ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਆਜ਼ਾਦੀ ਦੇ ਅੰਦੋਲਨ ਵਿਚ 23ਵੇਂ ਰਸਾਲੇ ਦੇ 12 ਸ਼ਹੀਦਾਂ ਦੀ ਗਾਥਾ

Posted On August - 28 - 2019

ਪ੍ਰਿਥੀਪਾਲ ਸਿੰਘ ਮਾੜੀ ਮੇਘਾ

3 ਸਤੰਬਰ ਨੂੰ ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਗ਼ਦਰ ਪਾਰਟੀ ਦੇ ਪ੍ਰਭਾਵ ਅਧੀਨ ਭਾਰਤੀ ਫੌਜਾਂ ਦੇ ਕੁਝ ਹਿੱਸੇ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ। ਇਸ ਦੀ ਇਵਜ਼ ਵਿਚ ਅੰਗਰੇਜ਼ ਹਾਕਮਾਂ ਨੇ ਹਿੰਦੀ ਸਿਪਾਹੀਆਂ ਨੂੰ ਵਹਿਸ਼ੀਆਨਾ ਸਜ਼ਾਵਾਂ ਦਿੱਤੀਆਂ। ਮੀਆਂ ਮੀਰ ਛਾਉਣੀ ਲਾਹੌਰ ਦੇ 12 ਦੇਸ਼ ਭਗਤ ਸਿਪਾਹੀਆਂ ਨੂੰ ਅੰਗਰੇਜ਼ੀ ਹਕੂਮਤ ਨੇ 3 ਸਤੰਬਰ 1915 ਨੂੰ ਅੰਬਾਲਾ ਜੇਲ੍ਹ ਵਿਚ ਫਾਂਸੀ ਦੇ ਕੇ ਮੌਤ ਦੇ ਘਾਟ ਇਸ ਕਰਕੇ ਉਤਾਰਿਆ ਸੀ ਕਿ ਉਨ੍ਹਾਂ ਦੇ ਗ਼ਦਰ ਪਾਰਟੀ ਨਾਲ ਸਬੰਧ ਸਨ।
ਮੀਆਂ ਮੀਰ ਛਾਉਣੀ ਵਿਚ ਇੱਕ 23ਵਾਂ ਰਸਾਲਾ ਸੀ, ਜਿਸ ਵਿਚ ਜ਼ਿਆਦਾ ਸ਼ਿਪਾਹੀ ਮਾਝੇ ਦੇ ਪਿੰਡਾਂ ਦੇ ਸਨ। ਮਾਝੇ ਵਿਚ ਕਾਮਾਗਾਟਾਮਾਰੂ ਸਾਕੇ ਅਤੇ ਗ਼ਦਰ ਪਾਰਟੀ ਦਾ ਬਹੁਤ ਪ੍ਰਭਾਵ ਸੀ, ਜਿਸ ਕਰਕੇ ਸਿਪਾਹੀਆਂ ’ਤੇ ਵੀ ਪਾਰਟੀ ਦੇ ਪ੍ਰਚਾਰ ਦਾ ਕਾਫ਼ੀ ਅਸਰ ਸੀ। ਇਸ ਛਾਉਣੀ ਵਿਚ ਪ੍ਰਸਿੱਧ ਗ਼ਦਰੀ ਭਾਈ ਪ੍ਰੇਮ ਸਿੰਘ ਪਿੰਡ ਸੁਰ ਸਿੰਘ ਦੇ ਸਬੰਧ ਸਨ। ਗ਼ਦਰ ਪਾਰਟੀ ਨੇ ਗ਼ਦਰ ਕਰਨ ਲਈ ਇਹ ਛਾਉਣੀ ਪਹਿਲ ਦੇ ਆਧਾਰ ’ਤੇ ਇਸ ਕਰਕੇ ਚੁਣੀ ਸੀ ਕਿ ਇਹ ਫ਼ੌਜੀ ਬਗ਼ਾਵਤ ਦੇ ਨੁਕਤੇ ਨਿਗਾਹ ਤੋਂ ਬੜੀ ਕਾਰਗਰ ਸੀ। ਇਹ ਛਾਉਣੀ ਹਿੰਦੋਸਤਾਨ ਦੀਆਂ ਨੌਂ ਡਵੀਜ਼ਨਾਂ ’ਚੋਂ ਇੱਕ ਸੀ। ਪੰਜਾਬ ਦੀਆਂ ਬਾਕੀ ਛਾਉਣੀਆਂ ਇਸ ਦੇ ਮਾਤਾਹਿਤ ਸਨ। ਇੱਕ ਤਾਂ ਮੀਆਂ ਮੀਰ ਦੀ ਬਗਾਵਤ ਨਾਲ ਸਾਰੇ ਪੰਜਾਬ ਵਿਚ ਗ਼ਦਰ ਫੈਲਣ ਦੇ ਆਸਾਰ ਸਨ, ਦੂਜਾ ਇਸ ਛਾਉਣੀ ’ਤੇ ਕਬਜ਼ਾ ਕਰਕੇ ਪੰਜਾਬ ਦੀ ਅੰਗਰੇਜ਼ੀ ਹਕੂਮਤ ਨੂੰ ਉਲਟਾਇਆ ਜਾ ਸਕਦਾ ਸੀ।
ਮੀਆਂ ਮੀਰ ਛਾਉਣੀ ’ਤੇ ਹਮਲਾ ਕਰਨ ਦੀ ਤਿਆਰੀ ਸਬੰਧੀ ਗ਼ਦਰੀਆਂ ਨੇ 17 ਨਵੰਬਰ 1914 ਨੂੰ ਮੱਸਿਆ ਵਾਲੇ ਦਿਨ ਤਰਨ ਤਾਰਨ ਵਿਚ ਮੀਟਿੰਗ ਕੀਤੀ। ਇਸ ਵਿਚ ਭਾਈ ਹਰਨਾਮ ਸਿੰਘ ਸਿਆਲਕੋਟੀ, ਭਾਈ ਕਾਲਾ ਸਿੰਘ ਜਗਤਪੁਰ, ਭਾਈ ਸੁੰਦਰ ਸਿੰਘ ਦੌਲੋ ਨੰਗਲ, ਭਾਈ ਵਸਾਖਾ ਸਿੰਘ ਦਦੇਹਰ (ਦੂਜਾ), ਭਾਈ ਗੰਡਾ ਸਿੰਘ ਖਾਪੜਖੇੜੀ ਅਤੇ ਭਾਈ ਸੁੰਦਰ ਸਿੰਘ ਜੱਬੋਵਾਲ ਆਧਾਰਤ ਕਮੇਟੀ ਬਣਾਈ ਗਈ।
ਗ਼ਦਰੀਆਂ ਦਾ ਮੀਟਿੰਗਾਂ ਕਰਨ ਵਾਸਤੇ ਗੁਪਤ ਸਥਾਨ ਸ੍ਰੀ ਗੁਰੂ ਅਰਜਨ ਦੇਵ ਦੀ ਯਾਦ ਵਿਚ ਬਣਿਆ ਗੁਰਦੁਆਰਾ ਝਾੜ ਸਾਹਿਬ (ਸਬਾਜਪੁਰ, ਤਰਨ ਤਾਰਨ) ਸੀ। ਗੁਰਦੁਆਰੇ ਦੇ ਸੰਤ ਬਾਬਾ ਬੋਘ ਸਿੰਘ ਗ਼ਦਰ ਪਾਰਟੀ ਦੇ ਪੱਕੇ ਸਮਰਥਕ ਸਨ। ਗ਼ਦਰ ਲਹਿਰ ਵਿਚ ਹੀ ਬਾਬਾ ਬੋਘ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਮੀਆਂ ਮੀਰ ਦੇ 23ਵੇਂ ਰਸਾਲੇ ਦੇ ਇੱਕ ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ, ਝਾੜ ਸਾਹਿਬ ਅੱਡੇ ਨਾਲ ਜੁੜੇ ਹੋਏ ਸਨ। ਉਹ ਵਾਰ ਵਾਰ ਛੁੱਟੀ ਲੈ ਕੇ ਗ਼ਦਰੀਆਂ ਨਾਲ ਮੀਟਿੰਗਾਂ ਕਰਨ ਆਉਂਦੇ-ਜਾਂਦੇ ਰਹਿੰਦੇ।
ਸਵਾਰ ਸੁੱਚਾ ਸਿੰਘ ਨੇ ਗ਼ਦਰੀਆਂ ਦੇ ਸਾਰੇ ਵਿਚਾਰ ਦਫੇਦਾਰ ਲਛਮਣ ਸਿੰਘ ਚੂਸਲੇਵੜ ਨਾਲ ਸਾਂਝੇ ਕੀਤੇ। ਦਫ਼ੇਦਾਰ ਨੇ 13 ਨਵੰਬਰ 1914 ਨੂੰ ਆਪਣੇ ਕੁਆਰਟਰਾਂ ਵਿਚ ਸਿਪਾਹੀਆਂ ਦੀ ਮੀਟਿੰਗ ਕੀਤੀ, ਜਿਸ ਵਿਚ ਲਛਮਣ ਸਿੰਘ, ਕੇਸਰ ਸਿੰਘ, ਸੁੱਚਾ ਸਿੰਘ ਅਤੇ ਮਹਾਂਰਾਜ ਸਿੰਘ ਸ਼ਾਮਿਲ ਹੋਏ। ਸਿਪਾਹੀ ਗ਼ਦਰ ਪਾਰਟੀ ਦੀ ਨੀਤੀ ਸਮਝ ਕੇ ਗ਼ਦਰ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ। ਗ਼ਦਰ ਦੀ ਕਾਮਯਾਬੀ ਲਈ ਭਾਈ ਪ੍ਰੇਮ ਸਿੰਘ ਨੇ ਛਾਉਣੀ ਵਿਚ ਕਈ ਮੀਟਿੰਗਾਂ ਕਰਾਈਆਂ ਸਨ। ਛਾਉਣੀ ਦੇ ਨਜ਼ਦੀਕ ਮਦਨ ਸਿੰਘ ਗਾਗਾ ਦੀ ਦੁਕਾਨ ਗ਼ਦਰੀਆਂ ਤੇ ਸਿਪਾਹੀਆਂ ਦਾ ਗੁਪਤ ਮਿਲਣ ਸਥਾਨ ਸੀ ।
23 ਨਵੰਬਰ ਨੂੰ ਗ਼ਦਰੀਆਂ ਦੀ ਝਾੜ ਸਾਹਿਬ ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਮੀਆਂ ਮੀਰ ਦੀ ਬਗਾਵਤ 26 ਨਵੰਬਰ 1914 ਦੀ ਰਾਤ ਨੂੰ ਕੀਤੀ ਜਾਵੇਗੀ। ਯੋਜਨਾ ਇਹ ਸੀ ਕਿ ਰਸਾਲੇ ਦੇ ਸਿਪਾਹੀ ਬਗਾਵਤ ਕਰਕੇ ਗ਼ਦਰੀਆਂ ਨਾਲ ਮਿਲ ਜਾਣਗੇ। ਤਦ ਅਸਲਾਖਾਨਾ ਲੁੱਟਣ ਮਗਰੋਂ ਗੋਰੇ ਸਿਪਾਹੀਆਂ ਨੂੰ ਮਾਰ ਕੇ ਲਾਹੌਰ ’ਚੋਂ ਇਨਕਲਾਬ ਆਰੰਭ ਦਿੱਤਾ ਜਾਵੇਗਾ।
ਗ਼ਦਰੀ ਤਾਂ ਝਾੜ ਸਾਹਿਬ ਇਕੱਤਰ ਹੋ ਗਏ ਪਰ ਸਿਪਾਹੀਆਂ ਨੂੰ ਗੁਰਦੁਆਰੇ ਦੇ ਗ੍ਰੰਥੀ ਮੂਲਾ ਸਿੰਘ ਨੇ ਭੁਚਲਾ ਦਿੱਤਾ। ਸਿਪਾਹੀਆਂ ਦਾ ਜੋਸ਼ ਮੱਠਾ ਪੈ ਗਿਆ ਤੇ ਉਹ ਆਪਣੀਆਂ ਬੈਰਕਾਂ ਵਿਚ ਵਾਪਸ ਚਲੇ ਗਏ। ਰੋਕਣ ਦੇ ਬਾਵਜੂਦ 4 ਸਿਪਾਹੀ ਸੁੱਚਾ ਸਿੰਘ ਚੋਹਲਾ ਸਾਹਿਬ, ਮਹਾਰਾਜ ਸਿੰਘ ਕਸੇਲ, ਚੰਨਣ ਸਿੰਘ ਤੇ ਸਰੈਣ ਸਿੰਘ ਘੋੜਿਆਂ ਸਣੇ ਝਾੜ ਸਾਹਿਬ ਪਹੁੰਚ ਗਏ। ਸਿਪਾਹੀ ਲੇਟ ਹੋ ਜਾਣ ਕਰਕੇ ਗ਼ਦਰੀ ਉੱਥੋਂ ਜਾ ਚੁੱਕੇ ਸਨ। ਸਿਪਾਹੀ ਚੰਨਣ ਸਿੰਘ ਵਾਪਸ ਛਾਉਣੀ ਚਲਾ ਗਿਆ ਤੇ ਬਾਕੀ ਤਿੰਨੇ ਗ਼ਦਰੀਆਂ ਨੂੰ ਲੱਭਣ ਤੁਰ ਪਏ। ਮੁਖ਼ਬਰਾਂ ਨੇ ਤਿੰਨਾਂ ਸਵਾਰਾਂ ਨੂੰ 30 ਨਵੰਬਰ 1914 ਨੂੰ ਅੰਗਰੇਜ਼ ਹਾਕਮਾਂ ਨੂੰ ਫੜਵਾ ਦਿੱਤਾ। ਇਸ ਤਰ੍ਹਾਂ ਗ਼ਦਰੀਆਂ ਦੀ ਪਹਿਲੀ ਇਨਕਲਾਬੀ ਯੋਜਨਾ ਅਸਫ਼ਲ ਹੋ ਗਈ।
ਗ਼ਦਰੀ ਵਰਕਰਾਂ ਨੇ 12 ਫਰਵਰੀ 1915 ਨੂੰ ਲਾਹੌਰ ਵਿਚ ਮੀਟਿੰਗ ਕਰਕੇ ਮੁੜ ਫ਼ੈਸਲਾ ਲੈ ਲਿਆ ਕਿ 21 ਫਰਵਰੀ 1915 ਨੂੰ ਗ਼ਦਰ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਗ਼ਦਰ ਪਾਰਟੀ ਦੀਆਂ ਅਗਲੀਆਂ ਸਫ਼ਾਂ ਵਿਚ ਰਲੇ ਗੱਦਾਰ ਕਿਰਪਾਲ ਸਿੰਘ ਨੇ ਇਨਕਲਾਬ ਕਰਨ ਦੀ ਸੂਹ ਅੰਗਰੇਜ਼ੀ ਹਕੂਮਤ ਨੂੰ ਦੇ ਦਿੱਤੀ। ਗ਼ਦਰੀਆਂ ਨੂੰ ਵੀ ਕਿਰਪਾਲ ਸਿੰਘ ਦੀ ਹਰਕਤ ਦਾ ਪਤਾ ਲੱਗ ਗਿਆ ਤੇ ਉਨ੍ਹਾਂ ਨੇ ਗ਼ਦਰ ਦੀ ਤਰੀਕ ਬਦਲ ਕੇ 19 ਫਰਵਰੀ 1915 ਕਰ ਦਿੱਤੀ। ਇਸ ਵਾਰ ਯੋਜਨਾ ਇਹ ਸੀ ਕਿ ਮੀਆਂ ਮੀਰ ਦਾ ਰਸਾਲਾ ਹਾਜ਼ਰੀ ਲਵਾਉਣ ਸਮੇਂ ਬਗਾਵਤ ਨੂੰ ਅੰਜਾਮ ਦੇਵੇਗਾ ਅਤੇ ਉਸੇ ਵਕਤ ਬਾਹਰੋਂ ਗ਼ਦਰੀ ਛਾਉਣੀ ’ਤੇ ਹੱਲਾ ਬੋਲ ਦੇਣਗੇ। ਇਸ ਆਸ ਨਾਲ ਜਦੋਂ ਭਾਈ ਪ੍ਰੇਮ ਸਿੰਘ ਤੇ ਗਦਰੀਆਂ ਦਾ ਜਥਾ ਛਾਉਣੀ ਦੇ ਨਜ਼ਦੀਕ ਪਹੁੰਚਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਅੰਗਰੇਜ਼ਾਂ ਨੇ ਹਿੰਦੋਸਤਾਨੀ ਸਿਪਾਹੀਆਂ ਨੂੰ ਬੰਦੂਕਾਂ ਦੇ ਪਹਿਰੇ ਹੇਠ ਗ੍ਰਿਫਤਾਰ ਕੀਤਾ ਹੋਇਆ ਸੀ। ਇਹ ਦੇਖ ਕੇ ਗ਼ਦਰੀ ਵਾਪਿਸ ਆ ਗਏ। ਦਰਅਸਲ ਮੁਖਬਰ ਕਿਰਪਾਲ ਸਿੰਘ ਨੇ 19 ਫਰਵਰੀ ਦੀ ਯੋਜਨਾ ਦੀ ਵੀ ਅੰਗਰੇਜ਼ਾਂ ਨੂੰ ਇਤਲਾਹ ਦੇ ਦਿੱਤੀ ਸੀ। ਮੁਖ਼ਬਰਾਂ ਦੀ ਮੁਖ਼ਬਰੀ ਕਾਰਨ ਗ਼ਦਰ ਪਾਰਟੀ ਦੀ ਇਨਕਲਾਬ ਯੋਜਨਾ ਸਫ਼ਲ ਨਾ ਹੋ ਸਕੀ।
ਮੀਆਂ ਮੀਰ ਛਾਉਣੀ ਲਾਹੌਰ ਦੇ ਸਿਪਾਹੀਆਂ ਦਾ ਗ਼ਦਰ ਪਾਰਟੀ ਨਾਲ ਮਿਲਣ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਰਸਾਲੇ ਨੂੰ ਵਿਸ਼ਵ ਜੰਗ ਦੇ ਮੋਰਚੇ ਵਿਚ ਭੇਜਣ ਲਈ ਲਾਹੌਰ ਤੋਂ ਨੌਗਾਓਂ (ਯੂਪੀ) ਲਿਜਾਇਆ ਜਾ ਰਿਹਾ ਸੀ। ਹਰਪਾਲਪੁਰ ਸਟੇਸ਼ਨ ਤੋਂ ਨੌਗਾਓਂ ਜਾਣ ਵਾਸਤੇ ਸਿਪਾਹੀਆਂ ਦਾ ਸਾਮਾਨ ਗੱਡਿਆਂ ’ਤੇ ਲੱਦਿਆ ਜਾ ਰਿਹਾ ਸੀ ਤੇ ਦਫੇਦਾਰ ਵਸਾਵਾ ਸਿੰਘ ਦਾ ਟਰੰਕ ਥੱਲੇ ਡਿੱਗਣ ਕਰਕੇ ਟਰੰਕ ਵਿਚ ਲੁਕਾਇਆ ਹੋਇਆ ਬੰਬ ਫੱਟ ਗਿਆ। ਇਸ ਨਾਲ ਪੰਜ ਲੋਕ ਜ਼ਖ਼ਮੀ ਹੋ ਗਏ। ਇਹ ਬੰਬ ਵਸਾਵਾ ਸਿੰਘ ਨੇ 21 ਫਰਵਰੀ 1915 ਨੂੰ ਗ਼ਦਰ ਪਾਰਟੀ ਦੇ ਵਿਦਰੋਹ ਮੌਕੇ ਵਰਤਣ ਲਈ ਰੱਖਿਆ ਹੋਇਆ ਸੀ। ਅੰਗਰੇਜ਼ਾਂ ਨੇ ਵਸਾਵਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ’ਤੇ ਤਸ਼ੱਦਦ ਕੀਤਾ ਅਤੇ ਵਸਾਵਾ ਸਿੰਘ ਦੇ ਸਬੰਧੀਆਂ ਰਾਹੀਂ ਸਾਰਾ ਭੇਤ ਲੈ ਲਿਆ ਕਿ ਕਿਹੜੇ ਕਿਹੜੇ ਸਿਪਾਹੀ ਗ਼ਦਰੀਆਂ ਨਾਲ ਮਿਲੇ ਹੋਏ ਹਨ ਅਤੇ ਇਸ ਵੇਲੇ ਕਿੱਥੇ ਹਨ।
ਗ਼ਦਰ ਪਾਰਟੀ ਨਾਲ ਜੁੜੇ 18 ਸਿਪਾਹੀਆਂ ਨੂੰ ਅੰਗਰੇਜ਼ ਹਾਕਮਾਂ ਨੇ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕਰਕੇ ਵਿਸ਼ਵ ਜੰਗ ਦੇ ਬਸਰੇ ਦੇ ਮੋਰਚੇ ਤੋਂ ਵਾਪਸ ਬੁਲਾ ਲਿਆ। ਸਿਪਾਹੀਆਂ ਦਾ ਡੱਗਸ਼ਈ ਛਾਉਣੀ ਵਿਚ ਕੋਰਟ ਮਾਰਸ਼ਲ ਕੀਤਾ ਗਿਆ ਅਤੇ 18 ’ਚੋਂ 12 ਨੂੰ ਮੌਤ ਦੀ ਸਜ਼ਾ ਦੇ ਕੇ 3 ਸਤੰਬਰ 1915 ਨੂੰ ਅੰਬਾਲੇ ਜੇਲ੍ਹ ਵਿਚ ਫਾਂਸੀ ਚਾੜ੍ਹ ਕੇ ਸ਼ਹੀਦ ਕਰ ਦਿੱਤਾ। ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਦੇਸ਼ ਭਗਤ ਸਿਪਾਹੀ ਸਨ – ਦਫੇਦਾਰ ਲਛਮਣ ਸਿੰਘ ਚੂਸਲੇਵਾੜ, ਭਗਤ ਸਿੰਘ, ਮੋਤਾ ਸਿੰਘ, ਤਾਰਾ ਸਿੰਘ, ਦਫੇਦਾਰ ਵਸਾਵਾ ਸਿੰਘ (ਚਾਰੇ ਪਿੰਡ ਰੂੜੀਵਾਲਾ), ਇੰਦਰ ਸਿੰਘ ਜੀਓਬਾਲਾ, ਬੂਟਾ ਸਿੰਘ ਕਸੇਲ, ਗੁੱਜਰ ਸਿੰਘ, ਜੇਠਾ ਸਿੰਘ ਲਹੁਕੇ, ਬੋਧ ਸਿੰਘ ਢੋਟੀਆਂ, ਇੰਦਰ ਸਿੰਘ ਸਬਾਜਪੁਰ ਅਤੇ ਅਬਦੁੱਲਾ ਨਾਹਲਬੰਦ ਗੁੱਜਰਾਂਵਾਲਾ। ਉਮਰ ਕੈਦ, ਜਾਇਦਾਦ ਜ਼ਬਤ ਅਤੇ ਕੁੰਬ ਨਰਕੀ ਜੇਲ੍ਹ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਸਨ– ਬਿਸ਼ਨ ਸਿੰਘ ਪਹਿਲਾ, ਬਿਸ਼ਨ ਸਿੰਘ ਦੂਜਾ, ਨੱਥਾ ਸਿੰਘ, ਕੇਹਰ ਸਿੰਘ (ਚਾਰੇ ਪਿੰਡ ਢੋਟੀਆਂ), ਚੰਨਣ ਸਿੰਘ ਢੰਡ-ਕਸੇਲ ਅਤੇ ਨੰਦ ਸਿੰਘ ਰਾਏ ਕੇ ਬੁਰਜ। ਇਸੇ ਕੇਸ ਵਿਚ ਭਾਈ ਸੁੱਚਾ ਸਿੰਘ ਚੋਹਲਾ ਸਾਹਿਬ ਅਤੇ ਭਾਈ ਮਹਾਰਾਜ ਸਿੰਘ ਕਸੇਲ ਨੂੰ ਵੀ ਉਮਰ ਕੈਦ ਜਾਇਦਾਦ ਜ਼ਬਤ ਦੀ ਸਜ਼ਾ ਹੋਈ ਸੀ।
ਪਿੰਡ ਰੂੜੀਵਾਲਾ ਅਤੇ ਗ਼ਦਰੀਆਂ ਦੇ ਪਰਿਵਾਰਾਂ ਵਲੋਂ ਹਰ ਸਾਲ 1,2 ਤੇ 3 ਸਤੰਬਰ ਨੂੰ ਪਿੰਡ ਵਿਚ ਬਣੀ ਸ਼ਹੀਦਾਂ ਦੀ ਯਾਦਗਾਰ ’ਤੇ ਅਖੰਡ ਪਾਠ, ਦੀਵਾਨ ਅਤੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ।
ਸੰਪਰਕ: 98760-78731


Comments Off on ਆਜ਼ਾਦੀ ਦੇ ਅੰਦੋਲਨ ਵਿਚ 23ਵੇਂ ਰਸਾਲੇ ਦੇ 12 ਸ਼ਹੀਦਾਂ ਦੀ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.