ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਆ ਸੱਜਣਾ ਇਤਿਹਾਸ ਸਿਰਜੀਏ!

Posted On August - 10 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਮੁਲਕਾਂ ਦੀ ਜਿੱਤ, ਫ਼ੌਜਾਂ ਦੀ ਜਿੱਤ, ਕਪਤਾਨਾਂ ਦੀ ਜਿੱਤ ਸਾਨੂੰ ਯਾਦ ਰਹਿੰਦੀ ਹੈ। ਇਹ ਯੁੱਧ ਇਤਿਹਾਸ ਦਾ ਹਿੱਸਾ ਬਣਦੇ ਹਨ, ਪਰ ਕੁਝ ਯੁੱਧ ਚੁੱਪਚਾਪ, ਬਿਨਾਂ ਨਗਾਰੇ ਦੀ ਚੋਟ ਤੋਂ ਘਰਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਲੜੇ ਜਾਂਦੇ ਹਨ। ਕੁਝ ਯੁੱਧ ਦਿਲ ਦੀ ਧੜਕਣ ਸੰਗ ਹਰ ਪਲ ਸ਼ੰਖਨਾਦ ਕਰਦੇ ਹਨ, ਅੱਜ ਇਨ੍ਹਾਂ ਦੀ ਬਾਤ ਪਾਉਣ ਦਾ ਸਬੱਬ ਬਣੀ ਹੈ ਸੰਗੀਤਾ ਗੁਪਤਾ। ਗਏ ਤਾਂ ਨਾਟਕ ਦੇਖਣ ਸੀ, ਪਰ ਪਰਤੇ ਅਸਲੀਅਤ ਦੇਖ ਕੇ।
ਮੰਚ ਪ੍ਰਕਾਸ਼ਮਾਨ ਹੋਇਆ ਤਾਂ ਸੰਗੀਤਾ ਤੇਜ਼ੀ ਨਾਲ ਆਈ ਤੇ ਗੋਲ ਪਲੇਟਫਾਰਮ ’ਤੇ ਬਹਿ ਗਈ। ਸੋਚਿਆ ਕਿ ਨਾਟਕ ਦਾ ਆਗਾਜ਼ ਹੋਣ ਲੱਗਾ ਹੈ, ਪਰ ਸੰਗੀਤਾ ਦੇ ਦਿਲ ਵਿਚ ਅੱਜ ਕੁਝ ਹੋਰ ਸੀ। ਵਰ੍ਹਿਆਂ ਤੋਂ ਸੀਨੇ ਅੰਦਰ ਦੱਬੇ ਦਰਦਾਂ ਦਾ ਲਾਵਾ ਅੱਜ ਵਿਸਫੋਟ ਲਈ ਤੜਪ ਰਿਹਾ ਸੀ, ਮਿੰਟ ਦੋ ਮਿੰਟ ਉਸਦੀ ਰਮਜ਼ ਨਾਲ ਤਾਰਾਂ ਜੋੜਨ ਲਈ ਕੋਸ਼ਿਸ਼ ਕਰਨੀ ਪਈ, ਪਰ ਉਸਤੋਂ ਬਾਅਦ ਲੂੰ ਕੰਡੇ ਖੜ੍ਹਨ, ਸੁੰਨ ਹੋ ਜਾਣ ਦਾ ਮੰਜ਼ਰ ਸੀ। ਸੰਗੀਤਾ ਦਾ ਅੰਦਰ ਵਹਿ ਤੁਰਿਆ…ਬਾਣੀਆਂ ਦੀ ਕੁੜੀ ਸੰਗੀਤਾ, ਪਰੰਪਰਿਕ ਖ਼ੂਬਸੂਰਤੀ ਤੋਂ ਵਿਰਵੀ ਸੰਗੀਤਾ, ਕੁੜੀ ਹੋਣ ਦੀਆਂ ਵਲਗਣਾਂ ਸਹਿੰਦੀ ਤੇ ਤੜਫਦੀ ਸੰਗੀਤਾ।
ਬਾਰਾਂ ਸਾਲ ਦੀ ਸੀ ਜਦੋਂ ਤਾਏ ਦਾ ਮੁੰਡਾ ਕਿਤਾਬਾਂ ਪੜ੍ਹਨ ਲਈ ਦਿੰਦਾ, ਪਰ ਮਾਸੂਮ ਬਾਲੜੀ ਜਦੋਂ ਪੰਨੇ ਫਰੋਲਦੀ ਤਾਂ ਵਿਚ ਰੱਖੀਆਂ ਨੰਗੀਆਂ ਤਸਵੀਰਾਂ ਰਾਹੀਂ ਤਾਏ ਦੇ ਮੁੰਡੇ ਦਾ ਹਵਸੀ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ। ਉਸਨੂੰ ਸਮਝ ਨਾ ਆਉਂਦੀ। ਇਹ ਭੱਭਾ ਤੇ ਰਾਰਾ ਅੱਖਰ ਦੀ ਬੇਪਤੀ ਸੀ। ਉਸਨੂੰ ਵਾਰ ਵਾਰ ਦਿਮਾਗ਼ ਵਿਚ ਵੱਜਦੇ ਹਥੌੜੇ ਅੱਜ ਵੀ ਯਾਦ ਹਨ ਜਦੋਂ ਕਿਹਾ ਜਾਂਦਾ, ‘ਤੂੰ ਕੁੜੀ ਏਂ, ਕੁੜੀ ਬਣਕੇ ਰਹਿ, ਮੁੰਡਿਆਂ ਦੀ ਬਰਾਬਰੀ ਨਾ ਕਰ!’ ਉਹ ਕਚੀਚੀਆਂ ਵਟਦੀ। ਮੁਟਿਆਰ ਹੋਈ ਤਾਂ ਵੀਹ ਸਾਲ ਦੀ ਉਮਰੇ ਉਸਦੀ ਮਾਂ ਦੇ ਗੁਰ ਭਾਈ ਨੇ ਉਸਨੂੰ ਮਧੋਲਣਾ ਚਾਹਿਆ, ਉਸਦੀ ਬੀਬੀ ਦਾੜ੍ਹੀ ਦੇ ਕੰਬਦੇ ਵਾਲ ਦੇਖ ਉਸ ਅੰਦਰੋਂ ਸਵਾਲ ਉੱਠਿਆ ਕਿ ਹਾਲੇ ਤਾਂ ਮੈਂ ਸੋਹਣੀ ਨਹੀਂ, ਜੇ ਸੋਹਣੀ ਹੁੰਦੀ ਫਿਰ ਕੀ ਹੁੰਦਾ? ਉਸਨੇ ਹਿੰਮਤ ਕਰਕੇ ਅੰਦਰ ਕੁਝ ਟੁੱਟਦੇ ਨੂੰ ਮੁੱਠੀ ਵਿਚ ਘੁੱਟ ਲਿਆ, ਤਾਏ ਦੇ ਮੁੰਡੇ ਵੱਲੋਂ ਰੱਖੀ ਗੰਦੀ ਤਸਵੀਰ ਚੇਤਿਆਂ ਦੀ ਗਠੜੀ ਵਿਚੋਂ ਬਾਹਰ ਕੱਢ ਉਸਨੇ ਸੱਜਰਾ ਪੰਨਾ ਫਰੋਲਿਆ ਤੇ ਕਿਤਾਬਾਂ ਸੰਗ ਦੋਸਤੀ ਪਾ ਲਈ। ਪੜ੍ਹੀ, ਖ਼ੂਬ ਪੜ੍ਹੀ, ਸਕੂਲ ਤੇ ਕਾਲਜ, ਫਿਰ ਪੰਜਾਬੀ ਯੂਨੀਵਰਸਿਟੀ ਦਾ ਰੰਗਮੰਚ ਵਿਭਾਗ। ਉਸਨੇ ਅੰਦਰਲੇ ਖੰਭਾਂ ਨੂੰ ਸੰਜੋਅ ਕੇ ਰੱਖਿਆ ਸੀ, ਖੰਭ ਉਡਾਰੀ ਭਰਨ ਲੱਗੇ। ਰੰਗਮੰਚ ਮੱਲ੍ਹਮ ਬਣ ਉਸਦੇ ਜ਼ਸ਼ਮਾਂ ’ਤੇ ਫੈਲ ਗਿਆ, ਪਿਓ ਸਮਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਸਿਰ ’ਤੇ ਹੱਥ ਰੱਖਿਆ ਤੇ ਪੰਜਾਬੀ ਰੰਗਮੰਚ ਦੀ ਝੋਲੀ ਪਈ ਵਿਸ਼ਵਾਸ ਨਾਲ ਭਰੀ ਪਿਆਰੀ, ਸੋਹਣੀ ਸੀਰਤ ਵਾਲੀ ਸੰਗੀਤਾ ਗੁਪਤਾ। ਇਕ ਪਿਆਰੀ ਕਵਿਤਾ ਦੇ ਬੋਲ ਇਸ ਮਾਹੌਲ ਨੂੰ ਥਾਪੀ ਦੇ ਰਹੇ ਹਨ:
‘ਕੁਝ ਕੁੜੀਆਂ ਲੰਬੇ ਰੂਟ ਦੀ ਬੱਸ ਵਰਗੀਆਂ ਹੁੰਦੀਆਂ ਨੇ ਉਹ ਨੇੜੇ ਦੀ ਸਵਾਰੀ ਨਹੀਂ ਚੁੱਕਦੀਆਂ।’
ਮੈਂ ਉਨ੍ਹਾਂ ਬੋਲਾਂ ਨੂੰ ਨਵਿਆਉਣ ਦੀ ਕੋਸ਼ਿਸ਼ ਕਰਦਾ ਹਾਂ:
‘ਕੁਝ ਐਕਟ੍ਰੈੱਸ ਸੰਗੀਤਾ ਵਰਗੀਆਂ ਹੁੰਦੀਆਂ ਨੇ
ਦਰਸ਼ਕ ਦੇ ਦਿਲ ਤਕ ਆ ਢੁਕਦੀਆਂ ਨੇ।’

ਡਾ. ਸਾਹਿਬ ਸਿੰਘ

ਸੰਮੋਹਿਤ ਹੋਏ ਦਰਸ਼ਕ, ਹੰਝੂਆਂ ਨਾਲ ਲਬਾਲਬ ਭਰੀਆਂ ਅੱਖਾਂ ਇਕ ਕਲਾਈਮੈਕਸ ਦਾ ਦੀਦਾਰ ਕਰ ਚੁੱਕੀਆਂ ਸਨ, ਹੁਣ ਆਏਗਾ ਉਹ ਨਾਟਕ ਜਿਸਨੂੰ ਦੇਖਣ ਆਏ ਸੀ। ਸਮੀਕਰਨ ਚੁਣੌਤੀ ਭਰਿਆ ਸੀ, ਪਰ ਜਿਵੇਂ ਜਿਵੇਂ ਮਹਿੰਦਰ ਰਿਸ਼ਮ ਦੀ ਕਹਾਣੀ ’ਤੇ ਆਧਾਰਿਤ ਨਾਟਕ ‘ਇਕ ਅਨੋਖਾ ਇਸ਼ਤਿਹਾਰ’ ਅੱਗੇ ਵਧ ਰਿਹਾ ਸੀ ਤਾਂ ਮਹਿਸੂਸ ਹੋ ਰਿਹਾ ਸੀ ਕਿ ਇਸ ਕਹਾਣੀ ਨੂੰ ਸਮਝਣ ਅਤੇ ਇਸਦੇ ਅੰਦਰ ਵੜਨ ਲਈ ਸੰਗੀਤਾ ਦੀ ਕਹਾਣੀ ਸੂਤਰ ਬਿੰਦੂ ਵਾਲਾ ਰੋਲ ਨਿਭਾ ਰਹੀ ਹੈ। ਨਾਟਕ ਦੀ ਨਾਇਕਾ ਆਨੰਤ ਅਖ਼ਬਾਰ ਵਿਚ ਵਿਆਹ ਦਾ ਇਸ਼ਤਿਹਾਰ ਦਿੰਦੀ ਹੈ ਕਿ ਉਹ ਮੁੰਡਾ ਸੰਪਰਕ ਕਰੇ ਜੋ ਪੜ੍ਹਿਆ ਲਿਖਿਆ, ਅਗਾਂਹਵਧੂ ਹੋਵੇ ਤੇ ਘਰ ਵਿਚ ਉਸਦੀ ਕੋਈ ਭੈਣ ਜ਼ਰੂਰ ਹੋਵੇ। ਨਾਇਕ ਤਜੇਸ਼ਵਰ ਇਸ਼ਤਿਹਾਰ ਪੜ੍ਹਦਾ ਹੈ, ਦਿਲਚਸਪੀ ਜਾਗਦੀ ਹੈ ਕਿਉਂਕਿ ਉਹ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਸੰਜੀਦਾ ਮਨੁੱਖ ਹੈ, ਪਰ ਮੁਸ਼ਕਿਲ ਇਹ ਹੈ ਕਿ ਉਸਦੀ ਕੋਈ ਭੈਣ ਨਹੀਂ ਹੈ। ਨਾਟਕ ਕਰਵਟ ਲੈਂਦਾ ਹੈ, ਫੋਨ ’ਤੇ ਵਾਰਤਾਲਾਪ ਆਰੰਭ ਹੁੰਦੇ ਹਨ। ਸ਼ਰਤ ਮੁਕੰਮਲ ਨਹੀਂ ਹੋ ਸਕਦੀ, ਪਰ ਪਹਿਲੀ ਵਾਰਤਾਲਾਪ ਤੋਂ ਅਜਿਹੀ ਤੰਦ ਜੁੜਦੀ ਹੈ ਕਿ ਉਤਸੁਕਤਾ ਵਧਦੀ ਜਾਂਦੀ ਹੈ ਅਤੇ ਦੋਵੇਂ ਸ਼ਖ਼ਸੀਅਤਾਂ ਦੇ ਪਾਸਾਰ ਖੁੱਲ੍ਹਦੇ ਜਾਂਦੇ ਹਨ।
ਆਨੰਤ ਦੇ ਬਾਪ ਨੇ ਉਸਦਾ ਨਾਂ ਬੇਅੰਤ ਰੱਖਿਆ ਸੀ ਕਿਉਂਕਿ ਉਹ ਬੇਅੰਤ ਕੁੜੀਆਂ ਤੋਂ ਬਾਅਦ ਪੁੱਤ ਚਾਹੁੰਦਾ ਹੈ ਤੇ ਇਸ ‘ਕੁਸ਼ਗਨੀ’ ਦਾ ਅੰਤ ਚਾਹੁੰਦਾ ਹੈ, ਪਰ ਆਨੰਤ ਨੂੰ ਬੇ ਸ਼ਬਦ ਨਾਲ ਨਫ਼ਰਤ ਹੈ ਕਿਉਂਕਿ ਇਹ ਅਗੇਤਰ ‘ਬੇ’ ਬੇਅਦਬੀ, ਬੇਕਦਰੀ, ਬੇਲੋੜੀ ਜਿਹੇ ਸ਼ਬਦ ਸਿਰਜਦਾ ਹੈ। ਉਹ ਜ਼ਿੰਦਗੀ ਦੇ ਅੰਤ ਦੀ ਨਹੀਂ, ਸਦੀਵੀ ਹੋਂਦ ਦੀ ਮੁੱਦਈ ਹੈ, ਇਸ ਲਈ ਆਪਣਾ ਨਾਂ ਆਨੰਤ ਰੱਖਦੀ ਹੈ। ਤਜੇਸ਼ਵਰ ਕਵਿਤਾ ਰਾਹੀਂ ਮੁਖਾਤਿਬ ਹੁੰਦਾ ਹੈ ਤੇ ਆਸ ਦਾ ਦੀਵਾ ਮਘਾਈ ਰੱਖਦਾ ਹੈ:
ਕਦੇ ਤਾਂ ਹੋਏਗੀ ਇਸ ਦਿਲ ’ਤੇ ਦਸਤਕ
ਅਸੀਂ ਵੀ ਆਪਣੇ ਦਿਲ ਦਾ ਬੂਹਾ ਢੋਅ ਕੇ ਦੇਖਾਂਗੇ।
ਗੱਲ ਮੁਲਾਕਾਤ ਤਕ ਪਹੁੰਚਦੀ ਹੈ ਤਾਂ ਭੈਣ ਵਾਲੀ ਸ਼ਰਤ ਦਾ ਰਾਜ਼ ਖੁੱਲ੍ਹਦਾ ਹੈ। ਆਨੰਤ ਦਾ ਪਿਓ ਅੱਖੜ ਸੁਭਾਅ ਦਾ ਜਗੀਰੂ ਰੁਚੀਆਂ ਵਾਲਾ ਇਨਸਾਨ ਹੈ। ਮਾਂ ਪਹਿਲੀ ਕੁੜੀ ਜੰਮਦੀ ਹੈ ਤਾਂ ਪਿਓ ਇਸਨੂੰ ਬਦਸ਼ਗਨੀ ਸਮਝਦਾ ਹੈ ਤੇ ਉਸਨੂੰ ਦੁੱਧ ਪਿਆਉਣੋਂ ਵਰਜਦਾ ਹੈ। ਕੁੜੀ ਮਰ ਜਾਂਦੀ ਹੈ। ਦੁਬਾਰਾ ਫਿਰ ਕੁੜੀ ਹੁੰਦੀ ਹੈ ਤਾਂ ਮਾਂ ਵਾਸਤਾ ਪਾਉਂਦੀ ਹੈ ਕਿ ਇਹ ਜਿਉਂਦੀ ਰਹੇਗੀ ਤਾਂ ਅਗਲਾ ਬੱਚਾ ਪੁੱਤ ਹੋਏਗਾ। ਅਰਜ਼ੋਈ ਸਵੀਕਾਰ ਹੋ ਜਾਂਦੀ ਹੈ ਤੇ ਇਹ ਕੁੜੀ ਪਲਣ ਲੱਗਦੀ ਹੈ। ਉਸਤੋਂ ਬਾਅਦ ਸਚਮੁੱਚ ਪੁੱਤ ਪੈਦਾ ਹੁੰਦਾ ਹੈ, ਪਰ ਉਸਦੇ ਸਾਹਾਂ ਦੀ ਡੋਰ ਬੜੀ ਨਿੱਕੀ ਸੀ। ਮਾਂ ਵਿਰਲਾਪ ਕਰਦੀ ਹੈ ਕਿ ਪਹਿਲੀ ਮੋਈ ਧੀ ਦਾ ਸ਼ਰਾਪ ਲੱਗਾ ਹੈ। ਇਸ ਮਾਹੌਲ ਵਿਚ ਪਲੀ ਆਨੰਤ ਨੂੰ ਇਕ ਸਾਥ ਵਡੇਰਾ ਚਾਹੀਦਾ ਹੈ ਜੋ ਔਰਤ ਦਾ ਸਨਮਾਨ ਕਰਨਾ ਜਾਣਦਾ ਹੋਵੇ। ਤਜੇਸ਼ਵਰ ਵਿਚੋਂ ਆਨੰਤ ਨੂੰ ਉਹ ਵਡੇਰਾ ਸਾਥ ਨਜ਼ਰ ਆਉਂਦਾ ਹੈ, ਮਾਂ ਆਸੀਸ ਦਿੰਦੀ ਹੈ ਤੇ ਜ਼ਿੰਦਗੀ ਨਵੀਂ ਕਰਵਟ ਲੈਣ ਲਈ ਸ਼ਰਤਾਂ ਤੋਂ ਆਜ਼ਾਦੀ ਹਾਸਲ ਕਰਦੀ ਹੈ।
ਇਹ ਨਾਟਕ ਹੋਂਦ ਨੂੰ ਪਛਾਣਨ ਦੇ ਆਨੰਤ ਸਫ਼ਰ ਦਾ ਜਸ਼ਨ ਹੈ ਜਿੱਥੇ ਵਲਗਣਾਂ ਦੇ ਕਾਲੇ ਸਾਏ ਡਰਾਉਣ ਨਾ, ਬਲਕਿ ਖੁੱਲ੍ਹਾ ਮੋਕਲਾ ਮੁਹੱਬਤੀ ਅੰਬਰ ਧਰਤੀ ਨੂੰ ਗਲਵੱਕੜੀ ਪਾਉਣ ਲਈ ਉਤਾਵਲਾ ਹੋਵੇ। ਨਾਟਕ ਵਿਚ ਤਜੇਸ਼ਵਰ ਦੀ ਭੂਮਿਕਾ ਵਿਚ ਸੁਖਜੀਤ ਗਿੱਲ, ਆਨੰਤ ਦੇ ਰੂਪ ਵਿਚ ਸੰਦੀਪ ਕੌਰ ਤੇ ਮਾਂ ਦੀ ਭੂਮਿਕਾ ਵਿਚ ਸੰਗੀਤਾ ਗੁਪਤਾ ਨੇ ਪਰਿਪੱਕ ਅਦਾਕਾਰੀ ਦਾ ਜਲੌਅ ਦਿਖਾਇਆ। ਕਲਾਕਾਰਾਂ ਦੇ ਹਾਵ-ਭਾਵ, ਨਿੱਕੇ ਨਿੱਕੇ ਮੁਹੱਬਤੀ ਅੰਦਾਜ਼, ਚੁੱਪ ਦੀ ਭਾਸ਼ਾ ਵਿਚੋਂ ਸਿਰਜੇ ਅਰਥ ਅਮੀਰ ਅਦਾਕਾਰੀ ਦੇ ਝਲਕਾਰੇ ਦੇ ਰਹੇ ਸਨ, ਪਰ ਕਾਸ਼ ਸੁਖਜੀਤ ਤੇ ਸੰਦੀਪ ਨੇ ਆਪਣੀ ਆਵਾਜ਼ ਨੂੰ ਕੁਝ ਦਸ਼ਮਲਵ ਉਠਾਇਆ ਹੁੰਦਾ! ਢੁਕਵਾਂ ਸੰਗੀਤ ਤੇ ਪ੍ਰਭਾਵਸ਼ਾਲੀ ਰੌਸ਼ਨੀ ਵਿਉਂਤ ਲਈ ਲਵਲੀਨ ਵਧਾਈ ਦੀ ਹੱਕਦਾਰ ਹੈ। ਨਾਟਕ ਦੀ ਮੁੰਦਾਵਣੀ ਦਿਲ ਦੇ ਧੁਰ ਕੋਨੇ ’ਚੋਂ ਨਿਕਲੀ:
ਆ ਸੱਜਣਾ ਇਤਿਹਾਸ ਸਿਰਜੀਏ
ਬਾਤ ਨਵੀਂ ਕੋਈ ਪਾਈਏ।

ਸੰਪਰਕ:98880-11096


Comments Off on ਆ ਸੱਜਣਾ ਇਤਿਹਾਸ ਸਿਰਜੀਏ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.