ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਆਸ ਦੀ ਕਿਰਨ

Posted On August - 13 - 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਤੋਂ ਆਪਣੀ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਇਹ ਕੰਮ ਅਧੂਰਾ ਰਹਿ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਜਿਹੀ ਢਿੱਲ-ਮੱਠ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਅਤੇ ਖ਼ਾਹਿਸ਼ਾਂ ਨੂੰ ਠੇਸ ਪਹੁੰਚੇਗੀ।
ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਲਈ ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਸਮਾਜੀ ਵਿਤਕਰਿਆਂ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਧਾਰਮਿਕ ਅਤੇ ਜਾਤੀਵਾਦੀ ਸੰਕੀਰਨਤਾ ਤੋਂ ਉੱਪਰ ਉੱਠਣ ਲਈ ਕਿਹਾ। ਆਪਣਾ ਇਹ ਸੰਦੇਸ਼ ਦੇਣ ਲਈ ਉਹ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਗਏ ਅਤੇ ਲੋਕਾਂ ਨਾਲ ਗੋਸ਼ਟੀਆਂ ਅਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਅਤੇ ਪੰਥਾਂ ਦੇ ਸਾਧੂ-ਸੰਤਾਂ ਤੇ ਪੀਰਾਂ-ਫ਼ਕੀਰਾਂ ਨਾਲ ਗੱਲਬਾਤ ਕਰਕੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਰਤ ਨੂੰ ਸਭ ਤੋਂ ਉੱਤਮ ਮਨੁੱਖੀ ਗੁਣ ਵਜੋਂ ਪਛਾਣਿਆ ਅਤੇ ਦਬੇ-ਕੁਚਲੇ ਲੋਕਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ। ਗੁਰੂ ਨਾਨਕ ਬਾਣੀ ਵਿਚ ਵੇਲ਼ੇ ਦੇ ਰਾਜੇ-ਰਜਵਾੜਿਆਂ ਅਤੇ ਅਹਿਲਕਾਰਾਂ ਨੂੰ ਤਾੜਨਾ ਕਰਦੇ ਬੋਲ ਸੁਣਾਈ ਦਿੰਦੇ ਹਨ। ਮਨੁੱਖਤਾ ਨਾਲ ਆਪਣੀ ਪ੍ਰਤੀਬੱਧਤਾ ਦੇ ਕਾਰਨ ਗੁਰੂ ਸਾਹਿਬ ਸਾਰੇ ਫ਼ਿਰਕਿਆਂ ਵਿਚ ਹਰਮਨਪਿਆਰੇ ਹੋ ਗਏ। ਹਿੰਦੋਸਤਾਨ ਵਿਚ ਉਸ ਵੇਲ਼ੇ ਦੋ ਵੱਡੇ ਫ਼ਿਰਕਿਆਂ – ਹਿੰਦੂਆਂ ਅਤੇ ਮੁਸਲਮਾਨਾਂ ਨੇ ਉਨ੍ਹਾਂ ਨੂੰ ਆਪਣਾ ਸਾਂਝਾ ਰਹਿਬਰ ਮੰਨਿਆ। ਹਿੰਦੂ ਉਨ੍ਹਾਂ ਨੂੰ ਗੁਰੂ ਮੰਨ ਕੇ ਮਾਣ-ਸਨਮਾਨ ਦਿੰਦੇ ਸਨ ਅਤੇ ਮੁਸਲਮਾਨ ਪੀਰ ਜਾਂ ਬਾਬਾ ਕਹਿ ਕੇ। ਆਪਣੀ ਉਮਰ ਦੇ ਆਖ਼ਰੀ ਵਰ੍ਹਿਆਂ ਵਿਚ ਉਹ ਕਰਤਾਰਪੁਰ ਵਿਚ ਰਹੇ ਜਿੱਥੇ ਪਹਿਲੀ ਧਰਮਸਾਲ਼, ਭਾਵ ਗੁਰਦੁਆਰਾ ਬਣਿਆ। ਕਰਤਾਰਪੁਰ ਰਹਿੰਦਿਆਂ ਗੁਰੂ ਸਾਹਿਬ ਨੇ ਕਿਰਤ ਕਰਨ ਦੇ ਆਪਣੇ ਸੰਦੇਸ਼ ਨੂੰ ਅਮਲੀਜਾਮਾ ਪਹਿਨਾਇਆ। ਇਸ ਲਈ ਕਰਤਾਰਪੁਰ ਨੂੰ ਬਣ ਰਿਹਾ ਲਾਂਘਾ ਸੌੜੇ ਧਾਰਮਿਕ ਤੇ ਰਾਸ਼ਟਰਵਾਦੀ ਵਖਰੇਵਿਆਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਦੇ 550-ਸਾਲਾ ਪ੍ਰਕਾਸ਼ ਪੁਰਬ ਨੇ ਦੋਹਾਂ ਦੇਸ਼ਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਆਪਣੇ ਵਖਰੇਵਿਆਂ ਦੇ ਬਾਵਜੂਦ ਸਾਂਝ ਦਾ ਕੋਈ ਪੁਲ ਵੀ ਬਣਾ ਸਕਦੇ ਹਨ। ਦੋਹਾਂ ਦੇਸ਼ਾਂ ਵਿਚ ਇਸ ਲਾਂਘੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
ਇਸ ਵੇਲ਼ੇ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਲੇ ਸਬੰਧ ਬੜੀ ਨਾਜ਼ੁਕ ਸਥਿਤੀ ਵਿਚ ਹਨ। ਪਾਕਿਸਤਾਨ ਨੇ ਹਿੰਦੋਸਤਾਨੀ ਸਫ਼ੀਰ ਨੂੰ ਵਾਪਸ ਭੇਜ ਦਿੱਤਾ ਹੈ ਅਤੇ ਇਸ ਤਰ੍ਹਾਂ ਕੂਟਨੀਤਕ ਤੇ ਸਫ਼ਾਰਤੀ ਸਬੰਧ ਨਿਵਾਣ ਵੱਲ ਜਾ ਰਹੇ ਹਨ। ਪੰਜਾਬੀਆਂ ਦੀਆਂ ਭਾਵਨਾਵਾਂ ਕਰਤਾਰਪੁਰ ਲਾਂਘੇ ਨਾਲ ਬੜੇ ਡੂੰਘੇ ਤੌਰ ’ਤੇ ਜੁੜੀਆਂ ਹੋਈਆਂ ਹਨ। ਪੰਜਾਬ ਦੇ ਲੋਕ ਇਹ ਸੋਚਦੇ ਹਨ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨੂੰ ਖੁੰਝਾਉਣਾ ਨਹੀਂ ਚਾਹੀਦਾ ਅਤੇ ਕਰਤਾਰਪੁਰ ਲਾਂਘੇ ਨੂੰ ਉਸ ਸਮੇਂ ਤਕ ਤਿਆਰ ਕੀਤਾ ਜਾਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਵਿਚਕਾਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਆਪਸੀ ਰੰਜਸ਼ਾਂ ਅਤੇ ਮਤਭੇਦਾਂ ਦਾ ਲੰਮਾ ਇਤਿਹਾਸ ਹੈ। ਬਹੁਤ ਸਾਰੇ ਮਸਲਿਆਂ ਨੂੰ ਸੁਲਝਾਉਣ ਵਿਚ ਬਹੁਤ ਸਮਾਂ ਲੱਗੇਗਾ। ਇਸ ਲਈ ਕਰਤਾਰਪੁਰ ਲਾਂਘੇ ਦੇ ਮੁੱਦੇ ਨੂੰ ਦੂਸਰੇ ਮਸਲਿਆਂ ਨਾਲ ਉਲਝਾਇਆ ਨਹੀਂ ਜਾਣਾ ਚਾਹੀਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਤਣਾਓ ਵਧਿਆ ਹੈ ਪਰ ਦੋਹਾਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਕਰਤਾਰਪੁਰ ਲਾਂਘੇ ਨੂੰ ਇਸ ਮਸਲੇ ਤੋਂ ਅਲੱਗ ਰੱਖਿਆ ਜਾਏ ਅਤੇ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਨੇਪਰੇ ਚਾੜ੍ਹਿਆ ਜਾਏ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਮੁੱਠ ਹੋ ਕੇ ਕੇਂਦਰ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਆਉਣ ਵਾਲੀ ਹਰ ਅੜਚਣ ਨੂੰ ਆਪਸੀ ਗੱਲਬਾਤ ਰਾਹੀਂ ਦੂਰ ਕੀਤਾ ਜਾਏ। ਦੋਹਾਂ ਦੇਸ਼ਾਂ ਵਿਚਕਾਰ ਵਿਗੜਦੇ ਹੋਏ ਸਬੰਧਾਂ ਦੇ ਹਨੇਰੇ ਵਿਚ ਕਰਤਾਰਪੁਰ ਲਾਂਘਾ ਆਸ ਦੀ ਕਿਰਨ ਹੈ।


Comments Off on ਆਸ ਦੀ ਕਿਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.