਦਾ।
ਇਕ ਗ਼ਦਰੀ ਤਰੰਗਾ ਦੂਜਾ ਦਾਤੀ ਹਥੌੜਾ।
ਕਾਗ ਬਨੇਰੇ ’ਤੇ ਬੈਠਾ ਬੁਲੇਂਦਾ।
ਸਾਡੇ ਤੇ ਵਿਹੜੇ ਜੀ, ਭਗਵਾਨ ਉੱਤਰੇ।
ਕੱਟੀ ਲੱਤ ਵਾਲ਼ਾ ਬਾਬਾ ਖੜੌਦੀ।
ਬਾਂਹ ਕੱਟੀ ਵਾਲ਼ਾ ਟੁੰਡੀਲਾਟ ਨ੍ਹਾਮਾ॥
ਸਾਡੇ ਤੇ ਵਿਹੜੇ ਜੀ ਗੜ੍ਹਸ਼ੰਕਰ ਦਾ ਭਾਈ।
ਅਲਖ ਜਗਾਈ ਪਿੰਡੇ ਲੀੜਾ ਨਾ ਲੱਤਾ
ਵਲ ਜੇਲਰ ਵਗਾਹੀ ਕੈਦੀ ਦੀ ਵਰਦੀ,
ਜਦ ਹੋਈ ਰਿਹਾਈ।
ਸਾਡੇ ਤੇ ਵਿਹੜੇ ਜੀ ਬਾਬਲ ਅਲਾਵੇ:
ਧੀਏ ਨੀ ਛੀਤੋ।
ਜਾ ਵੰਡ ਕਲੀਆਂ ਭਰ ਕੇ ਪਰਾਤਾਂ।
ਸੱਥੀਂ ਤੇ ਵਿਹੜੀਂ ਸ਼ਰੀਕੇ ਕਬੀਲੇ।
ਨਾਲ਼ ਸੁਗੰਧੀਆਂ ਖ਼ੁਸ਼ੀਆਂ ਬਰਾਤਾਂ॥
ਸਾਡੇ ਤੇ ਵਿਹੜੇ ਜੀ ਭਰੀਆਂ ਸੁਗਾਤਾਂ।
ਰਿਜ਼ਕ ਵੰਡ ਛਕੀਏ ਤੇ ਮਹਿਕਾਂ ਵੀ ਵੰਡੀਏ
ਬਾਬਲ ਜਿਉਂ ਵੰਡੀਆਂ ਗੀਤਾਂ ਦੀਆਂ ਦਾਤਾਂ॥ (4/8/2019)


Comments Off on ਔਂਦੀ ਯਾਦ ਵਤਨ ਦੀ ਖਾਕ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.