ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਇਕ ਤੁਕੀ ਬੋਲੀ ਵਿਚ ਸੰਪੂਰਨ ਜੀਵਨ

Posted On August - 10 - 2019

ਅੰਮ੍ਰਿਤ ਪਾਲ

ਬੋਲੀਆਂ ਦਾ ਲੋਕ-ਕਾਵਿ ਦੀ ਨਾਚ ਗੀਤ ਵੰਨਗੀ ਅਧੀਨ ਹੋਣਾ ਇਸਨੂੰ ਹੋਰ ਵੰਨਗੀਆਂ ਤੋਂ ਵਖਰਿਆਉਂਦਾ ਹੈ। ਬੋਲੀਆਂ ਦੀ ਵੰਡ ਇਕ ਤੁਕੀ, ਦੋ ਤੁਕੀ ਅਤੇ ਲੰਮੀਆਂ ਬੋਲੀਆਂ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਕ ਤੁਕੀ ਬੋਲੀ ਦੀ ਲੋਕ ਗੀਤਾਂ ਵਿਚ ਖ਼ਾਸ ਥਾਂ ਹੈ। ਇਸਨੂੰ ਇਕ ਲੜੀਆਂ ਬੋਲੀਆਂ ਵੀ ਕਿਹਾ ਜਾਂਦਾ ਹੈ। ਮਾਲਵਾ ਵਿਚ ਪ੍ਰਚੱਲਿਤ ਹੋਣ ਕਾਰਨ ਇਨ੍ਹਾਂ ਨੂੰ ਮਲਵਈ ਟੱਪੇ ਵੀ ਕਹਿੰਦੇ ਹਨ। ਨਿੱਕੀ ਬੋਲੀ ਦੀ ਖਾਸੀਅਤ ਨਿੱਕੇਪਣ ਵਿਚ ਸੰਪੂਰਨਤਾ ਦਾ ਹੋਣਾ ਹੈ। ਨਿੱਕੀ ਬੋਲੀ ਰਾਹੀਂ ਮਨੋਭਾਵ ਥੋੜ੍ਹੇ ਸਮੇਂ ਅਤੇ ਸ਼ਬਦਾਂ ਵਿਚ ਸੌਖਾਲੇ ਬਿਆਨ ਹੋਣ ਕਰਕੇ ਇਹ ਆਪਣੇ ਆਪ ਵਿਚ ਸੰਪੂਰਨ ਇਕਾਈ ਹੈ। ਨਿੱਕੀ ਬੋਲੀ ਵਿਚੋਂ ਸੰਪੂਰਨ ਜੀਵਨ ਰੰਗ ਝਲਕਾਰੇ ਮਾਰਦੇ ਹਨ। ਇਨ੍ਹਾਂ ਵਿਚ ਜ਼ਿੰਦਗੀ ਦੇ ਅਰਥ ਹਨ, ਸੰਪੂਰਨ ਜੀਵਨ ਜਾਂਚ, ਸਾਕਾਦਾਰੀ, ਰਹਿਣੀ ਬਹਿਣੀ, ਲੋਕ ਸਿਆਣਪਾਂ, ਪਿਆਰ ਮੁਹੱਬਤ ਆਦਿ ਹਨ। ਲੋਕ ਨਾਚ ਗਿੱਧਾ ਇਸਨੂੰ ਪ੍ਰਗਟ ਰੂਪ ਦਿੰਦਾ ਹੈ। ਸ਼ਬਦਾਂ ਅੰਦਰ ਗੁੱਝੀਆਂ ਸਥਿਤੀਆਂ ਅਤੇ ਭਾਵ ਸਰੀਰਿਕ ਅੰਗਾਂ ਦੀਆਂ ਹਰਕਤਾਂ ਰਾਹੀਂ ਸਿਰਜੇ ਬਿੰਬ ਅਤੇ ਪ੍ਰਤੀਕਾਂ ਨਾਲ ਉੱਭਰ ਕੇ ਸਾਹਮਣੇ ਆਉਂਦੇ ਹਨ। ਨਾਚ-ਮੁਦਰਾਵਾਂ ਬੋਲੀਆਂ ਅਨੁਸਾਰ ਢਲ ਜਾਂਦੀਆਂ ਹਨ। ਇਨ੍ਹਾਂ ਦਾ ਆਕਾਰ ਭਾਵੇਂ ਛੁਟੇਰਾ ਹੈ, ਪਰ ਇਨ੍ਹਾਂ ਵਿਚੋਂ ਜੀਵਨ ਦੀ ਸੰਪੂਰਨਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਇਨ੍ਹਾਂ ਦੀ ਇਕ ਹੋਰ ਵਿਸ਼ੇਸ਼ਤਾ ਅਖਾਣਾਂ ਮੁਹਾਵਰਿਆਂ ਵਾਂਗ ਜ਼ੁਬਾਨ ’ਤੇ ਆਸਾਨੀ ਨਾਲ ਚੜ੍ਹ ਜਾਣਾ ਵੀ ਹੈ। ਸਮਾਜਿਕ, ਸੱਭਿਆਚਾਰਕ, ਆਰਥਿਕ, ਧਾਰਮਿਕ ਦ੍ਰਿਸ਼ਟੀ ਤੋਂ ਵਾਚਣ ਨਾਲ ਇਨ੍ਹਾਂ ਦੀ ਵਿਸ਼ਾਲਤਾ ਦੇ ਭੇਦਾਂ ਦੀਆਂ ਹੋਰ ਪਰਤਾਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ।
ਨਿੱਕੀਆਂ ਬੋਲੀਆਂ ਰਿਸ਼ਤਿਆਂ ਨੂੰ ਉਜਾਗਰ ਅਤੇ ਬਿਆਨ ਕਰਕੇ ਗਾਗਰ ਵਿਚ ਸਾਗਰ ਭਰਨ ਦਾ ਕਾਰਜ ਕਰਦੀਆਂ ਹਨ। ਇਨ੍ਹਾਂ ਦੇ ਵਿਸ਼ੇ ਮਾਪੇ ਅਤੇ ਧੀ, ਭੈਣ-ਭਰਾ, ਨੂੰਹ-ਸੱਸ, ਦਿਓਰ-ਭਰਜਾਈ, ਜੀਜਾ-ਸਾਲੀ, ਪਤੀ-ਪਤਨੀ ਆਦਿ ਨਾਲ ਸਬੰਧਿਤ ਹਨ। ਜਵਾਨ ਧੀ ਦੇ ਸੁਪਨੇ ਸੱਧਰਾਂ ਪ੍ਰਗਟ ਕਰਦੇ ਭਾਵ ਪਿਤਾ ਰਾਹੀਂ ਭਾਲੇ ਜਾ ਰਹੇ ਵਰ ਘਰ ਲਈ ਨਿੱਕੀ ਬੋਲੀ ਰਾਹੀਂ ਬਹੁਤ ਵੱਡਾ ਸੁਨੇਹਾ ਦਿੰਦੇ ਹਨ:
ਜਿੱਥੇ ਲਿੱਪਣੇ ਨਾ ਪੈਣ ਬਨੇਰੇ, ਉਸ ਘਰ ਦੇਈਂ ਬਾਬਲਾ
ਇਕ ਪਾਸੇ ਬਾਬਲ ਦੇ ਦਿਲ ਵਿਚ ਵਿਹੜੇ ਬੈਠੀ ਜਵਾਨ ਧੀ ਦੇ ਵਿਆਹ ਦੀ ਚਿੰਤਾ ਹੈ, ਧੀ ਨੂੰ ਸਹੁਰੇ ਘਰ ਤੋਰਨ ਸਮੇਂ ਦੀ ਮਨੋਦਸ਼ਾ ਦਾ ਹਾਲ ਹੈ, ਦੂਸਰੇ ਪਾਸੇ ਧੀ ਦੇ ਸਹੁਰੇ ਘਰ ਪ੍ਰਤੀ ਦੁੱਖੜੇ ਹਨ, ਰਚਾਏ ਅਣਜੋੜ ਵਿਆਹ ਦਾ ਬਾਬਲ ਨੂੰ ਮਿਹਣਾ ਹੈ:
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ,
ਬਾਪੂ ਦੇ ਪਸੰਦ ਆ ਗਿਆ
ਵੀਰ-ਭੈਣ ਦਾ ਰਿਸ਼ਤਾ ਬਹੁਤ ਮਹਾਨ ਰਿਸ਼ਤਾ ਹੈ। ਭੈਣ ਅਰਜੋਈਆਂ ਕਰ ਕਰ ਪਹਿਲਾਂ ਰੱਬ ਤੋਂ ਵੀਰ ਮੰਗਦੀ ਹੈ ਅਤੇ ਫਿਰ ਵੀਰ ਦੇ ਘਰ ਪੁੱਤ ਲਈ ਸੁੱਖਣਾ ਸੁੱਖਦੀ ਹੈ ਅਰਦਾਸਾਂ ਕਰਦੀ ਹੈ:
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ
ਪਿਆਰ ਮੁਹੱਬਤ ਜੋਬਨ ਰੁੱਤ ਦਾ ਗਹਿਣਾ ਗੱਟਾ ਹੈ। ਜਵਾਨੀ ਵਿਚ ਦੋ ਦਿਲਾਂ ਦੀ ਖਿੱਚ ਮਹਿਸੂਸ ਕਰਨਾ ਖ਼ੂਬਸੂਰਤ ਹੁੰਦਾ ਹੈ, ਪਰ ਸਾਡੀਆਂ ਸਮਾਜਿਕ ਅਤੇ ਸੱਭਿਆਚਾਰਕ ਕੀਮਤਾਂ ਵਿਚ ਹੋਰ ਦੇਸ਼ਾਂ ਜਾਂ ਸਮਾਜਾਂ ਜਿੰਨੀ ਖੁੱਲ੍ਹ ਨਹੀਂ, ਪਰ ਹਰ ਇਕ ਮਨ ਵਿਚ ਦੱਬਿਆ ਘੁੱਟਿਆ ਪਿਆਰ ਇਨ੍ਹਾਂ ਬੋਲੀਆਂ ਵਿਚ ਹਰ ਜਵਾਨ ਦਿਲ ਦੀ ਪੈਰਵੀ ਕਰਦਾ ਹੈ:
* ਚੁੰਨੀ ਰੰਗ ਦੇ ਲਲਾਰੀਆ ਮੇਰੀ,
ਮਿੱਤਰਾਂ ਦੀ ਪੱਗ ਵਰਗੀ
* ਮੈਨੂੰ ਹੋਰ ਨਾ ਤ੍ਰਿਸ਼ਨਾ ਕੋਈ, ਭੁੱਖ ਤੇਰੇ ਦਰਸ਼ਨ ਦੀ
ਔਰਤ ਦੀ ਸੁੰਦਰਤਾ ਨੂੰ ਵੱਖੋ ਵੱਖਰੀਆਂ ਉਪਮਾਵਾਂ ਦੇ ਕੇ ਬਿਆਨ ਕੀਤਾ ਗਿਆ ਹੈ। ਕਿਧਰੇ ਸੁਲਫੇ ਦੀ ਲਾਟ ਹੈ, ਕਿਧਰੇ ਰੰਗ ਮਹਿਕ ਖਿੰਡਾਉਂਦਾ ਹੈ, ਕਿਧਰੇ ਗੋਰੇ ਧੁੱਪ ਵਾਂਗ ਲਿਸ਼ਕਦੇ ਰੰਗ ਤੋਂ ਦਹੀ ਦੇ ਸ਼ਰਮਾਉਣ ਦੀ ਗੱਲ ਹੈ:
ਤੈਨੂੰ ਦੇਖਕੇ ਦਹੀਂ ਸ਼ਰਮਾਵੇ, ਨੀਂ ਧੁੱਪ ਵਾਂਗੂ ਲਿਸ਼ਕਦੀਏ
ਸਮਾਜਿਕ ਕਦਰਾਂ-ਕੀਮਤਾਂ ਨਾਲ ਸਬੰਧਿਤ ਥੋੜ੍ਹੇ ਸ਼ਬਦ ਅਤੇ ਕੁਝ ਕੁ ਪਲ ਜੀਵਨ ਦਾ ਅਹਿਮ ਫਲਸਫਾ ਪੇਸ਼ ਕਰਦੇ ਹਨ। ਧਰਮ ਮਨੁੱਖੀ ਕਰਮਾਂ ਦੁਆਲੇ ਘੁੰਮਦਾ ਹੈ। ਕੀਤੇ ਚੰਗੇ ਮਾੜੇ ਕਾਰਜ ਮਨੁੱਖੀ ਜੀਵਨ ਲਈ ਮਿੱਠੇ ਜਾਂ ਕੋੜੇ ਅਨੁਭਵ ਬਣਦੇ ਹਨ, ਵਧੀਆ ਕਾਰਜ ਲੋਕ ਪ੍ਰਲੋਕ ਵਿਚ ਸਹਾਈ ਹੁੰਦੇ ਹਨ:
ਕਿੱਥੋਂ ਭਾਲਦਾ ਅੰਬਾਂ ਦੇ ਮੇਵੇ, ਕਿੱਕਰਾਂ ਦੇ ਬੀ ਬੀਜ ਕੇ
ਜੀਵਨ ਫਲਸਫੇ ਸਬੰਧੀ ਕਿਤਾਬਾਂ ਦਾ ਨਿਚੋੜ ਬੜੇ ਸਹਿਜ ਅਤੇ ਸਾਦੇ ਢੰਗ ਨਾਲ ਬਿਆਨ ਕਰਕੇ ਸੁਣਨ ਵਾਲੇ ’ਤੇ ਇਕਦਮ ਇਸ ਤਰ੍ਹਾਂ ਅਸਰ ਕਰਦਾ ਹੈ ਕਿ ਸਭ ਨੂੰ ਸਹਿਮਤੀ ਪ੍ਰਗਟ ਕਰਨੀ ਪੈਂਦੀ ਹੈ, ਹਾਂ ਵਿਚ ਸਿਰ ਹਿਲਾਉਣਾ ਪੈਂਦਾ ਹੈ:
ਹੁਸਨ ਜਵਾਨੀ ਮਾਪੇ,
ਤਿੰਨ ਰੰਗ ਨਹੀਂ ਲੱਭਣੇ
ਅਕਲ ਮਨੁੱਖ ਲਈ ਜੀਵਨ ਭਰ ਦੇ ਗਹਿਣੇ ਬਰਾਬਰ ਹੈ। ਸ਼ਕਲ-ਸੂਰਤ, ਰੂਪ-ਰੰਗ ਕੁਝ ਕੁ ਦਿਨਾਂ ਦੇ ਮਨੁੱਖ ਲਈ ਭਰਮ ਭੁਲੇਖੇ ਹਨ। ਅਕਲ ਦਾ ਹਮੇਸ਼ਾਂ ਮੁੱਲ ਪੈਂਦਾ ਹੈ। ਗੋਰੇ ਰੰਗ ਦਾ ਅਕਲ ਨਾਲ ਕੋਈ ਮੁਕਾਬਲਾ ਨਹੀਂ:
ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ
ਪਿੰਡ ਸ਼ੁਰੂ ਤੋਂ ਹੀ ਖੇਤੀ ਪ੍ਰਧਾਨ ਰਹੇ ਹਨ। ਕਿਸਾਨੀ ਜੀਵਨ ਦੇ ਰੁਝੇਵੇਂ ਸਵੇਰ ਤੋਂ ਸ਼ਾਮ ਤਕ ਪਿੱਛਾ ਨਹੀਂ ਛੱਡਦੇ। ਇਕ ਕਾਰਜ ਖ਼ਤਮ ਨਹੀਂ ਹੁੰਦਾ, ਦੂਸਰਾ ਸ਼ੁਰੂ ਹੋ ਜਾਂਦਾ ਹੈ:
ਜੱਟਾ ਤੇਰੀ ਜੂਨ ਬੁਰੀ, ਹਲ਼ ਛੱਡ ਕੇ ਚਰ੍ਹੀ ਨੂੰ ਜਾਣਾ
ਖੂਹ ਜਾਂ ਤਲਾਬ ਤੋਂ ਪਾਣੀ ਭਰਨਾ, ਕੱਤਣਾ, ਤੁੰਮਣਾ, ਛੱਟਣਾ, ਪੀਹਣਾ ਪੇਂਡੂ ਸੁਆਣੀ ਦੇ ਜੀਵਨ ਰੁਝੇਵਿਆਂ ਵਿਚੋਂ ਪ੍ਰੱਮੁਖ ਸਨ। ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਦੇ ਕਾਰਜ ਵਿਚ ਹੱਥ ਵਟਾਉਣਾ ਵੀ ਔਰਤਾਂ ਦੇ ਕਾਰਜਾਂ ਦੇ ਘੇਰੇ ਵਿਚ ਹੀ ਆਉਂਦਾ ਸੀ:
* ਝੁਕ ਜਾ ਕਪਾਹ ਦੀਏ ਛਿੱਟੀਏ,
ਪਤਲੋ ਦੀ ਬਾਂਹ ਥੱਕਗੀ
* ਉੱਥੇ ਲੈ ਚੱਲ ਚਰਖਾ ਮੇਰਾ,
ਵੇ ਜਿੱਥੇ ਤੇਰੇ ਹਲ਼ ਚੱਲਦੇ
ਕੱਤਣਾ ਪਿੰਡਾਂ ਵਿਚ ਔਰਤਾਂ ਦਾ ਪ੍ਰਮੁੱਖ ਕਾਰਜ ਸੀ, ਕਿਸੇ ਤ੍ਰਿੰਝਣ, ਸਾਂਝੀ ਜਗ੍ਹਾ, ਗਲੀ ਜਾਂ ਘਰ ਦੇ ਵਿਹੜੇ ਵਿਚ ਬਹਿ ਕੇ ਔਰਤਾਂ ਕੱਤਦੀਆਂ ਸਨ:
ਦੂਜਾ ਡਾਹ ਲਿਆ ਗਲੀ ਵਿਚ ਚਰਖਾ,
ਇਕ ਤੇਰਾ ਰੰਗ ਮੁਸ਼ਕੀ
ਆਪਸੀ ਲੜਾਈ ਝਗੜੇ, ਮਰਦਾਂ ਦੇ ਖੇਤੀ ਤੋਂ ਇਲਾਵਾ ਹੋਰ ਕਿੱਤੇ ਜਾਂ ਕਾਰਜ, ਫ਼ਸਲਾਂ ਦੀਆਂ ਕਿਸਮਾਂ, ਮੇਲੇ ਤਿਓਹਾਰ, ਗਹਿਣਾ ਗੱਟਾ, ਖਾਣ ਪੀਣ, ਵਿਹਲੇ ਸਮੇਂ ਦੇ ਆਹਰ, ਹਾਰ ਸ਼ਿੰਗਾਰ ਆਦਿ ਨਾਲ ਸਬੰਧਿਤ ਵਿਸ਼ੇ ਨਿੱਕੀਆਂ ਬੋਲੀਆਂ ਵਿਚ ਸ਼ਾਮਲ ਹਨ। ਨਿੱਕੀ ਬੋਲੀ ਕਹਿਣ ਨੂੰ ਹੀ ਨਿੱਕੀ ਹੈ, ਪਰ ਇਸ ਵਿਚ ਜ਼ਿੰਦਗੀ ਦਾ ਹਰ ਅੰਸ਼ ਸਮਾਇਆ ਹੋਇਆ ਹੈ। ਇਨ੍ਹਾਂ ਵਿਚ ਤਾਂ ਜ਼ਿੰਦਗੀ ਦੇ ਉਹ ਪੱਖ ਜਾਂ ਵਿਸ਼ੇ ਵੀ ਹਨ ਜਿਨ੍ਹਾਂ ਨੂੰ ਆਮ ਗੱਲਬਾਤ ਵਿਚ ਪ੍ਰਗਟ ਕਰਨ ਸਮੇਂ ਸੰਕੋਚ ਕੀਤਾ ਜਾਂਦਾ ਹੈ ਜਾਂ ਕਹਿਣ ਤੋਂ ਝਿਜਕਦੇ ਹਾਂ, ਪਰ ਇਨ੍ਹਾਂ ਬੋਲੀਆਂ ਨਾਲ ਆਸਾਨੀ ਨਾਲ ਬਿਆਨ ਕੀਤਾ ਗਿਆ ਹੈ।

ਸੰਪਰਕ: 98777-15744


Comments Off on ਇਕ ਤੁਕੀ ਬੋਲੀ ਵਿਚ ਸੰਪੂਰਨ ਜੀਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.