ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

Posted On August - 20 - 2019

ਗਗਨ ਦੀਪ ਸ਼ਰਮਾ (ਡਾ.)

ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ਤੇ ਪਰਦਾ ਚੁੱਕਣ ਤੋਂ ਪਹਿਲਾਂ ਕਬੂਤਰ ਦਾ ਮੂੰਹ ਉਸ ਪਾਸੇ ਕਰ ਦਿੰਦੇ ਹੋਣ ਜਿੱਧਰ ਸੁੱਖ-ਸ਼ਾਂਤੀ ਦੇ ਨਗ਼ਮੇ ਗਾਏ ਜਾ ਰਹੇ ਹੋਣ। ਅਜੋਕੇ ਦੌਰ ਵਿਚ ਸਰਕਾਰਾਂ ਰੂਪੀ ਰਾਖੇ ਜਨਤਾ ਰੂਪੀ ਕਬੂਤਰਾਂ ਨਾਲ ਅਜਿਹਾ ਕਰਦੇ ਆਮ ਵੇਖੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਿੱਲੀ ਨੂੰ ਨਾ ਵੇਖਣ ਨਾਲ ਕਬੂਤਰ ਦੀ ਜਾਨ ਨਹੀਂ ਬਚਦੀ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਕਈ ਸਮਾਜਿਕ-ਆਰਥਿਕ ਬਿੱਲੀਆਂ ਸਾਡੇ ਦੁਆਲੇ ਰਹੀਆਂ ਨੇ, ਪਰ ਰਾਖਿਆਂ ਨੇ ਬਾਖ਼ੂਬੀ ਪਰਦਾ ਪਾਇਆ ਤੇ ਜਦੋਂ ਪਰਦਾ ਚੁੱਕਿਆ ਤਾਂ ਬਿੱਲੀ ਵੱਲ ਨੂੰ ਪਿੱਠ ਸੀ ਤੇ ਸਾਹਮਣੇ ਰਾਸ਼ਟਰ-ਭਗਤੀ ਦੇ ਨਗ਼ਮੇ ਵੱਜ ਰਹੇ ਸਨ। ਕਬੂਤਰ ਰਾਖਿਆਂ ਦੇ ਮੁਰੀਦ ਹੋ ਗਏ ਤੇ ਆਪਣੇ ਅਗਲੇ ਪੰਜ ਸਾਲ ਦੀ ਰਾਖੀ ਵੀ ਉਨ੍ਹਾਂ ਦੇ ਹਿੱਸੇ ਲਿਖ ਦਿੱਤੀ। ਹੁਣ ਜਦੋਂ ਆਰਥਿਕ ਮੰਦਵਾੜਾ ਰੂਪੀ ਬਿੱਲੀ ਨੇੜੇ ਆ ਢੁੱਕੀ ਹੈ ਤਾਂ ਕਬੂਤਰ ਵੀ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਗਏ ਨੇ ਤੇ ਰਾਖੇ ਵੀ।
ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਡਾ. ਅਰਵਿੰਦ ਸੁਬਰਾਮਨੀਅਮ ਨੇ ਹਾਰਵਰਡ ਯੂਨੀਵਰਸਿਟੀ ਦੇ ਆਪਣੇ ਇਕ ਪਰਚੇ ਵਿਚ ਲਿਖਿਆ ਹੈ ਕਿ ਹਾਲ ਦੇ ਸਾਲਾਂ ਦੌਰਾਨ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧੇ ਦੀ ਦਰ ਨੂੰ ਅਸਲ ਨਾਲੋਂ 2.5 ਫ਼ੀਸਦੀ ਵਧੇਰੇ ਵਿਖਾਇਆ ਗਿਆ। ਇਸ ਤਰ੍ਹਾਂ ਹਾਲ ਦੇ ਸਾਲਾਂ ਦੀ ਔਸਤ ਦਰ ਅਸਲ ਵਿਚ 7 ਫ਼ੀਸਦੀ ਨਾ ਹੋ ਕੇ 4.5 ਫ਼ੀਸਦੀ ਰਹੀ। ਇਉਂ ਗ਼ਲਤ ਤੱਥ ਪੇਸ਼ ਕਰਕੇ ਕੁਝ ਸਮੇਂ ਤਕ ਤਾਂ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਅਸਲ ਵਿਚ ਸੱਚ ਇਕ ਨਾ ਇਕ ਦਿਨ ਸਾਹਮਣੇ ਆ ਹੀ ਜਾਂਦਾ ਹੈ। ਇਉਂ ਹੀ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ ਦੇ ਅੰਕੜਿਆਂ ਅਨੁਸਾਰ ਜੂਨ 2018 ਤੋਂ ਬਾਅਦ ਹਰ ਤਿਮਾਹੀ ਵਿਚ ਜੀ.ਡੀ.ਪੀ. ਵਾਧੇ ਦੀ ਦਰ ਪਿਛਲੀ ਤਿਮਾਹੀ ਨਾਲੋਂ ਘੱਟ ਹੋ ਰਹੀ ਹੈ। ਜਨਵਰੀ-ਮਾਰਚ 2019 ਦੀ ਤਿਮਾਹੀ ਦੌਰਾਨ ਇਹ ਦਰ ਸਿਰਫ਼ 5.8 ਫ਼ੀਸਦੀ ਰਹੀ। 2.5 ਫ਼ੀਸਦੀ ਜ਼ਿਆਦਾ ਵਿਖਾਉਣ ਵਾਲੇ ਤਰੀਕਿਆਂ ਨੂੰ ਮਨਫ਼ੀ ਕਰ ਦਈਏ ਤਾਂ ਅਸਲ ਚਿੰਤਾਜਨਕ ਤਸਵੀਰ ਸਾਹਮਣੇ ਆਉਂਦੀ ਹੈ।
ਵੱਡੇ ਪਰਿਪੇਖ ਵਿਚ ਵੇਖੀਏ ਤਾਂ ਵਿਸ਼ਵ ਅਰਥਚਾਰੇ ਦੇ ਹਾਲਾਤ ਵੀ ਕੋਈ ਬਹੁਤੇ ਸੁਖਾਵੇਂ ਨਹੀਂ। ਅਸਲ ਵਿਚ ਇਕੱਲਾ ਅਰਥਚਾਰਾ ਹੀ ਕਿਉਂ ਵਿਸ਼ਵ ਸਮਾਜਿਕ ਵਿਵਸਥਾ ਦੇ ਹਾਲਾਤ ਵੀ ਚਿੰਤਾਜਨਕ ਹਨ। ਨਵੰਬਰ 2016 ਵਿਚ ਆਰਥਿਕ ਮਸਲਿਆਂ ਬਾਰੇ ਮਹੱਤਵਪੂਰਨ ਪਰਚੇ ‘ਦਿ ਇਕੌਨੋਮਿਸਟ’ ਨੇ ਆਪਣੀ ਕਵਰ ਸਟੋਰੀ ‘ਲੀਗ ਆਫ ਨੈਸ਼ਨਲਿਸਟਸ’ ਦੇ ਨਾਂ ਹੇਠ ਛਾਪੀ, ਜਿਸ ਵਿਚ ਅਮਰੀਕਾ, ਚੀਨ, ਜਪਾਨ, ਰੂਸ, ਕੋਰੀਆ, ਫਰਾਂਸ (ਸੰਭਾਵੀ), ਜਰਮਨੀ (ਸੰਭਾਵੀ) ਅਤੇ ਭਾਰਤ ਆਦਿ ਮੁਲਕਾਂ ਦੀਆਂ ਸਰਕਾਰਾਂ ਦੇ ‘ਰਾਸ਼ਟਰਵਾਦੀ ਸ਼ੋਰ’ ਬਾਰੇ ਬੇਹੱਦ ਬਾਰੀਕਬੀਨੀ ਨਾਲ ਵਿਅੰਗ ਕਸਿਆ ਗਿਆ। ਆਪੋ-ਆਪਣੇ ਮੁਲਕਾਂ ਨੂੰ ‘ਮਹਾਨ’ ਬਣਾਉਣ ਦੀ ਦੌੜ ਵਿਚ ਵਪਾਰਕ ਵਾਅਦਾਖ਼ਿਲਾਫ਼ੀਆਂ ਕਰ ਰਹੇ ਇਨ੍ਹਾਂ ਦੇਸ਼ਾਂ ਦੀਆਂ ਨੀਤੀਆਂ ਨੂੰ ਪੜਚੋਲਦਿਆਂ ਇਹ ਲਿਖਿਆ ਗਿਆ ਕਿ ਅਮਰੀਕਾ ਵਰਗੇ ਦੇਸ਼ ਜੋ ਕਿਸੇ ਸਮੇਂ ਸਭ ਸਰਹੱਦਾਂ ਖੋਲ੍ਹ ਦੇਣ ਦੇ ਮੁੱਦਈ ਸਨ, ਹੁਣ ਵਪਾਰਕ ਬੰਨ੍ਹ ਲਾਉਣ ਵਿਚ ਮੋਹਰੀ ਬਣੇ ਫਿਰਦੇ ਹਨ। 2016 ਤੋਂ ਲੈ ਕੇ ਹੁਣ ਤਕ ਇਸ ਮਾਮਲੇ ਵਿਚ ਹਾਲਾਤ ਸੁਧਰਨ ਦੀ ਬਜਾਏ ਬਦਤਰ ਹੀ ਹੋਏ ਹਨ। ਅਜੋਕੀ ਵਿਸ਼ਵ ਵਿਵਸਥਾ ਦੇ ਝੰਡਾਬਰਦਾਰਾਂ ਵੱਲ ਨਜ਼ਰ ਮਾਰ ਕੇ ਵੀ ਮੁੱਖ ਤੌਰ ’ਤੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਡੌਨਾਲਡ ਟਰੰਪ ਦੀ ‘ਤਾਰਕਿਕ ਸਮਝ’ ਤੋਂ ਹੁਣ ਤਕ ਸਮੁੱਚਾ ਵਿਸ਼ਵ ਜਾਣੂੰ ਹੋ ਚੁੱਕਿਆ ਹੈ। ਇੰਗਲੈਂਡ ਦੇ ਇਸਲਾਮਕ ਮੁਲਕਾਂ, ਚੀਨ, ਯੂਰੋਪ ਨਾਲ ਖੱਟੇ ਰਿਸ਼ਤਿਆਂ ਦੌਰਾਨ ਹੀ ਬੌਰਿਸ ਜੌਹਨਸਨ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ‘ਬ੍ਰੈਗਜ਼ਿਟ’ ਡੀਲ ਦੇ ਅੱਗੇ ਵਧਣ ਵੱਲ ਹੀ ਸੰਕੇਤ ਕਰਦਾ ਹੈ। ਅਮਰੀਕਾ ਵੱਲੋਂ ਇਰਾਨ ਦਾ ਡਰੋਨ ਸੁੱਟ ਲੈਣਾ, ਹਿੰਦੁਸਤਾਨ-ਪਾਕਿਸਤਾਨ ਵਿਚਲੀ ਖਟਾਸ ਦੇ ਚੱਲਦਿਆਂ ਹਿੰਦੁਸਤਾਨ ਵਿਚ ‘ਹਿੰਦੂ-ਮੁਸਲਿਮ’ ਰੌਲੇ ਦਾ ਹੋਰ ਪਾਸਾਰ ਹੋਣਾ ਇਸ ਤੱਥ ਵਲ ਇਸ਼ਾਰਾ ਕਰਦਾ ਹੈ ਕਿ ਹਾਲੇ ਸਾਡੇ ‘ਬੌਧਿਕ ਲਾਣੇਦਾਰ’ ਵੱੱਡੇ ਮਸਲਿਆਂ ਨਾਲੋਂ ਨਿੱਕੇ ਮਾਮਲਿਆਂ ਵਿਚ ਉਲਝੇ ਹੋਏ ਹਨ। ਇਸੇ ਕਰਕੇ ਵਿਸ਼ਵ ਅਰਥਚਾਰਾ ਚਿੰਤਾਜਨਕ ਹਾਲਾਤ ਵਿਚ ਹੈ। ਮਿਸਾਲ ਦੇ ਤੌਰ ’ਤੇ ਚੀਨ ਵੱਲ ਨਿਗ੍ਹਾ ਮਾਰੀਏ ਤਾਂ ਹਾਲ ਦੇ ਸਾਲਾਂ ਵਿਚ ਉਤਪਾਦਨ ਦੀਆਂ ਫੈਕਟਰੀਆਂ ਚੀਨ ਵਿਚੋਂ ਨਿਕਲ ਕੇ ਹੋਰ ਦੇਸ਼ਾਂ ਵਿਚ ਜਾ ਰਹੀਆਂ ਹਨ, ਚੀਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਬੈਂਕ ਚੀਨ ਮਿਨਸ਼ੈਂਗ ਇਨਵੈਸਟਮੈਂਟ ਗਰੁੱਪ ਤੋਂ ਆਪਣੇ ਕਰਜ਼ੇ ਚੁਕਾ ਨਹੀਂ ਹੋ ਰਹੇ। ਹਾਂਗਕਾਂਗ ਵਿਚ ਚੀਨ-ਪੱਖੀ ਸਰਕਾਰ ਖ਼ਿਲਾਫ਼ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਜਪਾਨ ਦੇ ਨਿਰਯਾਤ ਲਗਾਤਾਰ ਨੌਂ ਮਹੀਨਿਆਂ ਤੋਂ ਘਟ ਰਹੇ ਹਨ। ਯੂਰੋਪ ਵਿਚ ਆਰਥਿਕ ਹਾਲਾਤ ਦਾ ਸੂਚਕਾਂਕ ਜੁਲਾਈ ਮਹੀਨੇ ਦੌਰਾਨ ਮਨਫ਼ੀ 10.6 ’ਤੇ ਪਹੁੰਚ ਚੁੱਕਿਆ ਹੈ।
2008 ਦੀ ਆਰਥਿਕ ਮੰਦੀ ਨੇ ਲਗਪਗ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ, ਪਰ ਭਾਰਤ ਮੂਲ ਰੂਪ ਵਿਚ ਇਸ ਤੋਂ ਬਚਿਆ ਰਿਹਾ ਸੀ। ਇਸ ਵਾਰ ਹਾਲਾਤ ਅਜਿਹੇ ਨਹੀਂ ਭਾਸਦੇ, ਸਗੋਂ ਭਾਰਤੀ ਅਰਥਚਾਰੇ ਦਾ ਇਸ ਮੰਦਵਾੜੇ ਤੋਂ ਵਧੇਰੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਗੱਲ ਦੀ ਸ਼ਾਹਦੀ ਨੌਕਰੀਆਂ, ਨਿਰਯਾਤ, ਪੈਦਾਵਾਰ, ਗਾਹਕ ਭਰੋਸਾ ਸੂਚਕਾਂਕ ਦੇ ਅੰਕੜੇ ਭਰਦੇ ਹਨ। ਕੰਪਨੀਆਂ ਦੇ ਮੁਨਾਫ਼ੇ ਅਤੇ ਵਿੱਕਰੀ ਵਿਚ ਵੀ ਲਗਾਤਾਰ ਕਮੀ ਆਉਣਾ ਇਸ ਡਰ ਨੂੰ ਹੋਰ ਤਕੜਾ ਕਰਦਾ ਹੈ। ਆਟੋ ਖ਼ੇਤਰ ਵਿਚ ਵਿੱਕਰੀ ਦਾ ਘਟਣਾ, ਏਅਰਟੈੱਲ ਵਰਗੀ ਵੱਡੀ ਕੰਪਨੀ ਨੂੰ ਚੌਦਾਂ ਵਰ੍ਹਿਆਂ ਵਿਚ ਪਹਿਲੀ ਵਾਰ ਕਿਸੇ ਤਿਮਾਹੀ ਦੌਰਾਨ ਨੁਕਸਾਨ ਹੋਣਾ ਵੀ ਕਿਸੇ ਤਰ੍ਹਾਂ ਦੇ ਸ਼ੁਭ ਸੰਕੇਤ ਨਹੀਂ ਵਿਖਾਉਂਦਾ।
ਅਜਿਹੇ ਵਿਚ ਇਕ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਅਜਿਹੇ ਖ਼ਤਰਿਆਂ ਬਾਰੇ ਕੁਝ ਅਨੁਮਾਨ ਹੋ ਹੀ ਗਏ ਹਨ ਤਾਂ ਕੀ ਇਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ! ਇਸ ਸਵਾਲ ਦਾ ਜਵਾਬ ਤਲਾਸ਼ਦਿਆਂ ਸਾਨੂੰ ਧਿਆਨ ਦੋਬਾਰਾ ਪਹਿਲਾਂ ਦਿੱਤੀ ਬਿੱਲੀ ਤੇ ਕਬੂਤਰ ਵਾਲੀ ਕਹਾਣੀ ਵੱਲ ਲਾਉਣਾ ਪਵੇਗਾ। ਜੂਨ 2018 ਵਿਚ ਖ਼ਤਮ ਹੋਈ ਤਿਮਾਹੀ ਦੌਰਾਨ ਜੀ.ਡੀ.ਪੀ. ਦੀ ਵਿਕਾਸ ਦਰ 8 ਫ਼ੀਸਦੀ ਰਹੀ, ਸਤੰਬਰ 2018 ਵਿਚ 7 ਫ਼ੀਸਦੀ, ਦਸੰਬਰ 2018 ਵਿਚ 6 ਫ਼ੀਸਦੀ ਅਤੇ ਮਾਰਚ 2019 ਵਿਚ 5.8 ਫ਼ੀਸਦੀ। ਮਾਰਚ 2019 ਵਾਲੇ ਅੰਕੜੇ ਮਈ 2019 ਦੇ ਅਖ਼ੀਰ ਵਿਚ ਜਾਰੀ ਕੀਤੇ ਗਏ। ਅਜਿਹਾ ਕਿਉਂ? ਮਈ 2019 ਤਕ ਦੇਸ਼ ਵਿਚ ਆਮ ਚੋਣਾਂ ਹੋ ਰਹੀਆਂ ਸਨ ਤੇ ਕਬੂਤਰ ਦੀਆਂ ਅੱਖਾਂ ’ਤੇ ਪਰਦਾ ਪਾ ਕੇ ਰਾਸ਼ਟਰ-ਭਗਤੀ ਵਾਲਾ ਦ੍ਰਿਸ਼ ਵਿਖਾਉਣਾ ਵਧੇਰੇ ਜ਼ਰੂਰੀ ਸੀ।
ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਵਿਰਮਾਨੀ ਨੇ ਹਾਲ ਹੀ ਵਿਚ ਆਖਿਆ ਕਿ ਮੁਲਕ ਦੇ ਮਹੱਤਵਪੂਰਨ ਮਸਲਿਆਂ (ਜਿਵੇਂ ਕਿ ਸਮਾਜਿਕ, ਆਰਥਿਕ ਆਦਿ) ਨੂੰ ਸੁਲਝਾਉਣ ਲਈ ਦੋ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ ‘ਸੋਚਣ ਵਾਲੇ’ ਤੇ ‘ਕਰਨ ਵਾਲੇ’। ਸਾਡੇ ਦੌਰ ਦੀ ਬਦਕਿਸਮਤੀ ਇਹ ਹੈ ਕਿ ਸਰਕਾਰਾਂ ਕੇਵਲ ‘ਕਰਨ ਵਾਲੇ’ ਪੈਦਾ ਕਰਨ ਨੂੰ ਤਰਜੀਹ ਦੇ ਰਹੀਆਂ ਹਨ ਅਤੇ ‘ਸੋਚਣ ਵਾਲਿਆਂ’ ਦਾ ਘਾਣ ਕੀਤਾ ਜਾ ਰਿਹਾ ਹੈ। ਆਰਥਿਕ ਪੱਖੋਂ ਗੱਲ ਕਰੀਏ ਤਾਂ ਇਹ ਸਪੱਸ਼ਟ ਹੈ ਕਿ ਉਹ ਰਘੂਰਾਮ ਰਾਜਨ ਹੋਵੇ ਜਾਂ ਅਰਵਿੰਦ ਸੁਬਰਾਮਨੀਅਮ ਜਾਂ ਉਰਜਿਤ ਪਟੇਲ, ਸਭ ਸੋਚਣ ਵਾਲਿਆਂ ਨੂੰ ‘ਰਾਹੀ ਚਲਦੇ ਭਲੇ’ ਵਾਂਗ ਆਪਣਾ ਰਾਹ ਨਾਪਣਾ ਪਿਆ ਤਾਂ ਜੋ ਸ਼ਕਤੀਕਾਂਤਾ ਦਾਸ ਵਰਗੇ ‘ਕਰਨ ਵਾਲਿਆਂ’ ਲਈ ਜ਼ਮੀਨ ਮੋਕਲੀ ਕੀਤੀ ਜਾ ਸਕੇ। ਇਹ ‘ਕਰਨ ਵਾਲੇ’ ਇਕ ਸੌਖੀ ਜਿਹੀ ਸਚਾਈ ਤੋਂ ਮੁਨਕਰ ਹੋ ਰਹੇ ਹਨ ਕਿ ਅੱਜ ਦੇ ਦੌਰ ਵਿਚ ਵਿਸ਼ਵ ਅਤੇ ਭਾਰਤੀ ਆਰਥਿਕਤਾ ਨੂੰ ਦਰਪੇਸ਼ ਮਸਲੇ ਗੰਭੀਰ ਹਨ ਅਤੇ ਇਨ੍ਹਾਂ ਦਾ ਹੱਲ ਕਰਨ ਲਈ ਰੁਜ਼ਗਾਰ ਦੇ ਮੌਕੇ ਬਣਾਉਣੇ ਪੈਣਗੇ ਅਤੇ ਖੇਤੀ, ਸਿੱਖਿਆ, ਖੋਜ ਜਿਹੇ ਮੂਲ ਖੇਤਰਾਂ ਵਿਚ ਨਿਵੇਸ਼ ਵਧਾਉਣਾ ਪਵੇਗਾ। ਇਨ੍ਹਾਂ ਮਸਲਿਆਂ ਦਾ ਹੱਲ ਕੇਵਲ ਮੁਦਰਾ ਨੀਤੀ (ਮੌਨੀਟਰੀ ਪਾਲਿਸੀ) ਤੋਂ ਨਹੀਂ ਕੱਢਿਆ ਜਾ ਸਕਦਾ, ਪਰ ਰਿਜ਼ਰਵ ਬੈਂਕ ਵੱਲੋਂ ਵਪਾਰਕ ਬੈਂਕਾਂ ਨੂੰ ਵਿਆਜ ਦਰਾਂ ਘਟਾਉਣ ਲਈ ਕਹਿ ਕੇ ਲੋਕਾਂ ਨੂੰ ਬੱਚਤ ਕਰਨ ਨਾਲੋਂ ਖ਼ਰਚ ਕਰਨ ਲਈ ਮਜਬੂਰ ਕਰਨ ਵਰਗੇ ਕਦਮ ਕੋਈ ਦੀਰਘ-ਕਾਲੀ ਸੰਦਰਭਾਂ ਵਾਲੇ ਨਹੀਂ ਜਾਪਦੇ। ਇਸ ਸਭ ਤੋਂ ਤਾਂ ਇਹੀ ਭਾਸਦਾ ਹੈ ਕਿ ਕਬੂਤਰ ਦੇ ਰਾਖੇ ਬਸ ਇਸੇ ਫਿਰਾਕ ਵਿਚ ਹਨ ਕਿ ਅੱਖਾਂ ’ਤੇ ਪਰਦਾ ਪਾਉਣ ਜੋਗਾ ਸਮਾਂ ਮਿਲ ਜਾਵੇ ਅਤੇ ਕਬੂਤਰ ਦਾ ਮੂੰਹ ਕਿਸੇ ਅਜਿਹੇ ਪਾਸੇ ਕਰ ਦਈਏ ਜਿੱਧਰ ਥੋੜ੍ਹੀ-ਬਹੁਤੀ ਠੰਢ ਵਰਤ ਰਹੀ ਹੋਵੇ।

ਸੰਪਰਕ: 85274-00113


Comments Off on ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.