ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ…

Posted On August - 19 - 2019

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਘਟਨਾ 13 ਮਾਰਚ 1940 ਦੀ ਹੈ। ਵੈਸਟਮਿਨਸਟਰ (ਲੰਡਨ) ’ਚ ਬ੍ਰਿਟਿਸ਼ ਪਾਰਲੀਮੈਂਟ ਦੇ ਐਨ ਨੇੜੇ ਸਥਿਤ ਕੈਕਸਟਨ ਹਾਲ ਵਿਚ ਇਕ ਜਨ ਸਭਾ ਲਈ ਕਾਫ਼ੀ ਵੱਡੀ ਭੀੜ ਜੁੜੀ ਹੋਈ ਸੀ। ਦਾਖ਼ਲਾ ਕਾਰਡਾਂ ਦੀ ਫੀਸ ਕਾਫ਼ੀ ਉੱਚੀ ਸੀ, ਪਰ ਬੁਲਾਰਿਆਂ ਦੇ ਨਾਮ ਤੇ ਰੁਤਬੇ ਹੀ ਅਜਿਹੇ ਸਨ ਕਿ ਲੋਕ ਉਨ੍ਹਾਂ ਨੂੰ ਸੁਣਨ ਲਈ ਦੂਰੋਂ ਦੂਰੋਂ ਆਏ। ਬ੍ਰਿਟੇਨ ਤੇ ਉਸ ਦੇ ਇਤਿਹਾਦੀ ਮੁਲਕ, ਉਨ੍ਹੀਂ ਦਿਨੀਂ ਦੂਜੇ ਵਿਸ਼ਵ ਯੁੱਧ ਵਿਚ ਪੂਰੀ ਤਰ੍ਹਾਂ ਖੁੱਭ ਚੁੱਕੇ ਸਨ। ਲਿਹਾਜ਼ਾ, ਦੇਸ਼-ਪਿਆਰ ਦੇ ਜਜ਼ਬੇ ਦੇ ਬਾਵਜੂਦ ਲੋਕ ਆਪਣੀਆਂ ਚਿੰਤਾਵਾਂ ਦਾ ਹੱਲ ਵੀ ਚਾਹੁੰਦੇ ਸਨ। ਸਭਾ ਵਿਚ ਵਿਚਾਰ-ਚਰਚਾ ਦਾ ਵਿਸ਼ਾ ਸੀ ‘ਅਫ਼ਗਾਨਿਸਤਾਨ ਦੀ ਸਥਿਤੀ ਅਤੇ ਉਸ ਮੁਲਕ ਨੂੰ ਜਰਮਨੀ ਦੇ ਇਤਿਹਾਦੀ ਸੋਵੀਅਤ ਸੰਘ ਤੋਂ ਦਰਪੇਸ਼ ਖ਼ਤਰੇ’। ਬੁਲਾਰੇ ਸਨ: ਸਰ ਮਾਈਕਲ ਓ’ਡਵਾਿੲਰ, ਲਾਰਡ ਜ਼ੈੱਟਲੈਂਡ, ਸਰ ਲੁਈਸ ਡੇਨ ਅਤੇ ਲਾਰਡ ਲੈਮਿੰਗਟਨ। ਚਾਰੋਂ ਆਪਣੇ ਆਪ ਨੂੰ ਭਾਰਤ ਤੇ ਦੱਖਣੀ ਏਸ਼ੀਆ ਦੇ ਮਾਮਲਿਆਂ ਦਾ ਮਾਹਿਰ ਸਮਝਦੇ ਸਨ। ਓ’ਡਵਾਇਰ ਜੱਲ੍ਹਿਆਂਵਾਲਾ ਬਾਗ਼ ਸਾਕੇ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਉਸ ਨੇ ਨਾ ਸਿਰਫ਼ ਇਸ ਸਾਕੇ ਨੂੰ ਜਾਇਜ਼ ਠਹਿਰਾਇਆ ਸੀ ਸਗੋਂ ਇਸ ਤੋਂ ਅਗਲੇ ਹੀ ਦਿਨ ਗੁੱਜਰਾਂਵਾਲਾ ਵਿਚ ਜੁੜੇ ਲੋਕਾਂ ਉਪਰ ਜਹਾਜ਼ਾਂ ਰਾਹੀਂ ਬੰਬਾਰੀ ਤੇ ਗੋਲੀਬਾਰੀ ਵੀ ਕਰਵਾਈ ਸੀ। ਲਾਰਡ ਜ਼ੈੱਟਲੈਂਡ ਬ੍ਰਿਟਿਸ਼ ਕੈਬਨਿਟ ਵਿਚ ਭਾਰਤ ਬਾਰੇ ਮੰਤਰੀ ਸੀ। ਲੁਈਸ ਡੇਨ, ਓ’ਡਵਾਇਰ ਤੋਂ ਪੂਰਬਲਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਲਾਰਡ ਲੈਮਿੰਗਟਨ ਬੰਬੇ ਪ੍ਰੈਜ਼ੀਡੈਂਸੀ ਦਾ ਸਾਬਕਾ ਗਵਰਨਰ ਸੀ।
ਭਾਸ਼ਨਾਂ ਦਾ ਸਿਲਸਿਲਾ ਮੁੱਕਦਿਆਂ ਹੀ ਇਕ ਟੋੋਪਧਾਰ ਵਿਅਕਤੀ ਨੇ ਓ’ਡਵਾਇਰ ਦੇ ਐਨ ਨੇੜੇ ਢੁੱਕ ਕੇ ਰਿਵਾਲਵਰ ਕੱਢਿਆ। ਓ’ਡਵਾਇਰ ਨੂੰ ਦੋ ਗੋਲੀਆਂ ਲੱਗੀਆਂ। ਉਹ ਥਾਂ ’ਤੇ ਹੀ ਢੇਰ ਹੋ ਗਿਆ। ਬਾਕੀ ਤਿੰਨ ਵਕਤਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਪਰ ਸਮਿੱਥ ਐਂਡ ਵੈਸਨ ਰਿਵਾਲਵਰ ’ਚ ਸਮੱਸਿਆ ਕਾਰਨ ਗੋਲੀਬਾਰੀ ਬਹੁਤੀ ਅਸਰਦਾਰ ਸਾਬਤ ਨਾ ਹੋਈ। ਹਮਲਾਵਰ ਆਪਣੀ ਤਰਫ਼ੋਂ ਪੂਰੀ ਤਿਆਰੀ ਕਰ ਕੇ ਆਇਆ ਸੀ, ਪਰ ਰਿਵਾਲਵਰ ਦਾ ਬੋਰ ਵੱਡਾ ਹੋਣ ਅਤੇ ਗੋਲੀਆਂ ਦਾ ਕੈਲੀਬਰ ਘੱਟ ਹੋਣ ਦੀ ਅਸਲੀਅਤ ਤੋਂ ਵਾਕਫ਼ ਨਹੀਂ ਸੀ। ਜ਼ੈੱਟਲੈਂਡ ਮਾਮੂਲੀ ਜ਼ਖ਼ਮੀ ਹੋਇਆ, ਬਾਕੀ ਦੋਵੇਂ ਵੱਧ ਫੱਟੜ ਹੋਏ। ਹਮਲਾਵਰ ਨੇ ਬਚ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ। ਗ੍ਰਿਫ਼ਤਾਰੀ ਦਿੱਤੀ, ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਅਤੇ ਕਬੂਲਿਆ ਕਿ ਉਸ ਦਾ ਅਸਲ ਨਿਸ਼ਾਨਾ ਤਾਂ ਮਾਈਕਲ ਓ’ਡਵਾਇਰ ਹੀ ਸੀ, ਬਾਕੀ ਤਿੰਨ ਤਾਂ ਬੋਨਸ ਵਾਂਗ ਸਨ।
ਇਹ ਨਾਟਕੀ ਅੰਸ਼ ਬ੍ਰਿਟਿਸ਼ ਪੱਤਰਕਾਰ, ਲੇਖਕ ਤੇ ਪ੍ਰਸਾਰਨਕਾਰ ਅਨੀਤਾ ਆਨੰਦ ਦੀ ਕਿਤਾਬ ‘ਦਿ ਪੇਸ਼ੈਂਟ ਅਸੈੱਸਿਨ’ (ਧੀਰਜਵਾਨ ਹੱਤਿਆਰਾ; ਸਾਇਮਨ ਐਂਡ ਸ਼ੁਸਟਰ; ਪੰਨੇ 373; ਭਾਰਤੀ ਕੀਮਤ 599 ਰੁਪਏ) ਦਾ ਹਿੱਸਾ ਹੈ। ਮੁਹੰਮਦ ਸਿੰਘ ਆਜ਼ਾਦ ਉਰਫ਼ ਸ਼ਹੀਦ ਊਧਮ ਸਿੰਘ ਸਾਡੇ ਲਈ ਭਾਰਤੀ ਆਜ਼ਾਦੀ ਸੰਗਰਾਮ ਦਾ ਮਹਾਂਨਾਇਕ ਹੈ। ਭਾਰਤੀ ਰਾਜਸੀ-ਸਮਾਜਿਕ ਦ੍ਰਿਸ਼ਾਵਲੀ ਨਾਲ ਜੁੜੀਆਂ ਸਾਰੀਆਂ ਧਿਰਾਂ ਉਸ ਨੂੰ ਆਪਣਾ ਆਦਰਸ਼ ਦੱਸਦੀਆਂ ਹਨ। ਰਾਮ ਮੁਹੰਮਦ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਦੱਸ ਕੇ ਉਸ ਨੇ ਆਪਣੇ ਆਪ ਨੂੰ ਸੈਕੂਲਰਵਾਦ ਦੇ ਪ੍ਰਤੀਕ ਵਜੋਂ ਉਭਾਰਿਆ, ਇਸ ਉੱਤੇ ਹਿੰਦੂਤਵੀ ਸੱਜੇ-ਪੰਥੀਆਂ ਨੂੰ ਕੋਈ ਉਜ਼ਰ ਨਹੀਂ। ਨਾ ਹੀ ਕੋਈ ਉਜ਼ਰ ਉਸ ਕਾਗਰਸ ਨੂੰ ਹੈ ਜਿਸ ਦੇ ਮੋਹਤਬਰ ਮਹਾਤਮਾ ਗਾਂਧੀ ਨੇ ਓ’ਡਵਾਇਰ ਦੇ ਕਤਲ ਨੂੰ ‘ਪਾਗਲਪੰਥੀ’ ਅਤੇ ਜਵਾਹਰਲਾਲ ਨਹਿਰੂ ਨੇ ‘ਅਫ਼ਸੋਸਨਾਕ ਕਾਰਵਾਈ’ ਦੱਸਿਆ ਸੀ। (ਇਹ ਵੀ ਵਿਡੰਬਨਾ ਹੈ ਕਿ ਇਸੇ ਕਾਂਗਰਸ ਦੇ ਸਰਬਰਾਹਾਂ ਨੇ ਸਾਢੇ ਤਿੰਨ ਦਹਾਕੇ ਬਾਅਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਬਰਤਾਨਵੀ ਕਬਰ ਵਿਚੋਂ ਕਢਵਾ ਕੇ ਰਾਸ਼ਟਰੀ ਸਨਮਾਨਾਂ ਨਾਲ ਵਤਨ ਲਿਆਂਦਾ ਅਤੇ ਸ਼ਹੀਦ ਦਾ ਦਰਜਾ ਦਿੱਤਾ।)
ਊਧਮ ਸਿੰਘ ਬਾਰੇ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਦੋ ਦਰਜਨ ਦੇ ਕਰੀਬ ਕਿਤਾਬਾਂ ਮੌਜੂਦ ਹਨ। ਮਰਾਠੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੀਆਂ ਪ੍ਰਕਾਸ਼ਨਾਵਾਂ ਮਿਲਾ ਕੇ ਇਹ ਗਿਣਤੀ ਕਾਫ਼ੀ ਵੱਡੀ ਹੋ ਜਾਂਦੀ ਹੈ। ਪ੍ਰਿੰਸੀਪਲ ਪਾਖਰ ਸਿੰਘ ਦੀ ਕਿਤਾਬ ‘ਭਾਰਤ ਦਾ ਗੌਰਵ’ ਅਤੇ ਡਾ. ਸਿਕੰਦਰ ਸਿੰਘ ਰਚਿਤ ‘ਦਿ ਟ੍ਰਾਇਲ ਆਫ਼ ਊਧਮ ਸਿੰਘ’ ਆਪੋ ਆਪਣੇ ਪ੍ਰਕਾਸ਼ਨ ਸਮੇਂ ਕਾਫ਼ੀ ਚਰਚਿਤ ਰਹੀਆਂ ਹਨ ਅਤੇ ਹੁਣ ਵੀ ਜਾਣਕਾਰੀ ਦਾ ਮੁੱਖ ਸਰੋਤ ਹਨ। ਕੌਮੀ ਨਾਇਕਾਂ ਦਾ ਜੀਵਨੀ ਲੇਖਣ ਆਸਾਨ ਵਿਧਾ ਨਹੀਂ। ਲੇਖਕ ਉੱਤੇ ਸੰਸਕਾਰਾਂ ਤੇ ਮਨੋਸਮਾਜਿਕ ਵਲਵਲਿਆਂ ਦਾ ਦਬਾਅ ਹੀ ਏਨਾ ਜ਼ਿਆਦਾ ਹੁੰਦਾ ਹੈ ਕਿ ਉਹ ਮਹਿਮਾਕਾਰੀ ਵੇਗਾਂ ਤੋਂ ਆਪਣਾ ਬਚਾਅ ਨਹੀਂ ਕਰ ਪਾਉਂਦਾ। ਅਨੀਤਾ ਆਨੰਦ ਨੇ ਅਜਿਹੀ ਬੇਲੋੜੀ ਉਸਤਤਕਾਰੀ ਤੋਂ ਬਚਣ ਦਾ ਯਤਨ ਕੀਤਾ ਹੈ। ਪਰ ਉਹ ਇਸ ਯਤਨ ਨੂੰ ਪੂਰਾ ਕਾਮਯਾਬ ਨਹੀਂ ਮੰਨਦੀ। ਉਸ ਅਨੁਸਾਰ ਊਧਮ ਸਿੰਘ ਦਾ ਕਿਰਦਾਰ ਹੀ ਏਨਾ ਹੈਰਤਅੰਗੇਜ਼ ਸੀ ਕਿ ਉਸ ਉੱਤੇ ਰਸ਼ਕ ਕਰਨ ਤੋਂ ਬਚਿਆ ਨਹੀਂ ਸੀ ਜਾ ਸਕਦਾ। ਸੁਨਾਮ ਦੇ ਇਕ ਗ਼ਰੀਬ, ਕੰਬੋਜ ਪਰਿਵਾਰ ’ਚ ਜਨਮਿਆ, ਪਰ ਬਹੁਤ ਨਿੱਕੀ ਉਮਰੇ ਯਤੀਮ ਹੋਣ ਕਾਰਨ ਅੰਮ੍ਰਿਤਸਰ ਦੇ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਚ ਪਲਿਆ ਸਾਧਾਰਨ ਮੁੰਡਾ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਤੋਂ ਇਸ ਹੱਦ ਤਕ ਦੁਖੀ ਹੋਇਆ ਕਿ ਕਹਿਰਵਾਨਾਂ ਦੀ ਜਾਨ ਦੀ ਠਾਣ ਲਈ। ਇਸ ਮਿਸ਼ਨ ਦੀ ਪੂਰਤੀ ਦੀ ਖ਼ਾਤਿਰ ਉਸ ਨੂੰ ਅੱਧੀ ਦੁਨੀਆਂ ਗਾਹੁਣੀ ਪਈ, ਦਰਜਨਾਂ ਜੋਖ਼ਿਮ ਉਠਾਉਣੇ ਪਏ, ਕਈ ਕਸਬ ਅਪਨਾਉਣੇ ਪਏ, ਕਈ ਭੇਸ ਵਟਾਉਣੇ ਪਏ, ਪਰ ਅੰਤ ਵਿਚ ਉਸ ਨੇ ਕਾਮਯਾਬੀ ਉਸੇ ਤਰ੍ਹਾਂ ਦੀ ਹਾਸਲ ਕੀਤੀ ਜਿਸ ਤਰ੍ਹਾਂ ਦੀ ਉਹ ਚਾਹੁੰਦਾ ਸੀ। ਬ੍ਰਿਟਿਸ਼ ਸਰਕਾਰ, ਅਤੇ ਇਕ ਹੱਦ ਤਕ ਕਈ ਤਤਕਾਲੀਨ ਭਾਰਤੀ ਨੇਤਾਵਾਂ ਨੇ ਵੀ, ਉਸ ਦੀ ਕਾਮਯਾਬੀ ਨੂੰ ਗ਼ਲਤ ਰੰਗਤ ਦੇਣ ਦੇ ਯਤਨ ਕੀਤੇ। ਪਰ ਇਹ ਯਤਨ ਵੀ ਦੇਰ-ਸਵੇਰ ਨਾਕਾਮ ਸਾਬਤ ਹੋਏ।
ਅਨੀਤਾ ਆਨੰਦ ਦੀ ਕਿਤਾਬ, ਊਧਮ ਸਿੰਘ ਦੀਆਂ ਖ਼ੂਬੀਆਂ ਦੇ ਨਾਲ ਨਾਲ ਖਾਮੀਆਂ ਉੱਤੇ ਵੀ ਉਂਗਲ ਧਰਦੀ ਹੈ। ਕਿਤਾਬ ਅਨੁਸਾਰ ਊਧਮ ਸਿੰਘ ਆਪਣੇ ਮਿਸ਼ਨ ਉੱਪਰ ਇਸ ਹੱਦ ਤਕ ਕੇਂਦਰਿਤ ਸੀ ਕਿ ਉਸ ਨੇ ਨੈਤਿਕਤਾ ਤੇ ਅਨੈਤਿਕਤਾ ਦੀਆਂ ਹੱਦਾਂ ਦੀ ਪਰਵਾਹ ਨਹੀਂ ਕੀਤੀ। ਉਸ ਦੇ ਬਹੁਤੇ ਮਦਦਗਾਰਾਂ ਨੂੰ ਵੱਡੇ ਖਮਿਆਜ਼ੇ ਭੁਗਤਣੇ ਪਏ। ਅਜਿਹੇ ਲੋਕਾਂ ਵਿਚ ਅਨੀਤਾ ਦੇ ਪਤੀ ਸਇਮਨ ਸਿੰਘ ਦੇ ਕੁਝ ਵਡੇਰੇ ਵੀ ਸ਼ਾਮਲ ਸਨ। ਇੰਜ ਹੀ ਅਮਰੀਕਾ ਛੱਡਣ ਮਗਰੋਂ ਉਸ ਨੇ ਆਪਣੇ ਮੈਕਸਿਕੀ ਪਤਨੀ ਤੇ ਦੋ ਬੱਚਿਆਂ ਦੀ ਸਾਰ ਲੈਣੀ ਵੀ ਵਾਜਬ ਨਹੀਂ ਸਮਝੀ। ਅਨੀਤਾ ਮੁਤਾਬਿਕ ਜਿਵੇਂ ਊਧਮ ਸਿੰਘ ਨਿਰੋਲ ਦੁੱਖ-ਧੋਤੀ ਸ਼ਖ਼ਸੀਅਤ ਨਹੀਂ ਸੀ, ਉਵੇਂ ਮਾਈਕਲ ਓ’ਡਵਾਇਰ ਜਾਂ ‘ਅੰਮ੍ਰਿਤਸਰ ਦਾ ਬੁੱਚੜ’ ਬ੍ਰਿਗੇਡੀਅਰ ਜਨਰਲ ਰੈਗੀਨਾਲਡ ਡਾਇਰ ਵੀ ਨਿਰੇ ਸਿਆਹ ਕਿਰਦਾਰ ਨਹੀਂ ਸਨ। ਉਨ੍ਹਾਂ ਦੇ ਕਿਰਦਾਰ ਅੰਦਰ ਵੀ ਬਹੁਤ ਕੁਝ ਸਲ੍ਹੇਟੀ ਸੀ, ਪਰ ਹਜ਼ਾਰ ਤੋਂ ਵੱਧ ਬੇਦੋਸ਼ਿਆਂ ਦੀ ਬੇਕਿਰਕੀ ਨਾਲ ਜਾਨ ਲੈਣ ਅਤੇ ਅਜਿਹੇ ਕਾਰੇ ’ਤੇ ਇਕ ਵਾਰ ਵੀ ਪਛਤਾਵਾ ਨਾ ਕਰਨ ਵਾਲੇ ਇਨ੍ਹਾਂ ਦੋਵਾਂ ਕਿਰਦਾਰਾਂ ਪ੍ਰਤੀ ਗ਼ੈਰ-ਅੰੰਤਰਮੁਖੀ ਪਹੁੰਚ ਅਪਣਾਉਣੀ ਵੀ ਉਸ ਲੇਖਕ ਲਈ ਆਪਣੀ ਰੂਹ ਦੇ ਸੋਸ਼ਣ ਤੋਂ ਘੱਟ ਨਹੀਂ ਜਿਸ ਦਾ ਆਪਣਾ ਦਾਦਾ ਈਸ਼ਵਰ ਦਾਸ ਆਨੰਦ 1919 ਦੇ ਸਾਕੇ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਹਾਜ਼ਰ ਸੀ ਅਤੇ ਸਾਰੀ ਜ਼ਿੰਦਗੀ ਇਸੇ ਝੋਰੇ ਨਾਲ ਘੁਲਦਾ ਰਿਹਾ ਕਿ ਕਤਲੇਆਮ ਵਾਪਰਨ ਤੋਂ ਚੰਦ ਮਿੰਟ ਪਹਿਲਾਂ ਇਕ ਘਰੇਲੂ ਕੰਮ ਯਾਦ ਆਉਣ ਕਾਰਨ ਉਹ ਬਾਗ਼ ਤੋੋਂ ਬਾਹਰ ਕਿਉਂ ਗਿਆ।
‘ਦਿ ਪੇਸ਼ੈਂਟ ਅਸੈੱਸਿਨ’ ਅਨੀਤਾ ਆਨੰਦ ਦੀ ਤੀਜੀ ਕਿਤਾਬ ਹੈ। ਪਹਿਲੀ ਕਿਤਾਬ ‘ਸੋਫੀਆ’ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬਾਰੇ ਸੀ। ਦੂਜੀ ‘ਕੋਹਿਨੂਰ’ ਨਾਮਵਰ ਇਤਿਹਸਕਾਰ ਵਿਲੀਅਮ ਡੈਲਰਿੰਪਲ ਨਾਲ ਉਸ ਦਾ ਸਾਂਝਾ ਉੱਦਮ ਸੀ। ਹੁਣ ਤੀਜੀ ਕਿਤਾਬ ਨਾ ਸਿਰਫ਼ ਊਧਮ ਸਿੰਘ ਦੀ ਘਾਲਣਾ ਬਾਰੇ ਹੈ ਸਗੋਂ ਬਰਤਾਨਵੀ ਰਾਜ ਦੀ ਕਰਤੂਤਾ ਤੇ ਦੰਭ ਦਾ ਦਸਤਾਵੇਜ਼ੀ ਬਿਰਤਾਂਤ ਵੀ ਹੈ। ਜਾਸੂਸੀ ਨਾਵਲ ਵਰਗੀ ਰੌਚਿਕ ਹੋਣ ਦੇ ਬਾਵਜੂਦ ਇਹ ਕਿਤਾਬ ਊਧਮ ਸਿੰਘ ਦੇ ਸਮੁੱਚੇ ਪ੍ਰਸੰਗ ਨੂੰ ਸਮਕਾਲੀਨ ਆਭਾ ਤੇ ਪਰਿਪੇਖ ਪ੍ਰਦਾਨ ਕਰਦੀ ਹੈ। ਕਿਤਾਬ ਗ਼ਲਤੀਆਂ ਤੋਂ ਮੁਕਤ ਨਹੀਂ, ਪਰ ਇਹ ਗ਼ਲਤੀਆਂ ਰੜਕਣ ਵਾਲੀਆਂ ਨਹੀ। ਰੜਕਣ ਵਾਲੀ ਗੱਲ ਸਿਰਫ਼ ਇੱਕੋ ਹੈ: ਭਰਵੀਂ ਖੋਜ ਤੇ ਨਵੇਂ-ਨਰੋਏ ਪ੍ਰਮਾਣਾਂ ਦੇ ਬਾਵਜੂਦ ਇਹ ਕਿਤਾਬ ਅਤਿਅੰਤ ਅਹਿਮ ਭੇਤ ਖੋਲ੍ਹਣ ’ਚ ਨਾਕਾਮ ਰਹੀ ਹੈ ਕਿ 1919 ਦੇ ਸਾਕੇ ਵਾਲੇ ਦਿਨ ਊਧਮ ਸਿੰਘ ਜਲ੍ਹਿਆਂਵਾਲਾ ਬਾਗ਼ ਦੇ ਅੰਦਰ ਮੌਜੂਦ ਸੀ ਜਾਂ ਨਹੀਂ।

ਬਹੁਪੱਖੀ ਸ਼ਖ਼ਸੀਅਤ ਤੇ ਬਹੁਵਿਧਾਈ ਲੇਖਕ ਹੈ ਮਨਮੋਹਨ ਬਾਵਾ। ਪਹਾੜਾਂ ਉੱਤੇ ਨਵੀਆਂ ਪਗਡੰਡੀਆਂ ਤੇ ਨਵੇਲੀਆਂ ਪੈੜਾਂ ਬਣਾਉਣ ਵਾਲਾ; ਨਕਸ਼ਾਨਵੀਸੀ ਤੇ ਚਿੱਤਰਕਾਰੀ ਦਾ ਮਾਹਿਰ ਅਤੇ ਸਾਹਿਤ ਦੇ ਖੇਤਰ ਵਿਚ ਯਾਤਰਾ ਲੇਖਣ ਨੂੰ ਨਵੇਂ ਆਯਾਮ ਬਖ਼ਸ਼ਣ ਤੋਂ ਇਲਾਵਾ ਇਤਿਹਾਸ ਨੂੰ ਗਲਪ ਦੇ ਨਕਸ਼ ਤੇ ਗਲਪ ਨੂੰ ਇਤਿਹਾਸ ਦੀ ਨੁਹਾਰ ਪ੍ਰਦਾਨ ਕਰਨ ਵਾਲਾ। ਇਸ ਆਖ਼ਰੀ ਖ਼ੂਬੀ ਦਾ ਪ੍ਰਮਾਣ ਹੈ ਉਸ ਦਾ ਨਵਾਂ ਨਾਵਲ ‘1857 ਦਿੱਲੀ-ਦਿੱਲੀ’। ਇਹ ਨਾਵਲ 1857 ਦੇ ਸੰਗਰਾਮ ਸਮੇਂ ਦਿੱਲੀ ਦੀ ਦਸ਼ਾ ਅਤੇ ਇਸ ਦਸ਼ਾ ਵਿਚ ਸਿੱਖਾਂ ਦੀ ਭੂਮਿਕਾ ਦਾ ਝਰੋਖਾ ਹੈ।
1857 ਦਾ ਸੰਗਰਾਮ ਆਪਣੀ ਨਾਕਾਮੀ ਦੇ ਬਾਵਜੂਦ ਕੌਮੀ ਯਕਜਹਿਤੀ ਦੇ ਪ੍ਰਤੀਕ ਵਜੋਂ ਭਾਰਤੀ ਇਤਿਹਾਸ ਦਾ ਅਹਿਮ ਅਧਿਆਇ ਹੈ। ਸਾਡੇ ਅਜੋਕੇ ਹੁਕਮਰਾਨ ਦਿੱਲੀ ਉੱਤੇ ਇਕ ਦਹਿਸਦੀ ਤਕ ਕਾਬਜ਼ ਰਹੇ ਮੁਸਲਿਮ ਹੁਕਮਰਾਨਾਂ ਬਾਰੇ ਭਾਵੇਂ ਜੋ ਮਰਜ਼ੀ ਪ੍ਰਚਾਰੀ ਜਾਣ, ਇਸ ਹਕੀਕਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਮੁਸਲਿਮ ਹੁਕਮਰਾਨਾਂ ਨੇ ਹਿੰਦੋਸਤਾਨ ਦੇ ਮਨੋ-ਸਮਾਜਿਕ ਏਕੀਕਰਨ ਦੇ ਸੰਕਲਪ ਨੂੰ ਨਿਰੰਤਰ ਹੁਲਾਰਾ ਦਿੱਤਾ। ਦਿੱਲੀ ਦਾ ਹਿੰਦ ਦੇ ਮਰਕਜ਼ ਵਾਲਾ ਰੁਤਬਾ ਇਨ੍ਹਾਂ ਸੁਲਤਾਨਾਂ-ਪਾਦਸ਼ਾਹਾਂ ਦੀ ਹੀ ਦੇਣ ਸੀ। ਇਹੀ ਕਾਰਨ ਹੈ ਕਿ ਜਦੋਂ ਫਿਰੰਗੀਆਂ ਖ਼ਿਲਾਫ਼ ਵਿਦਰੋਹ ਸ਼ੁਰੂ ਹੋਇਆ ਤਾਂ ਬੰਗਾਲ ਤੋਂ ਲੈ ਕੇ ਕੋਹਾਟ ਤਕ ਦੀਆਂ ਬ੍ਰਿਟਿਸ਼ ਛਾਉਣੀਆਂ ਵਿਚ ਬੈਠੇ ਹਿੰਦੀ ਸਿਪਾਹੀਆਂ ਨੇ ਪਹਿਲੀ ਵਾਰ ਮਜ਼ਹਬੀ ਤੇ ਜਾਤੀਵਾਦੀ ਵਲਗਣਾਂ ਤਿਆਗ ਕੇ ਹਿੰਦੀਆਂ ਵਾਲੀ ਇਕਮੁੱਠਤਾ ਦਿਖਾਈ ਅਤੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਮਕਰਜ਼ੀ ਨੇਤਾ ਮੰਨ ਕੇ ਦਿੱਲੀ ਵੱਲ ਚਾਲੇ ਪਾਏ।
ਨਾਵਲ ਵਿਚ ਮਨਮੋਹਨ ਬਾਵਾ ਦਾ ਫੋਕਸ ਦਿੱਲੀ ਦੀ ਸਲਾਮਤੀ ਲਈ ਲੜਨ ਵਾਲੇ ਸਿੱਖ ਫ਼ੌਜੀਆਂ ਦੀ ਭੂਮਿਕਾ ’ਤੇ ਵੀ ਹੈ ਅਤੇ ਗੋਰਿਆਂ ਦੀ ਚਾਕਰੀ ਕਾਰਨ ਦਿੱਲੀ ’ਤੇ ਵਹਿਸ਼ਤ ਢਾਹੁਣ ਵਾਲੇ ਸਿੱਖਾਂ ਉੱਤੇ ਵੀ। ਉਸ ਦੀ ਹਮਦਰਦੀ, ਸਲਾਮਤੀ ਲਈ ਲੜਨ ਵਾਲਿਆਂ ਨਾਲ ਹੈ।
ਇਤਿਹਾਸਮੁਖੀ ਗਲਪ ਆਸਾਨ ਵਿਧਾ ਨਹੀਂ। ਇਸ ਵਿਚ ਕਲਪਨਾ ਤੇ ਵਾਸਤਵਿਕਤਾ ਦਾ ਸੰਤੁਲਨ ਬਿਠਾਉਣਾ ਨਿਹਾਇਤ ਜ਼ਰੂਰੀ ਹੁੰਦਾ ਹੈ। ਮਨਮੋਹਨ ਬਾਵਾ ਨੇ ਇਸ ਜ਼ਰੂਰਤ ਨੂੰ ਪੂਰਾ ਕੀਤਾ ਹੈ। ਇਹ ਤੱਤ ਨਾਵਲ ਦੀ ਪੜ੍ਹਨਯੋਗਤਾ ਵਧਾਉਂਦਾ ਹੈ।

* * *

ਸੁਰਿੰਦਰ ਸਿੰਘ ਤੇਜ

ਅਦਾਕਾਰ ਤੇ ਫਿਲਮਸਾਜ਼ ਸ਼ੰਮੀ ਕਪੂਰ ਦੀ ਬਰਸੀ (14 ਅਗਸਤ) ਵਾਲੇ ਦਿਨ ਵਿਵਿਧ ਭਾਰਤੀ ਨੇ ਇਕ ਪੁਰਾਣੀ ਇੰਟਰਵਿਊ ਦੀ ਰਿਕਾਰਡਿੰਗ ਪੇਸ਼ ਕੀਤੀ। ਇਸ ਤੋਂ ਉਸ ਦੇ ਸੰਗੀਤਕ ਗਿਆਨ ਦਾ ਖ਼ੂਬ ਅਹਿਸਾਸ ਹੋਇਆ। ਹੀਰੋ ਵਜੋਂ ਕਾਮਯਾਬੀ ਦੇ ਦਿਨਾਂ ਦੌਰਾਨ ਸ਼ੰਮੀ ਵੱਲੋਂ ਗੀਤਾਂ ਦੀਆਂ ਧੁਨਾਂ ਦੀ ਖ਼ੁਦ ਚੋਣ ਕਰਨ ਜਾਂ ਤਰਜ਼ਾਂ ਵਿਚ ਤਬਦੀਲੀਆਂ ਸੁਝਾਉਣ ਤੋਂ ਇਲਾਵਾ ਰਿਕਾਰਡਿੰਗ ਸਮੇਂ ਆਪ ਹਾਜ਼ਰ ਰਹਿਣ ਦੇ ਕਿੱਸੇ ਉਸ ਸਮੇਂ ਦੇ ਫਿਲਮੀ ਰਸਾਲਿਆਂ ਦੇ ਮਜ਼ਮੂਨਾਂ ਦਾ ਹਿੱਸਾ ਰਹੇ। ਆਮ ਪ੍ਰਭਾਵ ਇਹੋ ਰਿਹਾ ਕਿ ਉਹ ਪੱਛਮੀ ਪੁੱਠ ਵਾਲੇ ਗੀਤਾਂ ਦਾ ਸ਼ੌਕੀਨ ਸੀ। ਪਰ ਇਸ ਇੰਟਰਵਿਊ ਤੋਂ ਇਹ ਤੱਥ ਸਾਹਮਣੇ ਆਇਆ ਕਿ ਉਹ ਭਾਰਤੀ ਸ਼ਾਸਤਰੀ ਸੰਗੀਤ ਦਾ ਵੀ ਰਸੀਆ ਸੀ। ਕੁਝ ਗੀਤਾਂ ਦਾ ਜ਼ਿਕਰ ਕਰਦਿਆਂ ਉਸ ਨੇ ਜਿਸ ਤਰ੍ਹਾਂ ਮੁਰਕੀਆਂ ਲਈਆਂ, ਉਹ ਹੈਰਾਨੀਜਨਕ ਸਨ।
ਸ਼ੰਮੀ ਦੀ ਗਾਇਕੀ ਦਾ ਨਮੂਨਾ ਪੇਸ਼ ਕਰਨ ਵਾਲਾ ਇਕ ਗੀਤ ਸੰਗੀਤ ਕੰਪਨੀ ‘ਸਾਰੇਗਾਮਾ’ ਦੇ ਖਜ਼ਾਨੇ ਵਿਚ ਮੌਜੂਦ ਹੈ। ਇਹ 1953 ਦੀ ਫਿਲਮ ‘ਜੀਵਨ ਜਿਓਤੀ’ ਵਿਚੋਂ ਹੈ। ਫਿਲਮ ਵਿਚ ਸ਼ੰਮੀ ਕਪੂਰ ਤੇ ਚਾਂਦ ਉਸਮਾਨੀ ਦੀਆਂ ਮੁੱਖ ਭੂਮਿਕਾਵਾਂ ਸਨ। ਸਾਹਿਰ ਲੁਧਿਆਣਵੀ ਵੱਲੋਂ ਲਿਖਿਆ ਗੀਤ ‘ਤਸਵੀਰੇਂ ਬਨਤੀ ਹੈ, ਕਿਰਨੇਂ ਸੀ ਛਨਤੀ ਹੈਂ…’ ਮੁੱਖ ਤੌਰ ’ਤੇ ਆਸ਼ਾ ਭੋਸਲੇ ਦੀ ਆਵਾਜ਼ ਵਿਚ ਹੈ। ਇਸ ਦਾ ਆਖ਼ਰੀ ਅੰਤਰਾ ਜਗਮੋਹਨ ਬਖ਼ਸ਼ੀ (ਸੰਗੀਤਕਾਰ ਜੋੜੀ ਸਪਨ-ਜਗਮੋਹਨ ਵਾਲਾ) ਨੇ ਗਾਉਣਾ ਸੀ ਪਰ ਉਹ ਰਿਕਾਰਡਿੰਗ ਸਮੇਂ ਹਾਜ਼ਰ ਨਾ ਹੋ ਸਕਿਆ। ਸੰਗੀਤਕਾਰ ਸਚਿਨ ਦੇਵ ਬਰਮਨ ਨੇ ਧੁਨ ਵਿਚ ਕੁਝ ਤਬਦੀਲੀਆਂ ਕਰਕੇ ਮਰਦ ਗਾਇਕ ਦੀ ਆਵਾਜ਼ ਨੂੰ ਸਿਰਫ਼ ਇਕ ਸਤਰ ਤਕ ਸੀਮਤ ਕਰ ਦਿੱਤਾ ਅਤੇ ਸ਼ੰਮੀ ਕਪੂਰ ਨੂੰ ਇਹ ਸਤਰ ਗਾਉਣ ਲਈ ਕਿਹਾ। ਸ਼ੰਮੀ ਨੇ ਇਹ ਸਤਰ ਪੂਰੀ ਲੈਅ ਵਿਚ ਗਾਈ। ਇਹ ਸਤਰ ਇਸ ਗੀਤ ਦੀ ਖ਼ੂਬੀ ਬਣ ਗਈ।.


Comments Off on ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.