ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ

Posted On August - 25 - 2019

ਤਰਲੋਚਨ ਸਿੰਘ

ਪੰਜਾਬ ਦੀ ਵਿਰਾਸਤ, ਸਭਿਆਚਾਰ ਅਤੇ ਸੰਘਰਸ਼ ਦਾ ਦੌਰ ਬੜਾ ਅਮੀਰ ਹੈ, ਪਰ ਇਸ ਦੇ ਇਤਿਹਾਸ ਨੂੰ ਸਦੀਵੀ ਤੌਰ ’ਤੇ ਸਾਂਭਣ ਦੇ ਕਦੇ ਵੀ ਠੋਸ ਯਤਨ ਨਹੀਂ ਹੋਏ। ਇਸ ਕਾਰਨ ਪੀੜ੍ਹੀ-ਦਰ-ਪੀੜ੍ਹੀ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਤੋਂ ਵਿਰਵਾ ਹੋਣਾ ਪੈ ਰਿਹਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਤਿਹਾਸ ਦੇ ਪੰਨਿਆਂ ਨੂੰ ਉਸੇ ਰੂਪ ਵਿਚ ਨਾ ਸਾਂਭਣ ਅਤੇ ਕਈ ਅਹਿਮ ਦਸਤਾਵੇਜ਼ ਲੋਪ ਹੋਣ ਕਾਰਨ ਹੀ ਇਤਿਹਾਸ ਦੀਆਂ ਕਈ ਕੜੀਆਂ ਬਾਰੇ ਸਾਲਾਂ ਤੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਚੱਲ ਰਹੇ ਹਨ। ਇਸੇ ਕੜੀ ਤਹਿਤ ਪੰਜਾਬ ਡਿਜੀਟਲ ਲਾਇਬਰੇਰੀ (ਪੀਡੀਐੱਲ) ਵੱਲੋਂ ਇਤਿਹਾਸ, ਵੱਖ-ਵੱਖ ਧਰਮਾਂ ਅਤੇ ਵਿਗਿਆਨ ਸਮੇਤ ਪੰਜਾਬ ਨਾਲ ਜੁੜੇ ਹਰੇਕ ਵਿਸ਼ੇ ਦੇ ਦਸਤਾਵੇਜ਼ਾਂ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ। ਪੰਜਾਬ ਡਿਜੀਟਲ ਲਾਇਬਰੇਰੀ ਸੈਕਟਰ 28, ਚੰਡੀਗੜ੍ਹ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੰਪਲੈਕਸ ’ਚ ਸਥਾਪਤ ਕੀਤੀ ਗਈ ਹੈ। ਲਾਇਬਰੇਰੀ ਵਿਚ ਡਿਜੀਟਲ ਹੋਣ ਲਈ ਲਿਆਂਦੇ ਵਿਰਾਸਤੀ ਦਸਤਾਵੇਜ਼ਾਂ ਨੂੰ ਗਹਿਣਿਆਂ ਵਾਂਗ ਵੱਡੇ ਵੱਡੇ ਲਾਕਰਾਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਤਿਹਾਸ ਨੂੰ ਡਿਜੀਟਲ ਕਰਨ ਲਈ ਪੁਰਾਣੇ ਵਿਰਾਸਤੀ ਕੈਮਰਿਆਂ ਤੇ ਸਕੈਨਰਾਂ ਤੋਂ ਲੈ ਕੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਹੈ। ਲਾਇਬਰੇਰੀ ਦਾ ਮਾਹੌਲ, ਦਿੱਖ ਅਤੇ ਸਟਾਫ ਦਾ ਵਰਤਾਰਾ ਮਨ ਨੂੰ ਟੁੰਬਣ ਵਾਲਾ ਹੈ। ਪੀਡੀਐੱਲ ਵਿਚ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਹੱਥਲਿਖਤਾਂ, ਕਿਤਾਬਾਂ, ਤਸਵੀਰਾਂ, ਅਖ਼ਬਾਰਾਂ, ਰਸਾਲੇ ਅਤੇ ਆਡੀਓਜ਼ ਡਿਜੀਟਲ ਕੀਤੀਆਂ ਜਾ ਰਹੀਆਂ ਹਨ। ਹੁਣ ਤਕ ਪੀਡੀਐੱਲ ਵਿਚ ਸੂਬੇ ਦੇ ਇਤਿਹਾਸ ਨਾਲ ਸਬੰਧਤ 2 ਕਰੋੜ ਪੰਨੇ ਡਿਜੀਟਲ ਕੀਤੇ ਜਾ ਚੁੱਕੇ ਹਨ। ਪੀਡੀਐੱਲ ਕੋਲ ਹੁਣ ਤਕ 8 ਕਰੋੜ ਹੋਰ ਇਤਿਹਾਸਕ ਪੰਨੇ ਡਿਜੀਟਲ ਕਰਨ ਦੀ ਮੰਗ ਆ ਚੁੱਕੀ ਹੈ। ਇਸ ਮੌਕੇ ਲਾਇਬਰੇਰੀ ਵਿਚ ਤਕਰੀਬਨ ਪੰਜਾਹ ਵਾਲੰਟੀਅਰ ਤੇ ਮੁਲਾਜ਼ਮ ਇਸ ਕਾਰਜ ਵਿਚ ਜੁਟੇ ਹਨ। ਇੱਥੇ 40-45 ਸਾਲ ਪੁਰਾਣੀਆਂ ਉਹ ਕਿਤਾਬਾਂ ਡਿਜੀਟਲ ਕੀਤੀਆਂ ਜਾ ਰਹੀਆਂ ਹਨ ਜੋ ਮੁੜ ਪ੍ਰਕਾਸ਼ਤ ਨਹੀਂ ਕੀਤੀਆਂ ਜਾ ਰਹੀਆਂ। ਹੁਣ ਤਕ ਇੱਥੇ 40 ਹਜ਼ਾਰ ਕਿਤਾਬਾਂ ਡਿਜੀਟਲ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚੋਂ 50 ਫ਼ੀਸਦੀ ਦੇ ਕਰੀਬ 1947 ਤੋਂ ਪਹਿਲਾਂ ਦੀਆਂ ਹਨ। ਪੀਡੀਐੱਲ ਦੀ ਵੈੱਬਸਾਈਟ ਦੀ ਸਮਰੱਥਾ ਤਹਿਤ ਫਿਲਹਾਲ ਦਸ ਹਜ਼ਾਰ ਕਿਤਾਬਾਂ ਹੀ ਔਨਲਾਈਨ ਕੀਤੀਆਂ ਹਨ ਅਤੇ ਇਨ੍ਹਾਂ ਵਿਚੋਂ 3,000 ਕਿਤਾਬਾਂ ਹੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਇਸ

ਲਾਇਬਰੇਰੀ ਦਾ ਬੈਕਅੱਪ ਡੀਵੀਡੀ, ਹਾਰਡ ਡਿਸਕ ਅਤੇ ਐੱਲਟੀਓ ਟੇਪ ਵਿਚ ਦੋ ਪਰਤਾਂ ਵਿਚ ਪਾ ਕੇ ਕੌਮਾਂਤਰੀ ਪੱਧਰ ’ਤੇ ਛੇ ਵੱਖ-ਵੱਖ ਥਾਵਾਂ ’ਤੇ ਰੱਖਿਆ ਹੈ ਜੋ ਆਲਮੀ ਪੱਧਰ ’ਤੇ ਕਿਸੇ ਵੀ ਮਾੜੇ ਹਾਲਾਤ ਵਿਚ ਨਸ਼ਟ ਨਹੀਂ ਹੋ ਸਕੇਗਾ। ਪੀਡੀਐੱਲ ਵਿਚ ਹੁਣ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ, ਬੇਅੰਤ ਸਿੰਘ ਮੈਮੋਰੀਅਲ, ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ), ਕੁਰੂਕਸ਼ੇਤਰ ਯੂਨੀਵਰਸਿਟੀ, ਪੰਜਾਬ ਵਿਧਾਨ ਸਭਾ, ਪੰਜਾਬ ਆਰਕਾਈਵਜ਼ ਵਿਭਾਗ, ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ, ਸੇਂਟ ਸਟੀਫਨ ਕਾਲਜ ਦਿੱਲੀ, ਦਿ ਸਿੱਖ ਰੀਵੀਊ ਕੋਲਕਾਤਾ, ਪੰਜਾਬ ਸਹਿਤ ਅਕਾਦਮੀ ਲੁਧਿਆਣਾ, ਦਿ ਟ੍ਰਿਬਿਊਨ, ਅਜੀਤ, ਪੰਜਾਬ ਕੇਸਰੀ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਗੁਰਦੁਆਰਾ ਅੰਗੀਠਾ ਸਾਹਿਬ ਪਟਿਆਲਾ, ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਮੁਹਾਲੀ, ਨਿਰਮਲ ਸੰਸਕ੍ਰਿਤ ਵਿਦਿਆਲਿਆ ਵਾਰਾਨਸੀ, ਕੰਨਿਆ ਮਹਾਂਵਿਦਿਆਲਿਆ ਜਲੰਧਰ, ਭਾਸ਼ਾ ਕਲਾ ਤੇ ਸਭਿਆਚਾਰ ਵਿਭਾਗ ਹਿਮਾਚਲ ਪ੍ਰਦੇਸ਼, ਦੇਵ ਸਮਾਜ ਕਾਲਜ ਚੰਡੀਗੜ੍ਹ ਸਮੇਤ ਕਈ ਨਿੱਜੀ ਲਾਇਬਰੇਰੀਆਂ ਦੇ ਇਤਿਹਾਸ ਨੂੰ ਡਿਜੀਟਲ ਕੀਤਾ ਜਾ ਚੁੱਕਾ ਹੈ। ਪੰਜਾਬ ਡਿਜੀਟਲ ਲਾਇਬਰੇਰੀ ਟਰੱਸਟ ਦੇ ਬਾਨੀ ਟਰੱਸਟੀ ਤੇ ਕਾਰਜਕਾਰੀ ਡਾਇਰੈਕਟਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੀਡੀਐੱਲ ਦੀ ਸਥਾਪਨਾ ਸਾਲ 2003 ਵਿਚ ਆਪਣੇ ਘਰ ਤੋਂ ਹੀ ਕੀਤੀ ਸੀ। ਉਨ੍ਹਾਂ ਨੂੰ ਮੁੱਢ ਤੋਂ ਹੀ ਕਿਤਾਬਾਂ ਸਾਂਭਣ ਦਾ ਸ਼ੌਕ ਸੀ। 1993 ਵਿਚ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਉਹ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਾਰਨ ’ਚ ਪਾਣੀ ਵਿਚ ਘਿਰ ਗਏ ਸਨ। ਉਸ ਵੇਲੇ ਭਾਵੇਂ ਲੋਕਾਂ ਨੂੰ ਆਪਣਾ ਘਰੇਲੂ ਸਾਮਾਨ ਸਾਂਭਣ ਦਾ ਫ਼ਿਕਰ ਸੀ, ਪਰ ਉਹ ਚਿੰਤਤ ਸਨ ਕਿ ਕਿਤਾਬਾਂ ਕੌਣ ਸਾਂਭੇਗਾ। ਉਨ੍ਹਾਂ ਨੂੰ ਇਹ ਚਿੰਤਾ ਵੀ ਸਤਾਉਂਦੀ ਰਹਿੰਦੀ ਸੀ ਕਿ ਆਪਣੇ ਪੰਜਾਬ ਦੇ ਇਤਿਹਾਸਕ ਪੰਨਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾਵੇ। ਇਸੇ ਚਿੰਤਾ ਵਿਚੋਂ ਉਨ੍ਹਾਂ ਨੂੰ 1999 ਵਿਚ ਹੀ ਜਾਪਿਆ ਕਿ ਪੰਜਾਬ ਦੇ ਇਤਿਹਾਸ ਨੂੰ ਸਿਰਫ਼ ਕੰਪਿਊਟਰ ਹੀ ਬਚਾ ਸਕਦਾ ਹੈ। ਉਨ੍ਹਾਂ ਮੁਤਾਬਿਕ ਪੰਜਾਬ ਦੇ ਇਤਿਹਾਸ ਨੂੰ ਡਿਜੀਟਲ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਅੱਜ ਤੋਂ 50 ਸਾਲਾਂ ਬਾਅਦ ਕਾਗਜ਼ਾਂ ’ਤੇ ਪੜ੍ਹਣ ਵਾਲਾ ਵਿਰਲਾ ਹੀ ਮਿਲੇਗਾ ਅਤੇ ਸਾਰੀ ਲਿਖਤ-ਪੜ੍ਹਤ ਕੰਪਿਊਟਰ ’ਤੇ ਹੀ ਹੋਵੇਗੀ। ਇਸ ਲਈ ਪੰਜਾਬੀ ਇਤਿਹਾਸ ਕੰਪਿਊਟਰ ਵਿਚ ਸੰਜੋਣਾ ਲਾਜ਼ਮੀ ਹੈ ਤਾਂ ਜੋ ਪੰਜਾਬ ਦੀ ਵਿਰਾਸਤ ਨਵੀਆਂ ਪੀੜ੍ਹੀਆਂ ਲਈ ਸਾਂਭੀ ਜਾ ਸਕੇ। ਉਨ੍ਹਾਂ ਕਿਹਾ ਕਿ ਅਨੇਕਾਂ ਪੀੜ੍ਹੀਆਂ ਦੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤਕ ਪਹੁੰਚਦਾ ਕਰਨ ਲਈ ਦਸਤਾਵੇਜ਼ਾਂ ਨੂੰ ਨਿਰੰਤਰ ਨਵੀਂ ਤਕਨਾਲੋਜੀ ਵਿਚ ਸੰਜੋਣਾ ਸਮੇਂ ਦੀ ਮੰਗ ਹੈ, ਨਹੀਂ ਤਾਂ ਨਵੀਆਂ ਪੀੜ੍ਹੀਆਂ ਆਪਣੇ ਪਿਛੋਕੜ ਦੀ ਜਾਣਕਾਰੀ ਤੋਂ ਵਿਰਵੀਆਂ ਹੋ ਜਾਣਗੀਆਂ ਅਤੇ ਕਈ ਇਤਿਹਾਸਕ ਖੱਪੇ ਪੈਣ ਦੇ ਖ਼ਤਰੇ ਪੈਦਾ ਹੋਣਗੇ। ਫਿਰ ਉਨ੍ਹਾਂ ਨੇ ਇਸ ਮਿਸ਼ਨ ਲਈ ਇਕ ਟੀਮ ਤਿਆਰ ਕੀਤੀ ਅਤੇ ਟੀਮ ਦੇ ਮੈਂਬਰਾਂ ਨੇ ਹੀ ਇਸ ਪ੍ਰੋਜੈਕਟ ਲਈ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਬਜਟ ਦਾ ਪ੍ਰਬੰਧ ਕਰਕੇ ਇਤਿਹਾਸ ਨੂੰ ਡਿਜੀਟਲ ਕਰਨ ਦਾ ਸਿਲਸਿਲਾ ਵਿੱਢ ਦਿੱਤਾ। ਫਿਰ ਇਸ ਬਜਟ ਵਿਚ ਵਾਧਾ ਕਰਕੇ 25,000 ਰੁਪਏ ਪ੍ਰਤੀ ਮਹੀਨਾ ਕੀਤਾ ਅਤੇ ਦੁਨੀਆਂ ਦੇ ਡਿਜੀਟਲ ਪ੍ਰੋਜੈਕਟਾਂ ਦੀ ਸਟੱਡੀ ਕੀਤੀ ਗਈ। ਇਸ ਤੋਂ ਇਲਾਵਾ ਗੂਗਲ ਦੇ ਸਾਰੇ ਪੇਜ ਵੀ ਖੰਗਾਲ ਮਾਰੇ। ਫਿਰ ਸਮਝ ਆਈ ਕਿ ਇਹ ਪ੍ਰੋਜੈਕਟ 25,000 ਰੁਪਏ ਦੇ ਬਜਟ ਨਾਲ ਸਿਰੇ ਨਹੀਂ ਲੱਗ ਸਕਦਾ ਕਿਉਂਕਿ ਕੀੜਿਆਂ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਖਾਣ ਦੀ ਰਫ਼ਤਾਰ ਉਨ੍ਹਾਂ ਦੇ ਪ੍ਰੋਜੈਕਟ ਤੋਂ ਕਿਤੇ ਤੇਜ਼ ਹੈ। ਫਿਰ ਉਨ੍ਹਾਂ ਨੇ ਇਸ ਕਾਰਜ ਲਈ ਦਾਨ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ 2011 ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਚ ਪੀਡੀਐੱਲ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਇਕ ਸਮੇਂ ਉਹ ਪ੍ਰਤੀ ਮਹੀਨਾ ਸਿਰਫ਼ 5,000 ਪੰਨੇ ਹੀ ਡਿਜੀਟਲ ਕਰਨ ਦੇ ਸਮਰੱਥ ਸਨ, ਪਰ ਹੁਣ ਉਹ ਇਕ ਦਿਨ ਵਿਚ ਹੀ 20 ਹਜ਼ਾਰ ਪੰਨੇ ਡਿਜੀਟਲ ਕਰ ਰਹੇ ਹਨ। ਉਂਜ, ਇਸ ਰਫ਼ਤਾਰ ’ਤੇ ਵੀ ਉਨ੍ਹਾਂ ਨੂੰ ਤਸੱਲੀ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਅੱਠ ਕਰੋੜ ਪੰਨੇ ਡਿਜੀਟਲ ਕਰਨ ਦੀ ਮੰਗ ਆ ਚੁੱਕੀ ਹੈ ਅਤੇ ਇਸ ਰਫ਼ਤਾਰ ਨਾਲ ਉਹ ਇਸ ਪ੍ਰੋਜੈਕਟ ਨੂੰ 40 ਸਾਲਾਂ ਵਿਚ ਨਿਪਟਾਉਣ ’ਚ ਕਾਮਯਾਬ ਹੋਣਗੇ। ਇਸੇ ਲਈ ਹੁਣ ਉਨ੍ਹਾਂ ਇਕ ਸਾਲ ਵਿਚ ਵੀਹ ਲੱਖ ਦੀ ਥਾਂ ਚਾਲੀ ਲੱਖ ਪੰਨੇ ਡਿਜੀਟਲ ਕਰਨ ਦਾ ਇਰਾਦਾ ਬਣਾਇਆ ਹੈ। ਜਦੋਂ ਉਨ੍ਹਾਂ ਇਹ ਪ੍ਰੋਜੈਕਟ ਵਿੱਢਿਆ ਸੀ ਤਾਂ ਸੋਚਿਆ ਸੀ ਕਿ ਸਿਰਫ਼ ਇਤਿਹਾਸਕ ਹੱਥ-ਲਿਖਤਾਂ ਹੀ ਡਿਜੀਟਲ ਕਰਨੀਆਂ ਹਨ, ਪਰ ਬਾਅਦ ਵਿਚ ਘੋਖ ਕਰਨ ’ਤੇ ਪਤਾ ਲੱਗਾ ਕਿ ਕਿਤਾਬਾਂ, ਰਸਾਲਿਆਂ ਅਤੇ ਆਡੀਓਜ਼ ਵਿਚਲੇ ਮਹਾਨ ਇਤਿਹਾਸ ਨੂੰ ਛੱਡਣਾ ਸੰਭਵ ਨਹੀਂ। ਉਹ ਪੰਜਾਬ ਨਾਲ ਸਬੰਧਤ ਕਿਧਰੇ ਵੀ ਪਏ ਇਤਿਹਾਸਕ ਦਸਤਾਵੇਜ਼ਾਂ ਨੂੰ ਡਿਜੀਟਲ ਕਰ ਰਹੇ ਹਨ। ਹੱਥ-ਲਿਖਤਾਂ 50 ਫ਼ੀਸਦੀ ਗੁਰਮੱਖੀ ਲਿੱਪੀ, 35 ਫ਼ੀਸਦੀ ਉਰਦੂ ਤੇ ਫ਼ਾਰਸੀ ਅਤੇ 15 ਫ਼ੀਸਦੀ ਦੇਵਨਾਗਰੀ ਵਿਚ ਹਨ ਜਦੋਂਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਦਰਬਾਰ ਦਾ ਰਿਕਾਰਡ ਫ਼ਾਰਸੀ ਵਿਚ ਹੈ। ਦਵਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸਕ ਦਸਤਾਵੇਜ਼ਾਂ ਦਾ ਜਿੰਨਾ ਡੇਟਾ ਪੀਡੀਐੱਲ ਵਿਚ ਸਾਂਭਿਆ ਹੈ, ਏਨਾ ਦੁਨੀਆਂ ਦੀ ਕਿਸੇ ਵੀ ਲਾਇਬਰੇਰੀ ਵਿਚ ਨਹੀਂ ਹੈ।

ਸੰਪਰਕ: 98155-51807


Comments Off on ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.